ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀਆਂ ਦੀ ਭਲਾਈ ਲਈ ਚੁੱਕੇ ਗਏ ਕਦਮ

प्रविष्टि तिथि: 22 JUL 2026 3:50PM by PIB Chandigarh

ਭਾਰਤ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕਈ ਉਪਾਅ ਕੀਤੇ ਹਨ। ਇਨ੍ਹਾਂ ਪਹਿਲਕਦਮੀਆਂ ਵਿੱਚ ਵਿੱਤੀ ਸਹਾਇਤਾ, ਵਿਦਿਅਕ ਸਹੂਲਤਾਂ, ਰਿਹਾਇਸ਼, ਸਿਹਤ ਸੇਵਾਵਾਂ ਅਤੇ ਪੁਨਰਵਾਸ ਸ਼ਾਮਲ ਹਨ।

  • ਆਯੁਸ਼ਮਾਨ ਸੀਏਪੀਐੱਫ: ਇਹ ਭਾਰਤ ਸਰਕਾਰ ਦੁਆਰਾ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਦੇ ਤਹਿਤ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਪਹਿਲ ਹੈ। ਇਹ ਦੇਸ਼ ਭਰ ਦੇ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਨਕਦੀ ਰਹਿਤ ਅਤੇ ਕਾਗਜ਼ ਰਹਿਤ ਇਲਾਜ ਪ੍ਰਦਾਨ ਕਰਦੀ ਹੈ।
  • ਐਕਸ-ਗ੍ਰੇਸ਼ੀਆ ਭੁਗਤਾਨ: ਡਿਊਟੀ ਦੌਰਾਨ ਦੁਰਘਟਨਾ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ, ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀ ਦੇ ਨੇੜਲੇ ਰਿਸ਼ਤੇਦਾਰ ਨੂੰ 25 ਲੱਖ ਦੀ ਐਕਸ-ਗ੍ਰੇਸ਼ੀਆ ਰਕਮ ਪ੍ਰਦਾਨ ਕੀਤੀ ਜਾਂਦੀ ਹੈ। ਅੱਤਵਾਦੀ ਹਿੰਸਾ ਜਾਂ ਦੁਸ਼ਮਣੀ ਵਾਲੀ ਕਾਰਵਾਈ ਕਾਰਨ ਮੌਤ ਹੋਣ ਦੀ ਸਥਿਤੀ ਵਿੱਚ, ਇਹ ਰਕਮ 35 ਲੱਖ ਹੈ।
  • ਸੀਏਪੀਐੱਫ ਤਨਖਾਹ ਪੈਕੇਜ ਯੋਜਨਾ ਦੇ ਤਹਿਤ ਦੁਰਘਟਨਾ ਮੌਤ ਬੀਮਾ ਕਵਰੇਜ: ਇਸ ਯੋਜਨਾ ਦੇ ਤਹਿਤ, ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸਥਿਤੀ ਵਿੱਚ ਉਸਦੇ ਨੇੜਲੇ ਰਿਸ਼ਤੇਦਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਦੁਰਘਟਨਾ ਮੌਤ ਬੀਮਾ ਕਵਰੇਜ ਪ੍ਰਦਾਨ ਕੀਤੀ ਜਾਂਦੀ ਹੈ।
  • ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ (ਪੀਐੱਮਐੱਸਐੱਸ): ਇਹ ਸਕੀਮ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ ਦੇ ਕਰਮਚਾਰੀਆਂ ਅਤੇ ਵਿਧਵਾਵਾਂ ਦੇ ਬੱਚਿਆਂ ਨੂੰ ਉੱਚ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਗਈ ਹੈ। ਇਸ ਸਕੀਮ ਦੇ ਤਹਿਤ, ਸਾਲਾਨਾ 2,000 ਸਕਾਲਰਸ਼ਿਪ ਦਿੱਤੇ ਜਾਂਦੇ ਹਨ, ਜੋ ਮੁੰਡਿਆਂ ਲਈ 1,000 ਅਤੇ ਕੁੜੀਆਂ ਲਈ 1,000 ਨਿਰਧਾਰਿਤ ਹੈ। ਸਕਾਲਰਸ਼ਿਪ ਦੀ ਰਕਮ ਕੁੜੀਆਂ ਲਈ 3,000 ਰੁਪਏ ਪ੍ਰਤੀ ਮਹੀਨਾ (36,000 ਰੁਪਏ ਸਾਲਾਨਾ) ਅਤੇ ਮੁੰਡਿਆਂ ਲਈ 2,500 ਰੁਪਏ ਪ੍ਰਤੀ ਮਹੀਨਾ (30,000 ਰੁਪਏ ਸਾਲਾਨਾ) ਹੈ।
  • ਕੰਟਰੀਬਿਊਟਰੀ ਵੈਲਫੇਅਰ ਫੰਡ: ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਮ੍ਰਿਤਕ ਕਰਮਚਾਰੀਆਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਕੰਟਰੀਬਿਊਟਰੀ ਵੈਲਫੇਅਰ ਫੰਡ ਤੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿੱਚ ਇਕਸਾਰਤਾ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
  • ਸੀਏਪੀਐੱਫ ਕਰਮਚਾਰੀਆਂ ਦੇ ਆਸ਼ਰਿਤਾਂ ਲਈ ਰਾਖਵਾਂਕਰਨ:ਐੱਮਬੀਬੀਐੱਸ ਵਿੱਚ 26 ਸੀਟਾਂ ਅਤੇ ਬੀਡੀਐੱਸ ਵਿੱਚ 3 ਸੀਟਾਂ ਸੇਵਾ ਕਰ ਰਹੇ ਅਤੇ ਮ੍ਰਿਤਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ (ਏਆਰ) ਕਰਮਚਾਰੀਆਂ ਦੇ ਆਸ਼ਰਿਤਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ।
  • ਸੀਏਪੀਐੱਫ ਈ-ਹਾਊਸਿੰਗ ਪੋਰਟਲ: ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਕਰਮਚਾਰੀਆਂ ਲਈ ਰਿਹਾਇਸ਼ੀ ਕੁਆਰਟਰਾਂ ਦੀ ਰਜਿਸਟ੍ਰੇਸ਼ਨ ਅਤੇ ਅਲਾਟਮੈਂਟ ਲਈ ਇੱਕ ਔਨਲਾਈਨ ਪੋਰਟਲ ਵਿਕਸਿਤ ਕੀਤਾ ਗਿਆ ਹੈ। ਇਹ ਵੱਖ-ਵੱਖ ਬਲਾਂ ਵਿਚਕਾਰ ਰਿਹਾਇਸ਼ੀ ਅਲਾਟਮੈਂਟ ਦੀ ਸਹੂਲਤ ਵੀ ਦਿੰਦਾ ਹੈ।
  • ਭਲਾਈ ਅਤੇ ਪੁਨਰਵਾਸ ਬੋਰਡ (ਡਬਲਿਊਏਆਰਬੀ): ਇਸਦਾ ਗਠਨ ਸੇਵਾਮੁਕਤ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਜਿਸ ਵਿੱਚ ਮ੍ਰਿਤਕ ਅਤੇ ਅਪਾਹਜ ਕਰਮਚਾਰੀਆਂ ਦੇ ਨੇੜਲੇ ਰਿਸ਼ਤੇਦਾਰ ਸ਼ਾਮਲ ਹਨ, ਦੀ ਭਲਾਈ ਅਤੇ ਪੁਨਰਵਾਸ ਦੀ ਨਿਗਰਾਨੀ ਕਰਨ ਲਈ ਕੀਤਾ ਗਿਆ ਹੈ। ਡਬਲਿਊਏਆਰਬੀ ਦੇਸ਼ ਭਰ ਵਿੱਚ ਰਾਜ ਅਤੇ ਜ਼ਿਲ੍ਹਾ ਭਲਾਈ ਅਧਿਕਾਰੀਆਂ ਰਾਹੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।
  •  “ਸੀਏਪੀਐੱਫ ਪੁਨਰਵਾਸਯੋਜਨਾ: ਇਹ ਯੋਜਨਾ ਪ੍ਰਾਈਵੇਟ ਸੁਰੱਖਿਆ ਏਜੰਸੀਆਂ (ਰੈਗੂਲੇਸ਼ਨ) ਐਕਟ (ਪੀਐੱਸਏਆਰਏ) ਦੀ ਵੈੱਬਸਾਈਟ ਨੂੰ ਭਲਾਈ ਅਤੇ ਪੁਨਰਵਾਸ ਬੋਰਡ (ਡਬਲਿਊਏਆਰਬੀ) ਦੀ ਵੈੱਬਸਾਈਟ ਨਾਲ ਜੋੜ ਕੇ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ, ਨਿੱਜੀ ਸੁਰੱਖਿਆ ਏਜੰਸੀਆਂ ਵਿੱਚ ਮੁੜ ਰੁਜ਼ਗਾਰ ਦੀ ਮੰਗ ਕਰਨ ਵਾਲੇ ਸੇਵਾਮੁਕਤ ਸਾਬਕਾ ਸੀਏਪੀਐੱਫ/ਅਸਾਮ ਰਾਈਫਲਜ਼ (ਏਆਰ) ਕਰਮਚਾਰੀਆਂ ਦੇ ਵੇਰਵੇ ਪੀਐੱਸਏਆਰਏ ਵੈੱਬਸਾਈਟ 'ਤੇ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਉਪਲਬਧ ਕਰਵਾਏ ਜਾਂਦੇ ਹਨ।
  • ਚਿਕਿਤਸਾ (ਡਾਕਟਰੀ) ਸਹੂਲਤਾਂ: ਸੇਵਾਮੁਕਤ ਸੀਏਪੀਐੱਫ ਕਰਮਚਾਰੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਸੀਜੀਐੱਚਐੱਸ/ਸੀਪੀਐੱਮਐੱਫ ਹਸਪਤਾਲਾਂ ਰਾਹੀਂ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦਾ ਡਾਕਟਰੀ ਭੱਤਾ ਦਿੱਤਾ ਜਾਂਦਾ ਹੈ।
  • ਜੋਖਮ ਅਤੇ ਕਠਿਨਾਈ ਭੱਤਾ: ਜੰਮੂ ਅਤੇ ਕਸ਼ਮੀਰ, ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਜ਼ਿਲ੍ਹਿਆਂ ਅਤੇ ਉੱਤਰ ਪੂਰਬੀ ਰਾਜਾਂ ਵਰਗੇ ਮੁਸ਼ਕਲ ਅਤੇ ਜੋਖਮ ਵਾਲੇ ਖੇਤਰਾਂ ਵਿੱਚ ਤਾਇਨਾਤ ਸੀਏਪੀਐੱਫ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਚੁਣੌਤੀਪੂਰਨ ਸੇਵਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਖਮ ਅਤੇ ਕਠਿਨਾਈ ਭੱਤਾ ਦਿੱਤਾ ਜਾਂਦਾ ਹੈ।
  • ਕੇਂਦਰੀ ਪੁਲਿਸ ਕਲਿਆਣ ਭੰਡਾਰ (ਕੇਪੀਕੇਬੀ): ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਨੂੰ ਰਿਆਇਤੀ ਦਰਾਂ 'ਤੇ ਗੁਣਵੱਤਾ ਵਾਲੀਆਂ ਚੀਜ਼ਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਰਕਾਰ ਨੇ 1 ਅਪ੍ਰੈਲ, 2024 ਤੋਂ ਕੇਪੀਕੇਬੀ ਤੋਂ ਸਾਮਾਨ ਖਰੀਦਣ ਵਾਲੇ ਲਾਭਪਾਤਰੀਆਂ ਲਈ 50% ਜੀਐੱਸਟੀ ਛੋਟ ਦੀ ਸਹੂਲਤ ਸ਼ੁਰੂ ਕੀਤੀ ਹੈ।
  • ਲਿਬਰਲ ਪੈਨਸ਼ਨ ਅਵਾਰਡ (ਐੱਲਪੀਏ) ਅਤੇ ਅਸਧਾਰਨ ਪਰਿਵਾਰਕ ਪੈਨਸ਼ਨ (ਈਐੱਫਪੀ): ਇਹ ਵਿਸ਼ੇਸ਼ ਪੈਨਸ਼ਨ ਸਕੀਮਾਂ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਦੇ ਪਰਿਵਾਰਾਂ ਲਈ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਮੌਤ ਜਾਂ ਅਪੰਗਤਾ ਕਾਰਜਾਂ ਦੌਰਾਨ ਪੈਦਾ ਹੋਣ ਵਾਲੇ ਜੋਖਮਾਂ ਕਾਰਨ ਹੁੰਦੀ ਹੈ। ਇਹਨਾਂ ਸਕੀਮਾਂ ਦਾ ਉਦੇਸ਼ ਅਜਿਹੇ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ।
  • 'ਭਾਰਤ ਕੇ ਵੀਰ': ਇਹ ਗ੍ਰਹਿ ਮੰਤਰਾਲੇ (ਐੱਮਐੱਚਏ) ਦੀ ਇੱਕ ਪਹਿਲ ਹੈ ਜਿਸਦਾ ਉਦੇਸ਼ ਸ਼ਹੀਦ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਨਾਗਰਿਕਾਂ ਨੂੰ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
  • ਆਪ੍ਰੇਸ਼ਨਲ ਕੈਜ਼ੂਅਲਟੀ ਸਰਟੀਫਿਕੇਟ: ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਜਵਾਨਾਂ ਨੂੰ ਕਾਰਵਾਈ ਦੌਰਾਨ ਜਾਂ ਡਿਊਟੀ 'ਤੇ ਸ਼ਹੀਦ ਹੋਣ 'ਤੇ ਇੱਕ ਆਪ੍ਰੇਸ਼ਨਲ ਕੈਜ਼ੂਅਲਟੀ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਜੋ ਕਿ ਆਰਮਡ ਫੋਰਸਿਜ਼ ਦੇ ਬੈਟਲ ਕੈਜ਼ੂਅਲਟੀ ਸਰਟੀਫਿਕੇਟ ਵਾਂਗ ਹੀ ਹੁੰਦਾ ਹੈ। ਇਸ ਸਰਟੀਫਿਕੇਟ ਦੇ ਆਧਾਰ 'ਤੇ, ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ (ਐੱਨਓਕੇ) ਨੂੰ ਹਵਾਈ ਅਤੇ ਰੇਲ ਕਿਰਾਏ ਵਿੱਚ ਰਿਆਇਤਾਂ ਅਤੇ ਪੈਟਰੋਲੀਅਮ ਉਤਪਾਦਾਂ ਨਾਲ ਸਬੰਧਤ ਏਜੰਸੀਆਂ ਤੋਂ ਵੰਡ ਸਮੇਤ ਕਈ ਲਾਭ ਦਿੱਤੇ ਜਾਂਦੇ ਹਨ।
  • ਤਰਸ ਦੇ ਆਧਾਰ 'ਤੇ ਨਿਯੁਕਤੀ: ਸਰਕਾਰੀ ਨਿਰਦੇਸ਼ਾਂ ਅਨੁਸਾਰ, ਯੋਗ ਆਸ਼ਰਿਤਾਂ ਨੂੰ ਵੀ ਤਰਸ ਦੇ ਆਧਾਰ 'ਤੇ ਨਿਯੁਕਤੀ ਦਿੱਤੀ ਜਾਂਦੀ ਹੈ।
  • ਆਨਰੇਰੀ ਰੈਂਕ: ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ (ਕਾਂਸਟੇਬਲ ਤੋਂ ਸਬ-ਇੰਸਪੈਕਟਰ ਪੱਧਰ ਤੱਕ) ਦੇ ਕਰਮਚਾਰੀਆਂ ਦੇ ਆਤਮਵਿਸ਼ਵਾਸ ਅਤੇ ਮਾਣ ਦੀ ਭਾਵਨਾ ਨੂੰ ਵਧਾਉਣ ਲਈ, ਉਨ੍ਹਾਂ ਨੂੰ 23 ਮਈ 2025 ਤੋਂ ਆਨਰੇਰੀ ਰੈਂਕ ਦਿੱਤੇ ਜਾ ਰਹੇ ਹਨ।
  • ਹਵਾਈ ਕੋਰੀਅਰ ਸੇਵਾ: ਕਸ਼ਮੀਰ ਵਾਦੀ ਵਿੱਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ (ਏਆਰ) ਦੇ ਯੋਗ ਕਰਮਚਾਰੀਆਂ ਨੂੰ ਉਨ੍ਹਾਂ ਦੀ ਆਵਾਜਾਈ ਦੀ ਸਹੂਲਤ ਲਈ ਹਵਾਈ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।
  • ਵਾਧੂ ਐੱਚਆਰਏ: ਕਸ਼ਮੀਰ ਵਾਦੀ ਵਿੱਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਲਈ 'ਵਾਈ' ਸ਼੍ਰੇਣੀ ਦੇ ਸ਼ਹਿਰਾਂ (ਮੂਲ ਤਨਖਾਹ ਦਾ 20%) ਦੀ ਦਰ 'ਤੇ ਵਾਧੂ ਮਕਾਨ ਕਿਰਾਇਆ ਭੱਤਾ (ਐੱਚਆਰਏ) ਮਨਜ਼ੂਰ ਕੀਤਾ ਗਿਆ ਹੈ। ਇਹ ਸਹੂਲਤ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਪਿਛਲੀ ਤਾਇਨਾਤੀ ਵਾਲੀ ਥਾਂ 'ਤੇ ਰੱਖਣ ਵਿੱਚ ਸਹਾਇਤਾ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ, ਬਸ਼ਰਤੇ ਉਨ੍ਹਾਂ ਨੇ ਸਰਕਾਰੀ ਰਿਹਾਇਸ਼ ਦਾ ਲਾਭ ਨਾ ਲਿਆ ਹੋਵੇ।
  • ਸੀਏਪੀਐੱਫ ਕਰਮਚਾਰੀਆਂ ਦੇ ਬੱਚਿਆਂ ਲਈ ਬੱਸ ਸੇਵਾ: ਜੰਮੂ ਅਤੇ ਕਸ਼ਮੀਰ, ਖੱਬੇ ਪੱਖੀ ਅੱਤਵਾਦ (ਐੱਲਡਬਲਯੂਈ) ਪ੍ਰਭਾਵਿਤ ਖੇਤਰਾਂ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ ਦੇ ਕਰਮਚਾਰੀਆਂ ਦੇ ਬੱਚਿਆਂ ਨੂੰ ਸਕੂਲ ਆਉਣ-ਜਾਣ ਲਈ ਬੱਸ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

 

ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ/ਬਲਜੀਤ ਸਿੰਘ
 


(रिलीज़ आईडी: 2288448) आगंतुक पटल : 13
इस विज्ञप्ति को इन भाषाओं में पढ़ें: हिन्दी , English , Urdu , Tamil