ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਏਮਸ ਬਠਿੰਡਾ ਦੇ ਦੂਜੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਦਾ ਸਿਹਤ ਸੰਭਾਲ ਦ੍ਰਿਸ਼ਟੀਕੋਣ ਇੱਕ ਕਿਓਰੇਟਰ ਮਾਡਲ ਤੋਂ ਇੱਕ ਵਿਆਪਕ ਸਿਹਤ ਸੰਭਾਲ ਆਰਕੀਟੈਕਚਰ ਵਿੱਚ ਵਿਕਸਿਤ ਹੋਇਆ ਹੈ: ਕੇਂਦਰੀ ਸਿਹਤ ਮੰਤਰੀ
2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਇੱਕ ਸਿਹਤਮੰਦ ਭਾਰਤ ਦੀ ਨੀਂਹ ਹੈ: ਸ਼੍ਰੀ ਜੇਪੀ ਨੱਡਾ
ਏਆਈ ਅਤੇ ਉਭਰਦੀਆਂ ਤਕਨਾਲੋਜੀਆਂ ਨੂੰ ਅਪਣਾਓ, ਪਰ ਮਰੀਜ਼ਾਂ ਦੀ ਦੇਖਭਾਲ ਦੇ ਮੂਲ ਵਿੱਚ ਦਇਆ, ਹਮਦਰਦੀ ਅਤੇ ਮਨੁੱਖੀ ਸੰਵੇਦਨਸ਼ੀਲਤਾ ਰੱਖੋ : ਸ਼੍ਰੀ ਨੱਡਾ
ਕੇਂਦਰੀ ਸਿਹਤ ਮੰਤਰੀ ਨੇ ਏਮਸ ਬਠਿੰਡਾ ਵਿਖੇ ਕੈਂਸਰ ਦੇਖਭਾਲ ਨੂੰ ਵਧਾਉਣ ਲਈ ਅਤਿ-ਆਧੁਨਿਕ ਪੀਈਟੀ-ਸੀਟੀ ਅਤੇ ਦੂਜੀ ਐੱਚਈਐੱਲਏ ਸਹੂਲਤ ਦਾ ਉਦਘਾਟਨ ਕੀਤਾ
प्रविष्टि तिथि:
02 JUN 2026 2:59PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇ.ਪੀ. ਨੱਡਾ ਨੇ ਅੱਜ ਏਮਸ ਬਠਿੰਡਾ ਦੀ ਦੂਜੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਉੱਚ ਸਿੱਖਿਆ, ਮੈਡੀਕਲ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਵਿੱਚ ਸੰਸਥਾਨ ਦੇ ਵਧ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਜੇਪੀ ਨੱਡਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਯਾਤਰਾ ਦੇ ਸਫਲਤਾਪੂਰਵਕ ਸੰਪੂਰਨ ਹੋਣ 'ਤੇ ਵਧਾਈ ਦਿੱਤੀ ਅਤੇ ਦੂਜੀ ਕਨਵੋਕੇਸ਼ਨ ਨੂੰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਫੈਕਲਟੀ ਮੈਂਬਰਾਂ ਅਤੇ ਪੂਰੇ ਏਮਸ ਬਠਿੰਡਾ ਪਰਿਵਾਰ ਲਈ ਮਾਣ ਅਤੇ ਜਸ਼ਨ ਦਾ ਪਲ ਦੱਸਿਆ। ਉਨ੍ਹਾਂ ਨੇ ਸੰਸਥਾ ਦੇ ਤੇਜ਼ ਵਿਕਾਸ ਅਤੇ ਖੇਤਰ ਵਿੱਚ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਏਮਸ ਬਠਿੰਡਾ ਅੱਜ ਏਮਸ ਬ੍ਰਾਂਡ ਨਾਲ ਜੁੜੇ ਉੱਚ ਮਿਆਰਾਂ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖਦੇ ਹੋਏ ਰੋਜ਼ਾਨਾ ਲਗਭਗ 3,000 ਓਪੀਡੀਜ਼ ਅਤੇ ਲਗਭਗ 600 ਆਈਪੀਡੀਜ਼ ਮਰੀਜ਼ਾਂ ਦੀ ਸੇਵਾ ਕਰਦੀਆਂ ਹਨ।
ਕੇਂਦਰੀ ਸਿਹਤ ਮੰਤਰੀ ਨੇ ਏਮਸ ਬਠਿੰਡਾ ਦੇ ਭਾਈਚਾਰਕ ਸੇਵਾ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ, ਜਿਸ ਵਿੱਚ ਆਲੇ ਦੁਆਲੇ ਦੇ 59 ਪਿੰਡਾਂ ਵਿੱਚ ਮਹੀਨੇ ਵਿੱਚ ਦੋ ਵਾਰ ਆਯੁਸ਼ਮਾਨ ਕੈਂਪ ਲਗਾਉਣਾ ਸ਼ਾਮਲ ਹੈ, ਜਿੱਥੇ ਨਾਗਰਿਕਾਂ ਦੀ ਸ਼ੂਗਰ, ਹਾਈਪਰਟੈਨਸ਼ਨ ਅਤੇ ਕੈਂਸਰ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਲਈ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾਨ ਟੈਲੀਮੈਡੀਸਨ ਸੇਵਾਵਾਂ, ਮੋਬਾਈਲ ਮੈਡੀਕਲ ਯੂਨਿਟਾਂ, ਗ੍ਰਾਮੀਣ ਜਾਗਰੂਕਤਾ ਮੁਹਿੰਮਾਂ ਅਤੇ ਸਿਹਤ ਸੰਭਾਲ ਆਊਟਰੀਚ ਪ੍ਰੋਗਰਾਮਾਂ ਰਾਹੀਂ ਹਸਪਤਾਲ-ਅਧਾਰਿਤ ਦੇਖਭਾਲ ਤੋਂ ਇਲਾਵਾ ਜਨਤਕ ਸਿਹਤ ਵਿੱਚ ਮਹੱਤਵਪੂਰਨ ਯੋਗਦਾਨ ਪ੍ਰਦਾਨ ਕਰ ਰਹੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਸਿਹਤ ਸੰਭਾਲ ਸੁਧਾਰਾਂ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਦਾ ਸਿਹਤ ਸੰਭਾਲ ਦਾ ਦ੍ਰਿਸ਼ਟੀਕੋਣ ਇੱਕ ਮੁੱਖ ਤੌਰ 'ਤੇ ਕਿਓਰੇਟਰ ਮਾਡਲ ਤੋਂ ਇੱਕ ਵਿਆਪਕ ਢਾਂਚੇ ਵਿੱਚ ਵਿਕਸਿਤ ਹੋਇਆ ਹੈ ਜਿਸ ਵਿੱਚ ਰੋਕਥਾਮ, ਪ੍ਰੋਤਸਾਹਨ, ਪੁਨਰਵਾਸ, ਉਪਚਾਰਕ ਅਤੇ ਬਜ਼ੁਰਗਾਂ ਦੀ ਦੇਖਭਾਲ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਭਰ ਵਿੱਚ 18 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ ਸਿਹਤ ਸੰਭਾਲ ਸੇਵਾਵਾਂ ਲਈ ਪ੍ਰਾਇਮਰੀ ਸੰਪਰਕ ਬਿੰਦੂ ਵਜੋਂ ਸੇਵਾ ਕਰ ਰਹੇ ਹਨ।

ਸਰਕਾਰ ਦੇ ਰੋਕਥਾਮ ਸਿਹਤ ਸੰਭਾਲ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਪੰਚਾਇਤਾਂ, ਆਸ਼ਾ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਰਾਹੀਂ, 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਨਿਯਮਿਤ ਜਾਂਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਤਹਿਤ ਪ੍ਰਾਪਤ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕਿਹਾ ਕਿ 36 ਕਰੋੜ ਤੋਂ ਵੱਧ ਲੋਕਾਂ ਦੀ ਮੂੰਹ ਦੇ ਕੈਂਸਰ ਲਈ, 17 ਕਰੋੜ ਤੋਂ ਵੱਧ ਔਰਤਾਂ ਦੀ ਛਾਤੀ ਦੇ ਕੈਂਸਰ ਲਈ ਅਤੇ 9 ਕਰੋੜ ਤੋਂ ਵੱਧ ਔਰਤਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ, 42 ਕਰੋੜ ਤੋਂ ਵੱਧ ਲੋਕਾਂ ਦੀ ਸ਼ੂਗਰ ਅਤੇ ਹਾਈਪਰਟੈਨਸ਼ਨ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਦਕਿ ਇੱਕ ਦੇਸ਼ ਵਿਆਪੀ ਟੀਬੀ ਜਾਂਚ ਮੁਹਿੰਮ ਵੀ ਚੱਲ ਰਹੀ ਹੈ।
ਮਿਆਰੀ ਸਿਹਤ ਸੰਭਾਲ ਅਤੇ ਖੋਜ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਏਮਸ, ਬਠਿੰਡਾ ਵਿਖੇ NABL-ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾਨ ਨੂੰ ਮੈਡੀਕਲ ਖੋਜ ਅਤੇ ਨਵੀਨਤਾ ਵਿੱਚ ਇੱਕ ਮੋਹਰੀ ਕੇਂਦਰ ਬਣਨ ਦੀ ਅਪੀਲ ਕੀਤੀ।
ਰਾਸ਼ਟਰ ਨਿਰਮਾਣ ਵਿੱਚ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਸਿਰਫ਼ ਇੱਕ ਸਿਹਤਮੰਦ ਅਤੇ ਰਚਨਾਤਮਕ ਆਬਾਦੀ ਰਾਹੀਂ ਹੀ ਸਾਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰਾਂ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਸਕਦੀਆਂ ਹਨ ਪਰ ਸਿਹਤ ਸੰਭਾਲ ਅੰਤ ਵਿੱਚ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੇ ਸਮਰਪਣ, ਯੋਗਤਾ ਅਤੇ ਹਮਦਰਦੀ 'ਤੇ ਨਿਰਭਰ ਕਰਦੀ ਹੈ। ਡਾਕਟਰਾਂ ਨੂੰ ਸਿਹਤ ਸੰਭਾਲ ਪ੍ਰਣਾਲੀ ਦੀ ਅਸਲ ਤਾਕਤ ਦੱਸਦਿਆਂ, ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਸਿਹਤ ਸੰਭਾਲ ਦਾ "ਹਾਰਡਵੇਅਰ" ਹੋ ਸਕਦਾ ਹੈ, ਪਰ ਸਿਹਤ ਸੰਭਾਲ ਪੇਸ਼ੇਵਰ ਇਸ ਦਾ "ਸਾਫਟਵੇਅਰ" ਹਨ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਦਾ ਵਿਸਥਾਰ ਪੰਜਾਬ ਸਰਕਾਰ ਲਈ ਇੱਕ ਤਰਜੀਹ ਬਣਿਆ ਹੋਇਆ ਹੈ। ਉਨ੍ਹਾਂ ਨੇ ਰਾਜ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਵਿਸਥਾਰ 'ਤੇ ਚਾਨਣਾ ਪਾਇਆ।
ਕੇਂਦਰੀ ਸਿਹਤ ਮੰਤਰੀ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੀ ਮੈਡੀਕਲ ਸਿੱਖਿਆ ਪ੍ਰਣਾਲੀ ਦੇ ਬੇਮਿਸਾਲ ਵਿਸਥਾਰ 'ਤੇ ਚਾਨਣਾ ਪਾਇਆ। ਉਨ੍ਹਾਂ ਦਸਿਆ ਕਿ ਏਮਸ ਸੰਸਥਾਵਾਂ ਦੀ ਗਿਣਤੀ 23 ਹੋ ਗਈ ਹੈ, ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 820 ਤੋਂ ਵੱਧ ਹੋ ਗਈ ਹੈ, ਅੰਡਰਗ੍ਰੈਜੂਏਟ ਮੈਡੀਕਲ ਸੀਟਾਂ ਦੀ ਗਿਣਤੀ ਲਗਭਗ 59,000 ਤੋਂ ਵਧ ਕੇ 1.28 ਲੱਖ ਤੋਂ ਵੱਧ ਹੋ ਗਈ ਹੈ ਅਤੇ ਪੋਸਟ ਗ੍ਰੈਜੂਏਟ ਸੀਟਾਂ ਦੀ ਗਿਣਤੀ ਲਗਭਗ 31,000 ਤੋਂ ਵਧ ਕੇ 86,000 ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਵਿੱਚ 75,000 ਦਾ ਵਾਧਾ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਵਿੱਚੋਂ ਲਗਭਗ 23,000 ਸੀਟਾਂ ਪਿਛਲੇ ਦੋ ਸਾਲਾਂ ਵਿੱਚ ਪਹਿਲਾਂ ਹੀ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ।

ਸ਼੍ਰੀ ਨੱਡਾ ਨੇ ਜਨਤਕ ਸਿਹਤ ਦੇ ਖੇਤਰ ਵਿੱਚ ਭਾਰਤ ਦੀਆਂ ਮਹੱਤਵਪੂਰਨ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ, ਜਿਸ ਵਿੱਚ 2014 ਵਿੱਚ ਪੋਲੀਓ ਮੁਕਤ ਐਲਾਨੇ ਜਾਣਾ ਅਤੇ 2015 ਵਿੱਚ ਮਾਵਾਂ ਅਤੇ ਨਵਜੰਮੇ ਬੱਚਿਆਂ ਦੇ ਟੈਟਨਸ ਦਾ ਖਾਤਮਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਟ੍ਰੈਕੋਮਾ ਹੁਣ ਦੇਸ਼ ਵਿੱਚ ਜਨਤਕ ਸਿਹਤ ਦੀ ਚਿੰਤਾ ਨਹੀਂ ਹੈ ਅਤੇ ਕਾਲਾ-ਅਜ਼ਾਰ, ਕੋਹੜ ਅਤੇ ਲਿੰਫੈਟਿਕ ਫਾਈਲੇਰੀਆਸਿਸ ਦੇ ਖਾਤਮੇ ਵੱਲ ਕਾਫ਼ੀ ਪ੍ਰਗਤੀ ਹੋਈ ਹੈ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਏਮਸ ਦੀਆਂ ਕਦਰਾਂ-ਕੀਮਤਾਂ ਅਤੇ ਵਿਰਾਸਤ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਭਾਰਤ ਦੀ ਪ੍ਰਮੁੱਖ ਮੈਡੀਕਲ ਸੰਸਥਾਨ ਦੇ ਰਾਜਦੂਤ ਹੋਣ ਦੇ ਨਾਤੇ, ਉਨ੍ਹਾਂ ਨੂੰ ਪੇਸ਼ੇਵਰ ਉੱਤਮਤਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਪ੍ਰਿਸੀਜ਼ਨ ਮੈਡੀਸਨ ਅਤੇ ਟੈਲੀਮੈਡੀਸਨ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ, ਨਾਲ ਹੀ ਇਹ ਵੀ ਯਕੀਨੀ ਬਣਾਇਆ ਕਿ ਦਇਆ, ਹਮਦਰਦੀ ਅਤੇ ਮਨੁੱਖੀ ਸੰਵੇਦਨਸ਼ੀਲਤਾ ਮਰੀਜ਼ਾਂ ਦੀ ਦੇਖਭਾਲ ਦੇ ਕੇਂਦਰ ਵਿੱਚ ਬਣੀ ਰਹੇ।
ਇਸ ਮੌਕੇ 'ਤੇ, ਏਮਸ ਬਠਿੰਡਾ ਦੀ ਚੇਅਰਪਰਸਨ, ਪ੍ਰੋਫੈਸਰ (ਡਾ.) ਨੀਰਜਾ ਭਾਟਲਾ ਨੇ ਕੇਂਦਰੀ ਸਿਹਤ ਮੰਤਰੀ ਦਾ ਸਵਾਗਤ ਕੀਤਾ ਅਤੇ ਸੰਸਥਾਨ ਨੂੰ ਉਨ੍ਹਾਂ ਦੇ ਨਿਰੰਤਰ ਮਾਰਗਦਰਸ਼ਨ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਸਰਕਾਰ ਨੇ ਸਿਹਤ ਸੰਭਾਲ ਨੂੰ ਵਧੇਰੇ ਸਮਾਵੇਸ਼ੀ, ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਬੇਮਿਸਾਲ ਯਤਨ ਕੀਤੇ ਹਨ ਅਤੇ ਦੇਸ਼ ਭਰ ਵਿੱਚ ਏਮਸ ਨੈੱਟਵਰਕ ਦਾ ਵਿਸਥਾਰ ਸਾਰਿਆਂ ਲਈ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਏਮਸ ਬਠਿੰਡਾ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦੇ ਹੋਏ ਪ੍ਰੋ. ਭਾਟਲਾ ਨੇ ਕਿਹਾ ਕਿ ਸੰਸਥਾਨ ਨੇ ਮਰੀਜ਼ਾਂ ਦੀ ਦੇਖਭਾਲ, ਮੈਡੀਕਲ ਸਿੱਖਿਆ, ਖੋਜ ਅਤੇ ਭਾਈਚਾਰਕ ਸੇਵਾ ਵਿੱਚ ਆਪਣੇ ਯੋਗਦਾਨ ਰਾਹੀਂ ਖੇਤਰ ਵਿੱਚ ਸਿਹਤ ਸੰਭਾਲ ਤਬਦੀਲੀ ਲਈ ਇੱਕ ਉਤਪ੍ਰੇਰਕ ਵਜੋਂ ਭੂਮਿਕਾ ਨਿਭਾਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏਮਸ ਬਠਿੰਡਾ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਿਹਤ ਸੰਭਾਲ ਪੇਸ਼ੇਵਰ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਕਲੀਨਿਕਲ ਉੱਤਮਤਾ ਨੂੰ ਦਇਆ, ਨੈਤਿਕਤਾ ਅਤੇ ਸੇਵਾ ਦੀ ਭਾਵਨਾ ਨਾਲ ਜੋੜਦੇ ਹਨ।
ਆਪਣੇ ਦੌਰੇ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਇੱਕ ਅਤਿ-ਆਧੁਨਿਕ ਪੌਜ਼ੀਟ੍ਰੋਨ ਐਮੀਸ਼ਨ ਟੋਮੋਗ੍ਰਾਫੀ-ਕੰਪਿਊਟੇਡ ਟੋਮੋਗ੍ਰਾਫੀ (PET-CT) ਸਹੂਲਤ ਅਤੇ ਇੱਕ ਦੂਜੀ ਹਾਈ ਐਨਰਜੀ ਲੀਨੀਅਰ ਐਕਸਲੇਟਰ (HELA) ਯੂਨਿਟ ਦਾ ਉਦਘਾਟਨ ਕੀਤਾ, ਜਿਸ ਨਾਲ ਏਮਸ ਬਠਿੰਡਾ ਦੀ ਕੈਂਸਰ ਨਿਦਾਨ ਅਤੇ ਇਲਾਜ ਸਮਰੱਥਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ। ਇਹ ਉੱਨਤ ਸਹੂਲਤਾਂ ਛੇਤੀ ਪਤਾ ਲਗਾਉਣ, ਸਹੀ ਨਿਦਾਨ ਅਤੇ ਸਟੀਕ ਕੈਂਸਰ ਇਲਾਜ ਨੂੰ ਸਮਰੱਥ ਬਣਾਉਣਗੀਆਂ, ਜਿਸ ਨਾਲ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ।
ਸੰਸਥਾਨ ਵਿੱਚ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ, ਸ਼੍ਰੀ ਨੱਡਾ ਨੇ ਇੱਕ ਸਮਰਪਿਤ ਬਰਨ ਇੰਟੈਂਸਿਵ ਕੇਅਰ ਯੂਨਿਟ (ਬਰਨ ਆਈਸੀਯੂ) ਦਾ ਉਦਘਾਟਨ ਵੀ ਕੀਤਾ, ਜੋ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ ਤਾਂ ਜੋ ਗੰਭੀਰ ਜਲਣ ਵਾਲੇ ਮਰੀਜ਼ਾਂ ਲਈ ਵਿਆਪਕ ਇੰਟੈਂਸਿਵ ਕੇਅਰ ਅਤੇ ਇਲਾਜ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਬਾਲ ਵਿਕਾਸ ਅਤੇ ਸ਼ੁਰੂਆਤੀ ਦੇਖਭਾਲ ਕੇਂਦਰ (ਸੀਡੀਈਆਈਸੀ) ਨੂੰ ਕਮਿਊਨਿਟੀ ਨੂੰ ਸਮਰਪਿਤ ਕੀਤਾ। ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ, ਸੀਡੀਈਆਈਸੀ ਬੱਚਿਆਂ ਵਿੱਚ ਵਿਕਾਸ ਸੰਬੰਧੀ ਵਿਕਾਰਾਂ ਅਤੇ ਵਿਕਲਾਂਗਤਾ ਦੀ ਸ਼ੁਰੂਆਤੀ ਪਛਾਣ, ਨਿਦਾਨ ਅਤੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਬਾਲ ਸਿਹਤ ਦੇ ਨਤੀਜਿਆਂ ਵਿੱਚ ਸੁਧਾਰ ਹੋਵੇਗਾ।

ਸਿਹਤ ਸੰਭਾਲ ਪ੍ਰਣਾਲੀ ਵਿੱਚ ਸੰਪੂਰਨ ਤੰਦਰੁਸਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਏਮਸ ਬਠਿੰਡਾ ਵਿਖੇ ਜਿੰਮ ਅਤੇ ਤੰਦਰੁਸਤੀ ਕੇਂਦਰ ਦਾ ਉਦਘਾਟਨ ਵੀ ਕੀਤਾ, ਜਿਸਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਵਿੱਚ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਸਮਾਗਮ ਵਿੱਚ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਵਿਜੈ ਨਹਿਰਾ; ਏਮਸ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ (ਡਾ.) ਰਤਨ ਗੁਪਤਾ; ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ, ਡਾ. ਯੋਗੇਂਦਰ ਮਲਿਕ ਅਤੇ ਪ੍ਰੋਫੈਸਰ ਕਮਲੇਸ਼ ਉਪਾਧਿਆਏ, ਗ੍ਰੈਜੂਏਟ ਵਿਦਿਆਰਥੀ, ਫੈਕਲਟੀ ਮੈਂਬਰ, ਸਿਹਤ ਸੰਭਾਲ ਕਰਮਚਾਰੀ ਅਤੇ ਮਾਪੇ ਵੀ ਸ਼ਾਮਲ ਹੋਏ।
****
ਐੱਸਆਰ /ਏਕੇ
(रिलीज़ आईडी: 2268260)
आगंतुक पटल : 22