ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਹਰਿਆਣਾ ਦੇ ਮਾਨੇਸਰ ਵਿਖੇ 77ਵੇਂ ਵਣ ਮਹੋਤਸਵ ਦੀ ਸ਼ੋਭਾ ਵਧਾਈ, ਇਸ ਮੌਕੇ ਇੱਕ ਪੌਦਾ ਵੀ ਲਗਾਇਆ


ਵਣ ਮਹੋਤਸਵ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋਂ ਕੁਦਰਤ ਪ੍ਰਤੀ ਆਪਣਾ ਕਰਜ਼ ਚੁਕਾਉਣ ਦਾ ਮੌਕਾ ਹੈ: ਨਾਇਬ ਸਿੰਘ ਸੈਨੀ, ਮੁੱਖ ਮੰਤਰੀ, ਹਰਿਆਣਾ

ਸ਼੍ਰੀ ਭੂਪੇਂਦਰ ਯਾਦਵ ਨੇ ਅਰਾਵਲੀ ਦੀਆਂ ਪਹਾੜੀਆਂ ਦੀ ਸੁਰੱਖਿਆ ਅਤੇ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੇਂਦਰ ਦੀਆਂ ਸਿਫਾਰਸ਼ਾਂ ‘ਤੇ ਸਰਗਰਮੀ ਨਾਲ ਕੰਮ ਕਰਨ ਲਈ ਹਰਿਆਣਾ ਨੂੰ ਵਧਾਈ ਦਿੱਤੀ

Posted On: 07 AUG 2026 2:14PM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਹਰਿਆਣਾ ਦੇ ਮਾਨੇਸਰ ਵਿਖੇ 77ਵੇਂ ਵਣ ਮਹੋਤਸਵ ਦੀ ਸ਼ੋਭਾ ਵਧਾਈ। ਇਸ ਮੌਕੇ ‘ਤੇ ਮੌਜੂਦ ਪਤਵੰਤਿਆਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ, ਹਰਿਆਣਾ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ, ਜਨਤਕ ਪ੍ਰਤੀਨਿਧੀ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਗੁਰੂਗ੍ਰਾਮ ਨੂੰ ਨਾ ਸਿਰਫ ਮਿਲੇਨੀਅਮ ਸਿਟੀ ਸਗੋਂ ਗ੍ਰੀਨ ਸਿਟੀ ਬਣਾਉਣ ਦੀਆਂ ਕੋਸ਼ਿਸ਼ਾਂ ਲਈ ਹਰਿਆਣਾ ਰਾਜ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਅਰਾਵਲੀ ਪਰਬਤਮਾਲਾ ਦੀ ਸੁਰੱਖਿਆ ਅਤੇ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੇਂਦਰ ਸਰਕਾਰ ਦੀਆਂ ਸਿਫਾਰਸ਼ਾਂ ‘ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਸ਼੍ਰੀ ਯਾਦਵ ਨੇ ਹਾਲ ਹੀ ਵਿੱਚ ਸੰਪੰਨ ਕੌਮਨ ਵੈਲਥ ਗੇਮਸ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਖਿਡਾਰਨਾਂ, ਖਾਸ ਤੌਰ ‘ਤੇ ਹਰਿਆਣਾ ਦੀਆਂ ਲੜਕੀਆਂ ਨੂੰ ਵੀ ਵਧਾਈ ਦਿੱਤੀ।

ਸ਼੍ਰੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ ਅਤੇ ਇਹ ਜਾਣ ਕੇ ਖੁਸ਼ੀ ਹੋਈ ਕਿ ਰਾਜ ਸਰਕਾਰ ਨੇ ਉਨ੍ਹਾਂ ਦੀਆਂ ਸਿਫਾਰਸ਼ਾਂ ਵੱਲ ਧਿਆਨ ਦਿੱਤਾ ਹੈ ਅਤੇ ਉਨ੍ਹਾਂ ਸਿਫਾਰਸ਼ਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ। ਇਨ੍ਹਾਂ ਸਿਫਾਰਸ਼ਾਂ ਵਿੱਚ ਹੋਰਨਾਂ ਗੱਲਾਂ ਤੋਂ ਇਲਾਵਾ, ਹਾਊਸਿੰਗ ਸੋਸਾਇਟੀਆਂ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਪਾਲਣਾ, ਉਦਯੋਗਾਂ ਵਿੱਚ ਔਨਲਾਈਨ ਨਿਰੰਤਰ ਨਿਕਾਸ ਨਿਗਰਾਨੀ ਪ੍ਰਣਾਲੀ  (OCEMS) ਅਤੇ ਹਵਾ ਦੇ ਪ੍ਰਦੂਸ਼ਣ ਨਿਯੰਤਰਣ ਉਪਕਰਣਾਂ (APCDs) ਦੀ ਸਥਾਪਨਾ, ਸਮਾਰਟ ਟ੍ਰੈਫਿਕ ਮੈਨੇਜਮੈਂਟ ਦਾ ਲਾਗੂਕਰਨ ਅਤੇ ਹਰਿਆਲੀ ਗਤੀਵਿਧੀਆਂ ਦਾ ਸੰਚਾਲਨ ਸ਼ਾਮਲ ਸੀ। ਸ਼੍ਰੀ ਯਾਦਵ ਨੇ ਸੌਇਲ ਕੰਜ਼ਰਵੇਸ਼ਨ ਅਤੇ ਜਲ ਪੱਧਰ ਨੂੰ ਕਾਇਮ ਰੱਖਣ ਲਈ ਘਾਹ ਦੇ ਮੈਦਾਨਾਂ ਅਤੇ ਜੰਗਲੀ ਖੇਤਰਾਂ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਦਿਸ਼ਾ ਵੱਲ ਰਾਜ ਵਿੱਚ ਵਧੀਆ ਕੰਮ ਕੀਤਾ ਗਿਆ ਹੈ।

ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਵਣ ਮਹੋਤਸਵ ਸਿਰਫ ਪੌਦੇ ਲਗਾਉਣ ਦਾ ਸਮਾਗਮ ਨਹੀਂ ਹੈ, ਸਗੋਂ ਕੁਦਰਤ ਪ੍ਰਤੀ ਆਪਣਾ ਕਰਜ਼ ਚੁਕਾਉਣ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਦੁਨੀਆ ਅੱਜ ਵਾਤਾਵਰਣ ਦੀ ਸੰਭਾਲ ਦੀ ਗੱਲ ਕਰਦੀ ਹੈ, ਉੱਥੇ ਹੀ ਭਾਰਤ ਨੇ ਹਜ਼ਾਰਾਂ ਸਾਲ ਪਹਿਲਾਂ ਕੁਦਰਤ ਨੂੰ ਪੂਜਾ  ਦਾ ਦਰਜਾ ਦਿੱਤਾ ਸੀ।

ਸ਼੍ਰੀ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਏਕ ਪੇੜ ਮਾਂ ਕੇ ਨਾਮ’ ਦਾ ਮਾਰਗਦਰਸ਼ਕ ਮੰਤਰ ਦਿੱਤਾ ਹੈ, ਜਿਸ ਅਧੀਨ ਇਸ ਵਰ੍ਹੇ ਰਾਜ ਵਿੱਚ 1.4 ਕਰੋੜ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਵੱਖ-ਵੱਖ ਹਿੱਸੇਦਾਰਾਂ ਦੀ ਭਾਈਵਾਲੀ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਾਵਲੀ ਪਹਾੜੀਆਂ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਦਾਰੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਦੇ ਵਣ ਮਹੋਤਸਵਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਜ਼ਿਲ੍ਹਾ ਪੱਧਰੀ ਵਣ ਮਹੋਤਸਵ ਪ੍ਰੋਗਰਾਮ ਆਯੋਜਿਤ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਰਾਜ ਦੇ ਮੰਤਰੀ, ਸਾਂਸਦ, ਵਿਧਾਇਕ, ਬੋਰਡ ਅਤੇ ਨਿਗਮਾਂ ਦੇ ਚੇਅਰਪਰਸਨ, ਡਿਪਟੀ ਕਮਿਸ਼ਨਰ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਹੋਰ ਜਨਤਕ ਪ੍ਰਤੀਨਿਧੀ ਮੌਜੂਦ ਸਨ।

ਇਸ ਤੋਂ ਪਹਿਲੇ ਪ੍ਰੋਗਰਾਮ ਦੌਰਾਨ, ਪਤਵੰਤਿਆਂ ਨੇ ਪੌਦੇ ਲਗਾਏ, ‘ਏਕ ਪੇੜ ਮਾਂ ਕੇ ਨਾਮ’ ਦੀ ਸਹੁੰ ਚੁੱਕੀ ਅਤੇ ਦੋ ਪ੍ਰਕਾਸ਼ਨ –‘ਹਰਿਆਣਾ ਫੌਰੈਸਟ ਨਿਊਜ਼’ ਅਤੇ ‘ਏਕ ਪੇੜ ਮਾਂ ਕੇ ਨਾਮ’ ਰਿਲੀਜ਼ ਕੀਤੇ। ਇਸ ਦੌਰਾਨ ‘ਸਵੱਛ ਹਰਿਆਣਾ, ਹਰਿਤ ਹਰਿਆਣਾ’ ਥੀਮ ‘ਤੇ ਆਯੋਜਿਤ ਕੁਇਜ਼, ਪੇਂਟਿੰਗ ਅਤੇ ਹੋਰ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਪੁਰਸਕਾਰ ਦਿੱਤੇ ਗਏ।

 *****

ਵੀਐੱਮ/ਜੀਐੱਸ/ਏਕੇ


(Release ID: 2296545) ਵਿਜ਼ੀਟਰ ਕਾਊਂਟਰ : 69