ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਲਈ ਐਨਐੱਚਐਮ ਦੇ ਤਹਿਤ 'ਸਭ ਤੋਂ ਵਧੀਆ ਤੌਰ-ਤਰੀਕਿਆਂ' 'ਤੇ ਇੱਕ ਮਾਸਿਕ ਵੈਬੀਨਾਰ ਸੀਰੀਜ਼ ਸ਼ੁਰੂ ਕੀਤੀ


ਜ਼ਿੰਮੇਵਾਰ ਅਤੇ ਮਜ਼ਬੂਤ ​​ਜਨਤਕ ਸਿਹਤ ਪ੍ਰਣਾਲੀਆਂ ਬਣਾਉਣ ਲਈ ਨਵੀਨਤਾ ਅਤਿਅੰਤ ਮਹੱਤਵਪੂਰਨ ਹੈ: ਸ਼੍ਰੀਮਤੀ ਅਰਾਧਨਾ ਪਟਨਾਇਕ

ਵਿਸ਼ਵ ਆਬਾਦੀ ਦਿਵਸ 2026 'ਤੇ ਇੱਕ ਪਹਿਲਕਦਮੀ ਸ਼ੁਰੂ ਕੀਤੀ ਗਈ ਤਾਂਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਿਹਤ ਸੰਭਾਲ ਵਿੱਚ ਸਫਲ ਨਵੀਨਤਾਵਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝਾ ਕੀਤੀ ਜਾ ਸਕੇ ਅਤੇ ਉਸ ਨੂੰ ਅਪਣਾਇਆ ਜਾ ਸਕੇ

ਅਨੀਮੀਆ, ਬਾਲ ਅਤੇ ਕਿਸ਼ੋਰ ਸਿਹਤ 'ਤੇ ਉਦਘਾਟਨੀ ਵੈਬੀਨਾਰ ਵਿੱਚ 500 ਤੋਂ ਵੱਧ ਅਧਿਕਾਰੀਆਂ ਨੇ ਹਿੱਸਾ ਲਿਆ

प्रविष्टि तिथि: 11 JUL 2026 5:52PM by PIB Chandigarh

ਨਵੀਨਤਾ-ਸੰਚਾਲਿਤ ਜਨਤਕ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਸ਼ਵ ਆਬਾਦੀ ਦਿਵਸ 2026 ਦੇ ਮੌਕੇ 'ਤੇ ਰਾਸ਼ਟਰੀ ਸਿਹਤ ਮਿਸ਼ਨ (ਐਨਐੱਚਐਮ) ਦੇ ਅਧੀਨ ਸਭ ਤੋਂ ਵਧੀਆ ਤੌਰ-ਤਰੀਕਿਆਂ 'ਤੇ ਇੱਕ 'ਮਾਸਿਕ ਵੈਬੀਨਾਰ ਸੀਰੀਜ਼' ਸ਼ੁਰੂ ਕੀਤੀ ਹੈ। ਇੱਕ ਸਾਲ ਚੱਲਣ ਵਾਲੇ ਗਿਆਨ-ਸਾਂਝਾਕਰਨ ਪਲੈਟਫਾਰਮ ਵਜੋਂ ਪਰਿਕਲਪਿਤ ਇਹ ਪਹਿਲਕਦਮੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕੱਠੇ ਕਰੇਗੀ ਤਾਂਕਿ ਉਹ ਆਪਣੀਆਂ ਸਫਲ ਨਵੀਨਤਾਵਾਂ ਨੂੰ ਪੇਸ਼ ਕਰ ਸਕਣ, ਲਾਗੂ ਕਰਨ ਦੇ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕਰ ਸਕਣ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਵਿਤਰਣ ਨੂੰ ਮਜ਼ਬੂਤ ​​ਕਰਨ ਲਈ ਵੱਡੇ ਪੈਮਾਨੇ 'ਤੇ ਲਾਗੂ ਹੋਣ ਵਾਲੇ, ਸਬੂਤ-ਅਧਾਰਿਤ ਤੌਰ-ਤਰੀਕਿਆਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਂਦੀ ਜਾ ਸਕੇ। 

ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਐਨਐਚਐਮ) ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਨਤਾ ਹੀ ਜ਼ਿੰਮੇਵਾਰ ਅਤੇ ਮਜ਼ਬੂਤ ​​ਜਨਤਕ ਸਿਹਤ ਪ੍ਰਣਾਲੀਆਂ ਦੇ ਕੇਂਦਰ ਵਿੱਚ ਹੈ। ਉਨ੍ਹਾਂ ਇਸ ਵੈਬੀਨਾਰ ਸੀਰੀਜ਼ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆ ਰਹੇ ਨਵੇਂ ਤੌਰ-ਤਰੀਕਿਆਂ ਦੀ ਪਛਾਣ ਕਰਨ, ਦਸਤਾਵੇਜ਼ੀਕਰਨ ਕਰਨ ਅਤੇ ਪ੍ਰਸਾਰ ਕਰਨ ਲਈ ਇੱਕ ਮਹੱਤਵਪੂਰਨ ਸੰਸਥਾਗਤ ਜ਼ਰੀਆ ਦੱਸਿਆ, ਜਿਸ ਨਾਲ ਕਿਸੇ ਇੱਕ ਖੇਤਰ ਵਿੱਚ ਵਿਕਸਿਤ ਕੀਤੇ ਗਏ ਹੱਲਾਂ ਦਾ ਲਾਭ ਦੇਸ਼ ਭਰ ਦੀਆਂ ਸਿਹਤ ਪ੍ਰਣਾਲੀਆਂ ਨੂੰ ਮਿਲ ਸਕੇ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹੋਏ, ਸ਼੍ਰੀਮਤੀ ਪਟਨਾਇਕ ਨੇ ਉਨ੍ਹਾਂ ਨੂੰ ਅਜਿਹੀਆਂ ਨਵੀਨਤਾਵਾਂ ਪੇਸ਼ ਕਰਨ ਦਾ ਸੱਦਾ ਦਿੱਤਾ ਜੋ ਮੌਜੂਦਾ ਪ੍ਰੋਗਰਾਮਾਂ ਦੇ ਦਾਇਰੇ ਤੋਂ ਅੱਗੇ ਹੋਣ ਅਤੇ ਸਥਾਨਕ ਪੱਧਰ 'ਤੇ ਵਿਕਸਿਤ ਹੱਲਾਂ ਜ਼ਰੀਏ ਜਨਤਕ ਸਿਹਤ ਦੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਉਨ੍ਹਾਂ ਨੇ ਰਾਜ ਅਤੇ ਜ਼ਿਲ੍ਹਾ ਟੀਮਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ, ਉਨ੍ਹਾਂ ਦੇ ਨਵੀਨਤਾਕਾਰੀ ਅਤੇ ਰਚਨਾਤਮਕ ਕੰਮ ਨੂੰ ਅਕਸਰ ਪਛਾਣ ਨਹੀਂ ਮਿਲ ਪਾਉਂਦੀ ਕਿਉਂਕ ਉਹ ਦਸਤਾਵੇਜ਼ੀਕਰਨ ਅਤੇ ਪ੍ਰਸਾਰ ਦੀ ਬਜਾਏ ਪ੍ਰੋਗਰਾਮ ਲਾਗੂ ਕਰਨ ਦੇ ਕੰਮ ਵਿੱਚ ਹੀ ਜੁਟੇ ਰਹਿੰਦੇ ਹਨ ।

ਇਸ ਕਮੀ ਨੂੰ ਦੂਰ ਕਰਨ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਹਤ ਪ੍ਰਣਾਲੀ ਸਰੋਤ ਕੇਂਦਰ (ਐਨਐੱਚਐੱਸਆਰਸੀ) ਅਜਿਹੀਆਂ ਕਾਢਾਂ ਦੇ ਦਸਤਾਵੇਜ਼ੀਕਰਨ ਅਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਨਾਲ 'ਚੰਗੇ ਅਤੇ ਮਿਸਾਲੀ ਨਵੀਨਤਾਕਾਰੀ ਤੌਰ-ਤਰੀਕਿਆਂ 'ਤੇ ਰਾਸ਼ਟਰੀ ਸੰਮੇਲਨ' ਦੇ ਦਾਇਰੇ ਅਤੇ ਪ੍ਰਭਾਵ ਦਾ ਵਿਸਤਾਰ ਹੋਵੇਗਾ। ਉਨ੍ਹਾਂ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਵੈਬੀਨਾਰ ਸੀਰੀਜ਼ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਨਿਰੰਤਰ ਸਿੱਖਣ, ਗਿਆਨ ਸਾਂਝਾ ਕਰਨ ਅਤੇ ਨਵੀਨਤਾ-ਅਧਾਰਿਤ ਪ੍ਰੋਗਰਾਮ ਲਾਗੂ ਕਰਨ ਲਈ ਇੱਕ ਮਾਹੌਲ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਉਦਘਾਟਨੀ ਵੈਬੀਨਾਰ "ਅਨੀਮੀਆ, ਬਾਲ ਅਤੇ ਕਿਸ਼ੋਰ ਸਿਹਤ" ਵਿਸ਼ੇ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਤਿੰਨ ਰਾਜਾਂ ਦੇ ਅਜਿਹੇ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਨੂੰ ਦਿਖਾਇਆ ਗਿਆ ਜਿਨ੍ਹਾਂ ਨੇ ਸਥਾਨਕ ਪੱਧਰ 'ਤੇ ਜਨਤਕ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਾਪਣਯੋਗ ਨਤੀਜੇ ਦਿਖਾਏ ਹਨ। ਵੈਬੀਨਾਰ ਦੌਰਾਨ, ਝਾਰਖੰਡ ਨੇ "ਅਨੀਮੀਆ ਮੁਕਤ ਭਾਰਤ ਟੀ4 ਐਪ" ਅਤੇ ਆਪਣੀ "ਏਕੀਕ੍ਰਿਤ ਘਰ-ਅਧਾਰਿਤ ਨਵਜੰਮੇ ਬੱਚੇ ਦੀ ਦੇਖਭਾਲ (ਐੱਚਬੀਐੱਨਸੀ) ਘਰ-ਅਧਾਰਿਤ ਛੋਟੇ ਬੱਚਿਆਂ ਦੀ ਦੇਖਭਾਲ (ਐੱਚਬੀਵਾਈਸੀ) ਘਰ ਫੇਰੀ" ਪਹਿਲਕਦਮੀ ਪੇਸ਼ ਕੀਤੀ। ਛੱਤੀਸਗੜ੍ਹ ਨੇ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰਬੀਐਸਕੇ) ਦੇ ਤਹਿਤ "ਚਿਰਾਯੂ ਦਿਵਸ" ਦਾ ਪ੍ਰਦਰਸ਼ਨ ਕੀਤਾ, ਜਦੋਂ ਕਿ ਮੱਧ ਪ੍ਰਦੇਸ਼ ਨੇ ਕਿਸ਼ੋਰਾਂ ਵਿੱਚ ਮੋਟਾਪੇ ਦੀ ਸਮੱਸਿਆ ਨਾਲ ਨਿਪਟਣ ਲਈ ਆਪਣੀ ਨਵੀਂ ਪਹਿਲਕਦਮੀ ਨੂੰ ਪੇਸ਼ ਕੀਤਾ ।

ਸਥਾਨਕ ਜਨਤਕ ਸਿਹਤ ਚੁਣੌਤੀਆਂ ਦੇ ਜਵਾਬ ਵਿੱਚ ਤਿਆਰ ਕੀਤੇ ਗਏ ਅਤੇ ਖਾਸ ਹਾਲਾਤਾਂ ਦੇ ਅਨੁਸਾਰ ਹੱਲਾਂ ‘ਤੇ ਅਧਾਰਿਤ ਇਹ ਉਪਾਅ, ਚੰਗੇ ਤੌਰ-ਤਰੀਕਿਆਂ ਦੇ ਅਜਿਹੇ ਮਾਡਲ ਦੇ ਤੌਰ ‘ਤੇ ਸਾਹਮਣੇ ਆਏ ਜੋ ਉਮੀਦ ਜਗਾਉਣ ਵਾਲੇ ਅਤੇ  ਦੂਜੀਆਂ ਥਾਵਾਂ ‘ਤੇ ਵੀ ਅਪਣਾਏ ਜਾ ਸਕਣ ਵਾਲੇ ਹਨ। ਮੰਤਰਾਲੇ ਦੇ ਤਹਿਤ ਆਉਣ ਵਾਲੇ ਪ੍ਰੋਗਰਾਮ ਡਿਵੀਜ਼ਨਾਂ ਦੀ ਸਰਗਰਮ ਭਾਗੀਦਾਰੀ ਨਾਲ ਕੀਤੀਆਂ ਗਈਆਂ ਪੇਸ਼ਕਾਰੀਆਂ ਵਿੱਚ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨਾਲ ਉਨ੍ਹਾਂ ਦਾ ਮਜ਼ਬੂਤ ​ਤਾਲਮੇਲ ਵੀ ਦਿਖਿਆ, ਜਿਸ ਨਾਲ ਮੌਜੂਦਾ ਜਨਤਕ ਸਿਹਤ ਢਾਂਚੇ ਦੇ ਅੰਦਰ ਇਨ੍ਹਾਂ ਦੀ ਅਹਿਮੀਅਤ ਅਤੇ ਇਨ੍ਹਾਂ ਨੂੰ ਵੱਡੇ ਪੈਮਾਨੇ 'ਤੇ ਲਾਗੂ ਕਰਨ ਦੀ ਸਮਰੱਥਾ ਹੋਰ ਮਜ਼ਬੂਤ ​​ਹੋਈ।

ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਦੇ 500 ਤੋਂ ਵੱਧ ਅਧਿਕਾਰੀਆਂ ਨੇ ਇਸ ਵੈਬੀਨਾਰ ਵਿੱਚ ਹਿੱਸਾ ਲਿਆ, ਜੋ ਮਿਲ ਕੇ ਸਿੱਖਣ ਅਤੇ ਨਵੀਨਤਾ-ਸੰਚਾਲਿਤ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਪ੍ਰਤੀ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮਾਸਿਕ ਵੈਬੀਨਾਰ ਸੀਰੀਜ਼ ਦੇ ਪਹਿਲੇ ਸੈਸ਼ਨ ਦੇ ਰੂਪ ਵਿੱਚ, ਇਸਨੇ ਇੱਕ ਨਿਰੰਤਰ ਚੱਲਣ ਵਾਲੇ ਰਾਸ਼ਟਰੀ ਗਿਆਨ-ਸਾਂਝਾਕਰਨ ਪਲੈਟਫਾਰਮ ਦੀ ਸ਼ੁਰੂਆਤ ਕੀਤੀ ਹੈ ਜੋ ਸਫਲ ਸਿਹਤ ਸੰਭਾਲ ਨਵੀਨਤਾਵਾਂ ਦੀ ਪਛਾਣ, ਦਸਤਾਵੇਜ਼ੀਕਰਨ, ਪ੍ਰਸਾਰ ਅਤੇ ਵੱਡੇ ਪੈਮਾਨੇ 'ਤੇ ਲਾਗੂ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਪਰਸਪਰ ਸਿੱਖਣ ਅਤੇ ਸਬੂਤ-ਅਧਾਰਿਤ ਵਧੀਆ ਤੌਰ-ਤਰੀਕਿਆਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਕੇ, ਇਸ ਪਹਿਲਕਦਮੀ ਤੋਂ ਸਿਹਤ ਪ੍ਰਣਾਲੀਆਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲਣ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

***** 

ਐੱਸਆਰ/ਬਲਜੀਤ


(रिलीज़ आईडी: 2284498) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Tamil