ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਪੀਡੀਯੂਐੱਨਏਐੱਸਐੱਸ ਅਤੇ ਜੀਐੱਨਐੱਲਯੂ ਨੇ "ਲੇਬਰ ਕਾਨੂੰਨ ਅਤੇ ਸਮਾਜਿਕ ਸੁਰੱਖਿਆ ਪਾਲਣਾ (ਈਪੀਐੱਫਓ ਮੁੱਖ ਵਿਸ਼ਾ)" 'ਤੇ ਕਾਰਜਕਾਰੀ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ


ਇਸ ਪ੍ਰਮੁੱਖ ਪਹਿਲਕਦਮੀ ਦਾ ਉਦੇਸ਼ ਭਾਰਤ ਦੇ ਵਿਕਸਿਤ ਹੁੰਦੇ ਕਿਰਤ ਸ਼ਾਸਨ ਅਤੇ ਸਮਾਜਿਕ ਸੁਰੱਖਿਆ ਵਿਧੀ ਲਈ ਭਵਿੱਖ ਲਈ ਤਿਆਰ ਪੇਸ਼ੇਵਰਾਂ ਦਾ ਨਿਰਮਾਣ ਕਰਨਾ ਹੈ

Posted On: 30 MAY 2026 5:09PM by PIB Chandigarh

ਕਿਰਤ ਪ੍ਰਸ਼ਾਸਨ, ਸਮਾਜਿਕ ਸੁਰੱਖਿਆ ਪ੍ਰਸ਼ਾਸਨ ਅਤੇ ਰੈਗੂਲੇਟਰੀ ਪਾਲਣਾ ਵਿੱਚ ਪੇਸ਼ੇਵਰ ਸਮਰੱਥਾ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਅਕੈਡਮੀ ਆਫ਼ ਸੋਸ਼ਲ ਸਿਕਿਓਰਿਟੀ (ਪੀਡੀਯੂਐੱਨਏਐੱਸਐੱਸ), ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ), ਨੇ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ (ਜੀਐੱਨਐੱਲਯੂ), ਗਾਂਧੀਨਗਰ ਦੇ ਸਹਿਯੋਗ ਨਾਲ, 29 ਮਈ 2026 ਨੂੰ ਆਯੋਜਿਤ ਇੱਕ ਔਨਲਾਈਨ ਉਦਘਾਟਨੀ ਸੈਸ਼ਨ ਦੌਰਾਨ "ਲੇਬਰ ਲਾਅਜ਼ ਐਂਡ ਸੋਸ਼ਲ ਸਿਕਿਓਰਿਟੀ ਕੰਪਲਾਇੰਸ (ਈਪੀਐੱਫਓ ਐਟ ਕੋਰ)" ਵਿਸ਼ੇ 'ਤੇ ਕਾਰਜਕਾਰੀ ਵਿਕਾਸ ਪ੍ਰੋਗਰਾਮ ਦੇ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ।

ਇਹ ਪ੍ਰੋਗਰਾਮ ਪੇਸ਼ੇਵਰ ਕਾਨੂੰਨੀ ਸਿੱਖਿਆ ਅਤੇ ਉਦਯੋਗ-ਅਧਾਰਿਤ ਸਮਰੱਥਾ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਅਜਿਹੇ ਸਮੇਂ ਵਿੱਚ ਜਦੋਂ ਭਾਰਤ ਦਾ ਕਿਰਤ ਅਤੇ ਸਮਾਜਿਕ ਸੁਰੱਖਿਆ ਦ੍ਰਿਸ਼ ਮਹੱਤਵਪੂਰਨ ਤਬਦੀਲੀਆਂ ਵਿੱਚੋਂ ਗੁਜ਼ਰ ਰਿਹਾ ਹੈ। ਅਭਿਆਸ-ਅਧਾਰਿਤ ਕਾਰਜਕਾਰੀ ਸਿਖਲਾਈ ਪਹਿਲਕਦਮੀ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਇਹ ਪ੍ਰੋਗਰਾਮ ਕਾਨੂੰਨੀ ਸਮਝ, ਰੈਗੂਲੇਟਰੀ ਪਾਲਣਾ ਅਤੇ ਅਸਲ-ਦੁਨੀਆ ਵਿੱਚ ਲਾਗੂਕਰਨ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਪੇਸ਼ੇਵਰਾਂ ਨੂੰ ਲੇਬਰ ਕੋਡ ਤੋਂ ਬਾਅਦ ਦੇ ਯੁੱਗ ਵਿੱਚ ਉਭਰਦੇ ਤੇਜ਼ੀ ਨਾਲ ਗੁੰਝਲਦਾਰ ਹੁੰਦੇ ਪਾਲਣਾ ਵਾਤਾਵਰਣ ਵਿੱਚ ਅੱਗੇ ਵਧਣ ਲਈ ਤਿਆਰ ਕੀਤੇ ਜਾ ਸਕੇ।

ਉਦਘਾਟਨੀ ਸੈਸ਼ਨ ਵਿੱਚ ਸੈਂਟਰਲ ਪ੍ਰੋਵੀਡੈਂਟ ਫੰਡ ਕਮਿਸ਼ਨਰ (ਸੀਪੀਐੱਫਸੀ), ਈਪੀਐਫਓ ਸ਼੍ਰੀ ਰਮੇਸ਼ ਕ੍ਰਿਸ਼ਨਾਮੂਰਤੀ ਨੇ ਸ਼ਿਰਕਤ ਕੀਤੀ ਅਤੇ ਇਸ ਵਿੱਚ ਪੀਡੀਯੂਐੱਨਏਐੱਸਐੱਸ ਦੇ ਡਾਇਰੈਕਟਰ ਸ਼੍ਰੀ ਕੁਮਾਰ ਰੋਹਿਤ; ਜੀਐੱਨਐੱਲਯੂ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਐੱਸ. ਸ਼ਾਂਤਾਕੁਮਾਰ; ਜੀਐੱਨਐੱਲਯੂ ਦੇ ਰਜਿਸਟਰਾਰ ਡਾ. ਨਿਤਿਨ ਮਲਿਕ; ਈਪੀਐੱਫਓ ਦੇ ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ, ਉਦਯੋਗ ਦੇ ਨੇਤਾ ਅਤੇ ਦੇਸ਼ ਭਰ ਤੋਂ ਆਏ ਭਾਗੀਦਾਰ ਸ਼ਾਮਲ ਹੋਏ।

ਇਸ ਪ੍ਰੋਗਰਾਮ ਨੇ ਮਾਲਕਾਂ, ਮਨੁੱਖੀ ਸੰਸਾਧਨ ਪੇਸ਼ੇਵਰਾਂ, ਕਿਰਤ ਕਾਨੂੰਨ ਪ੍ਰੈਕਟੀਸ਼ਨਰਾਂ, ਪਾਲਣਾ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ ਅਤੇ ਕਾਰਪੋਰੇਟ ਜਗਤ ਦੇ ਨੇਤਾਵਾਂ ਦਰਮਿਆਨ ​​ਰਾਸ਼ਟਰੀ ਪੱਧਰ ‘ਤੇ ਬਹੁਤ ਦਿਲਚਸਪੀ ਪੈਦਾ ਕੀਤੀ ਹੈ। ਮੂਲ ਰੂਪ ਨਾਲ 60 ਭਾਗੀਦਾਰਾਂ ਦੇ ਪ੍ਰਵੇਸ਼ ਦੀ ਯੋਜਨਾ ਦੇ ਮੁਕਾਬਲੇ, ਪਹਿਲੇ ਬੈਚ ਵਿੱਚ 66 ਭਾਗੀਦਾਰਾਂ ਨੇ ਦਾਖਲਾ ਲਿਆ, ਜਿਸ ਨਾਲ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਵਿੱਚ ਸੀਟਾਂ ਦੀ ਗਿਣਤੀ ਵੱਧ ਹੋ ਗਈ। ਲਗਾਤਾਰ ਵਧਦੀ ਮੰਗ ਨੇ ਦੇਖਦੇ ਹੋਏ ਦੂਜੇ ਬੈਚ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਰਮੇਸ਼ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਭਾਰਤ ਕਿਰਤ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਵਿੱਚ ਇੱਕ ਪਰਿਵਰਤਨਸ਼ੀਲ ਦੌਰ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਰਤ ਕੋਡ, ਖਾਸ ਕਰਕੇ ਸਮਾਜਿਕ ਸੁਰੱਖਿਆ ਕੋਡ, 2020, ਤੇਜ਼ੀ ਨਾਲ ਡਿਜੀਟਾਈਜ਼ੇਸ਼ਨ ਦੇ ਕਾਰਨ ਅਜਿਹੇ ਪੇਸ਼ੇਵਰਾਂ ਦੀ ਜ਼ਰੂਰਤ ਵਧ ਗਈ ਹੈ ਜੋ ਕਾਨੂੰਨੀ ਸਮਝ ਨੂੰ ਵਿਵਹਾਰਿਕ ਲਾਗੂ ਕਰਨ ਦੀਆਂ ਸਮਰੱਥਾਵਾਂ ਨਾਲ ਜੋੜ ਸਕੇ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਪਾਲਣਾ ਦਾ ਦਾਇਰਾ ਸਿਰਫ਼ ਕਾਨੂੰਨੀ ਜ਼ਿੰਮੇਵਾਰੀਆਂ ਤੱਕ ਹੀ ਸੀਮਿਤ ਨਹੀਂ ਹੈ  ਸਗੋਂ ਇਹ ਜ਼ਿੰਮੇਵਾਰ ਸ਼ਾਸਨ, ਨੈਤਿਕ ਰੁਜ਼ਗਾਰ ਅਭਿਆਸਾਂ, ਸੰਸਥਾਗਤ ਭਰੋਸੇਯੋਗਤਾ ਅਤੇ ਟਿਕਾਊ ਸੰਗਠਨਾਤਮਕ ਵਿਕਾਸ ਦਾ ਅਧਾਰ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ​​ਪਾਲਣਾ ਢਾਂਚੇ ਵਿੱਚ ਨਿਵੇਸ਼ ਕਰਨ ਵਾਲੀਆਂ ਸੰਸਥਾਵਾਂ ਨਾ ਸਿਰਫ਼ ਕਰਮਚਾਰੀਆਂ ਦੀ  ਭਲਾਈ ਅਤੇ ਸਮਾਜਿਕ ਸੁਰੱਖਿਆ ਵਿੱਚ ਯੋਗਦਾਨ ਦਿੰਦੀਆਂ ਹਨ, ਸਗੋਂ ਵਿਸ਼ਵਾਸ, ਪਾਰਦਰਸ਼ਿਤਾ, ਉਤਪਾਦਕਤਾ ਅਤੇ ਉਦਯੋਗਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ।

ਈਪੀਐੱਫਓ ਦੇ ਪਰਿਵਰਤਨ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਅਧਾਰ-ਅਧਾਰਿਤ ਸੇਵਾਵਾਂ, ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਏਕੀਕਰਣ, ਡਿਜੀਟਲ ਪਾਲਣਾ ਪਲੈਟਫਾਰਮਾਂ, ਔਨਲਾਈਨ ਸੇਵਾ ਡਿਲੀਵਰੀ ਵਿਧੀਆਂ ਅਤੇ ਤਕਨਾਲੋਜੀ-ਅਧਾਰਿਤ ਪ੍ਰਸ਼ਾਸਨ ਸੁਧਾਰਾਂ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪ੍ਰੋਗਰਾਮ ਉੱਭਰ ਰਹੀਆਂ ਪਾਲਣਾ ਚੁਣੌਤੀਆਂ ਅਤੇ ਮੌਕਿਆਂ ਨਾਲ ਨਜਿੱਠਣ ਲਈ ਸਰਕਾਰ, ਅਕਾਦਮਿਕ ਅਤੇ ਉਦਯੋਗ ਨੂੰ ਇਕੱਠੇ ਕਰਕੇ ਪੇਸ਼ੇਵਰ ਸਿਖਲਾਈ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰੇਗਾ।

ਇਸ ਮੌਕੇ 'ਤੇ ਬੋਲਦੇ ਹੋਏ, ਪੀਡੀਯੂਐੱਨਏਐੱਸਐੱਸ ਦੇ ਡਾਇਰੈਕਟਰ ਸ਼੍ਰੀ ਕੁਮਾਰ ਰੋਹਿਤ ਨੇ ਇਸ ਲਾਂਚ ਨੂੰ ਰਾਸ਼ਟਰੀ ਸਮਾਜਿਕ ਸੁਰੱਖਿਆ ਅਕੈਡਮੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਅਤੇ ਪੀਡੀਯੂਐੱਨਏਐੱਸਐੱਸ ਅਤੇ ਜੀਐੱਨਐੱਲਯੂ ਦਰਮਿਆਨ ਨਿਰੰਤਰ ਸਹਿਯੋਗ ਦੁਆਰਾ ਵਿਕਸਿਤ ਇੱਕ ਸਾਂਝੇ ਦ੍ਰਿਸ਼ਟੀਕੋਣ ਦਾ ਸਿਖਰ ਦੱਸਿਆ।

ਇਸ ਪਹਿਲਕਦਮੀ ਦੀ ਉਤਪਤੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਇਸ ਮਾਨਤਾ ਤੋਂ ਪੈਦਾ ਹੋਇਆ ਹੈ ਕਿ ਭਾਰਤ ਦੇ ਵਿਕਸਿਤ ਹੁੰਦੇ ਕਿਰਤ ਅਤੇ ਸਮਾਜਿਕ ਸੁਰੱਖਿਆ ਵਾਤਾਵਰਣ ਨੂੰ ਇੱਕ ਢਾਂਚਾਗਤ ਪੇਸ਼ੇਵਰ ਪਲੈਟਫਾਰਮ ਦੀ ਜ਼ਰੂਰਤ ਹੈ ਜੋ ਕਾਨੂੰਨੀ ਗਿਆਨ ਅਤੇ ਵਿਵਹਾਰਿਕ ਲਾਗੂਕਰਨ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਪਾੜੇ ਨੂੰ ਪੂਰਾ ਕਰ ਸਕੇ। ਉਨ੍ਹਾਂ  ਨੇ ਦੇਖਿਆ ਕਿ ਕਾਰਜਬਲ ਢਾਂਚਿਆਂ ਵਿੱਚ ਬਦਲਾਅ, ਡਿਜੀਟਲ ਸ਼ਾਸਨ ਪ੍ਰਣਾਲੀਆਂ ਅਤੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੀਆਂ ਵਧਦੀਆਂ ਉਮੀਦਾਂ ਲਈ ਅਜਿਹੇ ਪੇਸ਼ੇਵਰਾਂ ਦੀ ਜ਼ਰੂਰਤ ਹੈ ਜੋ ਰੈਗੂਲੇਟਰੀ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਕਾਰਜਸਥਾਨ ਪ੍ਰਣਾਲੀਆਂ ਅਤੇ ਸ਼ਾਸਨ ਅਭਿਆਸਾਂ ਵਿੱਚ ਪਰਿਵਰਤਿਤ ਕਰ ਸਕਣ।

ਨਿਰੰਤਰ ਪੇਸ਼ੇਵਰ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਰੋਹਿਤ ਨੇ ਕਿਹਾ ਕਿ ਰੁਜ਼ਗਾਰ ਯੋਗਤਾ ਅਤੇ ਪੇਸ਼ੇਵਰ ਸਾਰਥਕਤਾ ਤੇਜ਼ੀ ਨਾਲ ਅਨੁਕੂਲਨਸ਼ੀਲਤਾ, ਵਿਵਹਾਰਿਕ ਕੁਸ਼ਲਤਾ ਅਤੇ ਉੱਭਰਦੇ ਰੈਗੂਲੇਟਰੀ ਅਤੇ ਤਕਨੀਕੀ ਵਿਕਾਸਾਂ ਪ੍ਰਤੀ ਸਰਗਰਮੀ ਨਾਲ ਜਵਾਬ ਦੇਣ ਦੀ ਯੋਗਤਾ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਰਤ ਕਾਨੂੰਨ ਦੀ ਪਾਲਣਾ ਸਿਰਫ਼ ਇੱਕ ਕਾਨੂੰਨੀ ਜ਼ਿੰਮੇਵਾਰੀ ਵਜੋਂ ਹੀ ਨਹੀਂ, ਸਗੋਂ ਮਾਣ, ਨਿਰਪੱਖਤਾ, ਸ਼੍ਰਮਿਕ ਭਲਾਈ ਅਤੇ ਸੰਸਥਾਗਤ ਵਿਸ਼ਵਾਸ ਨੂੰ ਹੁਲਾਰਾ ਦੇਣ ਦੇ ਇੱਕ ਸਾਧਨ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ।

ਇਸ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਪੀਡੀਯੂਐੱਨਏਐੱਸਐੱਸ ਦੀ ਸੰਚਾਲਨ ਮੁਹਾਰਤ ਅਤੇ ਜੀਐੱਨਐੱਲਯੂ ਦੀ ਅਕਾਦਮਿਕ ਉੱਤਮਤਾ ਦਾ ਇੱਕ ਵਿਲੱਖਣ ਸੰਗਮ ਹੈ, ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਭਾਰਤ ਦੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਵਿੱਚ ਸਮਰੱਥ ਪਾਲਣਾ ਪੇਸ਼ੇਵਰਾਂ ਦਾ ਇੱਕ ਭਵਿੱਖ ਲਈ ਤਿਆਰ ਕੈਡਰ ਬਣਾਉਣ ਵਿੱਚ ਯੋਗਦਾਨ ਦੇਵੇਗਾ।

 

ਆਪਣੇ ਸੰਬੋਧਨ ਵਿੱਚ, ਜੀਐੱਨਐੱਲਯੂ ਦੇ ਡਾਇਰੈਕਟਰ ਪ੍ਰੋਫੈਸਰ. (ਡਾ) ਐੱਸ. ਸ਼ਾਂਤਕੁਮਾਰ ਨੇ ਇਸ ਪ੍ਰੋਗਰਾਮ ਨੂੰ ਸਿੱਖਿਆ ਜਗਤ ਅਤੇ ਉਦਯੋਗ ਦਰਮਿਆਨ ਸਾਰਥਕ ਸਹਿਯੋਗ ਦੀ ਇੱਕ ਮੋਹਰੀ ਉਦਾਹਰਣ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਮਕਾਲੀ ਕਿਰਤ ਪ੍ਰਸ਼ਾਸਨ ਵਿੱਚ ਅਜਿਹੇ ਪੇਸ਼ੇਵਰਾਂ ਦੀ ਜ਼ਰੂਰਤ ਹੈ ਜੋ ਕਾਨੂੰਨੀ ਗਿਆਨ ਨੂੰ ਵਿਵਹਾਰਿਕ ਸਮਝ ਅਤੇ ਲਾਗੂਕਰਨ ਕੌਸ਼ਲ ਦੇ ਨਾਲ ਏਕੀਕ੍ਰਿਤ ਕਰ ਸਕਣ।

ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਜੀਐੱਨਐੱਲਯੂ ਦੀ ਉਸ ਵਚਨਬੱਧਤਾ ਦੇ ਅਨੁਸਾਰ ਹੈ ਜਿਸ ਦੇ ਤਹਿਤ ਅਕਾਦਮਿਕ ਤੌਰ ‘ਤੇ ਮਜ਼ਬੂਤ, ਸਮਾਜਿਕ ਤੌਰ ‘ਤੇ ਪ੍ਰਾਸੰਗਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਕਾਰੋਬਾਰੀ ਸਿੱਖਿਆ ਨੂੰ ਹੁਲਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਰਤ ਕਾਨੂੰਨਾਂ ਅਤੇ ਸਮਾਜਿਕ ਸੁਰੱਖਿਆ ਢਾਂਚਿਆਂ ਨੂੰ ਸਿਰਫ਼ ਰੈਗੂਲੇਟਰੀ ਜ਼ਰੂਰਤਾਂ ਦੇ ਰੂਪ ਵਿੱਚ ਨਹੀਂ, ਸਗੋਂ ਕਰਮਚਾਰੀ ਭਲਾਈ ਨੂੰ ਹੁਲਾਰਾ ਦੇਣ, ਸ਼ਾਸਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਸੰਗਠਨਾਤਮਕ ਲਚਕਤਾ ਨੂੰ ਵਧਾਉਣ ਅਤੇ ਟਿਕਾਊ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਰਣਨੀਤਕ ਸਾਧਨਾਂ ਦੇ ਰੂਪ ਵਿੱਚ ਸਮਝਿਆ ਜਾਣਾ ਚਾਹੀਦਾ ਹੈ।

ਜੀਐੱਨਐੱਲਯੂ ਦੇ ਰਜਿਸਟਰਾਰ ਡਾ. ਨਿਤਿਨ ਮਲਿਕ ਨੇ ਇਸ ਪਹਿਲਕਦਮੀ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਪੇਸ਼ੇਵਰਾਂ ਵੱਲੋਂ ਮਿਲੀ ਮਜ਼ਬੂਤ ਪ੍ਰਤੀਕਿਰਿਆ ਅਕਾਦਮਿਕ ਕਠੋਰਤਾ ਨੂੰ ਵਿਵਹਾਰਿਕ ਪ੍ਰਾਸੰਗਿਕਤਾ ਦੇ ਨਾਲ ਜੋੜਨ ਵਾਲੇ ਕਾਰਜਕਾਰੀ ਸਿੱਖਿਆ ਪ੍ਰੋਗਰਾਮਾਂ ਦੀ ਵਧਦੀ ਮੰਗ ਨੂੰ ਦਰਸਾਉਂਦੀ ਹੈ।

ਇਸ ਪ੍ਰੋਗਰਾਮ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਸ ਦਾ ਵਿਵਹਾਰਿਕ ਦ੍ਰਿਸ਼ਟੀਕੋਣ ਹੈ। ਪੀਡੀਯੂਐੱਨਏਐੱਸਐੱਸ ਦੀ ਸਥਾਈ ਕਮੇਟੀ ਅਤੇ ਅਕਾਦਮਿਕ ਕਮੇਟੀ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਇਸ ਪਾਠਕ੍ਰਮ ਨੂੰ ਸ਼੍ਰੀ ਅਮਿਤ ਵਸ਼ਿਸਟ, ਐਡੀਸ਼ਨਲ ਸੀਪੀਐੱਫਸੀ, ਸ਼੍ਰੀ ਰਿਜ਼ਵਾਨ ਉਦੀਨ, ਸ਼੍ਰੀ ਉੱਤਮ ਪ੍ਰਕਾਸ਼, ਸ਼੍ਰੀ ਵਿਜੈ ਕੁਮਾਰ, ਸ਼੍ਰੀ ਪ੍ਰਸ਼ਾਂਤ ਸ਼ਰਮਾ, ਸ਼੍ਰੀ ਸੰਜੇ ਕੁਮਾਰ ਰਾਏ, ਸ਼੍ਰੀ ਅੰਕੁਰ ਪੀ. ਗੁਪਤਾ, ਸ਼੍ਰੀ ਹਰੀਸ਼ ਯਾਦਵ ਅਤੇ ਸ਼੍ਰੀ ਰਾਮਾਨੰਦ ਨੇ ਖੇਤਰੀ ਭਵਿੱਖ ਨਿਧੀ ਕਮਿਸ਼ਨਰਾਂ ਵਜੋਂ ਕੰਮ ਕਰਦੇ ਹੋਏ ਤਿਆਰ ਕੀਤਾ ਹੈ। ਇਸ ਪਾਠਕ੍ਰਮ ਵਿੱਚ ਫੀਲਡ ਅਨੁਭਵ, ਰੈਗੂਲੇਟਰੀ ਸੂਝ, ਸੰਚਾਲਨ ਸਮਝ ਅਤੇ ਅਕਾਦਮਿਕ ਸਖ਼ਤੀ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਭਾਗੀਦਾਰਾਂ ਨੂੰ ਨਾ ਸਿਰਫ਼ ਕਾਨੂੰਨ ਸਗੋਂ ਉਸ ਦੇ ਵਿਵਹਾਰਿਕ ਲਾਗੂਕਰਨ ਨੂੰ ਵੀ  ਸਮਝਣ ਵਿੱਚ ਮਦਦ ਮਿਲ ਸਕੇ।

ਤਿੰਨ ਮਹੀਨਿਆਂ ਦਾ ਇਹ ਪ੍ਰੋਗਰਾਮ ਔਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਕਲਾਸਾਂ ਹੋਣਗੀਆਂ, ਜਿਸ ਨਾਲ ਭਾਰਤ ਭਰ ਦੇ ਕੰਮ ਕਰਨ ਵਾਲੇ ਪੇਸ਼ੇਵਰ ਇਸ ਵਿੱਚ ਹਿੱਸਾ ਲੈ ਸਕਣਗੇ। ਔਨਲਾਈਨ ਸੈਸ਼ਨ ਤੋਂ ਬਾਅਦ ਗਾਂਧੀਨਗਰ ਸਥਿਤ ਜੀਐੱਨਐੱਲਯੂ ਕੈਂਪਸ ਵਿੱਚ ਚਾਰ ਦਿਨਾਂ ਸੰਪਰਕ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਵਰਕਸੌਪਸ, ਪਾਲਣਾ ਸਿਮੂਲੇਸ਼ਨ, ਕੇਸ ਸਟੱਡੀਜ਼, ਮਾਹਿਰਾਂ ਨਾਲ ਗੱਲਬਾਤ ਅਤੇ ਉੱਨਤ ਚਰਚਾਵਾਂ ਸ਼ਾਮਲ ਹੋਣਗੀਆਂ।

ਉਦਘਾਟਨੀ ਸੈਸ਼ਨ ਦਾ ਸੰਚਾਲਨ ਸੰਯੁਕਤ ਤੌਰ ‘ਤੇ ਜੀਐੱਨਐੱਲਯੂ ਦੇ ਸਹਾਇਕ ਪ੍ਰੋਫੈਸਰ ਡਾ. ਹਾਰਦਿਕਰ ਪਾਰਿਖ ਅਤੇ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਸ਼੍ਰੀ ਮਨੋਰੰਜਨ ਕੁਮਾਰ ਨੇ ਕੀਤਾ।

ਅਕਾਦਮਿਕ ਗਿਆਨ, ਵਿਵਹਾਰਿਕ ਅਨੁਭਵ ਅਤੇ ਉਦਯੋਗ ਨਾਲ ਪ੍ਰਾਸੰਗਿਕਤਾ ਦੇ ਵਿਲੱਖਣ ਮਿਸ਼ਰਣ ਦੇ ਨਾਲ, "ਲੇਬਰ ਲਾਅਜ਼ ਐਂਡ ਸੋਸ਼ਲ ਸਿਕਿਓਰਿਟੀ ਕੰਪਲਾਇੰਸ (ਈਪੀਐੱਫਓ ਐਟ ਕੋਰ)" 'ਤੇ ਕਾਰਜਕਾਰੀ ਵਿਕਾਸ ਪ੍ਰੋਗਰਾਮ ਕਾਰਜਕਾਰੀ ਸਿੱਖਿਆ ਦੇ ਖੇਤਰ ਵਿੱਚ ਇੱਕ ਮਿਸਾਲ ਬਣਨ ਲਈ ਤਿਆਰ ਹੈ। ਸਰਕਾਰ, ਸਿੱਖਿਆ ਜਗਤ ਅਤੇ ਉਦਯੋਗ ਨੂੰ ਇੱਕ ਸਾਂਝੇ ਪਲੈਟਫਾਰਮ 'ਤੇ ਲਿਆ ਕੇ, ਇਹ ਪ੍ਰੋਗਰਾਮ ਕਿਰਤ ਸ਼ਾਸਨ ਅਤੇ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦੇ  ਬਦਲਦੇ ਦ੍ਰਿਸ਼ ਨੂੰ ਸਮਝਣ ਵਿੱਚ ਪਾਲਣਾ ਪੇਸ਼ੇਵਰਾਂ ਦੀ ਇੱਕ ਨਵੀਂ ਪੀੜ੍ਹੀ ਵਿਕਸਿਤ ਕਰਨਾ ਚਾਹੁੰਦਾ ਹੈ, ਨਾਲ ਹੀ ਭਾਰਤ ਦੇ ਸਮਾਜਿਕ ਸੁਰੱਖਿਆ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਯੋਗਦਾਨ ਪਾਉਂਣਾ  ਚਾਹੁੰਦਾ ਹੈ।

************

ਰਿਨੀ ਚੌਧਰੀ/ ਐਂਜਲੀਨਾ ਅਲੈਗਜ਼ੈਂਡਰ/ਬਲਜੀਤ


(Release ID: 2267540) ਵਿਜ਼ੀਟਰ ਕਾਊਂਟਰ : 5