ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਰਾਜ ਮੰਤਰੀ ਨੇ ਰਾਂਚੀ ਵਿੱਚ ਆਯੋਜਿਤ 80ਵੀਂ ਬੀਓਸੀਸੀਐੱਸ ਮੀਟਿੰਗ ਵਿੱਚ ਕੈਂਟੀਨ ਸੇਵਾ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ


ਸੇਵਾ ਕਰ ਰਹੇ ਅਤੇ ਸੇਵਾਮੁਕਤ ਰੱਖਿਆ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੀ ਗੁਣਵੱਤਾ ਵਿੱਚ ਸੁਧਾਰ ‘ਤੇ ਜ਼ੋਰ

ਸ਼੍ਰੀ ਸੰਜੈ ਸੇਠ ਨੇ ਨਿਰੰਤਰ ਨਵੀਨਤਾ ਅਤੇ ਲਾਭਾਰਥੀਆਂ ‘ਤੇ ਕੇਂਦ੍ਰਿਤ ਪਹਿਲਕਦਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

Posted On: 14 JUL 2026 6:25PM by PIB Chandigarh

ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ 14 ਜੁਲਾਈ 2026 ਨੂੰ ਝਾਰਖੰਡ ਦੇ ਰਾਂਚੀ ਵਿੱਚ ਆਯੋਜਿਤ ਬੋਰਡ ਆਫ਼ ਕੰਟਰੋਲ ਕੈਂਟੀਨ ਸਰਵਿਸਿਸ (ਬੀਓਸੀਸੀਐੱਸ) ਦੀ 80ਵੀਂ ਮੀਟਿੰਗ ਦੌਰਾਨ ਕੈਂਟੀਨ ਸੇਵਾ ਵਿਭਾਗ (ਸੀਐੱਸਡੀ) ਦੇ ਕੰਮਕਾਜ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸੇਵਾ ਕਰ ਰਹੇ ਕਰਮਚਾਰੀਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ, ਕੈਂਟੀਨ ਸੇਵਾਵਾਂ ਦੀ ਕੁਸ਼ਲਤਾ ਵਿੱਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪ੍ਰਮੁੱਖ ਸੰਚਾਲਨ ਅਤੇ ਪ੍ਰਸ਼ਾਸਨਿਕ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੇ ਮੁੱਖ ਏਜੰਡੇ ਦੀਆਂ ਆਈਟੀਮਾਂ ਵਿੱਚ ਸੀਐੱਸਡੀ ਲਈ ਬਜਟ ਸਹਾਇਤਾ ਵਿੱਚ ਵਾਧਾ, ਡਿਪੋ ਦਾ ਆਧੁਨਿਕੀਕਰਣ, ਸੀਐੱਸਡੀ ਰਾਹੀਂ ਖਰੀਦੇ ਗਏ ਇਲੈਕਟ੍ਰਿਕ ਦੋਪਹੀਆ ਵਾਹਨਾਂ ‘ਤੇ ਕੇਂਦਰ ਅਤੇ ਰਾਜ ਸਰਕਾਰ ਦੀ ਸਬਸਿਡੀ ਦਾ ਵਿਸਤਾਰ, ਵੱਖ-ਵੱਖ ਸਹਿਕਾਰੀ ਸੰਸਥਾਨਾਂ ਦੁਆਰਾ ਨਿਰਮਿਤ ਉਤਪਾਦਾਂ ਨੂੰ ਸਪਲਾਈ ਚੇਨ ਵਿੱਚ ਸ਼ਾਮਲ ਕਰਨਾ ਅਤੇ ਮਨੁੱਖੀ ਸਰੋਤ ਨਾਲ ਸਬੰਧਿਤ ਵੱਖ-ਵੱਖ ਮਾਮਲੇ ਸ਼ਾਮਲ ਸਨ। ਰੱਖਿਆ ਮੰਤਰਾਲਾ, ਰੱਖਿਆ ਸੇਵਾਵਾਂ ਅਤੇ ਸੀਐੱਸਡੀ ਦੇ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ।

ਰਕਸ਼ਾ ਰਾਜ ਮੰਤਰੀ ਨੇ ਕਿਹਾ ਕਿ ਸੀਐੱਸਡੀ ਦਾ ਲਗਾਤਾਰ ਪਰਿਵਰਤਨ, ਰੱਖਿਆ ਬਲਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਾਭਾਰਥੀ-ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਲਗਾਤਾਰ ਸੁਧਾਰਾਂ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’, ‘ਸਹਕਾਰ ਸੇ ਸਮ੍ਰਿੱਧੀ’ ਅਤੇ ‘ਵੋਕਲ ਫੋਰ ਲੋਕਲ’ ਦੇ ਵਿਜ਼ਨ ਦੇ ਅਨੁਰੂਪ, ਸੀਐੱਸਡੀ ਸਪਲਾਈ ਨੈੱਟਵਰਕ ਰਾਹੀਂ ਸਵਦੇਸ਼ੀ ਉਤਪਾਦਾਂ ਨੂੰ ਲਗਾਤਾਰ ਹੁਲਾਰਾ ਦੇ ਰਿਹਾ ਹੈ।

ਸ਼੍ਰੀ ਸੰਜੈ ਸੇਠ ਨੇ 12 ਮਾਰਚ 2026 ਨੂੰ ਹੋਈ ਪਿਛਲੀ ਸਮੀਖਿਆ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਟ੍ਰਾਈਬਲ ਕੋਆਪ੍ਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਫ਼ ਇੰਡੀਆ ਲਿਮਿਟੇਡ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ, ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ ਲਿਮਿਟੇਡ, ਨੈਸ਼ਨਲ ਕੋਆਪ੍ਰੇਟਿਵ ਆਰਗੇਨਿਕਸ ਲਿਮਿਟੇਡ ਅਤੇ ਹੋਰ ਸਹਿਕਾਰੀ ਸੰਗਠਨਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਪੜਾਅਵਾਰ ਤਰੀਕੇ ਨਾਲ ਸੀਐੱਸਡੀ ਉਤਪਾਦ ਪੋਰਟਫੋਲੀਓ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਬਜ਼ਾਰ ਤੱਕ ਬਿਹਤਰ ਪਹੁੰਚ ਮਿਲੇਗੀ ਅਤੇ ਕਾਰੀਗਰਾਂ, ਆਦਿਵਾਸੀ ਭਾਈਚਾਰਿਆਂ, ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਨੂੰ ਪ੍ਰੋਤਸਾਹਨ ਮਿਲੇਗਾ। ਨਾਲ ਹੀ ਸਵਦੇਸ਼ੀ ਮੈਨੂਫੈਕਚਰਿੰਗ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਇਸ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਰੱਖਿਆ ਬਲਾਂ ਦੇ ਦਿਵਿਯਾਂਗਜਨਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਸਹਾਇਕ ਉਪਕਰਣ ਉਪਲਬਧ ਕਰਵਾਏ ਜਾਣ।

ਇਸ ਦੌਰਾਨ ਰਕਸ਼ਾ ਰਾਜ ਮੰਤਰੀ ਨੇ ਸੀਐੱਸਡੀ ਡਿਪੋ ਰਾਮਗੜ੍ਹ ਦਾ ਵੀ ਦੌਰਾ ਕੀਤਾ। ਇਹ ਆਧੁਨਿਕੀਕਰਣ ਲਈ ਚਿੰਨ੍ਹਿਤ ਪੰਜ ਪਾਇਲਟ ਡਿਪੋ ਵਿੱਚੋਂ ਇੱਕ ਹੈ। ਉਨ੍ਹਾਂ ਨੇ ਵਰਤਮਾਨ ਬੁਨਿਆਦੀ ਢਾਂਚੇ ਅਤੇ ਡਿਪੋ ਨੂੰ ਆਧੁਨਿਕ ਭੰਡਾਰਣ ਅਤੇ ਲੌਜਿਸਟਿਕਸ ਸੁਵਿਧਾ ਵਿੱਚ ਬਦਲਣ ਲਈ ਚੱਲ ਰਹੇ ਯਤਨਾਂ ਦੀ ਸਮੀਖਿਆ ਕੀਤੀ। ਇਹ ਸੀਐੱਸਡੀ ਦੀਆਂ ਵਧਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵੇਗੀ। ਉਮੀਦ ਹੈ ਕਿ ਇਹ ਪਹਿਲ ਦੇਸ਼ ਭਰ ਵਿੱਚ ਸੀਐੱਸਡੀ ਡਿਪੋ ਦੇ ਪੜਾਅਵਾਰ ਅਪਗ੍ਰੇਡੇਸ਼ਨ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕਰੇਗੀ।

ਸ਼੍ਰੀ ਸੰਜੈ ਸੇਠ ਨੇ ਕੈਂਟੀਨ ਸੇਵਾਵਾਂ ਰਾਹੀਂ ਸਾਬਕਾ ਸੈਨਿਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੇਰੇ ਸੁਵਿਧਾ ਪ੍ਰਦਾਨ ਕਰਨ ਲਈ ਪਹੁੰਚ ਵਿੱਚ ਸੁਧਾਰ ਅਤੇ ਸੇਵਾ ਵੰਡ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰੱਖਿਆ ਬਲਾਂ ਦੇ ਭਾਈਚਾਰੇ ਦੀ ਭਲਾਈ ਦੇ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ ਅਤੇ ਲਾਭਾਰਥੀ-ਕੇਂਦ੍ਰਿਤ ਪਹਿਲਕਦਮੀਆਂ ਦੇ ਨਿਰੰਤਰ ਨਵੀਨਤਾ ਅਤੇ ਕੁਸ਼ਲ ਲਾਗੂਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

 

***********

ਐੱਸਆਰ/ਸੈਵੀ/ਏਕੇ


(Release ID: 2284815) ਵਿਜ਼ੀਟਰ ਕਾਊਂਟਰ : 48