ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਬ੍ਰਿਕਸ ਦੇਸ਼ਾਂ ਨੇ TCIM ਨੂੰ ਮਜ਼ਬੂਤ ਕਰਨ ਲਈ ਹੱਥ ਮਿਲਾਇਆ, ਐਕਸਪੋਰਟ ਵਰਕਿੰਗ ਗਰੁੱਪ ਦਾ ਗਠਨ
ਵਫਦ ਨੇ ਆਯੁਸ਼ ਜ਼ੋਨ ਰਾਹੀਂ ਆਯੁਸ਼ ਵਿੱਚ ਖੁਦ ਨੂੰ ਸ਼ਾਮਲ ਕੀਤਾ, ਆਯੁਸ਼ ਆਹਾਰ, ਹੈਲਥ ਅਤੇ ਵੈਲਨੈੱਸ ਕੰਸਲਟੇਸ਼ਨ ਅਤੇ ਭਾਰਤ ਦੀ ਹਰਬਲ ਵਿਰਾਸਤ ਦਾ ਅਨੁਭਵ ਕੀਤਾ
Posted On:
21 JUL 2026 5:14PM by PIB Chandigarh
ਭਾਰਤ ਨੇ ਆਪਣੀ ਬ੍ਰਿਕਸ 2026 ਦੀ ਪ੍ਰਧਾਨਗੀ ਹੇਠ, 21 ਜੁਲਾਈ, 2026 ਨੂੰ ਚੰਡੀਗੜ੍ਹ ਵਿੱਚ ਪਰੰਪਰਾਗਤ, ਪੂਰਕ ਅਤੇ ਏਕੀਕ੍ਰਿਤ ਦਵਾਈ (TCIM) 'ਤੇ ਬ੍ਰਿਕਸ ਮੀਟਿੰਗ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਹ ਮੀਟਿੰਗ ਚੰਡੀਗੜ੍ਹ ਵਿਖੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਬ੍ਰਿਕਸ ਹੈਲਥ ਟ੍ਰੈਕ ਪ੍ਰੋਗਰਾਮਾਂ ਦੇ ਵਿਆਪਕ ਚਾਰ-ਦਿਨਾਂ ਸਮਾਰੋਹ ਦਾ ਇੱਕ ਹਿੱਸਾ ਸੀ। ਇਸ TCIM ਮੀਟਿੰਗ ਨੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ, ਗਿਆਨ ਅਤੇ ਸਰਵੋਤਮ ਅਭਿਆਸਾਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਮੈਡੀਸਿਨ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ, ਤਕਨੀਕੀ ਮਾਹਰਾਂ ਅਤੇ ਪ੍ਰਤੀਨਿਧੀਆਂ ਨੂੰ ਇਕੱਠਾ ਕੀਤਾ।

'ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ' ਦੀ ਵਿਆਪਕ ਬ੍ਰਿਕਸ ਚੇਅਰਮੈਨਸ਼ਿਪ ਥੀਮ ਦੇ ਤਹਿਤ ਆਯੋਜਿਤ, ਇਸ ਮੀਟਿੰਗ ਨੇ ਸਬੂਤ-ਅਧਾਰਿਤ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ, ਸੰਸਥਾਗਤ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਅਤੇ ਲਚਕਦਾਰ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਯੋਗਦਾਨ ਪਾਉਣ ਲਈ ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਅੱਗੇ ਵਧਾਇਆ।
ਇਸ ਮੀਟਿੰਗ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਈਰਾਨ, ਰੂਸ, ਦੱਖਣ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਨੇ ਹਿੱਸਾ ਲਿਆ, ਜਿਸ ਨੇ 'ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਦਵਾਈ' ਦੇ ਖੇਤਰ ਵਿੱਚ ਸਰਵੋਤਮ ਅਭਿਆਸਾਂ, ਨੀਤੀਗਤ ਅਨੁਭਵਾਂ ਅਤੇ ਵਿਗਿਆਨਕ ਤਰੱਕੀ ਦੇ ਅਦਾਨ-ਪ੍ਰਦਾਨ ਲਈ ਇੱਕ ਮੰਚ ਪ੍ਰਦਾਨ ਕੀਤਾ।

TCIM ਬਾਰੇ ਰਸਮੀ ਕਾਰਵਾਈ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੇ ਸੁਆਗਤੀ ਭਾਸ਼ਣ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਪ੍ਰਸਤਾਵਿਤ ਮੈਂਬਰ ਪ੍ਰਤੀਨਿਧੀਆਂ ਨੇ ਉਦਘਾਟਨੀ ਟਿੱਪਣੀਆਂ ਦਿੱਤੀਆਂ। TCIM 'ਤੇ ਬ੍ਰਿਕਸ ਐਕਸਪਰਟ ਵਰਕਿੰਗ ਗਰੁੱਪ ਲਈ ਸੰਦਰਭ ਦੀਆਂ ਸ਼ਰਤਾਂ (ToR) ਸਾਰੇ ਉਪਲਬਧ ਮੈਂਬਰ ਦੇਸ਼ਾਂ ਦੀ ਆਮ ਸਹਿਮਤੀ ਨਾਲ ਫਾਈਨਲ ਕੀਤੇ ਗਏ। ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ, ਨੀਤੀਗਤ ਪਹੁੰਚ ਵਿੱਚ ਤਾਲਮੇਲ ਬਣਾਉਣ ਅਤੇ ਸਹਿਯੋਗ ਦੇ ਭਵਿੱਖ ਦੇ ਖੇਤਰਾਂ ਦੀ ਪਛਾਣ ਕਰਨ ਬਾਰੇ ਇੰਟਰਐਕਟਿਵ ਚਰਚਾਵਾਂ ਵੀ ਸ਼ਾਮਲ ਸਨ।
ਆਯੁਸ਼ ਮੰਤਰਾਲੇ ਨੇ "ਸਮਰੱਥਾ ਨਿਰਮਾਣ, ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ" 'ਤੇ ਇੱਕ ਡੈਡੀਕੇਟਿਡ ਸਾਈਡ ਈਵੈਂਟ ਦਾ ਵੀ ਆਯੋਜਨ ਕੀਤਾ। ਸੈਸ਼ਨ ਵਿੱਚ ਅਕਾਦਮਿਕ ਸਹਿਯੋਗ, ਆਯੁਸ਼ ਸਕਾਲਰਸ਼ਿਪ ਪਹਿਲਕਦਮੀ, ਫੈਕਲਟੀ ਅਤੇ ਸਟੂਡੈਂਟ ਐਕਸਚੇਂਜ, ਖੋਜ ਭਾਈਵਾਲੀ, ਅਤੇ ਐਵੀਡੈਂਸ-ਜੈਨਰੇਸ਼ਨ ਮਕੈਨੀਜ਼ਮ ਰਾਹੀਂ ਰਵਾਇਤੀ ਦਵਾਈ ਵਿੱਚ ਵਿਸ਼ਵਵਿਆਪੀ ਸਿੱਖਿਆ ਅਤੇ ਟ੍ਰੇਨਿੰਗ ਨੂੰ ਮਜ਼ਬੂਤ ਕਰਨ 'ਤੇ ਫੋਕਸ ਕੀਤਾ ਗਿਆ, ਜਿਸ ਦਾ ਉਦੇਸ਼ ਵਿਸ਼ਵ ਪੱਧਰ 'ਤੇ ਕਨੈਕਟਿਡ TCIM ਈਕੋਸਿਸਟਮ ਬਣਾਉਣਾ ਹੈ।

ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਹਿੱਸੇ ਵਜੋਂ, ਆਯੁਸ਼ ਮੰਤਰਾਲੇ ਦੇ ਸਕੱਤਰ, ਵੈਦਯ ਰਾਜੇਸ਼ ਕੋਟੇਚਾ ਨੇ ਆਯੁਸ਼ ਜ਼ੋਨ ਦਾ ਵੀ ਉਦਘਾਟਨ ਕੀਤਾ, ਜੋ ਕਿ ਭਾਰਤ ਦੀ ਸੰਪੂਰਨ ਸਿਹਤ ਸੰਭਾਲ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਆਯੁਸ਼ ਜ਼ੋਨ ਨੇ ਆਯੁਸ਼ ਆਹਾਰ, ਸਿਹਤ ਅਤੇ ਭਲਾਈ ਮਸ਼ਵਰਾ, ਭਾਰਤ ਦੀ ਹਰਬਲ ਵਿਰਾਸਤ, ਮੰਤਰਾਲੇ ਦੇ ਦ੍ਰਿਸ਼ਟੀਕੋਣ ਅਤੇ ਆਲਮੀ ਪਹਿਲਕਦਮੀਆਂ ਅਤੇ ਖੋਜ, ਨਵੀਨਤਾ ਅਤੇ ਗਿਆਨ ‘ਤੇ ਕੇਂਦ੍ਰਿਤ ਇੱਕ ਸਮਰਪਿਤ ਕੇਂਦਰ ਰਾਹੀਂ ਬ੍ਰਿਕਸ ਪ੍ਰਤੀਨਿਧੀਆਂ ਨੂੰ ਆਯੁਸ਼ ਦਾ ਇੱਕ ਡੂੰਘਾ ਤਜ਼ਰਬਾ ਪ੍ਰਦਾਨ ਕੀਤਾ। ਵੈਲਨੈੱਸ ਗਤੀਵਿਧੀਆਂ ਅਤੇ ਯੋਗ ਨੂੰ ਸ਼ਾਮਲ ਕਰਦੇ ਹੋਏ, ਆਯੁਸ਼ ਜ਼ੋਨ ਨੇ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਦਵਾਈ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਇਆ।
TCIM ਚਰਚਾਵਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਗਵਾਈ ਵਾਲੇ ਵਿਆਪਕ ਬ੍ਰਿਕਸ ਹੈਲਥ ਟ੍ਰੈਕ ਵਿੱਚ ਯੋਗਦਾਨ ਦਿੱਤਾ ਅਤੇ ਬ੍ਰਿਕਸ ਦੇਸ਼ਾਂ ਦਰਮਿਆਨ ਸਿਹਤ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚੱਲ ਰਹੀਆਂ ਚਰਚਾਵਾਂ ਦਾ ਸਮਰਥਨ ਕੀਤਾ।
ਚਾਰ ਦਿਨਾਂ ਪ੍ਰੋਗਰਾਮ ਵਿੱਚ ਭਾਰਤ ਦੀ ਸੰਪੂਰਨ ਸਿਹਤ ਸੰਭਾਲ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਕਈ ਵੈਲਨੈੱਸ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਸ਼ਾਮਲ ਹਨ। ਪ੍ਰਤੀਨਿਧੀਆਂ ਨੇ ਚੇਅਰ ਯੋਗ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ (MDNIY) ਦੁਆਰਾ ਆਯੋਜਿਤ ਯੋਗ ਪ੍ਰੋਟੋਕੌਲ (CYP) ਪ੍ਰਦਰਸ਼ਨਾਂ, ਮੀਟਿੰਗਾਂ ਦੌਰਾਨ 'ਯੋਗ -ਬ੍ਰੇਕ' (Y-Break) ਸੈਸ਼ਨਾਂ ਅਤੇ 'ਫਿਟ ਇੰਡੀਆ ਰਨ' ਵਿੱਚ ਹਿੱਸਾ ਲੈਣਗੇ।
ਆਯੁਸ਼ ਜ਼ੋਨ, ਰਾਸ਼ਟਰੀ ਆਯੁਰਵੇਦ ਸੰਸਥਾਨ (NIA) ਦੇ ਤਕਨੀਕੀ ਸਹਿਯੋਗ ਨਾਲ ਆਯੋਜਿਤ 'ਆਯੁਸ਼ ਆਹਾਰ ਮੇਲਾ’ ਦੇ ਨਾਲ, ਸਿਹਤ ਮਸ਼ਵਰਾ, ਖੋਜ ਅਤੇ ਨਵੀਨਤਾ ਪ੍ਰਦਰਸ਼ਨੀਆਂ, ਲਾਈਵ ਯੋਗ ਪ੍ਰਦਰਸ਼ਨਾਂ ਅਤੇ ਹੋਰ ਵੈਲਨੈੱਸ ਗਤੀਵਿਧੀਆਂ ਰਾਹੀਂ ਭਾਰਤ ਦੇ ਰਵਾਇਤੀ ਸਿਹਤ ਸੰਭਾਲ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਕਿ ਪ੍ਰਤੀਨਿਧੀਆਂ ਨੂੰ ਦੇਸ਼ ਦੀਆਂ ਸੰਪੂਰਨ ਸਿਹਤ ਪਰੰਪਰਾਵਾਂ ਦਾ ਇੱਕ ਵਿਆਪਕ ਅਨੁਭਵ ਪ੍ਰਦਾਨ ਕਰਦਾ ਹੈ।
ਇਸ ਮੀਟਿੰਗ ਨਾਲ ਕਈ ਮਹੱਤਵਪੂਰਨ ਨਤੀਜੇ ਸਾਹਮਣੇ ਆਏ, ਜਿਸ ਵਿੱਚ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਦਵਾਈ ਬਾਰੇ ਬ੍ਰਿਕਸ ਐਕਸਪਰਟ ਵਰਕਿੰਗ ਗਰੁੱਪ ਦੀ ਸਥਾਪਨਾ ਦੀ ਦਿਸ਼ਾ ਵਿੱਚ ਤਰੱਕੀ, ਖੋਜ, ਸਿੱਖਿਆ ਅਤੇ ਰੈਗੂਲੇਟਰੀ ਫ੍ਰੇਮਵਰਕ ਵਿੱਚ ਵਧਿਆ ਹੋਇਆ ਸਹਿਯੋਗ, ਮੈਂਬਰ ਦੇਸ਼ਾਂ ਦਰਮਿਆਨ ਗਿਆਨ ਦੇ ਅਦਾਨ-ਪ੍ਰਦਾਨ ਵਿੱਚ ਸੁਧਾਰ ਅਤੇ ਬ੍ਰਿਕਸ ਹੈਲਥ ਏਜੰਡਾ ਅੰਦਰ ਇਨ੍ਹਾਂ ਦਵਾਈ ਪ੍ਰਣਾਲੀਆਂ ਦੀ ਮਜ਼ਬੂਤ ਪਛਾਣ ਸ਼ਾਮਲ ਹੈ।
ਬ੍ਰਿਕਸ TCIM ਮੀਟਿੰਗ ਨੇ ਸਬੂਤ-ਅਧਾਰਿਤ ਰਵਾਇਤੀ ਦਵਾਈ ਨੂੰ ਹੁਲਾਰਾ ਦੇਣ, ਅੰਤਰਰਾਸ਼ਟਰੀ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਾਰਿਆਂ ਲਈ ਸੰਪੂਰਨ, ਪਹੁੰਚਯੋਗ ਅਤੇ ਟਿਕਾਊ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।
************
ਐੱਸਆਰ/ਏਕੇ
(Release ID: 2287490)
ਵਿਜ਼ੀਟਰ ਕਾਊਂਟਰ : 42