ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਨਵੀਂ ਦਿੱਲੀ ਵਿੱਚ ਐੱਨਬੀਈਐੱਮਐੱਸ (NBEMS) ਦੇ 23ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਸਿਹਤਮੰਦ ਭਾਰਤ ਇੱਕ ਵਿਕਸਿਤ ਭਾਰਤ 2047 ਦੀ ਨੀਂਹ ਹੈ: ਸ਼੍ਰੀ ਜੇ.ਪੀ. ਨੱਡਾ

ਮੈਡੀਕਲ ਸਿੱਖਿਆ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਸਮਾਜ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਹੈ: ਕੇਂਦਰੀ ਸਿਹਤ ਮੰਤਰੀ

2029 ਤੱਕ 75,000 ਹੋਰ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਜੋੜੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਪਿਛਲੇ ਦੋ ਵਰ੍ਹਿਆਂ ਵਿੱਚ ਮੈਡੀਕਲ ਸਿੱਖਿਆ ਵਿੱਚ 23,000 ਸੀਟਾਂ ਪਹਿਲਾਂ ਹੀ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ

ਐੱਨਬੀਈਐੱਮਐੱਸ ਦੇ 23ਵੇਂ ਕਨਵੋਕੇਸ਼ਨ ਦੌਰਾਨ 26,396 ਉਮੀਦਵਾਰਾਂ ਨੂੰ DNB, DrNB, ਡਿਪਲੋਮਾ ਅਤੇ FNB ਯੋਗਤਾਵਾਂ ਪ੍ਰਦਾਨ ਕੀਤੀਆਂ ਗਈਆਂ

ਐੱਨਬੀਈਐੱਮਐੱਸ ਦੇ 137 ਟੌਪ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਸੋਨੇ ਦੇ ਤਗਮੇ ਪ੍ਰਦਾਨ ਕੀਤੇ ਗਏ

ਕੇਂਦਰੀ ਸਿਹਤ ਮੰਤਰੀ ਨੇ ਐੱਨਬੀਈਐੱਮਐੱਸ ਦੇ 23ਵੇਂ ਕਨਵੋਕੇਸ਼ਨ ਵਿੱਚ 11 ਨਵੇਂ ਅਕਾਦਮਿਕ ਕੋਰਸ ਅਤੇ ਵਨ ਨੇਸ਼ਨ ਵਨ ਸਬਸਕ੍ਰਿੱਪਸ਼ਨ (ONOS) ਪਹਿਲਕਦਮੀ ਦੀ ਸ਼ੁਰੂਆਤ ਕੀਤੀ।

Posted On: 23 MAY 2026 7:09PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (NBEMS) ਦੇ 23ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਐੱਨਬੀਈਐੱਮਐੱਸ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਕਿਹਾ ਕਿ ਕਨਵੋਕੇਸ਼ਨ ਸਿਰਫ਼ ਡਿਗਰੀਆਂ ਪ੍ਰਦਾਨ ਕਰਨ ਦਾ ਸਮਾਰੋਹ ਨਹੀਂ ਹੈ, ਸਗੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਸਮਰਪਣ, ਲਗਨ ਅਤੇ ਸਖ਼ਤ ਮਿਹਨਤ ਦਾ ਜਸ਼ਨ ਹੈ ਜਿਨ੍ਹਾਂ ਨੇ ਗ੍ਰੈਜੂਏਟ ਹੋ ਰਹੇ ਮੈਡੀਕਲ ਪੇਸ਼ੇਵਰਾਂ ਦੀ ਸਫਲਤਾ ਵਿੱਚ ਅਣਮੁੱਲ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਗ੍ਰੈਜੂਏਟ ਹੋਣ ਵਾਲੇ ਉਮੀਦਵਾਰਾਂ ਨਾਲ ਜੁੜੇ ਹਰੇਕ ਪਰਿਵਾਰ, ਸਲਾਹਕਾਰ ਅਤੇ ਸੰਸਥਾ ਲਈ ਮਾਣ ਵਾਲਾ ਪਲ ਹੈ।

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਉਭਰ ਰਹੇ ਮਾਹਿਰਾਂ ਦਾ ਸਨਮਾਨ ਕਰਕੇ, ਭਾਰਤ ਆਪਣੀ ਸਿਹਤ ਸੰਭਾਲ ਪ੍ਰਣਾਲੀ ਦੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨੌਜਵਾਨ ਡਾਕਟਰਾਂ ਦੀ ਮੁਹਾਰਤ, ਨਵੀਨਤਾ ਅਤੇ ਵਚਨਬੱਧਤਾ ਦੇਸ਼ ਦੀਆਂ ਸਿਹਤ ਸੰਭਾਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਦੇਸ਼ ਭਰ ਵਿੱਚ ਸਿਹਤ ਸੰਭਾਲ ਪ੍ਰਦਾਨ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਭਾਰਤ ਇੱਕ ਵਿਕਸਿਤ ਅਤੇ ਸਵੈ-ਨਿਰਭਰ ਰਾਸ਼ਟਰ ਦੀ ਨੀਂਹ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੰਗੀ ਸਿਹਤ ਰਾਸ਼ਟਰੀ ਤਰੱਕੀ ਅਤੇ ਟਿਕਾਊ ਵਿਕਾਸ ਦਾ ਇੱਕ ਮੁੱਖ ਥੰਮ੍ਹ ਹੈ ਅਤੇ ਇੱਕ ਸਵੈ-ਨਿਰਭਰ ਭਾਰਤ ਬਣਾਉਣ ਲਈ ਇੱਕ ਮਜ਼ਬੂਤ ​​ਸਿਹਤ ਸੰਭਾਲ ਪ੍ਰਣਾਲੀ ਜ਼ਰੂਰੀ ਹੈ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਹਤ ਸੰਭਾਲ ਸਿਰਫ਼ ਭੌਤਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਬਾਰੇ ਨਹੀਂ ਹੈ ਸਗੋਂ ਇਸ ਵਿੱਚ ਹੁਨਰਮੰਦ ਅਤੇ ਹਮਦਰਦ ਡਾਕਟਰਾਂ ਦਾ ਵਿਕਾਸ ਵੀ ਸ਼ਾਮਲ ਹੈ, ਜੋ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੇ ਕਿਹਾ "ਨੀਤੀ ਨਿਰਮਾਤਾਵਾਂ ਦੇ ਤੌਰ 'ਤੇ, ਅਸੀਂ ਬੁਨਿਆਦੀ ਢਾਂਚੇ ਅਤੇ ਪ੍ਰਣਾਲੀਆਂ ਨੂੰ ਬਿਹਤਰ ਬਣਾ ਸਕਦੇ ਹਾਂ, ਪਰ ਜੇਕਰ ਇਮਾਰਤਾਂ ਹਾਰਡਵੇਅਰ ਹਨ, ਤਾਂ ਡਾਕਟਰ ਸਿਹਤ ਸੰਭਾਲ ਦਾ ਅਸਲ ਸਾਫਟਵੇਅਰ ਹਨ।"

ਕੇਂਦਰੀ ਸਿਹਤ ਮੰਤਰੀ ਨੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਐੱਨਬੀਈਐੱਮਐੱਸ ਦੀਆਂ ਯੋਗਤਾਵਾਂ ਮੈਡੀਕਲ ਸਿੱਖਿਆ ਵਿੱਚ ਗੁਣਵੱਤਾ, ਉੱਤਮਤਾ ਅਤੇ ਵਿਸ਼ਵਾਸ ਦੇ ਪ੍ਰਤੀਕ ਵਜੋਂ ਉਭਰੀਆਂ ਹਨ। ਉਨ੍ਹਾਂ ਕਿਹਾ ਕਿ ਐਨਬੀਈਐੱਮਐੱਸ ਅੱਜ ਮਰੀਜ਼ਾਂ ਦੀ ਦੇਖਭਾਲ ਅਤੇ ਪੇਸ਼ੇਵਰ ਉੱਤਮਤਾ ਲਈ ਸਮਰਪਿਤ ਉੱਚ ਯੋਗਤਾ ਪ੍ਰਾਪਤ ਮੈਡੀਕਲ ਮਾਹਿਰ ਪੈਦਾ ਕਰਨ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ।

ਇਸ ਮੌਕੇ 'ਤੇ, ਉਨ੍ਹਾਂ ਨੇ ਐੱਨਬੀਈਐੱਮਐੱਸ ਦੁਆਰਾ ਸ਼ੁਰੂ ਕੀਤੇ ਗਏ 11 ਨਵੇਂ ਅਕਾਦਮਿਕ ਕੋਰਸਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ, ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ​​ਕਰਨ ਅਤੇ ਸਮੁੱਚੇ ਸਮਾਜ ਨੂੰ ਲਾਭ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਐੱਨਬੀਈਐੱਮਐੱਸ ਕੋਰਸ ਸੰਚਾਲਿਤ ਕਰਨ ਵਾਲੀਆਂ ਸੰਸਥਾਵਾਂ ਵਿੱਚ 'ਵਨ ਨੇਸ਼ਨ ਵਨ ਸਬਸਕ੍ਰਿਪਸ਼ਨ' (ONOS) ਪਹਿਲਕਦਮੀ ਨੂੰ ਲਾਗੂ ਕਰਨ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਅਕਾਦਮਿਕ ਸਰੋਤਾਂ ਅਤੇ ਸਿੱਖਣ ਦੇ ਮੌਕਿਆਂ ਤੱਕ ਵਿਆਪਕ ਪਹੁੰਚ ਯਕੀਨੀ ਬਣਾਉਣ ਲਈ ਐੱਨਬੀਈਐੱਮਐੱਸ ਨੂੰ ਵਧਾਈ ਦਿੱਤੀ।

ਕੇਂਦਰੀ ਸਿਹਤ ਮੰਤਰੀ ਨੇ ਦੁਹਰਾਇਆ ਕਿਨਬੀਈਐੱਮਐੱਸ ਹੁਨਰਮੰਦ ਅਤੇ ਸਮਰਪਿਤ ਸਿਹਤ ਪੇਸ਼ੇਵਰ ਤਿਆਰ ਕਰਕੇ ਦੇਸ਼ ਵਿੱਚ ਮੈਡੀਕਲ ਸਿੱਖਿਆ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ​​ਕਰਨ ਵਿੱਚ ਲਗਾਤਾਰ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

ਪਿਛਲੇ ਦਹਾਕੇ ਦੌਰਾਨ ਮੈਡੀਕਲ ਸਿੱਖਿਆ ਦੇ ਪਰਿਵਰਤਨਸ਼ੀਲ ਵਿਸਥਾਰ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ, ਭਾਰਤ ਨੇ ਸਿਹਤ ਸੰਭਾਲ ਪ੍ਰਣਾਲੀ ਅਤੇ ਡਾਕਟਰੀ ਸੰਸਥਾਵਾਂ ਵਿੱਚ ਬੇਮਿਸਾਲ ਵਿਕਾਸ ਦੇਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ 20ਵੀਂ ਸਦੀ ਦੇ ਅੰਤ ਤੱਕ ਦੇਸ਼ ਵਿੱਚ ਸਿਰਫ਼ ਇੱਕ ਏਮਸ ਸੀ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਛੇ ਹੋਰ ਏਮਸ ਸਥਾਪਿਤ ਕੀਤੇ ਗਏ ਸਨ। ਉਦੋਂ ਤੋਂ, 16 ਨਵੇਂ ਏਮਸ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਦੇਸ਼ ਭਰ ਵਿੱਚ ਕੁੱਲ ਗਿਣਤੀ 23 ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਹੁਣ ਸਾਰੇ ਏਮਸ ਸੰਸਥਾਵਾਂ ਨੂੰ ਏਮਸ ਨਵੀਂ ਦਿੱਲੀ ਦੇ ਮਿਆਰਾਂ ਅਨੁਸਾਰ ਮਜ਼ਬੂਤ ​​ਕਰਨ 'ਤੇ ਕੇਂਦ੍ਰਿਤ ਹੈ, ਨਾਲ ਹੀ ਇਨ੍ਹਾਂ ਪ੍ਰਮੁੱਖ ਸੰਸਥਾਵਾਂ ਨੂੰ ਦੇਸ਼ ਭਰ ਦੇ ਹੋਰ ਮੈਡੀਕਲ ਕਾਲਜਾਂ ਅਤੇ ਸਿਹਤ ਸੰਸਥਾਵਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਯੋਗ ਬਣਾਉਣ 'ਤੇ ਕੇਂਦ੍ਰਿਤ ਹੈ।

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 818 ਹੋ ਗਈ ਹੈ, ਜਦੋਂ ਕਿ ਅੰਡਰਗ੍ਰੈਜੂਏਟ ਮੈਡੀਕਲ ਸੀਟਾਂ ਦੀ ਗਿਣਤੀ ਲਗਭਗ 1.28 ਲੱਖ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ, ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਦੀ ਗਿਣਤੀ ਲਗਭਗ 31,000 ਤੋਂ ਵਧ ਕੇ ਲਗਭਗ 85,000 ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਗਲੇ ਪੰਜ ਵਰ੍ਹਿਆਂ ਵਿੱਚ 75,000 ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਦੇ ਵਾਧੇ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ ਲਗਭਗ 23,000 ਸੀਟਾਂ ਪਿਛਲੇ ਦੋ ਸਾਲਾਂ ਵਿੱਚ ਪਹਿਲਾਂ ਹੀ ਸਿਰਜਿਤ ਕੀਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਵਧਾਉਣ ਲਈ 2026 ਤੋਂ 2029 ਦੀ ਮਿਆਦ ਲਈ ਲਗਭਗ 15,000 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ।

ਕੇਂਦਰੀ ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੈਡੀਕਲ ਸਿੱਖਿਆ ਸਿਰਫ਼ ਇੱਕ ਅਧਿਕਾਰ ਨਹੀਂ ਹੈ, ਸਗੋਂ ਸਰਕਾਰ, ਸਿੱਖਿਅਕਾਂ, ਸੰਸਥਾਵਾਂ ਅਤੇ ਸਮਾਜ ਦੇ ਸਾਂਝੇ ਯਤਨਾਂ ਦੁਆਰਾ ਸੰਭਵ ਹੋਇਆ ਇੱਕ ਵਿਸ਼ੇਸ਼ ਅਧਿਕਾਰ ਹੈ। ਉਨ੍ਹਾਂ ਨੇ ਗ੍ਰੈਜੂਏਟ ਡਾਕਟਰਾਂ ਨੂੰ ਹਮਦਰਦੀ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਸਮਾਜ ਦੀ ਸੇਵਾ ਕਰਨ ਦੀ ਤਾਕੀਦ ਕੀਤੀ।

ਨੌਜਵਾਨ ਮਾਹਿਰਾਂ ਨੂੰ ਮੈਡੀਕਲ ਸਿੱਖਿਆ ਅਤੇ ਅਕਾਦਮਿਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਪੇਸ਼ੇਵਰ ਜੀਵਨ ਦੌਰਾਨ ਨਿਰੰਤਰ ਸਿੱਖਣ ਲਈ ਵਚਨਬੱਧ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਮੈਡੀਕਲ ਅਭਿਆਸ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਪ੍ਰਭਾਵਸ਼ਾਲੀ ਸੰਚਾਰ ਹੁਨਰਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਇੱਕ ਸੰਪੂਰਨ ਸਿਹਤ ਸੰਭਾਲ ਪਹੁੰਚ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਿਹਤ ਪ੍ਰਣਾਲੀ ਨੂੰ ਇਲਾਜ ਸਬੰਧੀ ਦੇਖਭਾਲ ਦੇ ਨਾਲ-ਨਾਲ ਰੋਕਥਾਮ ਅਤੇ ਪ੍ਰਮੋਸ਼ਨਲ ਸਿਹਤ ਸੰਭਾਲ ਸੇਵਾਵਾਂ 'ਤੇ ਵਧੇਰੇ ਧਿਆਨ ਕੇਂਦ੍ਰਿਤ  ਕਰਨਾ ਚਾਹੀਦਾ ਹੈ। ਖਾਸ ਤੌਰ 'ਤੇ ਗੈਰ-ਸੰਚਾਰੀ ਬਿਮਾਰੀਆਂ (NCDs) ਦੀਆਂ ਵਧਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜੀਵਨ ਸ਼ੈਲੀ ਦੇ ਕਾਰਕ ਪ੍ਰਮੁੱਖ ਜਨਤਕ ਸਿਹਤ ਚੁਣੌਤੀਆਂ ਵਜੋਂ ਉੱਭਰ ਰਹੇ ਹਨ। ਇਸ ਲਈ, ਸਿਹਤ ਪੇਸ਼ੇਵਰਾਂ ਨੂੰ ਨਾਗਰਿਕਾਂ ਵਿੱਚ ਜਾਗਰੂਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਗ੍ਰੈਜੂਏਟ ਡਾਕਟਰਾਂ ਨੂੰ ਆਪਣੇ ਕਰੀਅਰ ਦੌਰਾਨ ਸਿੱਖਣ ਦੀ ਭਾਵਨਾ ਅਤੇ ਬੌਧਿਕ ਉਤਸੁਕਤਾ ਨੂੰ ਹਮੇਸ਼ਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕੀਤੀ ਅਤੇ ਕਿਹਾ ਕਿ ਡਾਕਟਰੀ ਪੇਸ਼ੇ ਵਿੱਚ ਉੱਤਮਤਾ ਲਈ ਜੀਵਨ ਭਰ ਸਿੱਖਣਾ ਜ਼ਰੂਰੀ ਹੈ।

ਇਹ ਕਨਵੋਕੇਸ਼ਨ ਦੇਸ਼ ਭਰ ਦੇ ਹਜ਼ਾਰਾਂ ਡਾਕਟਰਾਂ ਲਈ ਇੱਕ ਮਹੱਤਵਪੂਰਨ ਅਕਾਦਮਿਕ ਅਤੇ ਪੇਸ਼ੇਵਰ ਮੀਲ ਪੱਥਰ ਸੀ ਜਿਨ੍ਹਾਂ ਨੇ ਐੱਨਬੀਈਐੱਮਐੱਸ ਦੁਆਰਾ ਕਰਵਾਏ ਗਏ ਵੱਖ-ਵੱਖ ਪੋਸਟ ਗ੍ਰੈਜੂਏਟ ਅਤੇ ਪੋਸਟ-ਡਾਕਟੋਰਲ ਮੈਡੀਕਲ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ।

ਸਮਾਰੋਹ ਦੌਰਾਨ, 26,396 ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੀ ਅਕਾਦਮਿਕ ਉੱਤਮਤਾ, ਕਲੀਨਿਕਲ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਦੇ ਸਨਮਾਨ ਵਿੱਚ DNB, DrNB, ਡਿਪਲੋਮਾ ਅਤੇ FNB ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਬੇਮਿਸਾਲ ਯੋਗਤਾ ਅਤੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ, ਐੱਨਬੀਈਐੱਮਐੱਸ ਫਾਈਨਲ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਵਿਸ਼ੇਸ਼ਤਾਵਾਂ ਦੇ 137 ਚੋਟੀ ਦੇ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ 'ਤੇ ਗੋਲਡ ਮੈਡਲ ਪ੍ਰਦਾਨ ਕੀਤੇ ਗਏ।

ਇਸ ਸਮਾਗਮ ਦੌਰਾਨ, ਕੇਂਦਰੀ ਸਿਹਤ ਮੰਤਰੀ ਨੇ ਦੇਸ਼ ਭਰ ਵਿੱਚ ਵਿਸ਼ੇਸ਼ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ​​ਕਰਨ ਅਤੇ ਮਿਆਰੀ ਮਰੀਜ਼ਾਂ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 11 ਨਵੇਂ ਅਕਾਦਮਿਕ ਕੋਰਸ ਵੀ ਲਾਂਚ ਕੀਤੇ

ਇਸ ਮੌਕੇ ਸਰਕਾਰ ਦੁਆਰਾ ਪ੍ਰਵਾਨਿਤ 'ਵਨ ਨੇਸ਼ਨ ਵਨ ਸਬਸਕ੍ਰਿਪਸ਼ਨ' (ONOS) ਪਹਿਲਕਦਮੀ ਦੀ ਸ਼ੁਰੂਆਤ ਵੀ ਕੀਤੀ ਗਈ, ਜੋ ਕਿ ਇੱਕ ਆਤਮ-ਨਿਰਭਰ ਭਾਰਤ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਭਰ ਦੇ ਵਿਦਿਆਰਥੀਆਂ, ਫੈਕਲਟੀ ਅਤੇ ਖੋਜਕਰਤਾਵਾਂ ਨੂੰ ਉੱਚ-ਗੁਣਵੱਤਾ ਵਾਲੇ ਖੋਜ ਲੇਖਾਂ, ਰਸਾਲਿਆਂ ਅਤੇ ਅਕਾਦਮਿਕ ਪ੍ਰਕਾਸ਼ਨਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ, ਜਿਸ ਨਾਲ ਗੁਣਵੱਤਾ ਵਾਲੇ ਅਕਾਦਮਿਕ ਸਰੋਤਾਂ ਤੱਕ ਬਰਾਬਰ ਪਹੁੰਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਮੈਡੀਕਲ ਸਿੱਖਿਆ ਵਿੱਚ ਖੋਜ ਵਾਤਾਵਰਣ ਨੂੰ ਮਜ਼ਬੂਤ ​​ਬਣਾਇਆ ਜਾ ਸਕੇ।

ਇਸ ਸਮਾਗਮ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ, ਐੱਨਬੀਈਐੱਮਐੱਸ ਦੇ ਪ੍ਰਧਾਨ ਡਾ. ਅਭਿਜਾਤ ਸੇਠ , ਐੱਨਬੀਈਐੱਮਐੱਸ ਦੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਮਾਪੇ ਵੀ ਮੌਜੂਦ ਸਨ।

************

ਐੱਸਆਰ/ਏਕੇ


(Release ID: 2264982) ਵਿਜ਼ੀਟਰ ਕਾਊਂਟਰ : 6