ਲੋਕ ਸਭਾ ਸਕੱਤਰੇਤ
azadi ka amrit mahotsav

ਸਦਨਾਂ ਵਿੱਚ ਵਿਘਨ ਲੋਕਤੰਤਰ ਲਈ ਇੱਕ ਗੰਭੀਰ ਚੁਣੌਤੀ, ਜਨਤਕ ਵਿਸ਼ਵਾਸ ਵਧਾਉਣਾ ਸਾਡੀ ਜ਼ਿੰਮੇਵਾਰੀ: ਲੋਕ ਸਭਾ ਸਪੀਕਰ


ਵਿਕਸਿਤ ਭਾਰਤ ਲਈ ਮਜ਼ਬੂਤ ​​ਕਾਨੂੰਨੀ ਸੰਸਥਾਵਾਂ ਅਤੇ ਭਾਗੀਦਾਰੀ ਲੋਕਤੰਤਰ ਜ਼ਰੂਰੀ: ਲੋਕ ਸਭਾ ਸਪੀਕਰ

ਰਾਜਾਂ ਅਤੇ ਕੇਂਦਰ ਦੇ ਤਾਲਮੇਲ ਰਾਹੀਂ ਵਿਕਸਿਤ ਭਾਰਤ ਦਾ ਟੀਚਾ ਸਾਕਾਰ ਹੋਵੇਗਾ: ਸ਼੍ਰੀ ਓਮ ਬਿਰਲਾ

ਸੰਮੇਲਨ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦਾ ਸੱਦਾ, ਸੰਵਿਧਾਨ ਜਾਗਰੂਕਤਾ ‘ਤੇ ਵੀ ਰਿਹਾ ਫੋਕਸ: ਲੋਕ ਸਭਾ

ਚੰਡੀਗੜ੍ਹ ਵਿੱਚ CPA ਨੌਰਥ ਜ਼ੋਨ ਸੰਮੇਲਨ ਚਾਰ ਸੰਕਲਪਾਂ ਦੇ ਨਾਲ ਸੰਪੰਨ; ਜਨਤਕ ਭਾਗੀਦਾਰੀ, ਵਿਧਾਇਕਾਂ ਦੀ ਸਮਰੱਥਾ ਨਿਰਮਾਣ, ਤਕਨੀਕ ਅਤੇ AI ਦੀ ਵਰਤੋਂ ਅਤੇ ਵਿਧਾਨਕ ਨਿਗਰਾਨੀ ‘ਤੇ ਬਲ ਦਿੱਤਾ ਗਿਆ

प्रविष्टि तिथि: 09 JUN 2026 9:46PM by PIB Chandigarh

ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (CPA)  ਇੰਡੀਆ ਰੀਜ਼ਨ ਜ਼ੋਨ-II (ਨੌਰਥ ਜ਼ੋਨ) ਦੇ ਦੁਵੱਲੇ ਸੰਮੇਲਨ, ਜਿਸ ਦਾ ਉਦਘਾਟਨ ਕੱਲ੍ਹ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੁਆਰਾ ਕੀਤਾ ਗਿਆ ਸੀ, ਅੱਜ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਦੇ ਸਮਾਪਤੀ ਸੰਬੋਧਨ ਦੇ ਨਾਲ ਸੰਪੰਨ ਹੋਇਆ।

ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਸਪੀਕਰ ਨੇ ਕਿਹਾ ਕਿ ਸਦਨਾਂ ਵਿੱਚ ਵਾਰ-ਵਾਰ ਹੋਣ ਵਾਲੀਆਂ ਰੁਕਾਵਟਾਂ ਅਤੇ ਵਿਘਨ ਪੈਦਾ ਹੋਣਾ ਲੋਕਤੰਤਰੀ ਸੰਸਥਾਵਾਂ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਸਮੱਸਿਆ ਦਾ ਸਮਾਧਾਨ ਵਿਧਾਨਕ ਸੰਸਥਾਵਾਂ ਦੇ ਅੰਦਰ ਜਨਤਕ ਉਮੀਦਾਂ ਦੇ ਅਨੁਸਾਰ ਆਚਰਣ, ਸੰਵਾਦ ਅਤੇ ਸਾਰਥਕ ਚਰਚਾ ਨੂੰ ਹੁਲਾਰਾ ਦੇਣ ਵਿੱਚ ਆਉਂਦਾ ਹੈ। ਜਨਤਾ ਦਾ ਵਿਸ਼ਵਾਸ ਮਜ਼ਬੂਤ ਕਰਨਾ ਅੱਜ ਸਾਰੇ ਜਨਤਕ ਪ੍ਰਤੀਨਿਧੀਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਜਨਤਕ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਕਿ ਵਿਧਾਨਕ ਸੰਸਥਾਵਾਂ ਵਿੱਚ ਉਨ੍ਹਾਂ ਦਾ ਆਚਰਣ ਬੇਮਿਸਾਲ ਹੋਣਾ ਚਾਹੀਦਾ ਹੈ, ਤਾਂ ਜੋ ਸਮਾਜ ਦੇ ਅੰਤਿਮ ਵਿਅਕਤੀ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਸ਼੍ਰੀ ਬਿਰਲਾ ਨੇ ਕਿਹਾ, “ਜਿਵੇਂ ਅਗਵਾਈ ਦਾ ਆਚਰਣ ਅਤੇ ਵਿਵਹਾਰ ਹੁੰਦਾ ਹੈ, ਉਝ ਹੀ ਸਮਾਜ ਬਣਦਾ ਹੈ। ਜਨਤਾ ਨੇ ਸਾਨੂੰ ਚੁਣ ਕੇ ਭੇਜਿਆ ਹੈ, ਇਸ ਲਈ ਸਾਡੇ ਆਚਰਣ ਦਾ ਸਿੱਧਾ ਪ੍ਰਭਾਵ ਸਮਾਜ ‘ਤੇ ਪੈਂਦਾ ਹੈ।” ਉਨ੍ਹਾਂ ਨੇ ਉਮੀਦ ਜਤਾਈ ਕਿ ਸਾਰੇ ਵਿਧਾਇਕ ਆਪਣੇ-ਆਪਣੇ ਰਾਜਾਂ ਅਤੇ ਸੰਸਥਾਵਾਂ ਵਿੱਚ ਇਨ੍ਹਾਂ ਸੰਕਲਪਾਂ ਨੂੰ ਅਪਣਾ ਕੇ ਅੱਗੇ ਵਧਣਗੇ।

ਦੋ ਦਿਨਾਂ ਸੰਮੇਲਨ ਦੇ ਸਫ਼ਲ ਆਯੋਜਨ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਆਏ ਜਨਤਕ ਪ੍ਰਤੀਨਿਧੀਆਂ ਅਤੇ ਨੀਤੀ-ਨਿਰਮਾਤਾਵਾਂ ਨੇ ਇੱਥੇ ਆਪਣੇ ਅਨੁਭਵ, ਦ੍ਰਿਸ਼ਟੀਕੋਣ ਅਤੇ ਨਵੀਨਤਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇਹ ਸੰਮਲੇਨ ਚਾਰ ਮਹੱਤਵਪੂਰਨ ਸੰਕਲਪਾਂ ਦੇ ਨਾਲ ਸੰਪੰਨ ਹੋਇਆ ਹੈ, ਜਿਨ੍ਹਾਂ ਦਾ ਉਦੇਸ਼ ਵਿਧਾਨਕ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ, ਜਵਾਬਦੇਹੀ ਅਤੇ ਲੋਕ-ਮੁਖੀ ਬਣਾਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਮਜ਼ਬੂਤ ਸੰਸਦੀ ਅਤੇ ਵਿਧਾਨਕ ਸੰਸਥਾਵਾਂ ‘ਤੇ ਹੀ ਅਧਾਰਿਤ ਹੈ। ਇਸ ਲਈ ਜਨਤਕ ਭਾਗੀਦਾਰੀ ਵਧਾਉਣਾ, ਤਕਨੀਕ ਦੀ ਵਧੇਰੇ ਵਰਤੋਂ, ਵਿਧਾਇਕਾਂ ਦੀ ਸਮਰੱਥਾ ਵਧਾਉਣਾ, ਨੀਤੀਆਂ ਅਤੇ ਕਾਨੂੰਨਾਂ ਦੇ ਨਿਰਮਾਣ ਵਿੱਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਅਤੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਮੇਲਨ ਵਿੱਚ ਪਾਸ ਸਾਰੇ ਸੰਕਲਪ ਭਵਿੱਖ ਦੀ ਇੱਕ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਰਾਹੀਂ ਦੇਸ਼ ਦੀ ਵਿਧਾਨਕ ਅਤੇ ਲੋਕਤੰਤਰੀ ਸੰਸਥਾਵਾਂ ਜਨਤਾ ਦੇ ਸਹਿਯੋਗ ਨਾਲ ਅੱਗੇ ਵਧਣਗੀਆਂ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਉਦੇਸ਼ ਇੱਕ ਅਜਿਹੇ ਭਾਗੀਦਾਰੀ ਲੋਕਤੰਤਰ ਦਾ ਨਿਰਮਾਣ ਕਰਨਾ ਹੈ, ਜਿਸ ਵਿੱਚ ਰਾਜਾਂ ਦੇ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਵੇ, ਕਿਉਂਕਿ ਰਾਜਾਂ ਦੇ ਸਮੁੱਚੇ ਵਿਕਾਸ ਨਾਲ ਹੀ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ। ਭਾਰਤ ਦੇ ਸੰਘੀ ਢਾਂਚੇ ਵਿੱਚ ਰਾਜ ਅਤੇ ਕੇਂਦਰ ਮਿਲ ਕੇ ਹੀ ਯੋਜਨਾਵਾਂ, ਕਾਨੂੰਨਾਂ ਅਤੇ ਨੀਤੀਆਂ ਰਾਹੀਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਨਵੇਂ ਦ੍ਰਿਸ਼ਟੀਕੋਣ ਅਤੇ ਨਵੇਂ ਵਿਚਾਰਾਂ ਨਾਲ ਤਬਦੀਲੀ ਲਿਆਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਸੰਤੋਸ਼ ਵਿਅਕਤ ਕੀਤਾ ਕਿ ਸੰਮੇਲਨ ਵਿੱਚ ਲਗਭਗ 40 ਬੁਲਾਰਿਆਂ ਨੇ ਇਸ ਦਿਸ਼ਾ ਵਿੱਚ ਸਾਰਥਕ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਜੇਕਰ ਅਸੀਂ ਇਨ੍ਹਾਂ ਵਿਚਾਰਾਂ ‘ਤੇ ਤੁਰੰਤ ਕੰਮ ਸ਼ੁਰੂ ਕਰਦੇ ਹਾਂ, ਤਾਂ ਦੇਸ਼ ਵਿੱਚ ਲੋਕਤੰਤਰੀ ਸੰਸਥਾਵਾਂ ਦੇ ਪ੍ਰਤੀ ਜਨਤਾ ਦੀ ਭਾਗੀਦਾਰੀ ਅਤੇ ਵਿਸ਼ਵਾਸ ਦੋਵਾਂ ਵਿੱਚ ਵਾਧਾ ਹੋਵੇਗਾ।

ਸ਼੍ਰੀ ਬਿਰਲਾ ਨੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ ਅਤੇ ਸਾਡੇ ਨੌਜਵਾਨਾਂ, ਮਹਿਲਾਵਾਂ ਅਤੇ ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਕੇਂਦਰ ਵਿੱਚ ਰੱਖ ਕੇ ਅੱਗੇ ਵਧਣਾ ਹੋਵੇਗਾ। ਉਨ੍ਹਾਂ ਨੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ, ਵਿਦਿਆਰਥੀ ਜੀਵਨ ਨਾਲ ਹੀ ਸੰਵਿਧਾਨ ਅਤੇ ਕਰਤੱਵ ਬੋਧ ਦੇ ਪ੍ਰਤੀ ਜਾਗਰੂਕਤਾ ਵਿਕਸਿਤ ਕਰਨ ਅਤੇ ਰਾਜਾਂ ਨੂੰ ਰਾਸ਼ਟਰੀ ਵਿਕਾਸ ਦਾ ਅਧਾਰ ਬਣਾਉਣ ‘ਤੇ ਵਿਸ਼ੇਸ਼ ਬਲ ਦਿੱਤਾ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਸੰਮੇਲਨ ਤੋਂ ਪ੍ਰਾਪਤ ਨਵੇਂ ਵਿਚਾਰ ਅਤੇ ਸੰਕਲਪ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕਰਨਗੇ।

ਇਸ ਦੋ ਦਿਨਾਂ CPA ਇੰਡੀਆ ਰੀਜ਼ਨ ਜ਼ੋਨ-II (ਨੌਰਥ ਜ਼ੋਨ) ਕਾਨਫਰੰਸ ਵਿੱਚ ਦੇਸ਼ ਦੇ 12 ਰਾਜਾਂ ਦੇ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਹਿੱਸਾ ਲਿਆ। ਇਸ ਵਿੱਚ ਸੀਪੀਏ ਜ਼ੋਨ-II ਦੇ ਮੈਂਬਰ ਰਾਜਾਂ-ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ ਤੋਂ ਇਲਾਵਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੋਆ, ਉੱਤਰ ਪ੍ਰਦੇਸ਼, ਰਾਜਸਥਾਨ, ਸਿੱਕਮ ਅਤੇ ਪੱਛਮ ਬੰਗਾਲ ਜਿਹੇ ਹੋਰ ਰਾਜ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਮੌਕੇ ‘ਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਲ ਸ਼੍ਰੀ ਹਰਵਿੰਦਰ ਕਲਿਆਣ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਕ੍ਰਿਸ਼ਨ ਲਾਲ ਮਿੱਡਾ ਨੇ ਧੰਨਵਾਦ ਮਤਾ ਪੇਸ਼ ਕੀਤਾ।

ਚੰਡੀਗੜ੍ਹ ਵਿੱਚ 8-9 ਜੂਨ 2026 ਨੂੰ ਹੋਏ ਪੀਪੀਏ ਇੰਡੀਆ ਰੀਜ਼ਨ ਜ਼ੋਨ-II ਸੰਮੇਲਨ ਵਿੱਚ ਪਾਸ ਸੰਕਲਪ।

ਅਸੀਂ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀਪੀਏ) ਇੰਡੀਆ ਖੇਤਰ, ਜ਼ੋਨ-II ਦੇ ਪ੍ਰੀਜ਼ਾਈਡਿੰਗ ਅਫ਼ਸਰ, ਚੰਡੀਗੜ੍ਹ ਵਿੱਚ 9 ਜੂਨ 2026 ਨੂੰ ਆਯੋਜਿਤ ਜ਼ੋਨਲ ਸੰਮੇਲਨ ਵਿੱਚ ਹੇਠ ਲਿਖੇ ਸੰਕਲਪਾਂ ਨੂੰ ਸਵੀਕਾਰ ਕਰਦੇ ਹਾਂ।

ਸੰਕਲਪ 1- ਆਊਟਰੀਚ ਪ੍ਰੋਗਰਾਮ ਅਤੇ ਜਨਤਕ ਜਾਗਰੂਕਤਾ ਪਹਿਲ ਰਾਹੀਂ ਕਾਨੂੰਨ ਨਿਰਮਾਤਾਵਾਂ ਅਤੇ ਨਾਗਰਿਕਾਂ ਦਰਮਿਆਨ ਨੇੜ੍ਹਤਾ ਨੂੰ ਮਜ਼ਬੂਤ ਕਰਨਾ ਜਿਸ ਦਾ ਉਦੇਸ਼ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣਾ ਅਤੇ ਤਕਨੀਕ ਦਾ ਜ਼ਿੰਮੇਵਾਰੀ ਨਾਲ ਉਪਯੋਗ ਕਰਨਾ ਹੈ, ਤਾਂ ਜੋ ਇੱਕ ਅਜਿਹਾ ਸਮਾਜ ਬਣੇ ਜੋ ਜਾਣਕਾਰ, ਜਾਗਰੂਕ ਅਤੇ ਸਸ਼ਕਤ ਹੋਵੇ ਅਤੇ ‘ਵਿਕਸਿਤ ਭਾਰਤ-2047’ ਦੇ ਵਿਜ਼ਨ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਦੇ ਸਕੇ।

ਸੰਕਲਪ 2- ਨਿਰੰਤਰ ਪ੍ਰੋਫੈਸ਼ਨਲ ਟ੍ਰੇਨਿੰਗ, ਬਿਹਤਰੀਨ ਅਭਿਆਸਾਂ ਦੇ ਅਦਾਨ-ਪ੍ਰਦਾਨ, ਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਬਿਹਤਰ ਖੋਜ ਸਪੋਰਟ ਰਾਹੀਂ ਕਾਨੂੰਨ ਨਿਰਮਾਤਾਵਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ. ਸੰਮੇਲਨ ਨੇ ਮੰਨਿਆ ਕਿ ਪ੍ਰਭਾਵਸ਼ਾਲੀ ਸ਼ਾਸਨ ਲਈ ਜਾਣਕਾਰ ਅਤੇ ਸਮਰੱਥ ਕਾਨੂੰਨ ਨਿਰਮਾਤਾ ਜ਼ਰੂਰੀ ਹਨ।

ਸੰਕਲਪ 3- ਵਿਧਾਨਕ ਨਿਗਰਾਨੀ ਨੂੰ ਮਜ਼ਬੂਤ ਕਰਨਾ, ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਜਨਤਾ ਦਾ ਵਿਸ਼ਵਾਸ ਵਧਾਉਣਾ ਅਤੇ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਹੋਵੇ।

ਸੰਕਲਪ 4- ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਪਾਰਦਰਸ਼ਿਤਾ, ਕਾਰਜ-ਕੁਸ਼ਲਤਾ ਅਤੇ ਪਹੁੰਚਯੋਗਤਾ ਵਧਾਉਣ ਲਈ ਡਿਜੀਟਲ ਤਕਨੀਕਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਅਧਾਰਿਤ ਫੈਸਲੇ ਲੈਣ ਦੀ ਪ੍ਰਕਿਰਿਆ ਦੇ ਵਧੇਰੇ ਉਪਯੋਗ ਨੂੰ ਹੁਲਾਰਾ ਦੇਣਾ।

 

***************

ਏਐੱਮ/ਬਲਜੀਤ


(रिलीज़ आईडी: 2271035) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी