ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਮੁੱਖ ਮੰਤਰੀ ਸ਼੍ਰੀ ਸੁਵੇਂਦੂ ਅਧਿਕਾਰੀ ਨਾਲ ਇੱਕ ਵਰਚੁਅਲ ਮੀਟਿੰਗ ਦੌਰਾਨ ਪੱਛਮ ਬੰਗਾਲ ਦੀਆਂ ਸਿਹਤ ਸੰਭਾਲ ਪ੍ਰਣਾਲੀਆਂ ਦੀ ਸਮੀਖਿਆ ਕੀਤੀ
ਰਾਜ ਵਿੱਚ ਐਨਐੱਚਐੱਮ, ਪੀਐੱਮ- ਏਬੀਐੱਚਆਈਐੱਮ ਅਤੇ ਹੋਰ ਪ੍ਰਮੁੱਖ ਸਿਹਤ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਕੇਂਦਰੀ ਸਿਹਤ ਮੰਤਰੀ ਨੇ ਪੱਛਮ ਬੰਗਾਲ ਨੂੰ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰਾ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ
ਪੱਛਮ ਬੰਗਾਲ ਲਈ ਐਨਐੱਚਐੱਮ ਅਧੀਨ ਅਲਾਟ ਕੀਤੇ ਗਏ 3,505.59 ਕਰੋੜ ਰੁਪਏ ਵਿੱਚੋਂ ਪਹਿਲੀ ਕਿਸ਼ਤ ਵਜੋਂ 527.58 ਕਰੋੜ ਰੁਪਏ ਜਾਰੀ ਕੀਤੇ ਗਏ
ਸ਼੍ਰੀ ਨੱਡਾ ਨੇ ਜਨਤਕ ਭਾਗੀਦਰੀ ਨਾਲ ਪੱਛਮ ਬੰਗਾਲ ਵਿੱਚ ਦੇਸ਼ ਵਿਆਪੀ ਐੱਚਪੀਵੀ ਟੀਕਾਕਰਣ ਮੁਹਿੰਮ ਅਤੇ ਟੀਬੀ ਮੁਕਤ ਭਾਰਤ ਅਭਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ
ਪੱਛਮ ਬੰਗਾਲ ਵਿੱਚ ਆਯੁਸ਼ਮਾਨ ਭਾਰਤ PM-JAY ਨੂੰ ਲਾਗੂਕਰਨ, ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਟੀਕਾਕਰਣ, ਮਾਂ ਅਤੇ ਬੱਚੇ ਦੀ ਸਿਹਤ ਅਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਲਈ ਸਮਝੌਤਿਆਂ 'ਤੇ ਹਸਤਾਖਰ ਕਰਨ ਸਬੰਧੀ ਮਹੱਤਵਪੂਰਨ ਚਰਚਾ ਕੀਤੀ ਗਈ
ਕੇਂਦਰ ਅਤੇ ਪੱਛਮ ਬੰਗਾਲ ਨੇ ਜਨਤਕ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਸਾਰਿਆਂ ਲਈ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਹਿਯੋਗੀ ਯਤਨਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ
Posted On:
23 MAY 2026 5:04PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਪੱਛਮ ਬੰਗਾਲ ਦੇ ਮਾਣਯੋਗ ਮੁੱਖ ਮੰਤਰੀ, ਸ਼੍ਰੀ ਸੁਵੇਂਦੂ ਅਧਿਕਾਰੀ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਮੁੱਖ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਰਾਸ਼ਟਰੀ ਸਿਹਤ ਮਿਸ਼ਨ (ਐਨਐੱਚਐੱਮ), ਪੀਐੱਮ-ਏਬੀਐੱਚਆਈਐੱਮ ਅਤੇ ਹੋਰ ਪ੍ਰਮੁੱਖ ਯੋਜਨਾਵਾਂ ਅਧੀਨ ਫੰਡਾਂ ਦੀ ਪ੍ਰਭਾਵਸ਼ਾਲੀ ਵਰਤੋਂ 'ਤੇ ਚਰਚਾ ਕੀਤੀ ਗਈ।
ਇਹ ਵਿਚਾਰ-ਵਟਾਂਦਰੇ ਸਿਹਤ ਸੰਭਾਲ ਬੁਨਿਆਦੀ ਢਾਂਚੇ, ਟੀਕਾਕਰਣ, ਮਾਵਾਂ ਅਤੇ ਬੱਚਿਆਂ ਦੀ ਸਿਹਤ ਪਹਿਲਕਦਮੀਆਂ, ਟੀਬੀ ਅਤੇ ਹੋਰ ਵੈਕਟਰ-ਜਨਿਤ ਬਿਮਾਰੀਆਂ ਦੇ ਖਾਤਮੇ, ਗੈਰ-ਸੰਚਾਰੀ ਬਿਮਾਰੀਆਂ (NCDs) ਦੀ ਸ਼ੁਰੂਆਤੀ ਜਾਂਚ ਅਤੇ ਨਿਦਾਨ ਅਤੇ ਸਾਰੀਆਂ ਜਨਤਕ ਸਿਹਤ ਸਹੂਲਤਾਂ 'ਤੇ ਦਵਾਈਆਂ ਅਤੇ ਡਾਇਗਨੌਸਟਿਕ ਉਪਕਰਣਾਂ ਦੀ ਉਪਲਬਧਤਾ ਰਾਹੀਂ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਪ੍ਰਾਪਤ ਕਰਨ 'ਤੇ ਕੇਂਦ੍ਰਿਤ ਸਨ।
ਫੰਡਾਂ ਦੀ ਸਮੇਂ ਸਿਰ ਵਰਤੋਂ, ਸਿਹਤ ਸੰਭਾਲ ਡਿਲੀਵਰੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਬਿਹਤਰ ਪ੍ਰੋਗਰਾਮ ਨਿਗਰਾਨੀ ਅਤੇ ਰਾਜ ਭਰ ਵਿੱਚ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ, ਵਿੱਤੀ ਸਾਲ 2026-27 ਲਈ ਕੁੱਲ 3505.59 ਕਰੋੜ ਰੁਪਏ ਦੇ ਸਰੋਤ ਅਲਾਟਮੈਂਟ ਨੂੰ ਰਾਜ ਨੂੰ ਕਨਵੇਅ ਕੀਤੇ ਗਏ। ਇਸ ਅਲਾਟਮੈਂਟ ਵਿੱਚੋਂ, ਅੱਜ ਰਾਜ ਨੂੰ 527.58 ਕਰੋੜ ਰੁਪਏ ਦੀ ਪਹਿਲੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਰਾਜ ਨੂੰ ਪੀਐੱਮ-ਏਬੀਐੱਚਆਈਐੱਮ ਅਤੇ 15ਵੇਂ ਵਿੱਤ ਕਮਿਸ਼ਨ-ਸਿਹਤ ਗ੍ਰਾਂਟਾਂ ਦੇ ਤਹਿਤ ਰਾਜ ਕੋਲ ਉਪਲਬਧ ਫੰਡਾਂ ਦੀ ਵਰਤੋਂ ਵਿੱਚ ਤੇਜ਼ੀ ਲਿਆਉਣ ਲਈ ਵੀ ਸੂਚਿਤ ਕੀਤਾ ਗਿਆ।
ਮੀਟਿੰਗ ਵਿੱਚ ਬਿਹਤਰ ਰੈਗੂਲੇਟਰੀ ਨਿਗਰਾਨੀ, ਡਾਇਗਨੌਸਟਿਕ ਅਤੇ ਸਪਲਾਈ ਚੇਨ ਪ੍ਰਣਾਲੀਆਂ ਰਾਹੀਂ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ-ਅਧਾਰਿਤ ਸਿਹਤ ਹੱਲਾਂ ਨੂੰ ਉਤਸ਼ਾਹਿਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਤੀਬਰ ਟੈਸਟਿੰਗ, ਇਲਾਜ ਦੀ ਪਾਲਣਾ ਅਤੇ ਜ਼ਿਲ੍ਹਾ-ਪੱਧਰੀ ਨਿਗਰਾਨੀ ਨੂੰ ਤਰਜੀਹ ਦੇ ਕੇ ਰਾਜ ਵਿੱਚ ਲਾਗੂ ਕੀਤੀ ਜਾ ਰਹੀ ਟੀਬੀ ਮੁਕਤ ਭਾਰਤ ਮੁਹਿੰਮ ਨੂੰ ਤੇਜ਼ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਰਾਜ ਵਿੱਚ ਜਲਦੀ ਤੋਂ ਜਲਦੀ ਐੱਚਪੀਵੀ ਟੀਕਾਕਰਣ ਸ਼ੁਰੂ ਕਰਨ ਦੀ ਜ਼ਰੂਰਤ ਦਾ ਵੀ ਜ਼ਿਕਰ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਸ਼੍ਰੀ ਨੱਡਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁੱਖ ਜਨਤਕ ਸਿਹਤ ਸੂਚਕਾਂ ਜਿਵੇਂ ਕਿ ਮਾਤ੍ਰ ਮੌਤ ਦਰ (MMR), ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (U5MR), ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ (NMR) ਨੂੰ ਬਿਹਤਰ ਬਣਾਉਣ ਅਤੇ ਕਾਇਮ ਰੱਖਣ ਲਈ ਨਿਰੰਤਰ ਯਤਨ ਜ਼ਰੂਰੀ ਹਨ। ਇਹ ਯਤਨ ਪੱਛਮ ਬੰਗਾਲ ਦੇ ਸਰਹੱਦੀ ਖੇਤਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਜਨਤਕ ਸਿਹਤ ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹਨ। ਉਨ੍ਹਾਂ ਨੇ ਮਾਂ ਅਤੇ ਬੱਚੇ ਦੀ ਸਿਹਤ ਦੇ ਨਤੀਜਿਆਂ ਵਿੱਚ ਨਿਰੰਤਰ ਪ੍ਰਗਤੀ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਨਿਗਰਾਨੀ, ਸਮੇਂ ਸਿਰ ਦਖਲਅੰਦਾਜ਼ੀ ਅਤੇ ਤਾਲਮੇਲ ਵਾਲੀ ਸਿਹਤ ਸੇਵਾ ਪ੍ਰਦਾਨ ਕਰਨ ਦੀਆਂ ਵਿਧੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਕੇਂਦਰੀ ਸਿਹਤ ਮੰਤਰੀ ਨੇ ਖਸਰਾ-ਰੁਬੇਲਾ ਖਾਤਮਾ ਮੁਹਿੰਮ ਤਹਿਤ ਯਤਨਾਂ ਨੂੰ ਤੇਜ਼ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਰਾਜ ਭਰ ਵਿੱਚ ਟੀਕਾਕਰਣ ਕਵਰੇਜ ਵਧਾਉਣ ਅਤੇ ਜਨਤਕ ਜਾਗਰੂਕਤਾ ਮੁਹਿੰਮਾਂ ਚਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਟੀਬੀ ਮੁਕਤ ਭਾਰਤ ਮੁਹਿੰਮ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਟੀਬੀ ਦੇ ਖਾਤਮੇ ਸਬੰਧੀ ਜਨਤਕ ਭਾਗੀਦਾਰੀ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰਨ ਲਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਜਾਗਰੂਕਤਾ ਵਰਕਸ਼ੌਪਸ ਆਯੋਜਿਤ ਕਰਨ ਦਾ ਸੁਝਾਅ ਦਿੱਤਾ।
ਸ਼੍ਰੀ ਨੱਡਾ ਨੇ ਰੋਕਥਾਮ ਸਿਹਤ ਸੰਭਾਲ ਢਾਂਚੇ ਦੇ ਹਿੱਸੇ ਵਜੋਂ ਰਾਜ ਵਿੱਚ ਐੱਚਪੀਵੀ ਟੀਕਾਕਰਣ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਕੁੜੀਆਂ ਸਰਵਾਈਕਲ ਕੈਂਸਰ ਅਤੇ ਸਬੰਧਿਤ ਸਿਹਤ ਜੋਖਮਾਂ ਦੇ ਪ੍ਰਤੀ ਸੰਵੇਦਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਰੋਕਥਾਮ ਸਿਹਤ ਸੰਭਾਲ ਅਤੇ ਸ਼ੁਰੂਆਤੀ ਦਖਲਅੰਦਾਜ਼ੀ ਸਰਕਾਰ ਦੀ ਜਨਤਕ ਸਿਹਤ ਰਣਨੀਤੀ ਦੇ ਮੁੱਖ ਥੰਮ੍ਹ ਹਨ।
ਕੇਂਦਰੀ ਸਿਹਤ ਮੰਤਰੀ ਨੇ ਕਾਲਾ-ਅਜ਼ਾਰ ਅਤੇ ਲਿੰਫੈਟਿਕ ਫਾਈਲੇਰੀਆਸਿਸ ਵਰਗੀਆਂ ਬਿਮਾਰੀਆਂ ਵਿਰੁੱਧ ਨਿਰੰਤਰ ਚੌਕਸੀ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਮੇਂ ਸਿਰ ਨਿਗਰਾਨੀ ਅਤੇ ਰੋਕਥਾਮ ਉਪਾਵਾਂ ਰਾਹੀਂ ਮਾਮਲਿਆਂ ਦੀ ਨੇੜਿਓਂ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਰੋਕਥਾਮ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਰਾਜ ਭਰ ਵਿੱਚ ਆਯੁਸ਼ਮਾਨ ਆਰੋਗਿਆ ਮੰਦਿਰਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ ਅਤੇ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਦੀ ਸਹੂਲਤ ਲਈ ਜ਼ਮੀਨੀ ਪੱਧਰ 'ਤੇ ਸਕ੍ਰੀਨਿੰਗ ਗਤੀਵਿਧੀਆਂ ਦਾ ਕਾਫ਼ੀ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀ ਨੱਡਾ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਯੋਜਨਾ ਨੂੰ ਲਾਗੂ ਕਰਨ ਲਈ ਐੱਮਓਯੂ 'ਤੇ ਦਸਤਖਤ ਕਰਨ ਸਬੰਧੀ ਚਰਚਾਵਾਂ ਨੂੰ ਜਲਦੀ ਤੋਂ ਜਲਦੀ ਅੱਗੇ ਵਧਾਇਆ ਜਾ ਸਕਦਾ ਹੈ, ਤਾਂ ਜੋ ਯੋਗ ਲਾਭਪਾਤਰੀ ਬਿਨਾਂ ਕਿਸੇ ਦੇਰੀ ਦੇ ਇਸ ਯੋਜਨਾ ਦੇ ਤਹਿਤ ਸਿਹਤ ਲਾਭ ਪ੍ਰਾਪਤ ਕਰਨਾ ਸ਼ੁਰੂ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਲਗਭਗ 1.45 ਕਰੋੜ ਪਰਿਵਾਰ, ਜਿਨ੍ਹਾਂ ਵਿੱਚ ਬਜ਼ੁਰਗ ਨਾਗਰਿਕ ਵੀ ਸ਼ਾਮਲ ਹਨ, ਨੂੰ ਏਬੀ ਪੀਐੱਮ-ਜੇਏਵਾਈ ਅਧੀਨ ਕਵਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵਿਸਤ੍ਰਿਤ ਸਿਹਤ ਕਵਰੇਜ ਅਤੇ ਦਖਲਅੰਦਾਜ਼ੀ ਤੋਂ ਲਾਭ ਹੋਣ ਦੀ ਉਮੀਦ ਹੈ।

ਸ਼੍ਰੀ ਨੱਡਾ ਨੇ ਭਰੋਸਾ ਦਿਵਾਇਆ ਕਿ ਮੰਤਰਾਲਾ ਰਾਜ ਸਰਕਾਰ ਦੀ ਬੇਨਤੀ 'ਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਅਤੇ ਅੰਦਰੂਨੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਲਈ ਮਾਹਿਰ ਟੀਮਾਂ ਤੈਨਾਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਰਾਜ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰਾਂ ਅਤੇ ਅੰਮ੍ਰਿਤ ਫਾਰਮੇਸੀਆਂ ਦੇ ਵਿਸਥਾਰ ਸਬੰਧੀ ਵਿਸਤ੍ਰਿਤ ਪ੍ਰਸਤਾਵ ਪੇਸ਼ ਕਰਨ ਤਾਂ ਜੋ ਨਾਗਰਿਕਾਂ ਨੂੰ ਕਿਫਾਇਤੀ ਦਵਾਈਆਂ ਤੱਕ ਬਿਹਤਰ ਪਹੁੰਚ ਪ੍ਰਦਾਨ ਕੀਤੀ ਜਾ ਸਕੇ।
ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ 'ਤੇ ਬੋਲਦਿਆਂ, ਸ਼੍ਰੀ ਨੱਡਾ ਨੇ ਕਿਹਾ ਕਿ ਜਿੱਥੇ ਫੰਡਾਂ ਦਾ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਸਮੇਂ ਸਿਰ ਵਰਤੋਂ ਯਕੀਨੀ ਬਣਾਈ ਜਾਂਦੀ ਹੈ, ਉੱਥੇ ਵਿੱਤੀ ਸਰੋਤ ਕੋਈ ਰੁਕਾਵਟ ਨਹੀਂ ਹੋਣਗੇ। ਉਨ੍ਹਾਂ ਨੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਬਿਮਾਰੀ ਨਿਗਰਾਨੀ ਵਿੱਚ ਸੁਧਾਰ ਕਰਨ, ਰੋਕਥਾਮ ਸਿਹਤ ਸੰਭਾਲ ਦਾ ਵਿਸਤਾਰ ਕਰਨ ਅਤੇ ਸਾਰੇ ਨਾਗਰਿਕਾਂ ਲਈ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ, ਜੋ ਕਿ ਇੱਕ ਸਿਹਤਮੰਦ ਭਾਰਤ ਅਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
ਇਸ ਮੌਕੇ ਬੋਲਦਿਆਂ, ਸ਼੍ਰੀ ਸੁਵੇਂਦੂ ਅਧਿਕਾਰੀ ਨੇ ਪੱਛਮ ਬੰਗਾਲ ਵਿੱਚ ਸਿਹਤ ਸੰਭਾਲ ਵਾਤਾਵਰਣ ਨੂੰ ਮਜ਼ਬੂਤ ਕਰਨ ਵਿੱਚ ਨਿਰੰਤਰ ਸਹਾਇਤਾ ਲਈ ਭਾਰਤ ਸਰਕਾਰ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਦੇ ਮਾਰਗਦਰਸ਼ਨ ਅਤੇ ਅਗਵਾਈ ਹੇਠ, ਰਾਜ ਸਰਕਾਰ ਸਮਾਜ ਦੇ ਸਾਰੇ ਵਰਗਾਂ ਲਈ ਕਿਫਾਇਤੀ, ਪਹੁੰਚਯੋਗ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਯਤਨਸ਼ੀਲ ਰਹੇਗੀ।
ਇਸ ਗੱਲਬਾਤ ਦੌਰਾਨ, ਸ਼੍ਰੀ ਅਧਿਕਾਰੀ ਨੇ ਪੱਛਮ ਬੰਗਾਲ ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (AB PM-JAY) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮੰਤਰਾਲੇ ਦੇ ਸਮਰਥਨ ਅਤੇ ਮਾਰਗਦਰਸ਼ਨ ਦੀ ਮੰਗ ਕੀਤੀ, ਤਾਂ ਜੋ ਵਿਆਪਕ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਦੇ ਲਾਭ ਸਭ ਤੋਂ ਕਮਜ਼ੋਰ ਅਤੇ ਵਾਂਝੇ ਆਬਾਦੀ ਤੱਕ ਪਹੁੰਚ ਸਕਣ। ਉਨ੍ਹਾਂ ਨੇ ਰਾਜ ਭਰ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਕੁਸ਼ਲ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਪ੍ਰਸ਼ਾਸਕੀ ਵਿਧੀਆਂ ਅਤੇ ਜ਼ਮੀਨੀ ਪੱਧਰ 'ਤੇ ਲਾਗੂਕਰਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਸ਼੍ਰੀ ਅਧਿਕਾਰੀ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਬੰਧਤ ਸਾਰੇ ਲੰਬਿਤ ਅਤੇ ਪੁਰਾਣੇ ਸਿਹਤ ਸੰਬੰਧੀ ਡੇਟਾ ਅਤੇ ਦਸਤਾਵੇਜ਼ਾਂ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਨਿਪਟਾਰਾ ਪਹਿਲ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਸਿਹਤ ਸੰਭਾਲ ਨਾਲ ਸੰਬਧਿਤ ਪ੍ਰੋਗਰਾਮਾਂ ਦੇ ਬਿਹਤਰ ਤਾਲਮੇਲ, ਪਾਰਦਰਸ਼ਿਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਮੌਨਸੂਨ ਦੇ ਆਗਮਨ 'ਤੇ ਚਾਨਣਾ ਪਾਉਂਦਿਆਂ, ਉਨ੍ਹਾਂ ਨੇ ਮਲੇਰੀਆ ਅਤੇ ਡੇਂਗੂ ਵਰਗੀਆਂ ਵੈਕਟਰ-ਜਨਿਤ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਬਿਹਤਰ ਤਿਆਰੀ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੋਕਥਾਮ ਉਪਾਅ, ਢੁਕਵੀਂ ਸਿਖਲਾਈ, ਜਾਗਰੂਕਤਾ ਮੁਹਿੰਮਾਂ ਅਤੇ ਸਮੇਂ ਸਿਰ ਪ੍ਰਸ਼ਾਸਨਿਕ ਨਿਰਦੇਸ਼ਾਂ ਦੇ ਨਾਲ, ਮੌਨਸੂਨ ਦੌਰਾਨ ਜਨਤਕ ਸਿਹਤ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਚਰਚਾ ਵਿੱਚ ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਤਹਿਤ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਨੂੰ ਮਜ਼ਬੂਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਸਹਾਇਤਾ ਦੀ ਮੰਗ ਕਰਦੇ ਹੋਏ, ਸ਼੍ਰੀ ਅਧਿਕਾਰੀ ਨੇ ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (PMBJP) ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਅਤੇ ਵਿਸਥਾਰ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਜੋ ਆਮ ਲੋਕਾਂ ਨੂੰ ਕਿਫਾਇਤੀ ਕੀਮਤਾਂ 'ਤੇ ਗੁਣਵੱਤਾ ਵਾਲੀਆਂ ਜੈਨਰਿਕ ਦਵਾਈਆਂ ਦੀ ਵਿਆਪਕ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਨੇ ਰਾਜ ਲਈ ਸਿਹਤ ਸੰਭਾਲ ਬਜਟ ਅਤੇ ਵਿੱਤੀ ਯੋਜਨਾਬੰਦੀ ਬਾਰੇ ਕੇਂਦਰੀ ਸਿਹਤ ਮੰਤਰਾਲੇ ਤੋਂ ਮਾਰਗਦਰਸ਼ਨ ਵੀ ਮੰਗਿਆ ਅਤੇ ਕਿਹਾ ਕਿ ਇਸ ਸਬੰਧ ਵਿੱਚ ਰਣਨੀਤਕ ਸਹਾਇਤਾ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗੀ ਅਤੇ ਜਨਤਕ ਸਿਹਤ ਨਤੀਜਿਆਂ ਵਿੱਚ ਸੁਧਾਰ ਕਰੇਗੀ।
ਮੀਟਿੰਗ ਦੌਰਾਨ, ਸ਼੍ਰੀ ਅਧਿਕਾਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੱਛਮ ਬੰਗਾਲ ਦੇ ਤਿੰਨ ਖੇਤਰਾਂ ਵਿੱਚ ਅਜੇ ਵੀ ਮੈਡੀਕਲ ਕਾਲਜਾਂ ਦੀ ਘਾਟ ਹੈ ਅਤੇ ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਕਿ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਡਾਕਟਰੀ ਸਿੱਖਿਆ ਅਤੇ ਸਿਹਤ ਸੰਭਾਲ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਘੱਟ ਸੇਵਾ ਵਾਲੇ ਜ਼ਿਲ੍ਹਿਆਂ ਵਿੱਚ ਵਾਧੂ ਮੈਡੀਕਲ ਕਾਲਜ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਦੇ ਸਹਿਯੋਗ ਦੀ ਬੇਨਤੀ ਕੀਤੀ।
ਸ਼੍ਰੀ ਅਧਿਕਾਰੀ ਨੇ ਉੱਤਰੀ ਪੱਛਮ ਬੰਗਾਲ ਵਿੱਚ ਇੱਕ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜ ਵਿੱਚ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸਹੂਲਤਾਂ, ਡਾਕਟਰੀ ਸਿੱਖਿਆ, ਖੋਜ ਸਮਰੱਥਾਵਾਂ ਅਤੇ ਉੱਨਤ ਮਰੀਜ਼ ਦੇਖਭਾਲ ਸੇਵਾਵਾਂ ਵਿੱਚ ਕਾਫ਼ੀ ਵਾਧਾ ਹੋਵੇਗਾ।

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ; ਐਨਐੱਚਐੱਮ ਦੇ ਏਐੱਸ ਅਤੇ ਐੱਮਡੀ ਸ਼੍ਰੀਮਤੀ ਅਰਾਧਨਾ ਪਟਨਾਇਕ; ਮੈਡੀਕਲ ਸਿੱਖਿਆ ਵਿਭਾਗ ਦੇ ਵਧੀਕ ਸਕੱਤਰ ਸ਼੍ਰੀਮਤੀ ਵਿਨੋਦ ਕੋਤਵਾਲ; ਐੱਨਐੱਚਏ ਦੇ ਸੀਈਓ ਸ਼੍ਰੀ ਸੁਨੀਲ ਬਰਨਵਾਲ; ਵੱਖ-ਵੱਖ ਵਿਭਾਗਾਂ ਦੇ ਸੰਯੁਕਤ ਸਕੱਤਰ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ।
***************
ਐੱਸਆਰ/ਏਕੇ
(Release ID: 2264867)
ਵਿਜ਼ੀਟਰ ਕਾਊਂਟਰ : 5