ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਰਕਸ਼ਾ ਖੜਸੇ ਨੇ ਸਾਈ ਐੱਨ.ਈ.ਐੱਚ.ਯੂ. ਸ਼ਿਲਾਂਗ ਦਾ ਦੌਰਾ ਕੀਤਾ; ਅਥਲੀਟਾਂ ਅਤੇ ਕੋਚਾਂ ਨਾਲ ਗੱਲਬਾਤ ਕੀਤੀ, ਖੇਡ ਬੁਨਿਆਦੀ ਢਾਂਚੇ ਦੀ ਸਮੀਖਿਆ ਕੀਤੀ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਨੇ ਐੱਨ.ਈ.ਐੱਚ.ਯੂ. ਸ਼ਿਲਾਂਗ ਦੀ ਸਮਰੱਥਾ ਨੂੰ
ਵਿਸ਼ੇਸ਼ ਅਥਲੀਟਾਂ ਲਈ ਇੱਕ ਉੱਚ-ਉਚਾਈ ਵਾਲੇ ਸਿਖਲਾਈ ਕੇਂਦਰ ਦੇ ਰੂਪ ਵਿੱਚ ਉਜਾਗਰ ਕੀਤਾ
Posted On:
28 MAY 2026 6:03PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਅੱਜ ਸ਼ਿਲਾਂਗ ਵਿੱਚ ਭਾਰਤੀ ਖੇਡ ਅਥਾਰਟੀ (ਸਾਈ) - ਨੋਰਥ ਈਸਟਰਨ ਹਿੱਲ ਯੂਨੀਵਰਸਿਟੀ (ਐੱਨ.ਈ.ਐੱਚ.ਯੂ.) ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਥਲੀਟਾਂ, ਕੋਚਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਕੇਂਦਰ ਵਿੱਚ ਉਪਲਬਧ ਖੇਡ ਬੁਨਿਆਦੀ ਢਾਂਚੇ ਅਤੇ ਸਿਖਲਾਈ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ 'ਫੀਲਡ ਆਫ਼ ਪਲੇਅ' ਦੀਆਂ ਸਹੂਲਤਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਖੇਡਾਂ ਦੇ ਅਥਲੀਟਾਂ ਲਈ ਚੱਲ ਰਹੀਆਂ ਟ੍ਰੇਨਿੰਗ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੋਚਾਂ ਅਤੇ ਨੌਜਵਾਨ ਖਿਡਾਰੀਆਂ ਨਾਲ ਵਿਸਤਾਰ ਵਿੱਚ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
ਕੇਂਦਰੀ ਮੰਤਰੀ ਨੇ ਯਾਤਰਾ ਦੌਰਾਨ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਸਰਗਰਮ ਰੂਪ ਵਿੱਚ ਹਿੱਸਾ ਲਿਆ। ਇਸ ਵਿੱਚ 'ਇੰਡੀਅਨ ਰਾਊਂਡ ਆਰਚਰੀ' (ਤੀਰ-ਅੰਦਾਜ਼ੀ) ਵਿੱਚ ਹੱਥ ਅਜ਼ਮਾਉਣਾ ਅਤੇ ਕੇਂਦਰ ਵਿੱਚ ਮੌਜੂਦ ਅਥਲੀਟਾਂ ਨਾਲ ਫੁੱਟਬਾਲ ਖੇਡਣਾ ਸ਼ਾਮਲ ਸੀ। ਅਜਿਹਾ ਕਰਕੇ ਉਨ੍ਹਾਂ ਨੇ ਖੇਡਾਂ ਵਿੱਚ ਭਾਗੀਦਾਰੀ ਅਤੇ ਜ਼ਮੀਨੀ ਪੱਧਰ 'ਤੇ ਜੁੜਾਅ ਦੇ ਮਹੱਤਵ ਨੂੰ ਉਜਾਗਰ ਕੀਤਾ।
ਰਕਸ਼ਾ ਖੜਸੇ ਨੇ ਕਿਹਾ ਕਿ ਖੇਡਾਂ, ਆਤਮ-ਵਿਸ਼ਵਾਸ ਨਾਲ ਭਰੇ, ਅਨੁਸ਼ਾਸਿਤ ਅਤੇ ਮਜ਼ਬੂਤ ਨੌਜਵਾਨਾਂ ਨੂੰ ਘੜਨ ਵਿੱਚ ਇੱਕ ਬਦਲਾਅ ਲਿਆਉਣ ਵਾਲੀ ਭੂਮਿਕਾ ਨਿਭਾਉਂਦੀਆਂ ਹਨ। ਨਾਲ ਹੀ ਉਹ ਸਮਾਜਿਕ ਵਿਕਾਸ ਅਤੇ ਰਾਸ਼ਟਰੀ ਤਰੱਕੀ ਦੇ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਦੇ ਰੂਪ ਵਿੱਚ ਵੀ ਕੰਮ ਕਰਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਖੇਡ ਪ੍ਰਤਿਭਾ ਦੀ ਅਪਾਰ ਸਮਰੱਥਾ ਹੈ ਅਤੇ ਖੇਡਾਂ ਵਿੱਚ ਭਾਗੀਦਾਰੀ ਦਾ ਇੱਕ ਮਜ਼ਬੂਤ ਸੱਭਿਆਚਾਰ ਹੈ। ਇਹ ਜ਼ਰੂਰੀ ਹੈ ਕਿ ਅਸੀਂ ਬੁਨਿਆਦੀ ਢਾਂਚੇ, ਕੋਚਿੰਗ ਸਹਾਇਤਾ ਅਤੇ ਅਥਲੀਟਾਂ ਦੇ ਵਿਕਾਸ ਦੇ ਰਸਤਿਆਂ ਨੂੰ ਲਗਾਤਾਰ ਮਜ਼ਬੂਤ ਕਰਦੇ ਰਹੀਏ ਤਾਂ ਜੋ ਇਸ ਖੇਤਰ ਦੇ ਹੋਰ ਵੀ ਨੌਜਵਾਨ ਅਥਲੀਟ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ।”
ਸਾਈ ਐੱਨ.ਈ.ਐੱਚ.ਯੂ. ਸ਼ਿਲਾਂਗ ਕੇਂਦਰ ਦੇ ਵਿਲੱਖਣ ਫ਼ਾਇਦਿਆਂ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾਨ ਵਿੱਚ ਉੱਤਮ ਅਥਲੀਟਾਂ ਲਈ ਇੱਕ ਮਹੱਤਵਪੂਰਨ ਉੱਚ-ਉਚਾਈ ਵਾਲੇ ਸਿਖਲਾਈ ਕੇਂਦਰ ਦੇ ਰੂਪ ਵਿੱਚ ਉੱਭਰਨ ਦੀ ਕਾਫੀ ਸਮਰੱਥਾ ਹੈ।
ਉਨ੍ਹਾਂ ਨੇ ਕਿਹਾ ਕਿ “ਇਸ ਕੇਂਦਰ ਵਿੱਚ ਕੁਦਰਤੀ ਸੁੰਦਰਤਾ, ਸ਼ਾਂਤ ਵਾਤਾਵਰਨ ਅਤੇ ਖੁਸ਼ਗਵਾਰ ਮੌਸਮ ਦੇ ਕਾਰਨ ਉੱਤਮ ਅਥਲੀਟਾਂ ਨੂੰ ਸਿਖਲਾਈ ਦੇਣ ਦੀ ਜ਼ਬਰਦਸਤ ਸਮਰੱਥਾ ਹੈ। ਲਗਾਤਾਰ ਵਿਕਾਸ ਅਤੇ ਸਹਿਯੋਗ ਨਾਲ ਸਾਈ ਐੱਨ.ਈ.ਐੱਚ.ਯੂ. ਸ਼ਿਲਾਂਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਅਥਲੀਟਾਂ ਲਈ ਇੱਕ ਮਹੱਤਵਪੂਰਨ ਉੱਚ-ਉਚਾਈ ਵਾਲਾ ਸਿਖਲਾਈ ਕੇਂਦਰ ਬਣ ਸਕਦਾ ਹੈ।”

ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾ ਕੇਵਲ ਸਰੀਰਕ ਫਿਟਨੈੱਸ ਅਤੇ ਮੁਕਾਬਲੇਬਾਜ਼ੀ ਦੀ ਉੱਤਮਤਾ ਨੂੰ ਹੁਲਾਰਾ ਦਿੰਦੀਆਂ ਹਨ, ਬਲਕਿ ਨੌਜਵਾਨਾਂ ਵਿੱਚ ਲੀਡਰਸ਼ਿਪ ਸਮਰੱਥਾ, ਟੀਮ ਵਰਕ ਅਤੇ ਸਕਾਰਾਤਮਕ ਸਮਾਜਿਕ ਜੁੜਾਅ ਵਿਕਸਿਤ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।
ਇਸ ਦੌਰੇ ਦੌਰਾਨ ਭਾਰਤੀ ਖੇਡ ਅਥਾਰਟੀ ਦੇ ਸਹਾਇਕ ਡਾਇਰੈਕਟਰ ਰਜਨੀਸ਼ ਮਿਸ਼ਰਾ, ਮੇਘਾਲਿਆ ਓਲੰਪਿਕ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜੌਨ ਖਾਰਸ਼ਿੰਗ ਅਤੇ ਹੋਰ ਅਧਿਕਾਰੀ, ਕੋਚ ਅਤੇ ਸਹਾਇਕ ਸਟਾਫ ਹਾਜ਼ਰ ਸਨ।
ਇਹ ਦੌਰਾ ਉੱਤਰ-ਪੂਰਬੀ ਖੇਤਰ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ, ਅਥਲੀਟਾਂ ਲਈ ਸਹਾਇਤਾ ਪ੍ਰਣਾਲੀਆਂ ਅਤੇ ਜ਼ਮੀਨੀ ਪੱਧਰ 'ਤੇ ਖੇਡਾਂ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੇ ਨਿਰੰਤਰ ਯਤਨਾਂ ਦਾ ਇੱਕ ਹਿੱਸਾ ਹੈ।
************
ਆਯੁਸ਼ਮਾਨ ਕੁਮਾਰ
(Release ID: 2266592)
ਵਿਜ਼ੀਟਰ ਕਾਊਂਟਰ : 4