ਰੇਲ ਮੰਤਰਾਲਾ
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰਾਮਨਗਰ-ਦੇਹਰਾਦੂਨ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਰਾਮਨਗਰ ਅਤੇ ਦੇਹਰਾਦੂਨ ਵਿਚਕਾਰ ਪਹਿਲੀ ਸਿੱਧੀ ਐਕਸਪ੍ਰੈੱਸ ਟ੍ਰੇਨ ਨਾਲ ਉੱਤਰਾਖੰਡ ਦੇ ਕੁਮਾਊਂ ਅਤੇ ਗੜ੍ਹਵਾਲ ਖੇਤਰਾਂ ਵਿਚਕਾਰ ਸੰਪਰਕ ਬਿਹਤਰ ਹੋਵੇਗਾ
ਹਰਿਦੁਆਰ ਅਤੇ ਦੇਹਰਾਦੂਨ ਸਟੇਸ਼ਨਾਂ ਦੇ ਮੁੜ ਉਸਾਰਨ ਵਿੱਚ ਭੀੜ-ਭੜੱਕਾ ਵਧਾਏ ਬਿਨਾਂ ਗ਼ਰੀਬ ਅਤੇ ਮੱਧ ਵਰਗ ਦੇ ਯਾਤਰੀਆਂ ਲਈ ਬਿਹਤਰ ਸਹੂਲਤਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ: ਸ਼੍ਰੀ ਅਸ਼ਵਿਨੀ ਵੈਸ਼ਣਵ
ਉੱਤਰਾਖੰਡ ਵਿੱਚ ਰੇਲ ਸਮਰੱਥਾ ਵਧਾਉਣ ਲਈ ਰਿਸ਼ੀਕੇਸ਼ ਰੇਲਵੇ ਸਟੇਸ਼ਨ ਨੂੰ ਫੀਡਰ ਸਟੇਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ: ਕੇਂਦਰੀ ਰੇਲ ਮੰਤਰੀ
ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਲਾਈਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਇਹ ਉੱਤਰਾਖੰਡ ਦੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸੈਰ-ਸਪਾਟਾ ਵਿਕਾਸ ਲਈ ਜੀਵਨ-ਰੇਖਾ ਬਣੇਗੀ: ਸ਼੍ਰੀ ਪੁਸ਼ਕਰ ਸਿੰਘ ਧਾਮੀ
प्रविष्टि तिथि:
18 JUL 2026 4:11PM by PIB Chandigarh
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਰਾਮਨਗਰ-ਦੇਹਰਾਦੂਨ ਐਕਸਪ੍ਰੈੱਸ ਦੀ ਪਹਿਲੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਰਾਮਨਗਰ ਅਤੇ ਦੇਹਰਾਦੂਨ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਐਕਸਪ੍ਰੈੱਸ ਟ੍ਰੇਨ ਦੀ ਸ਼ੁਰੂਆਤ ਹੋਈ। ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੌਕੇ ਹਾਜ਼ਰ ਸਨ। ਇਸ ਨਵੀਂ ਟ੍ਰੇਨ ਨੇ ਇਸ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਇਹ ਉੱਤਰਾਖੰਡ ਦੇ ਕੁਮਾਊਂ ਅਤੇ ਗੜ੍ਹਵਾਲ ਖੇਤਰਾਂ ਵਿਚਕਾਰ ਰੇਲ ਸੰਪਰਕ ਨੂੰ ਕਾਫੀ ਮਜ਼ਬੂਤ ਕਰੇਗੀ।

ਐਕਸਪ੍ਰੈੱਸ ਟ੍ਰੇਨ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ। ਟ੍ਰੇਨ ਨੰਬਰ 15310 ਰਾਮਨਗਰ ਤੋਂ ਸਵੇਰੇ 5:50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12:40 ਵਜੇ ਦੇਹਰਾਦੂਨ ਪਹੁੰਚੇਗੀ। ਵਾਪਸੀ ਦੀ ਯਾਤਰਾ ਵਿੱਚ, ਟ੍ਰੇਨ ਨੰਬਰ 15309 ਦੇਹਰਾਦੂਨ ਤੋਂ ਦੁਪਹਿਰ 15:55 (3:55) ਵਜੇ ਰਵਾਨਾ ਹੋਵੇਗੀ ਅਤੇ ਰਾਤ 23:30 (11:30) ਵਜੇ ਰਾਮਨਗਰ ਪਹੁੰਚੇਗੀ। ਇਹ ਟ੍ਰੇਨ ਰਸਤੇ ਵਿੱਚ ਕਾਸ਼ੀਪੁਰ, ਰੋਸ਼ਨਪੁਰ, ਪਿੱਪਲਸਨਾ, ਮੁਰਾਦਾਬਾਦ, ਨਜੀਬਾਬਾਦ ਅਤੇ ਹਰਿਦੁਆਰ ਸਟੇਸ਼ਨਾਂ 'ਤੇ ਰੁਕੇਗੀ।
ਇਸ ਟ੍ਰੇਨ ਵਿੱਚ ਏਸੀ ਸੈਕੰਡ ਕਲਾਸ, ਏਸੀ ਥਰਡ ਕਲਾਸ, ਏਸੀ ਚੇਅਰ ਕਾਰ, ਸਲੀਪਰ ਕਲਾਸ, ਸੈਕੰਡ ਸੀਟਿੰਗ ਅਤੇ ਜਨਰਲ ਸੈਕੰਡ ਕਲਾਸ ਦੇ ਕੋਚ ਹੋਣਗੇ, ਜੋ ਵੱਖ-ਵੱਖ ਸ਼੍ਰੇਣੀਆਂ ਦੇ ਯਾਤਰੀਆਂ ਲਈ ਆਰਾਮਦਾਇਕ ਯਾਤਰਾ ਦੇ ਬਦਲ ਪ੍ਰਦਾਨ ਕਰਨਗੇ।

ਇਹ ਨਵੀਂ ਸੇਵਾ ਉੱਤਰਾਖੰਡ ਦੇ ਨੈਨੀਤਾਲ, ਊਧਮ ਸਿੰਘ ਨਗਰ, ਹਰਿਦੁਆਰ ਅਤੇ ਦੇਹਰਾਦੂਨ ਜ਼ਿਲ੍ਹਿਆਂ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਅਤੇ ਬਿਜਨੌਰ ਜ਼ਿਲ੍ਹਿਆਂ ਦੇ ਨਿਵਾਸੀਆਂ ਨੂੰ ਲਾਭ ਪਹੁੰਚਾਏਗੀ, ਜਿਨ੍ਹਾਂ ਵਿੱਚ ਵਿਦਿਆਰਥੀ, ਕਿਸਾਨ, ਵਪਾਰੀ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਸ਼ਾਮਲ ਹਨ। ਇਸ ਨਾਲ ਦੇਹਰਾਦੂਨ ਅਤੇ ਹਰਿਦੁਆਰ ਦੇ ਲਈ ਅਰਾਮਦਾਇਕ ਇੱਕੋ ਦਿਨ ਦੀ ਆਉਣ-ਜਾਣ ਦੀ ਸਹੂਲਤ ਮਿਲੇਗੀ, ਜਿਸ ਨਾਲ ਯਾਤਰੀ ਘਰ ਪਰਤਣ ਤੋਂ ਪਹਿਲਾਂ ਆਪਣੇ ਅਧਿਕਾਰਤ, ਵਿੱਦਿਅਕ, ਕਾਰੋਬਾਰੀ ਅਤੇ ਨਿੱਜੀ ਕੰਮਾਂ ਨੂੰ ਪੂਰਾ ਕਰ ਸਕਣਗੇ।

ਇਸ ਟ੍ਰੇਨ ਨਾਲ ਖੇਤਰ ਵਿੱਚ ਸੈਰ-ਸਪਾਟੇ ਅਤੇ ਤੀਰਥ ਯਾਤਰਾ ਨੂੰ ਹੁਲਾਰਾ ਮਿਲਣ ਦੀ ਵੀ ਉਮੀਦ ਹੈ। ਇਸ ਨਾਲ ਜਿਮ ਕਾਰਬੇਟ ਰਾਸ਼ਟਰੀ ਪਾਰਕ, ਰਾਮਨਗਰ ਦੇ ਨੇੜੇ ਕੋਸੀ ਨਦੀ ਦੇ ਵਿਚਕਾਰ ਇੱਕ ਵਿਸ਼ਾਲ ਚੱਟਾਨ 'ਤੇ ਸਥਿਤ ਗਿਰਿਜਾ ਦੇਵੀ ਮੰਦਰ ਅਤੇ ਸੀਤਾਮੜ੍ਹੀ/ਸੀਤਾਵਣੀ ਦੇ ਪ੍ਰਾਚੀਨ ਧਾਰਮਿਕ ਸਥਾਨਾਂ ਤੱਕ ਬਿਹਤਰ ਕਨੈਕਟੀਵਿਟੀ ਮਿਲੇਗੀ। ਇਸ ਤੋਂ ਇਲਾਵਾ, ਹਰਿਦੁਆਰ ਅਤੇ ਦੇਹਰਾਦੂਨ ਤੋਂ ਅਗਲੀ ਕਨੈਕਟੀਵਿਟੀ ਦੇ ਜ਼ਰੀਏ ਯਾਤਰੀਆਂ ਲਈ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਸਮੇਤ ਚਾਰ ਧਾਮ ਤੀਰਥ ਯਾਤਰਾ ਮਾਰਗ ਤੱਕ ਪਹੁੰਚਣਾ ਵਧੇਰੇ ਸੁਵਿਧਾਜਨਕ ਹੋਵੇਗਾ।
ਸ਼੍ਰੀ ਵੈਸ਼ਣਵ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਮਨਗਰ-ਦੇਹਰਾਦੂਨ ਐਕਸਪ੍ਰੈੱਸ ਉੱਤਰਾਖੰਡ ਦੇ ਕੁਮਾਊਂ ਅਤੇ ਗੜ੍ਹਵਾਲ ਖੇਤਰਾਂ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਹ ਦੋਵਾਂ ਸ਼ਹਿਰਾਂ ਵਿਚਕਾਰ ਚੱਲਣ ਵਾਲੀ ਪਹਿਲੀ ਸਿੱਧੀ ਐਕਸਪ੍ਰੈੱਸ ਟ੍ਰੇਨ ਹੈ ਅਤੇ ਇਸ ਨਾਲ ਉੱਤਰਾਖੰਡ ਦੇ ਲੋਕਾਂ ਨੂੰ ਤੇਜ਼, ਵਧੇਰੇ ਸੁਵਿਧਾਜਨਕ ਅਤੇ ਭਰੋਸੇਮੰਦ ਰੇਲ ਸੰਪਰਕ ਮਿਲਣ ਦੀ ਉਮੀਦ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਰਿਦੁਆਰ 'ਤੇ ਦਬਾਅ ਘਟਾਉਣ ਲਈ ਰਿਸ਼ੀਕੇਸ਼ ਰੇਲਵੇ ਸਟੇਸ਼ਨ ਨੂੰ ਫੀਡਰ ਸਟੇਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਾਧੂ ਸਮਰੱਥਾ ਪੈਦਾ ਕਰਨਾ ਅਤੇ ਹਰਿਦੁਆਰ ਤੇ ਰਿਸ਼ੀਕੇਸ਼ ਆਉਣ-ਜਾਣ ਵਾਲੇ ਯਾਤਰੀਆਂ ਲਈ ਕਨੈਕਟੀਵਿਟੀ ਵਿੱਚ ਸੁਧਾਰ ਕਰਨਾ ਸ਼ਾਮਲ ਹੈ।

ਸ਼੍ਰੀ ਵੈਸ਼ਣਵ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਉੱਤਰਾਖੰਡ ਵਿੱਚ ਰੇਲਵੇ ਸਟੇਸ਼ਨਾਂ ਦਾ ਮੁੜ-ਵਿਕਾਸ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਰਾਜ ਵਿੱਚ 11 ਸਟੇਸ਼ਨਾਂ ਦਾ ਪੁਨਰ-ਵਿਕਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਦੇਹਰਾਦੂਨ, ਹਰਿਦੁਆਰ ਜੰਕਸ਼ਨ, ਹੱਰਾਵਾਲਾ, ਕਾਸ਼ੀਪੁਰ ਜੰਕਸ਼ਨ, ਕਿੱਛਾ, ਕੋਟਦੁਆਰ, ਰੁੜਕੀ, ਕਾਠਗੋਦਾਮ, ਲਾਲ ਕੁਆਂ ਜੰਕਸ਼ਨ, ਰਾਮਨਗਰ ਅਤੇ ਟਨਕਪੁਰ ਸ਼ਾਮਲ ਹਨ।

ਰੇਲ ਮੰਤਰੀ ਨੇ ਕਿਹਾ ਕਿ ਹਰਿਦੁਆਰ ਅਤੇ ਦੇਹਰਾਦੂਨ ਸਟੇਸ਼ਨਾਂ ਦੇ ਪੁਨਰ-ਵਿਕਾਸ ਦੀ ਯੋਜਨਾ ਇਸ ਤਰ੍ਹਾਂ ਬਣਾਈ ਜਾ ਰਹੀ ਹੈ ਕਿ ਗ਼ਰੀਬ ਅਤੇ ਮੱਧ ਵਰਗ ਦੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਭੀੜ-ਭੜੱਕਾ ਨਾ ਵਧੇ। ਰੇਲ ਨਾਲ ਜੁੜੀਆਂ ਹੋਰ ਪਹਿਲਕਦਮੀਆਂ ਬਾਰੇ ਦੱਸਦਿਆਂ ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਟਨਕਪੁਰ-ਨਾਂਦੇੜ ਐਕਸਪ੍ਰੈੱਸ ਨੂੰ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਇਸ ਇਲਾਕੇ ਵਿੱਚ ਵੰਦੇ ਭਾਰਤ ਸੇਵਾਵਾਂ ਵੀ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ।
ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਰਾਮਨਗਰ-ਦੇਹਰਾਦੂਨ ਐਕਸਪ੍ਰੈੱਸ ਦੀ ਸ਼ੁਰੂਆਤ ਉੱਤਰਾਖੰਡ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਨਵੀਂ ਰੇਲ ਸੇਵਾ ਸ਼ੁਰੂ ਹੋਣ 'ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਇਸ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਪ੍ਰਗਟਾਇਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉੱਤਰਾਖੰਡ ਵਿੱਚ ਰੇਲ ਸੰਪਰਕ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਸੂਬੇ ਭਰ ਵਿੱਚ ਕਈ ਨਵੀਆਂ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਸ਼੍ਰੀ ਧਾਮੀ ਨੇ ਕਿਹਾ ਕਿ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਲਾਈਨ 'ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਉੱਤਰਾਖੰਡ ਦੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸੈਰ-ਸਪਾਟਾ ਵਿਕਾਸ ਲਈ ਜੀਵਨ-ਰੇਖਾ ਸਾਬਤ ਹੋਵੇਗੀ।
ਇਸ ਤੋਂ ਇਲਾਵਾ ਸ਼੍ਰੀ ਧਾਮੀ ਨੇ ਦੱਸਿਆ ਕਿ ਉੱਤਰਾਖੰਡ ਨੂੰ ਰੇਲਵੇ ਲਈ ਰਿਕਾਰਡ 4,769 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜਦੋਂ ਕਿ ਸੂਬੇ ਵਿੱਚ 40,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਇਸ ਸਮੇਂ ਲਾਗੂ ਹੋਣ ਦੇ ਅਧੀਨ ਹਨ। ਹਰਿਦੁਆਰ ਵਿੱਚ ਰੇਲਵੇ ਵਿਕਾਸ ਦਾ ਜ਼ਿਕਰ ਕਰਦਿਆਂ ਸ਼੍ਰੀ ਧਾਮੀ ਨੇ ਕਿਹਾ ਕਿ ਆਉਣ ਵਾਲੇ ਕੁੰਭ ਮੇਲੇ ਨੂੰ ਦੇਖਦੇ ਹੋਏ ਕਈ ਬੁਨਿਆਦੀ ਢਾਂਚਾ ਪ੍ਰੋਜੈਕਟ ਅਤੇ ਰੇਲ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਹਰਿਦੁਆਰ ਹਲਕੇ ਦੇ ਸੰਸਦ ਮੈਂਬਰ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ, ਗੜ੍ਹਵਾਲ ਹਲਕੇ ਦੇ ਸੰਸਦ ਮੈਂਬਰ ਅਨਿਲ ਬਲੁਨੀ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਸ਼ਾਮਲ ਹੋਏ।
*********
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2286570)
आगंतुक पटल : 5