ਪ੍ਰਧਾਨ ਮੰਤਰੀ ਦਫਤਰ
ਵਿਕਸਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
26 JUL 2026 8:01PM by PIB Chandigarh
ਸਾਥੀਓ,
ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਅੱਜ ਸਾਡੇ ਨਾਲ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਨਸੁਖ ਮਾਂਡਵੀਆ ਜੀ, ਮੰਤਰੀ ਰਕਸ਼ਾ ਖੜਸੇ ਜੀ ਅਤੇ ਦੇਸ਼ ਭਰ ਤੋਂ ਜੁੜੇ ਸਾਰੇ ਮੇਰੇ ਨੌਜਵਾਨ ਸਾਥੀਓ!
ਅੱਜ ਦਾ ਇਹ ਪ੍ਰੋਗਰਾਮ ਬਹੁਤ ਖ਼ਾਸ ਹੈ। ਦੇਸ਼ ਭਰ ਦੇ ਲਗਭਗ 250 ਜ਼ਿਲ੍ਹਿਆਂ ਦੇ ਨੌਜਵਾਨ ਸਾਥੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ।
ਸਾਥੀਓ,
ਕੁਝ ਸਾਲ ਪਹਿਲਾਂ ਅਸੀਂ ਮੇਰਾ ਯੁਵਾ ਭਾਰਤ (ਮਾਈ ਭਾਰਤ) ਮੰਚ ਬਣਾਇਆ ਸੀ। ਅੱਜ ਇਸ ਨਾਲ ਦੇਸ਼ ਭਰ ਦੇ ਕਰੋੜਾਂ ਨੌਜਵਾਨ ਜੁੜੇ ਹੋਏ ਹਨ ਅਤੇ ਅੱਜ ਪੂਰੇ ਦੇਸ਼ ਵਿੱਚ ਮਾਈ ਭਾਰਤ ਦੇ ਨੌਜਵਾਨ ਸਾਥੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ। ਵਿਕਸਤ ਭਾਰਤ ਡਾਇਲੌਗ ਤੋਂ ਲੈ ਕੇ ਵਿਕਸਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਤੱਕ ਤੁਸੀਂ ਸਾਰਿਆਂ ਨੇ ਆਪਣੀ ਸਮਰੱਥਾ ਬਖ਼ੂਬੀ ਦਿਖਾਈ ਹੈ।
ਸਾਥੀਓ,
ਵਿਕਸਤ ਭਾਰਤ ਯੰਗ ਲੀਡਰਜ਼ ਡਾਇਲੌਗ ਦੌਰਾਨ ਮੈਂ ਇੱਕ ਵਿਚਾਰ ਨੌਜਵਾਨਾਂ ਦੇ ਸਾਹਮਣੇ ਰੱਖਿਆ ਸੀ। ਵਿਚਾਰ ਇਹ ਸੀ ਕਿ ਕਿਉਂ ਨਾ ਨੌਜਵਾਨ ਸਾਥੀ ਵਰਚੁਅਲ ਮਾਧਿਅਮ ਦੀ ਥਾਂ ਜ਼ਮੀਨ ’ਤੇ ਉਤਰ ਕੇ ਭਾਰਤ ਨੂੰ ਜਾਣਨ, ਭਾਰਤ ਨਾਲ ਜੁੜਨ, ਭਾਰਤ ਨੂੰ ਜਿਊਣ ਦੀ ਕੋਸ਼ਿਸ਼ ਕਰਨ ਅਤੇ ਭਾਰਤ ਨੂੰ ਸਮਝਣ। ਭਾਰਤ ਦੇ ਪਿੰਡਾਂ ਵਿੱਚ ਵਿਕਸਤ ਹੋਣ ਲਈ ਕਿੰਨੀਆਂ ਉਮੀਦਾਂ ਹਨ, ਇਹ ਪਿੰਡਾਂ ਵਿੱਚ ਜਾ ਕੇ ਹੀ ਪਤਾ ਲੱਗਦਾ ਹੈ ਅਤੇ ਸਾਡੇ ਸਰਹੱਦੀ ਪਿੰਡਾਂ ਵਿੱਚ ਵਿਕਾਸ ਦੀ ਉਮੀਦ ਅਤੇ ਦੇਸ਼ ਭਗਤੀ ਦੀ ਭਾਵਨਾ ਇਹ ਅਸੀਂ ਬਰਾਬਰ-ਬਰਾਬਰ ਦੇਖਦੇ ਹਾਂ ਅਤੇ ਕਦੇ ਤਾਂ ਲੱਗਦਾ ਹੈ ਕਿ ਉਨ੍ਹਾਂ ਲਈ ਖ਼ੁਦ ਨਾਲੋਂ ਵਧ ਕੇ ਦੇਸ਼ ਹੁੰਦਾ ਹੈ। ਦੇਸ਼ ਪਹਿਲਾਂ, ਬਾਕੀ ਸਾਰੀਆਂ ਸਹੂਲਤਾਂ ਬਾਅਦ ਵਿੱਚ, ਇਹ ਸਾਨੂੰ ਸਰਹੱਦੀ ਪਿੰਡਾਂ ਵਿੱਚ ਖ਼ਾਸ ਤੌਰ ’ਤੇ ਅਨੁਭਵ ਹੁੰਦਾ ਹੈ। ਅਤੇ ਇਸ ਲਈ ਉਦੇਸ਼ ਇਹ ਸੀ ਕਿ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨ ਹਿਮਾਚਲ, ਉੱਤਰਾਖੰਡ ਅਤੇ ਲੱਦਾਖ ਦੇ ਪਿੰਡਾਂ ਦੀ ਯਾਤਰਾ ਕਰਨ। ਉੱਥੇ ਲੋਕ ਕਿਵੇਂ ਰਹਿੰਦੇ ਹਨ? ਖਾਣ-ਪੀਣ ਕਿਹੋ ਜਿਹਾ ਹੈ? ਕੰਮਕਾਜ, ਸੱਭਿਆਚਾਰ, ਜੀਵਨ ਵਿਵਹਾਰ ਇਹ ਸਾਰੀਆਂ ਗੱਲਾਂ ਕੀ ਹਨ? ਚੁਣੌਤੀਆਂ ਕੀ ਹਨ? ਦੇਸ਼ ਦੇ ਪਹਿਲੇ ਪਿੰਡਾਂ ਵਿੱਚ ਬੈਠੇ ਲੋਕ ਦੇਸ਼ ਦੀ ਸੁਰੱਖਿਆ ਲਈ ਕਿੰਨੇ ਜਾਗਰੂਕ ਹਨ? ਦੇਸ਼ ਦੇ ਹੋਰ ਹਿੱਸਿਆਂ ਨਾਲ ਉਨ੍ਹਾਂ ਦਾ ਲਗਾਵ ਅਤੇ ਨੇੜਤਾ ਕਿੰਨੀ ਹੈ? ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਨੁਭਵ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਮਿਲੇ, ਇਹ ਸਾਡਾ ਉਦੇਸ਼ ਸੀ। ਅਤੇ ਜੋ ਉਤਸ਼ਾਹ ਪੂਰੇ ਦੇਸ਼ ਦੇ ਨੌਜਵਾਨਾਂ ਵਿੱਚ ਦੇਖਣ ਨੂੰ ਮਿਲਿਆ, ਉਹ ਬੇਮਿਸਾਲ ਹੈ। ਲਗਭਗ 3 ਲੱਖ ਨੌਜਵਾਨਾਂ ਨੇ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਵਿੱਚੋਂ 400 ਤੋਂ ਵੱਧ ਨੌਜਵਾਨਾਂ ਦੀ ਚੋਣ ਹੋਈ। ਤੁਸੀਂ ਸਾਰੇ ਇੱਕ ਹਫ਼ਤੇ ਤੱਕ ਇਨ੍ਹਾਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰਹੇ। ਤੁਹਾਡੇ ਲਈ ਇਹ ਅਣਜਾਣ ਥਾਂ ਸੀ। ਤੁਸੀਂ ਉੱਥੋਂ ਦੇ ਜੀਵਨ ਨੂੰ ਜਿਊਣ ਦੀ ਕੋਸ਼ਿਸ਼ ਕੀਤੀ। ਤੁਸੀਂ ਉਨ੍ਹਾਂ ਵਿੱਚ ਰਲ਼-ਮਿਲ਼ ਗਏ। ਆਪਣੇ ਸੱਭਿਆਚਾਰ ਨੂੰ ਉੱਥੋਂ ਦੇ ਸੱਭਿਆਚਾਰ ਨਾਲ ਜੋੜਿਆ, ਕਨੈਕਟ ਕੀਤਾ। ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਇਸ ਤੋਂ ਉੱਤਮ ਉਦਾਹਰਣ ਸ਼ਾਇਦ ਹੀ ਕੋਈ ਹੋਰ ਹੋ ਸਕਦਾ ਹੈ।
ਸਾਥੀਓ,
ਅੱਜ ਦਾ ਇਹ ਪ੍ਰੋਗਰਾਮ ਮੇਰੇ ਲਈ ਬਹੁਤ ਖ਼ਾਸ ਇਸ ਲਈ ਵੀ ਹੈ ਕਿਉਂਕਿ ਜਦੋਂ ਮੈਂ ਸਰਕਾਰ ਅਤੇ ਰਾਜਨੀਤੀ ਦੇ ਜੀਵਨ ਤੋਂ ਦੂਰ ਸੀ, ਉਦੋਂ ਮੈਨੂੰ ਅਜਿਹੇ ਸਰਹੱਦੀ ਪਿੰਡਾਂ ਵਿੱਚ ਕਈ ਵਾਰ ਜਾਣ ਦਾ ਮੌਕਾ ਮਿਲਿਆ ਸੀ। ਉੱਥੋਂ ਦੇ ਲੋਕਾਂ ਨਾਲ ਮੇਰੀ ਜਾਣ-ਪਛਾਣ ਵੀ ਹੁੰਦੀ ਸੀ। ਕਈ ਪਿੰਡਾਂ ਨਾਲ ਤਾਂ ਮੇਰਾ ਸੰਪਰਕ ਬਹੁਤ ਲੰਬੇ ਸਮੇਂ ਤੱਕ ਬਣਿਆ ਰਿਹਾ ਸੀ। ਜਦੋਂ ਸਰਕਾਰ ਵਿੱਚ ਆਇਆ, ਤਾਂ ਵੀ ਮੈਂ ਸਰਹੱਦੀ ਪਿੰਡਾਂ ਵਿੱਚ ਮੌਕਾ ਮਿਲਦਿਆਂ ਹੀ ਉਸ ਮੌਕੇ ਨੂੰ ਛੱਡਦਾ ਨਹੀਂ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਦਿਵਾਲੀ ਦਾ ਤਿਉਹਾਰ ਤਾਂ ਮੈਂ, ਸਰਹੱਦ ’ਤੇ ਜਾ ਕੇ, ਬਾਰਡਰ ’ਤੇ ਜਾ ਕੇ, ਆਪਣੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਸਾਡੇ ਵੀਰ ਜਵਾਨਾਂ ਨਾਲ ਹੀ ਮਨਾਉਂਦਾ ਹਾਂ ਅਤੇ ਇਹ ਸਿਲਸਿਲਾ ਤਾਂ ਮੇਰਾ 25 ਸਾਲਾਂ ਤੋਂ ਚੱਲ ਰਿਹਾ ਹੈ। ਹੁਣੇ ਇਸ ਯਾਤਰਾ ਦਾ ਹਿੱਸਾ ਰਹੇ ਜਿਨ੍ਹਾਂ ਸਾਥੀਆਂ ਨਾਲ ਮੇਰੀ ਗੱਲ ਹੋਈ, ਉਨ੍ਹਾਂ ਵਿੱਚੋਂ ਵੀ ਕਈ ਪਿੰਡ ਅਜਿਹੇ ਹਨ, ਜਿੱਥੇ ਮੈਂ ਪਹਿਲਾਂ ਜਾ ਚੁੱਕਾ ਹਾਂ ਅਤੇ ਜਦੋਂ ਤੁਸੀਂ ਉੱਥੋਂ ਦਾ ਜ਼ਿਕਰ ਕਰ ਰਹੇ ਸੀ, ਤਾਂ ਮੈਨੂੰ ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਨਜ਼ਰ ਆ ਰਹੀਆਂ ਸਨ। ਮੇਰੀ ਤਰ੍ਹਾਂ ਤੁਹਾਡਾ ਸਾਰਿਆਂ ਦਾ ਅਨੁਭਵ ਵੀ ਬਹੁਤ ਸ਼ਾਨਦਾਰ ਰਿਹਾ। ਕਿਸੇ ਨੇ ਉੱਚੀਆਂ ਪਰਬਤ ਲੜੀਆਂ ਦਾ ਰੋਮਾਂਚ ਦੱਸਿਆ। ਕੋਈ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਪਿਆਰ ਅਤੇ ਆਪਣੇਪਣ ਤੋਂ ਪ੍ਰਭਾਵਿਤ ਸੀ। ਕਿਸੇ ਨੇ ਉੱਥੋਂ ਦੇ ਬੱਚਿਆਂ ਦੇ ਸੁਫ਼ਨਿਆਂ ਨੂੰ ਨੇੜਿਓਂ ਦੇਖਿਆ, ਤਾਂ ਕੋਈ ਸਾਡੀ ਸੈਨਾ ਦੇ ਸ਼ਾਨਦਾਰ ਸਾਹਸ ਅਤੇ ਅਨੁਸ਼ਾਸਨ ਦਾ ਗਵਾਹ ਬਣਿਆ। ਯਾਨੀ ਵਿਕਸਤ ਵਾਈਬ੍ਰੈਂਟ ਵਿਲੇਜ ਦਾ ਇਹ ਪੂਰਾ ਅਨੁਭਵ ਬਹੁਤ ਸ਼ਾਨਦਾਰ ਰਿਹਾ। ਸੰਯੋਗ ਨਾਲ ਅੱਜ ਕਾਰਗਿਲ ਵਿਜੇ ਦਿਵਸ ਵੀ ਹੈ। ਤੁਹਾਡੇ ਵਿੱਚੋਂ ਕਈ ਸਾਥੀਆਂ ਨੇ ਕਾਰਗਿਲ ਦੇ ਆਸ-ਪਾਸ ਦੇ ਖੇਤਰ ਨੂੰ ਵੀ ਦੇਖਿਆ। ਉੱਥੇ ਕਿੰਨੀਆਂ ਚੁਣੌਤੀਪੂਰਨ ਹਾਲਤਾਂ ਵਿੱਚ ਸਾਡੇ ਸੂਰਵੀਰਾਂ ਨੇ ਜਿੱਤ ਦਾ ਪਰਚਮ ਲਹਿਰਾਇਆ ਸੀ, ਇਹ ਵੀ ਤੁਸੀਂ ਦੇਖਿਆ ਹੈ। ਮੈਂ ਤੁਹਾਡੇ ਸਾਰਿਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਅਤੇ ਇਸ ਸ਼ਾਨਦਾਰ ਅਨੁਭਵ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਵਿਕਸਤ ਗਾਂਓ ਵਿਕਸਤ ਭਾਰਤ ਦੀ ਨੀਂਹ ਹੈ। ਵਿਕਸਤ ਭਾਰਤ ਦੇ ਨਿਰਮਾਣ ਦੀ ਯਾਤਰਾ ਲਗਾਤਾਰ ਚੱਲ ਰਹੀ ਹੈ। ਅਤੇ ਇਸ ਵਿੱਚ ਤੁਹਾਡੇ ਸਾਰੇ ਨੌਜਵਾਨ ਸਾਥੀਆਂ ਦੀ ਵੱਡੀ ਭੂਮਿਕਾ ਹੈ। ਇਸ ਲਈ ਜਦੋਂ ਦੇਸ਼ ਦਾ ਨੌਜਵਾਨ ਜ਼ਮੀਨ ਨਾਲ ਜੁੜਦਾ ਹੈ, ਤਾਂ ਉਹ ਵਿਕਸਤ ਭਾਰਤ ਦੇ ਵਿਜ਼ਨ ਨੂੰ ਹੋਰ ਵਿਆਪਕ ਬਣਾਉਂਦਾ ਹੈ। ਇਹ ਨੌਜਵਾਨ ਮਨ ਵਿੱਚ ਦੇਸ਼ ਲਈ ਜਿਊਣ, ਦੇਸ਼ ਲਈ ਕੁਝ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਦਿੰਦਾ ਹੈ।
ਸਾਥੀਓ,
ਇਸ ਮੁਹਿੰਮ ਵਿੱਚ ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਬਾਰਡਰ ਦੇ ਪਿੰਡਾਂ ਦਾ ਜੀਵਨ ਕਿੰਨਾ ਔਖਾ ਹੁੰਦਾ ਹੈ। ਪਰ ਹਰ ਮੁਸ਼ਕਿਲ ਦੇ ਬਾਵਜੂਦ ਸਰਹੱਦੀ ਪਿੰਡਾਂ ਦੇ ਲੋਕ ਦੇਸ਼ ਭਗਤੀ ਨੂੰ ਪਲ-ਪਲ ਜਿਊਂਦੇ ਹਨ। ਕੁਝ ਸਾਲ ਪਹਿਲਾਂ ਤੱਕ ਤਾਂ ਬਾਰਡਰ ਦੇ ਪਿੰਡਾਂ ਨੂੰ 'ਆਖਰੀ ਪਿੰਡ' ਕਹਿ ਕੇ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਸੀ। ਇਨ੍ਹਾਂ ਪਿੰਡਾਂ ਵਿੱਚ ਸੜਕ, ਬਿਜਲੀ, ਪਾਣੀ, ਸਕੂਲ, ਹਸਪਤਾਲ ਵਰਗੀਆਂ ਹਰ ਬੁਨਿਆਦੀ ਸਹੂਲਤਾਂ ਦੀ ਘਾਟ ਸੀ। ਸੰਭਵ ਹੈ ਕਿ ਤੁਸੀਂ ਵੀ ਅਜਿਹੀਆਂ ਕਈ ਕਹਾਣੀਆਂ ਉੱਥੋਂ ਦੇ ਲੋਕਾਂ ਤੋਂ ਸੁਣੀਆਂ ਹੋਣਗੀਆਂ। ਪਹਿਲਾਂ ਦੇ ਹਾਲ ਉਨ੍ਹਾਂ ਨੇ ਦੱਸੇ ਹੋਣਗੇ ਅਤੇ ਸਾਨੂੰ ਇਸ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਅਜਿਹੇ ਹਾਲਾਤ ਵਿੱਚ ਵੀ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਦੇਸ਼ ਭਗਤੀ ਕਦੇ ਵੀ ਰੱਤੀ ਭਰ ਵੀ ਕਮਜ਼ੋਰ ਨਹੀਂ ਪਈ।
ਇਸ ਲਈ ਸਾਥੀਓ,
ਸਾਡੀ ਸਰਕਾਰ ਨੇ ਇਨ੍ਹਾਂ ਸਰਹੱਦੀ ਪਿੰਡਾਂ ਨੂੰ ਦੇਸ਼ ਦਾ ਪਹਿਲਾ ਪਿੰਡ ਮੰਨਿਆ। ਉਹ ਪਹਿਲਾ ਪਿੰਡ ਜਿੱਥੇ ਸਵੇਰ ਦੀ ਪਹਿਲੀ ਕਿਰਨ ਭਾਰਤ ਦਾ ਸਵਾਗਤ ਕਰਦੀ ਹੈ ਅਤੇ ਜਿੱਥੇ ਆਖਰੀ ਕਿਰਨ ਗੁੱਡ ਨਾਈਟ ਕਹਿ ਕੇ ਵਿਦਾ ਲੈਂਦੀ ਹੈ। ਜਿੱਥੇ ਸਭ ਤੋਂ ਪਹਿਲਾਂ ਤਿਰੰਗਾ ਹਵਾ ਨਾਲ ਸੰਵਾਦ ਕਰਦਾ ਹੈ। ਜਿੱਥੋਂ ਦੁਨੀਆ ਭਾਰਤ ਨੂੰ ਪਹਿਲੀ ਵਾਰ ਦੇਖਦੀ ਹੈ। ਇਹ ਸੋਚ ਬਦਲਣ ਦਾ ਹੀ ਨਤੀਜਾ ਹੈ ਕਿ ਅੱਜ ਸਾਡਾ ਸਰਹੱਦੀ ਖੇਤਰ ਬਦਲ ਰਿਹਾ ਹੈ। ਕਈ ਪਿੰਡਾਂ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਿਜਲੀ ਪਹੁੰਚੀ, ਪਹਿਲੀ ਵਾਰ ਸੜਕ ਪਹੁੰਚੀ, ਪਹਿਲੀ ਵਾਰ ਘਰ ਵਿੱਚ ਟੂਟੀ ਰਾਹੀਂ ਪਾਣੀ ਪਹੁੰਚਿਆ, ਪਹਿਲੀ ਵਾਰ ਘਰ ਵਿੱਚ ਗੈਸ ਕਨੈਕਸ਼ਨ ਪਹੁੰਚਿਆ। ਸ਼ਹਿਰਾਂ ਵਿੱਚ ਇਹ ਆਮ ਸਹੂਲਤਾਂ ਲੱਗਦੀਆਂ ਹਨ, ਪਰ ਉੱਥੋਂ ਦੇ ਲੋਕਾਂ ਲਈ ਇਹ ਜੀਵਨ ਬਦਲਣ ਵਾਲੀਆਂ ਸਹੂਲਤਾਂ ਹਨ। ਇਸ ਦੇ ਕਾਰਨ ਉੱਥੇ ਕਿਸਾਨਾਂ ਅਤੇ ਬਾਗ਼ਬਾਨਾਂ ਦਾ ਜੀਵਨ ਬਦਲ ਰਿਹਾ ਹੈ। ਫ਼ਲ-ਸਬਜ਼ੀਆਂ ਵੱਡੀਆਂ-ਵੱਡੀਆਂ ਮੰਡੀਆਂ ਤੱਕ ਪਹੁੰਚਾਉਣੀਆਂ ਆਸਾਨ ਹੋ ਗਈਆਂ ਹਨ। ਬਿਹਤਰ ਕਨੈਕਟੀਵਿਟੀ ਦੇ ਕਾਰਨ ਹੁਣ ਜੀਵਨ ਰੁਕਦਾ ਨਹੀਂ ਹੈ, ਲਗਾਤਾਰ ਚੱਲਦਾ ਹੈ। ਅਤੇ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਅੱਜ ਦੂਰ-ਦੁਰਾਡੇ ਦੇ ਇਨ੍ਹਾਂ ਪਿੰਡਾਂ ਵਿੱਚ ਵੀ ਬਿਹਤਰੀਨ ਇੰਟਰਨੈੱਟ ਕਨੈਕਟੀਵਿਟੀ ਹੈ। ਤੁਹਾਡੇ ਜਿਹੜੇ ਸਾਥੀਆਂ ਨੇ ਦੱਸਿਆ, ਉਹ ਕਿੰਨੀ ਖ਼ੁਸ਼ੀ ਨਾਲ ਦੱਸ ਰਹੇ ਸਨ।
ਸਾਥੀਓ,
ਅਜਿਹੀ ਹੀ ਹਰ ਸਹੂਲਤ ਦਾ ਇੱਕ ਹੋਰ ਫ਼ਾਇਦਾ ਹੋਇਆ ਹੈ। ਅੱਜ ਇਨ੍ਹਾਂ ਖੇਤਰਾਂ ਵਿੱਚ ਸੈਰ-ਸਪਾਟਾ ਵੀ ਫਲ-ਫੁੱਲ ਰਿਹਾ ਹੈ। ਜਿਹੜੇ ਪਿੰਡ ਵੀਰਾਨ ਪੈ ਗਏ ਸਨ, ਅੱਜ ਉੱਥੇ ਫਿਰ ਤੋਂ ਚਹਿਲ-ਪਹਿਲ ਹੋਣ ਲੱਗੀ ਹੈ। ਬੇਟੀਆਂ ਸਕੂਲ-ਕਾਲਜ ਜਾਂਦੀਆਂ ਹਨ। ਚੰਗੀ ਪੜ੍ਹਾਈ ਅਤੇ ਚੰਗੀ ਕਮਾਈ ਦਾ ਮਾਹੌਲ ਵੀ ਬਣ ਰਿਹਾ ਹੈ। ਅਤੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਸਰਹੱਦੀ ਪਿੰਡਾਂ ਦੇ ਇਸ ਵਿਕਾਸ ਨੂੰ ਹੋਰ ਗਤੀ ਦੇ ਰਿਹਾ ਹੈ।
ਸਾਥੀਓ,
ਵਿਕਸਤ ਵਾਈਬ੍ਰੈਂਟ ਵਿਲੇਜ ਦੀ ਇਹ ਯਾਤਰਾ ਸਭ ਨੂੰ ਜੋੜਨ ਅਤੇ ਸਭ ਨਾਲ ਜੁੜਨ ਦਾ ਹੀ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਅਤੇ ਹੁਣ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਤੁਹਾਡੀ ਇਹ ਯਾਤਰਾ ਯੂਨਿਟੀ ਥਰੂ ਪਾਰਟੀਸਿਪੇਸ਼ਨ (ਭਾਗੀਦਾਰੀ ਰਾਹੀਂ ਏਕਤਾ) ਦੀ ਯਾਤਰਾ ਹੈ। ਭਾਰਤ ਦਾ ਨੌਜਵਾਨ ਜਿੰਨਾ ਜ਼ਿਆਦਾ ਭਾਰਤ ਦੇ ਸਰਹੱਦੀ ਪਿੰਡਾਂ ਨੂੰ ਜਾਣੇਗਾ, ਉਹ ਓਨਾ ਹੀ ਭਾਰਤ ਨੂੰ ਸਰਲਤਾ ਨਾਲ ਜਾਣੇਗਾ, ਉਹ ਭਾਰਤ ਦੇ ਕੋਨੇ-ਕੋਨੇ ਨਾਲ ਸਰਲਤਾ ਨਾਲ ਜੁੜੇਗਾ ਅਤੇ ਇਹ ਯਤਨ ਨਵੀਂ ਮਜ਼ਬੂਤੀ ਦਾ ਕਾਰਨ ਬਣਨਗੇ। ਤੁਸੀਂ ਵੀ ਜ਼ਰਾ ਯਾਦ ਕਰੋ, ਇਨ੍ਹਾਂ ਪਿੰਡਾਂ ਦੇ ਘਰ, ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਲਈ ਕੋਈ ਅੱਡ ਗੈਸਟ ਹਾਊਸ ਨਹੀਂ ਸੀ, ਕੋਈ ਹੋਟਲ ਨਹੀਂ ਸੀ। ਇਹ ਸਿਰਫ਼ ਪਿੰਡ, ਪੂਰਾ ਪਿੰਡ ਇੱਕ ਤਰ੍ਹਾਂ ਨਾਲ ਪਰਾਹੁਣਚਾਰੀ ਕਰ ਰਿਹਾ ਸੀ। ਪਰ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡਾ ਸਿਰਫ਼ ਪਿੰਡ ਵਿੱਚ ਰਹਿਣਾ ਹੀ ਨਹੀਂ ਹੋਇਆ। ਤੁਹਾਡੇ ਲਈ ਇਹ ਮੁਲਾਕਾਤ, ਪਿੰਡ ਦੇ ਜੀਵਨ ਨਾਲ ਜੁੜਨ ਦੀ ਯਾਤਰਾ ਇੱਕ ਤਰ੍ਹਾਂ ਨਾਲ ਸੱਭਿਆਚਾਰ ਦੀ ਪਾਠਸ਼ਾਲਾ ਵੀ ਬਣ ਗਈ। ਉੱਥੇ ਤੁਹਾਨੂੰ ਸਹੂਲਤਾਂ ਤੋਂ ਵੀ ਵੱਧ ਸੰਤੋਖ ਅਤੇ ਸਤਿਕਾਰ ਮਿਲਿਆ। ਤੁਸੀਂ ਜੋ ਕੁਝ ਵੀ ਅਨੁਭਵ ਕਰਕੇ ਆਏ ਹੋ, ਉਹ ਕਿਸੇ ਕਲਾਸ ਰੂਮ ਵਿੱਚ ਸਿੱਖਣ ਨੂੰ ਨਹੀਂ ਮਿਲੇਗਾ। ਇਸ ਲਈ ਤੁਸੀਂ ਸਾਰਿਆਂ ਨੇ ਜੋ ਅਨੁਭਵ ਕੀਤਾ ਹੈ, ਉਸ ਨੂੰ ਹੋਰ ਨੌਜਵਾਨਾਂ ਨਾਲ ਸਾਂਝਾ ਕਰੋ। ਉਨ੍ਹਾਂ ਨੂੰ ਵੀ ਪ੍ਰੇਰਿਤ ਕਰੋ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਾਡੇ ਨੌਜਵਾਨ ਬਾਰਡਰ ਦੇ ਪਿੰਡਾਂ ਦਾ ਦੌਰਾ ਕਰਨ। ਜਿੰਨੇ ਜ਼ਿਆਦਾ ਨੌਜਵਾਨ ਉੱਥੇ ਜਾਣਗੇ, ਉੱਥੇ ਰਹਿਣਗੇ, ਤਾਂ ਉਹ ਦੇਸ਼ ਨੂੰ ਦੇਖਣਗੇ, ਦੇਸ਼ ਨੂੰ ਸਮਝਣਗੇ ਅਤੇ ਜਦੋਂ ਲੋਕ ਪਿੰਡਾਂ ਵਿੱਚ ਜਾਣਾ ਸ਼ੁਰੂ ਕਰਨਗੇ, ਤਾਂ ਫਿਰ ਉਨ੍ਹਾਂ ਪਿੰਡਾਂ ਵਿੱਚ ਸਹੂਲਤਾਂ ਵੀ ਹੋਰ ਤੇਜ਼ੀ ਨਾਲ ਪਹੁੰਚਣਗੀਆਂ।
ਸਾਥੀਓ,
ਸਾਡੀ ਸਰਕਾਰ ਇਨ੍ਹਾਂ ਸਰਹੱਦੀ ਪਿੰਡਾਂ ਵਿੱਚ ਸੈਰ-ਸਪਾਟੇ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਹੈ। ਤੁਸੀਂ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਹੋਰ ਵਿਸਤਾਰ ਦੇ ਸਕਦੇ ਹੋ। ਮੇਰੀ ਬੇਨਤੀ ਹੈ ਕਿ ਤੁਹਾਡੇ ਵਿੱਚੋਂ ਹਰ ਨੌਜਵਾਨ ਸਾਥੀ ਘੱਟੋ-ਘੱਟ 100 ਨੌਜਵਾਨਾਂ ਨਾਲ ਆਪਣੇ ਅਨੁਭਵ ਜ਼ਰੂਰ ਸਾਂਝੇ ਕਰੇ। ਜਿਸ ਖੇਤਰ ਵਿੱਚ ਤੁਸੀਂ ਰਹੇ ਹੋ, ਉੱਥੋਂ ਦੇ ਲੋਕਾਂ ਨਾਲ ਸੰਪਰਕ ਵਿੱਚ ਰਹੋ। ਜੇਕਰ ਤੁਸੀਂ ਉੱਥੇ ਕੋਈ ਤਸਵੀਰਾਂ ਖਿੱਚੀਆਂ ਹਨ, ਉੱਥੋਂ ਦੀਆਂ ਵੀਡੀਓਜ਼ ਬਣਾਈਆਂ ਹਨ, ਤਾਂ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਖ਼ੂਬ ਸਾਂਝਾ ਕਰੋ। ਉਨ੍ਹਾਂ ਪਿੰਡਾਂ ਦੇ ਜੋ ਕੰਟੈਂਟ ਕ੍ਰਿਏਟਰਜ਼ ਵੀ ਹਨ, ਉਨ੍ਹਾਂ ਨਾਲ ਸਹਿਯੋਗ ਕਰਕੇ ਤੁਸੀਂ ਕੁਦਰਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਸਕਦੇ ਹੋ। ਉੱਥੇ ਜੇਕਰ ਤੁਸੀਂ ਕੋਈ ਲੋਕਲ ਉਤਪਾਦ ਦੇਖਿਆ ਹੋਵੇ, ਉਸ ਨੂੰ ਤੁਸੀਂ ਆਪਣੇ ਇਲਾਕੇ ਵਿੱਚ ਕਿਵੇਂ ਉਤਸ਼ਾਹਿਤ ਕਰ ਸਕਦੇ ਹੋ, ਇਸ ਬਾਰੇ ਵਿਚਾਰ ਕਰੋ। ਇੰਟਰਨੈੱਟ ’ਤੇ ਜਾਣਕਾਰੀਆਂ ਤਾਂ ਬਹੁਤ ਹੁੰਦੀਆਂ ਹਨ, ਪਰ ਤੁਸੀਂ ਇਨ੍ਹਾਂ ਪਿੰਡਾਂ ਦੀਆਂ ਪ੍ਰਮਾਣਿਕ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਹੋ। ਤੁਸੀਂ ਹੁਣ ਖ਼ੁਦ ਵੀ ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰ ਨਾਲ ਇਨ੍ਹਾਂ ਪਿੰਡਾਂ ਵਿੱਚ ਘੁੰਮਣ-ਫਿਰਨ ਜਾਓ ਅਤੇ ਮੈਂ ਤਾਂ ਸਕੂਲ, ਕਾਲਜ, ਯੂਨੀਵਰਸਿਟੀਆਂ ਨੂੰ ਵੀ ਕਹਾਂਗਾ ਕਿ ਤੁਸੀਂ ਬਾਰਡਰ ਵਿਲੇਜ ਦੇ ਐਜੂਕੇਸ਼ਨਲ ਟੂਰ ਵੀ ਆਯੋਜਿਤ ਕਰ ਸਕਦੇ ਹੋ।
ਸਾਥੀਓ,
ਮੇਰਾ ਹਮੇਸ਼ਾ ਤੋਂ ਹੀ ਇਹ ਦ੍ਰਿੜ੍ਹ ਵਿਸ਼ਵਾਸ ਰਿਹਾ ਹੈ ਕਿ ਭਾਰਤ ਦੇ ਤੁਹਾਡੇ ਵਰਗੇ ਨੌਜਵਾਨ 21ਵੀਂ ਸਦੀ ਦੀ ਦੁਨੀਆ ਨੂੰ ਇੱਕ ਨਵਾਂ ਰੂਪ ਦੇਣ ਵਾਲੇ ਹਨ। ਭਾਰਤ ਦੇ ਨੌਜਵਾਨ ਦੀ ਇਹੋ ਅਸਲੀ ਨਿਯਤੀ ਹੈ। ਅੱਜ ਦਾ ਨੌਜਵਾਨ ਵਿਕਸਤ ਭਾਰਤ ਦੀ ਊਰਜਾ ਵੀ ਹੈ ਅਤੇ ਵਿਕਸਤ ਭਾਰਤ ਦਾ ਸਭ ਤੋਂ ਵੱਡਾ ਲਾਭਪਾਤਰੀ ਵੀ ਹੈ। ਇਸ ਲਈ ਨੌਜਵਾਨ ਸ਼ਕਤੀ ਜਦੋਂ ਦੇਸ਼ ਦੀਆਂ ਚੁਣੌਤੀਆਂ ਅਤੇ ਸਮਾਧਾਨਾਂ ਨਾਲ ਸਿੱਧੀ ਜੁੜੇਗੀ, ਤਾਂ ਭਵਿੱਖ ਯਕੀਨਨ ਹੀ ਉੱਜਵਲ ਹੋਵੇਗਾ। ਇਸੇ ਭਾਵਨਾ ਨਾਲ ਤੁਹਾਡੇ ਸਾਰਿਆਂ ਨੂੰ ਫਿਰ ਤੋਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ - ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਲਗਭਗ ਅਨੁਵਾਦ ਹੈ। ਅਸਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(रिलीज़ आईडी: 2289793)
आगंतुक पटल : 4