ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਵਾਰਾਣਸੀ ਤੋਂ ਪਹਿਲੀ 'ਈਜ਼ੀ ਕਨੈਕਟ' ਉਡਾਣ ਦੀ ਸ਼ੁਰੂਆਤ ਕੀਤੀ


ਹੋਰ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਹਵਾਈ ਅੱਡਿਆਂ ਤੋਂ ਹੋਰ ਹੱਬ-ਐਂਡ-ਸਪੋਕ ਅੰਤਰਰਾਸ਼ਟਰੀ ਹਵਾਬਾਜ਼ੀ ਸੰਚਾਲਨ ਸ਼ੁਰੂ ਕਰਨ ਦੀ ਯੋਜਨਾ

प्रविष्टि तिथि: 26 JUN 2026 4:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਪ੍ਰਾਪਤੀ ਵਿੱਚ, ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ 25 ਜੂਨ, 2026 ਨੂੰ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੱਬ-ਐਂਡ-ਸਪੋਕ ਮਾਡਲ ਦੇ ਤਹਿਤ ਭਾਰਤ ਦੀ ਪਹਿਲੀ 'ਈਜ਼ੀ ਕਨੈਕਟ' ਉਡਾਣ ਦੀ ਸ਼ੁਰੂਆਤ ਕੀਤੀ। ਇਹ ਭਾਰਤ ਨੂੰ ਇੱਕ ਗਲੋਬਲ ਹਵਾਬਾਜ਼ੀ ਹੱਬ ਵਿੱਚ ਬਦਲਣ ਅਤੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਯਾਤਰੀਆਂ ਨੂੰ ਨਿਰਵਿਘਨ ਅੰਤਰਰਾਸ਼ਟਰੀ ਸੰਪਰਕ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਦਰਸਾਉਂਦਾ ਹੈ।

ਹੱਬ-ਐਂਡ-ਸਪੋਕ ਰਣਨੀਤੀ ਦਾ ਉਦੇਸ਼ ਭਾਰਤ ਨੂੰ 2030 ਤੱਕ ਭਾਰਤੀ ਯਾਤਰੀਆਂ ਲਈ ਅਤੇ 2047 ਤੱਕ ਦੁਨੀਆ ਲਈ ਪਸੰਦੀਦਾ ਹਵਾਬਾਜ਼ੀ ਹੱਬ ਬਣਾਉਣਾ ਹੈ। ਇਸਦੇ ਲਾਭ ਹਵਾਬਾਜ਼ੀ ਤੋਂ ਵੀ ਅੱਗੇ ਤੱਕ ਹਨ। ਬਿਹਤਰ ਅੰਤਰਰਾਸ਼ਟਰੀ ਸੰਪਰਕ ਨਾਲ ਵਪਾਰ, ਸੈਰ-ਸਪਾਟਾ, ਨਿਵੇਸ਼ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਮੰਤਰਾਲੇ ਦੁਆਰਾ ਕੀਤੇ ਗਏ ਅਧਿਐਨਾਂ ਤੋਂ ਸੰਕੇਤ ਮਿਲਦਾ ਹੈ ਕਿ ਹਵਾਬਾਜ਼ੀ ਕੇਂਦਰ ਦੇ ਵਿਕਾਸ ਨਾਲ ਲਗਭਗ 0.4 ਮਿਲੀਅਨ ਸਿੱਧੇ ਅਤੇ ਅਸਿੱਧੇ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਅਤੇ 2030 ਤੱਕ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 30 ਬਿਲੀਅਨ ਅਮਰੀਕੀ ਡਾਲਰ ਦਾ ਵਾਧੂ ਯੋਗਦਾਨ ਹੋ ਸਕਦਾ ਹੈ। 2047 ਤੱਕ, ਇਸਦੇ ਸੰਚਯੀ ਪ੍ਰਭਾਵ ਨਾਲ ਲਗਭਗ 16 ਮਿਲੀਅਨ ਸਿੱਧੇ ਅਤੇ ਅਸਿੱਧੇ ਨੌਕਰੀਆਂ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਇਹ ਅਰਥਵਿਵਸਥਾ ਵਿੱਚ ਲਗਭਗ 1.4 ਟ੍ਰਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਪਾ ਸਕਦਾ ਹੈ।

ਇਸ ਮੌਕੇ 'ਤੇ ਬੋਲਦਿਆਂ, ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਕਿਹਾ, "ਅੱਜ ਅਸੀਂ ਹਵਾਈ ਯਾਤਰਾ ਨੂੰ ਵਧੇਰੇ ਪਹੁੰਚਯੋਗ ਬਣਾਉਣ ਅਤੇ ਭਵਿੱਖ ਲਈ ਤਿਆਰ, ਆਤਮਨਿਰਭਰ ਭਾਰਤੀ ਹਵਾਬਾਜ਼ੀ ਉਦਯੋਗ ਬਣਾਉਣ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਅੱਗੇ ਵਧਾ ਰਹੇ ਹਾਂ ਜੋ ਕੁਸ਼ਲ, ਸਮਾਵੇਸ਼ੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਹੈ ।"

ਮੰਤਰੀ ਮਹੋਦਯ ਨੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ, "ਸਾਡਾ ਨਵਾਂ 'ਹੱਬ-ਐਂਡ-ਸਪੋਕ' ਮਾਡਲ ਸਾਡੇ ਨਾਗਰਿਕਾਂ ਦੇ ਯਾਤਰਾ ਕਰਨ ਦੇ ਤਰੀਕੇ ਵਿੱਚ ਇੱਕ ਵੱਡਾ ਬਦਲਾਅ ਲਿਆਏਗਾ - ਭਾਵੇਂ ਕੋਈ ਵਿਅਕਤੀ ਭਾਰਤ ਵਿੱਚ ਕਿਸੇ ਵੀ ਸ਼ਹਿਰ ਵੀ ਰਹਿੰਦਾ ਹੋਵੇ, ਉਹ ਆਪਣੇ ਸ਼ਹਿਰ ਤੋਂ ਆਪਣੀ ਅੰਤਰਰਾਸ਼ਟਰੀ ਯਾਤਰਾ ਸ਼ੁਰੂ ਕਰ ਸਕਦੇ ਹਨ ਅਤੇ ਆਸਾਨੀ ਅਤੇ ਆਤਮਵਿਸ਼ਵਾਸ ਨਾਲ ਭਾਰਤ ਦੇ ਆਪਣੇ ਜਹਾਜ਼ਾਂ ਨਾਲ ਦੁਨੀਆ ਭਰ ਦੀ ਯਾਤਰਾ ਕਰ ਸਕਦੇ ਹਨ।"

ਉਡਾਣ ਦੀ ਸ਼ੁਰੂਆਤ ਕਰਨ ਦੇ ਮੌਕੇ 'ਤੇ, ਮੰਤਰੀ ਨੇ ਪਹਿਲੇ ਕੁਝ ਯਾਤਰੀਆਂ ਨੂੰ ਉਦਘਾਟਨ 'ਈਜ਼ੀ ਕਨੈਕਟ' ਉਡਾਣ ਦੇ ਲਈ ਚੈੱਕ-ਇਨ ਕਰਨ ਦੇ ਸਮਾਰਕ ਬੋਰਡਿੰਗ ਪਾਸ ਭੇਂਟ ਕੀਤੇ।

ਇਸ ਸਮਾਗਮ ਵਿੱਚ ਸ਼੍ਰੀ ਸਮੀਰ ਕੁਮਾਰ ਸਿਨਹਾ, ਸਕੱਤਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸ਼੍ਰੀ ਪੁਨੀਤ ਕਾਂਸਲ, ਵਧੀਕ ਸਕੱਤਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸ਼੍ਰੀ ਵਿਪਿਨ ਕੁਮਾਰ, ਚੇਅਰਮੈਨ, ਏਅਰਪੋਰਟ ਅਥਾਰਟੀ ਆਫ਼ ਇੰਡੀਆ, ਸ਼੍ਰੀ ਕੈਂਪਬੈਲ ਵਿਲਸਨ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ, ਏਅਰ ਇੰਡੀਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਹਵਾਈ ਅੱਡਾ ਅਥਾਰਟੀ ਆਫ਼ ਇੰਡੀਆ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਅਤੇ ਏਅਰਲਾਈਨ ਆਪਰੇਟਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਹੱਬ-ਐਂਡ-ਸਪੋਕ ਮਾਡਲ ਦੇ ਤਹਿਤ, ਅੰਤਰਰਾਸ਼ਟਰੀ ਯਾਤਰੀ ਚੈੱਕ-ਇਨ, ਇਮੀਗ੍ਰੇਸ਼ਨ ਅਤੇ ਕਸਟਮ ਰਸਮਾਂ ਨੂੰ ਸਪੋਕ ਹਵਾਈ ਅੱਡੇ 'ਤੇ ਹੀ ਪੂਰਾ ਕਰਦੇ ਹਨ, ਜਿਸ ਨਾਲ ਇਹ ਉਨ੍ਹਾਂ ਦੀ ਅੰਤਰਰਾਸ਼ਟਰੀ ਯਾਤਰਾ ਲਈ ਰਵਾਨਗੀ ਦਾ ਪਹਿਲਾ ਬਿੰਦੂ ਬਣ ਜਾਂਦਾ ਹੈ। ਉਦਾਹਰਣ ਵਜੋਂ, ਵਾਰਾਣਸੀ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਯਾਤਰੀ ਦਿੱਲੀ ਵਰਗੇ ਮਨੋਨੀਤ ਭਾਰਤੀ ਹੱਬ ਹਵਾਈ ਅੱਡੇ 'ਤੇ ਉਡਾਣ ਭਰਨ ਤੋਂ ਪਹਿਲਾਂ ਵਾਰਾਣਸੀ ਵਿੱਚ ਸਾਰੀਆਂ ਰਵਾਨਗੀ ਰਸਮਾਂ ਪੂਰੀਆਂ ਕਰ ਲੈਂਦੇ ਹਨ।

ਸੁਰੱਖਿਆ ਅਤੇ ਸੰਚਾਲਨ ਅਖੰਡਤਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣ ਲਈ, ਇਸ ਮਾਡਲ ਵਿੱਚ ਕਈ ਸੁਰੱਖਿਆ ਉਪਾਅ ਸ਼ਾਮਲ ਕੀਤੇ ਗਏ ਹਨ। ਘਰੇਲੂ ਅਤੇ ਅੰਤਰਰਾਸ਼ਟਰੀ ਸੰਚਾਲਨ ਦੇ ਦੋਵਾਂ ਪੜਾਵਾਂ ਨੂੰ ਅੰਤਰਰਾਸ਼ਟਰੀ ਸੰਚਾਲਨ ਦੇ ਰੂਪ ਵਿੱਚ ਹੀ ਮੰਨਿਆ ਜਾਂਦਾ ਹੈ। ਯਾਤਰੀਆਂ ਦੇ ਆਪਸ ਵਿੱਚ ਮਿਕਸ ਹੋਣ ਤੋਂ ਬਚਣ ਲਈ, ਘਰੇਲੂ (ਡੀ) ਅਤੇ ਅੰਤਰਰਾਸ਼ਟਰੀ (ਆਈ) ਯਾਤਰੀਆਂ ਲਈ ਵੱਖ-ਵੱਖ ਫਿਜ਼ੀਕਲ ਬੋਰਡਿੰਗ ਕਾਰਡ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ‘ਤੇ ਉਚਿਤ ਪਛਾਣ ਚਿੰਨ੍ਹ ਹੁੰਦੇ ਹਨ । ਹੱਬ-ਐਂਡ-ਸਪੋਕ ਢਾਂਚੇ ਦੇ ਤਹਿਤ ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੱਬ ਹਵਾਈ ਅੱਡਿਆਂ 'ਤੇ ਕਸਟਮ ਘੋਸ਼ਣਾ ਸਹੂਲਤਾਂ ਤੱਕ ਪਹੁੰਚ ਉਪਲਬਧ ਨਹੀਂ ਹੁੰਦੀ ਹੈ।

ਵਾਰਾਣਸੀ ਤੋਂ ਹੱਬ-ਐਂਡ-ਸਪੋਕ ਅੰਤਰਰਾਸ਼ਟਰੀ ਸੰਚਾਲਨ ਦੀ ਸ਼ੁਰੂਆਤ ਭਾਰਤ ਦੇ ਹਵਾਬਾਜ਼ੀ ਈਕੋਸਿਸਟਮ ਵਿੱਚ ਇੱਕ ਵੱਡੀ ਪ੍ਰਗਤੀ ਦਾ ਪ੍ਰਤੀਕ ਹੈ ਅਤੇ ਦੇਸ਼ ਭਰ ਦੇ ਨਾਗਰਿਕਾਂ ਨੂੰ ਸਮਾਵੇਸ਼ੀ, ਕੁਸ਼ਲ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਹਵਾਈ ਸੰਪਰਕ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੀ ਹੈ। 

*****

ਦਿਵਯਾਂਸ਼ੂ ਕੁਮਾਰ/ਬਲਜੀਤ


(रिलीज़ आईडी: 2279025) आगंतुक पटल : 38
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Tamil , Telugu