ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੂੰ ਜਲ ਸ਼ਕਤੀ ਮੰਤਰਾਲੇ ਦੀਆਂ ਨਦੀਆਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਪ੍ਰਮੁੱਖ ਯੋਜਨਾਵਾਂ ਅਤੇ ਜਲ ਸੰਭਾਲ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਗਈ


ਉਪ-ਰਾਸ਼ਟਰਪਤੀ ਨੇ ਭਾਰਤ ਦੀ ਜਲ ਸੁਰੱਖਿਆ ਲਈ ਨਦੀਆਂ ਨੂੰ ਜੋੜਨ ਅਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਦੀ ਲੋੜ 'ਤੇ ਜ਼ੋਰ ਦਿੱਤਾ

"ਨਦੀਆਂ ਨੂੰ ਜੋੜਨ ਵਿੱਚ ਪੈਸਾ ਨਹੀਂ, ਸਗੋਂ ਮਾਨਸਿਕਤਾ ਸਭ ਤੋਂ ਵੱਡੀ ਚੁਣੌਤੀ ਹੈ": ਉਪ-ਰਾਸ਼ਟਰਪਤੀ

ਉਪ-ਰਾਸ਼ਟਰਪਤੀ ਨੇ ਜਲ ਸੰਭਾਲ ਲਈ "ਜਲ ਸੰਚੈ ਜਨ ਭਾਗੀਦਾਰੀ" ਪਹਿਲਕਦਮੀ ਦੀ ਸ਼ਲਾਘਾ ਕੀਤੀ

प्रविष्टि तिथि: 09 JUN 2026 3:09PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ, ਜਲ ਸ਼ਕਤੀ ਰਾਜ ਮੰਤਰੀ ਡਾ. ਰਾਜ ਭੂਸ਼ਣ ਚੌਧਰੀ ਅਤੇ ਜਲ ਸ਼ਕਤੀ ਮੰਤਰਾਲੇ ਵਿੱਚ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਵਿਭਾਗ (ਡੀਓਡਬਲਿਊਆਰ, ਆਰਡੀ ਅਤੇ ਜੀਆਰ) ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਉਪ-ਰਾਸ਼ਟਰਪਤੀ ਭਵਨ ਵਿੱਚ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਦੌਰਾਨ ਉਪ-ਰਾਸ਼ਟਰਪਤੀ ਨੂੰ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ।

ਉਪ-ਰਾਸ਼ਟਰਪਤੀ ਨੇ ਜਲ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਵਿਭਾਗ ਦੀ ਪ੍ਰਮੁੱਖ ਮੁਹਿੰਮ "ਜਲ ਸੰਚੇ ਜਨ ਭਾਗੀਦਾਰੀ (ਜੇਐੱਸਜੇਬੀ)" ਦੀ ਸ਼ਲਾਘਾ ਕੀਤੀ। ਇਸ ਪਹਿਲਕਦਮੀ ਵਿੱਚ ਸਰਕਾਰਾਂ, ਭਾਈਚਾਰਿਆਂ, ਉਦਯੋਗਾਂ ਅਤੇ ਨਾਗਰਿਕ ਸਮਾਜਿਕ ਸੰਗਠਨਾਂ ਨੂੰ ਸ਼ਾਮਲ ਕਰਦੇ ਹੋਏ 'ਸਮੁੱਚੇ ਸਮਾਜ ਦੀ ਪਹੁੰਚ' ਨੂੰ ਅਪਣਾਇਆ ਗਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਐੱਸਜੇਬੀ 2.0 ਤਹਿਤ 1.55 ਕਰੋੜ ਤੋਂ ਵੱਧ ਜਲ ਸੰਭਾਲ ਅਤੇ ਜ਼ਮੀਨੀ ਪਾਣੀ ਦੇ ਰੀਚਾਰਜ ਢਾਂਚੇ ਸਥਾਪਤ ਕੀਤੇ ਗਏ ਹਨ, ਜੋ ਟੀਚੇ ਨਾਲੋਂ ਕਿਤੇ ਵੱਧ ਹਨ।

ਉਪ-ਰਾਸ਼ਟਰਪਤੀ ਨੂੰ ਕੇਨ-ਬੇਤਵਾ ਲਿੰਕ ਪ੍ਰੋਜੈਕਟ, ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ ਅਤੇ ਗੋਦਾਵਰੀ-ਕਾਵੇਰੀ ਲਿੰਕ ਪ੍ਰੋਜੈਕਟ ਸਮੇਤ ਪ੍ਰਮੁੱਖ ਨਦੀ-ਜੋੜੋ ਯੋਜਨਾਵਾਂ ਦੀ ਪ੍ਰਗਤੀ ਬਾਰੇ ਵੀ ਜਾਣੂ ਕਰਵਾਇਆ ਗਿਆ। ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਨਦੀਆਂ ਨੂੰ ਆਪਸ ਵਿੱਚ ਜੋੜਨ ਨਾਲ ਪਾਣੀ ਦੇ ਸੰਕਟ ਨੂੰ ਦੂਰ ਕਰਨ, ਸੋਕੇ ਤੋਂ ਰਾਹਤ ਦਿਵਾਉਣ, ਸਿੰਚਾਈ ਖੇਤਰ ਦਾ ਵਿਸਥਾਰ ਕਰਨ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਵੱਡੀ ਮਦਦ ਮਿਲ ਸਕਦੀ ਹੈ।

ਉਪ-ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਕੇਨ-ਬੇਤਵਾ ਲਿੰਕ ਪ੍ਰੋਜੈਕਟ ਵਰਗੇ ਪ੍ਰਮੁੱਖ ਰਾਸ਼ਟਰੀ ਜਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਦਸਤਾਵੇਜ਼ੀ ਫਿਲਮਾਂ ਅਤੇ ਆਰਕਾਈਵਲ ਰਿਕਾਰਡਾਂ ਰਾਹੀਂ ਵਿਆਪਕ ਤੌਰ 'ਤੇ ਦਸਤਾਵੇਜ਼ੀਕਰਨ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਰਾਸ਼ਟਰ ਨਿਰਮਾਣ ਦੇ ਇਨ੍ਹਾਂ ਇਤਿਹਾਸਕ ਯਤਨਾਂ ਦੀ ਸ਼ਲਾਘਾ ਕਰ ਸਕਣ ਅਤੇ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਸਕਣ।

ਨਦੀਆਂ ਨੂੰ ਆਪਸ ਵਿੱਚ ਜੋੜਨ ਦੇ ਸਮਰਥਨ ਵਿੱਚ ਆਪਣੀ ਪਿਛਲੀ ਪਦਯਾਤਰਾ ਨੂੰ ਯਾਦ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਨਦੀ ਜੋੜੋ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਫੰਡਾਂ ਦੀ ਉਪਲਬਧਤਾ ਮੁੱਖ ਚੁਣੌਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਾਨਸਿਕਤਾ ਨਾਲ ਜੁੜੇ ਮੁੱਦੇ ਅਤੇ ਸਿਆਸੀ ਵਿਚਾਰ ਅਕਸਰ ਰੁਕਾਵਟ ਬਣ ਜਾਂਦੇ ਹਨ। ਉਨ੍ਹਾਂ ਨੇ ਵਿਆਪਕ ਰਾਸ਼ਟਰੀ ਹਿੱਤ ਵਿੱਚ ਜਲ ਪ੍ਰਬੰਧਨ ਲਈ ਦੂਰ-ਅੰਦੇਸ਼ੀ ਅਤੇ ਸਹਿਯੋਗਾਤਮਕ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ।

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਅਤੇ ਜਲ ਸ਼ਕਤੀ ਰਾਜ ਮੰਤਰੀ ਡਾ. ਰਾਜ ਭੂਸ਼ਣ ਚੌਧਰੀ ਨੇ ਉਪ-ਰਾਸ਼ਟਰਪਤੀ ਨੂੰ ਸਤੰਬਰ, 2026 ਵਿੱਚ ਆਯੋਜਿਤ ਹੋਣ ਵਾਲੇ 'ਭਾਰਤ ਅੰਤਰਰਾਸ਼ਟਰੀ ਜਲ ਹਫ਼ਤੇ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

************

ਪੀਆਰ/ਏਐੱਸਐੱਮ/ਵੀਐੱਮਜੇ


(रिलीज़ आईडी: 2271212) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil , Kannada , Malayalam