ਖੇਤੀਬਾੜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਤੇ ਕੇਂਦ੍ਰਿਤ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪੁਸਤਕ "ਅਪਣਾਪਣ" 26 ਮਈ ਨੂੰ ਨਵੀਂ ਦਿੱਲੀ ਵਿੱਚ ਰਿਲੀਜ਼ ਹੋਵੇਗੀ

Posted On: 25 MAY 2026 8:20PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਲਿਖੀ ਗਈ ਨਵੀਂ ਕਿਤਾਬ 'ਅਪਣਾਪਣ', ਰਸਮੀ ਤੌਰ 'ਤੇ 26 ਮਈ, 2026 ਨੂੰ ਨਵੀਂ ਦਿੱਲੀ ਦੇ ਪੂਸਾ ਸਥਿਤ NASC ਕੰਪਲੈਕਸ ਦੇ ਭਾਰਤ ਰਤਨ ਸੀ. ਸੁਬ੍ਰਾਮਨੀਅਮ ਆਡੀਟੋਰੀਅਮ ਵਿਖੇ ਲਾਂਚ ਕੀਤੀ ਜਾਵੇਗੀ।

ਇਹ ਕਿਤਾਬ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦੁਆਰਾ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ. ਡੀ. ਦੇਵਗੌੜਾ ਦੀ ਮਾਣ-ਮੱਤੇ ਮੌਜੂਦਗੀ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਕਈ ਕੇਂਦਰੀ ਮੰਤਰੀ, ਰਾਜਪਾਲ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਪ੍ਰਸਿੱਧ ਸਮਾਜਿਕ ਨੇਤਾ, ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਸ਼ਾਮਲ ਹੋਣਗੇ।

'ਅਪਣਾਪਣ' ('Apnapan') ਇੱਕ ਡੂੰਘੀ ਨਿਜੀ ਅਤੇ ਪ੍ਰੇਰਣਾਦਾਇਕ ਰਚਨਾ ਹੈ ਜਿਸ ਵਿੱਚ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਲੰਬੇ ਜਨਤਕ ਸਬੰਧਾਂ ਨਾਲ ਜੁੜੇ ਅਨੁਭਵ, ਸਿੱਖਿਆਵਾਂ ਅਤੇ ਨਿਰੀਖਣ ਸ਼ਾਮਲ ਹਨ। ਤਿੰਨ ਦਹਾਕਿਆਂ ਤੋਂ ਵੱਧ ਦੇ ਸਮੇਂ ਦੇ ਰਾਜਨੀਤਿਕ ਅਤੇ ਸੰਗਠਨਾਤਮਕ ਜੁੜਾਅ ‘ਤੇ ਅਧਾਰਿਤ, ਇਹ ਕਿਤਾਬ ਉਨ੍ਹਾਂ ਕਦਰਾਂ-ਕੀਮਤਾਂ, ਲੀਡਰਸ਼ਿਪ ਪਹੁੰਚ ਅਤੇ ਸ਼ਾਸਨ ਦਰਸ਼ਨ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੂੰ ਸ਼੍ਰੀ ਚੌਹਾਨ ਨੇ ਵਰ੍ਹਿਆਂ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਹੋਏ ਦੇਖਿਆ ਅਤੇ ਗ੍ਰਹਿਣ ਕੀਤਾ।

ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ, ਆਪਣੇ-ਆਪਣੇ ਰਾਜਾਂ ਦੇ ਮੁੱਖ ਮੰਤਰੀਆਂ ਵਜੋਂ ਸੇਵਾ ਕਰਨ ਤੱਕ, ਉਸ ਸਮੇਂ ਤੱਕ ਜਦੋਂ ਸ਼੍ਰੀ ਚੌਹਾਨ ਮੱਧ ਪ੍ਰਦੇਸ਼ ਦੀ ਅਗਵਾਈ ਕਰ ਰਹੇ ਸਨ ਅਤੇ ਸ਼੍ਰੀ ਮੋਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਹੁਣ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਦੇ ਰੂਪ ਵਿੱਚ- ਇਹ ਕਿਤਾਬ ਸਾਂਝੇ ਜਨਤਕ ਜੀਵਨ ਅਤੇ ਵਿਚਾਰਧਾਰਕ ਵਚਨਬੱਧਤਾ ਦੀ ਇੱਕ ਲੰਬੀ ਯਾਤਰਾ ਨੂੰ ਦਰਸਾਉਂਦੀ ਹੈ।

ਘਟਨਾਵਾਂ ਦੀ ਯਾਦ ਤੋਂ ਕਿਤੇ ਵਧ ਕੇ, 'ਅਪਣਾਪਣ' ਵਿਚਾਰਾਂ ਅਤੇ ਕਦਰਾਂ-ਕੀਮਤਾਂ ਦੀ ਇੱਕ ਵੱਡੀ ਯਾਤਰਾ ਪੇਸ਼ ਕਰਦੀ ਹੈ। ਕਹਾਣੀਆਂ, ਅਨੁਭਵਾਂ ਅਤੇ ਪ੍ਰਤੀਬਿੰਬਾਂ ਰਾਹੀਂ, ਇਹ ਕਿਤਾਬ ਅਗਵਾਈ, ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਉਨ੍ਹਾਂ ਸਿਧਾਂਤਾਂ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਦੀਆਂ ਜੜ੍ਹਾਂ ਸੰਗਠਨ, ਸਮਰਪਣ ਅਤੇ ਜਨਤਕ-ਸੰਪਰਕ ਵਿੱਚ ਡੂੰਘਾਈ ਤੱਕ ਜੁੜੀਆਂ ਹੋਈਆਂ ਹਨ।

'ਸੇਵਾ', 'ਅੰਤਯੋਦਯ', 'ਜਨ ਭਾਗੀਦਾਰੀ', 'ਰਾਸ਼ਟਰ ਪਹਿਲਾਂ' ਅਤੇ 'ਲੋਕ ਕਲਿਆਣ' ਵਰਗੀਆਂ ਧਾਰਨਾਵਾਂ ਇਸ ਕਿਤਾਬ ਦੀ ਮੂਲ ਭਾਵਨਾ ਹਨ। ਕਿਤਾਬ ਦੇ ਅਨੁਸਾਰ, ਇਹ ਸਿਧਾਂਤ ਨਾ ਸਿਰਫ਼ ਸੁਸ਼ਾਸਨ ਦੀ ਬੁਨਿਆਦ ਹਨ, ਸਗੋਂ ਜਨਤਕ ਜੀਵਨ ਲਈ ਮਾਰਗਦਰਸ਼ਕ ਆਦਰਸ਼ਾਂ ਵਜੋਂ ਵੀ ਕੰਮ ਕਰਦੇ ਹਨ। ਇਹ ਬਿਰਤਾਂਤ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਦ੍ਰਿੜ੍ਹ ਸੰਕਸਪ, ਸਪਸ਼ਟ ਦ੍ਰਿਸ਼ਟੀਕੋਣ ਅਤੇ ਅਣਥੱਕ ਵਚਨਬੱਧਤਾ ਮਹੱਤਵਾਕਾਂਖੀ ਟੀਚਿਆਂ ਨੂੰ ਹਕੀਕਤ ਵਿੱਚ ਬਦਲ ਸਕਦੀ ਹੈ।

ਇਸ ਕਿਤਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਤਕ ਜੀਵਨ ਦੇ ਵੱਖ-ਵੱਖ ਆਯਾਮਾਂ, ਉਨ੍ਹਾਂ ਦੀਆਂ ਨੀਤੀਗਤ ਪਹਿਲਕਦਮੀਆਂ, ਜ਼ਮੀਨੀ ਪੱਧਰ 'ਤੇ ਉਨ੍ਹਾਂ ਦੇ ਸਫਲ ਲਾਗੂਕਰਨ ਅਤੇ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ' ਦੇ ਮੂਲ ਮੰਤਰ ਨੂੰ ਦਰਸਾਇਆ ਗਿਆ ਹੈ। ਇਹ ਕਿਤਾਬ ਨਾ ਸਿਰਫ ਰਾਜਨੀਤਿਕ ਵਰਕਰਾਂ, ਨੌਜਵਾਨਾਂ, ਮਹਿਲਾਵਾਂ ਅਤੇ ਉੱਦਮੀਆਂ ਲਈ ਸਗੋਂ ਸਮਾਜ ਦੇ ਹਰ ਖੇਤਰ ਦੇ ਪਾਠਕਾਂ ਲਈ ਇੱਕ ਪ੍ਰੇਰਣਾਦਾਇਕ ਹੋਵੇਗੀ।

ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੀ ਬੁਧਨੀ ਤਹਿਸੀਲ ਦੇ ਜੈਤ ਪਿੰਡ ਵਿੱਚ 5 ਮਾਰਚ, 1959 ਨੂੰ ਜਨਮੇ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 15 ਸਾਲ ਦੀ ਉਮਰ ਵਿੱਚ ਰਾਸ਼ਟਰੀ ਸਵਯਮ ਸੇਵਕ ਸੰਘ ਵਿੱਚ ਨਾਲ ਜੁੜੇ, ਜਿੱਥੇ ਉਨ੍ਹਾਂ ਨੇ ਅਨੁਸ਼ਾਸਨ, ਦੇਸ਼ ਭਗਤੀ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕੀਤਾ। 1975 ਵਿੱਚ, ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿੱਚ ਸਰਗਰਮ ਹੋ ਗਏ ਅਤੇ ਬਾਅਦ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹੇ, ਜਿਨ੍ਹਾਂ ਵਿੱਚ ਸੂਬਾ ਪ੍ਰਧਾਨ, ਰਾਸ਼ਟਰੀ ਜਨਰਲ ਸਕੱਤਰ ਅਤੇ ਰਾਸ਼ਟਰੀ ਪ੍ਰਧਾਨ ਸ਼ਾਮਲ ਹਨ।

ਇਨ੍ਹਾਂ ਸਾਲਾਂ ਦੌਰਾਨ, ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਵੀ ਕਈ ਮੁੱਖ ਸੰਗਠਨਾਤਮਕ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਸੂਬਾ ਪ੍ਰਧਾਨ, ਰਾਸ਼ਟਰੀ ਜਨਰਲ ਸਕੱਤਰ, ਰਾਸ਼ਟਰੀ ਉਪ ਪ੍ਰਧਾਨ ਅਤੇ ਸੰਸਦੀ ਬੋਰਡ ਦੇ ਸਕੱਤਰ ਦੇ ਅਹੁਦੇ ਸ਼ਾਮਲ ਹਨ।

ਉਨ੍ਹਾਂ ਦੀ ਚੋਣ ਯਾਤਰਾ 1990 ਵਿੱਚ ਸ਼ੁਰੂ ਹੋਈ ਜਦੋਂ ਉਹ ਬੁਧਨੀ ਤੋਂ ਵਿਧਾਇਕ ਚੁਣੇ ਗਏ। ਇੱਕ ਸਾਲ ਬਾਅਦ, 1991 ਵਿੱਚ, ਉਹ ਵਿਦਿਸ਼ਾ ਤੋਂ ਲੋਕ ਸਭਾ ਲਈ ਚੁਣੇ ਗਏ, ਇਸ ਦੇ ਨਾਲ ਹੀ ਇਸ ਚੋਣ ਖੇਤਰ ਨਾਲ ਉਨ੍ਹਾਂ ਦਾ ਇੱਕ ਲੰਬਾ ਅਤੇ ਸਥਾਈ ਜੁੜਾਅ ਸ਼ੁਰੂ ਹੋਇਆ, ਜਿਸ ਦੇ ਚਲਦੇ ਉਹ ਲਗਾਤਾਰ ਪੰਜ ਵਾਰ ਸੰਸਦ ਲਈ ਚੁਣੇ ਗਏ।

ਨਵੰਬਰ 2005 ਵਿੱਚ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 2005 ਤੋਂ 2018 ਤੱਕ ਅਤੇ ਫਿਰ 2020 ਤੋਂ 2023 ਤੱਕ, ਕੁੱਲ ਚਾਰ ਕਾਰਜਕਾਲ ਤੱਕ ਸੇਵਾ ਨਿਭਾਉਂਦੇ ਹੋਏ, ਉਹ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਵਿਅਕਤੀ ਬਣ ਗਏ।

2024 ਵਿੱਚ, ਉਹ ਇੱਕ ਵਾਰ ਫਿਰ ਵਿਦਿਸ਼ਾ ਤੋਂ ਲੋਕ ਸਭਾ ਲਈ ਚੁਣੇ ਗਏ ਅਤੇ ਵਰਤਮਾਨ ਵਿੱਚ ਭਾਰਤ ਸਰਕਾਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਲਈ ਕੇਂਦਰੀ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ।

*********


 ਆਰਸੀ/ਐੱਮਐੱਸ/ਸ਼ੀਨਮ ਜੈਨ 

 


(Release ID: 2266621) ਵਿਜ਼ੀਟਰ ਕਾਊਂਟਰ : 54