ਰੱਖਿਆ ਮੰਤਰਾਲਾ
azadi ka amrit mahotsav

ਬਹੁਪੱਖੀ ਅਭਿਆਸ ਪ੍ਰਗਤੀ-2026 ਦਾ ਉਮਰੋਈ, ਮੇਘਾਲਿਆ ਵਿੱਚ ਸ਼ੁਰੂਆਤ ਹੋਈ

Posted On: 20 MAY 2026 12:30PM by PIB Chandigarh

ਮੇਘਾਲਿਆ ਦੇ ਉਮਰੋਈ ਮਿਲਟਰੀ ਸਟੇਸ਼ਨ ਵਿਖੇ ਅੱਜ ਬਹੁਪੱਖੀ ਫੌਜੀ ਅਭਿਆਸ 'ਪ੍ਰਗਤੀ-2026' ਦੀ ਸ਼ੁਰੂਆਤ ਹੋਈ। ਇਸ ਫੌਜੀ ਅਭਿਆਸ ਵਿੱਚ ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨੇਪਾਲ, ਫਿਲੀਪੀਨਜ਼, ਸੇਸ਼ੇਲਸ, ਸ਼੍ਰੀਲੰਕਾ ਅਤੇ ਵੀਅਤਨਾਮ ਸਮੇਤ 12 ਮਿੱਤਰ ਦੇਸ਼ ਹਿੱਸਾ ਲੈ ਰਹੇ ਹਨ। ਭਾਰਤੀ ਫੌਜ ਨੇ ਇਨ੍ਹਾਂ ਫੌਜੀ ਟੁਕੜੀਆਂ ਦੇ ਆਉਣ ‘ਤੇ ਨਿੱਘਾ ਅਤੇ ਰਵਾਇਤੀ ਤੌਰ ‘ਤੇ ਸਵਾਗਤ ਕੀਤਾ ਅਤੇ ਇਹ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਮਹਿਮਾਨ ਨਿਵਾਜ਼ੀ ਨੂੰ ਦਰਸਾਉਂਦਾ ਹੈ।

ਪ੍ਰਗਤੀ (ਪੀਆਰਏਜੀਏਟੀਆਈ), ਜਿਸ ਦਾ ਅਰਥ ਹਿੰਦ ਮਹਾਸਾਗਰ ਖੇਤਰ ਵਿੱਚ ਵਿਕਾਸ ਅਤੇ ਪਰਿਵਰਤਨ ਲਈ ਖੇਤਰੀ ਬਲਾਂ ਦੀ ਸਾਂਝੇਦਾਰੀ ਹੈ, ਸਮਾਨਤਾ, ਦੋਸਤੀ ਅਤੇ ਆਪਸੀ ਸਤਿਕਾਰ ਦੀ ਭਾਵਨਾ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਹ ਅਭਿਆਸ ਹਿੱਸਾ ਲੈਣ ਵਾਲੀਆਂ ਬਲਾਂ ਨੂੰ ਪੇਸ਼ੇਵਰ ਅਦਾਨ-ਪ੍ਰਦਾਨ ਕਰਨ, ਇੱਕ ਦੂਜੇ ਦੇ ਤਜ਼ਰਬਿਆਂ ਤੋਂ ਸਿੱਖਣ ਅਤੇ ਨੇੜਲੇ ਫੌਜੀ ਸਬੰਧ ਬਣਾਉਣ ਲਈ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਉਦਘਾਟਨੀ ਸਮਾਰੋਹ ਵਿੱਚ ਸੀਨੀਅਰ ਫੌਜੀ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਭਾਰਤੀ ਫੌਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਇਨਫੈਂਟ੍ਰੀ) ਮੇਜਰ ਜਨਰਲ ਸੁਨੀਲ ਸ਼ਿਓਰਾਨ ਨੇ ਸਾਰੀਆਂ ਟੁਕੜੀਆਂ ਦਾ ਸਵਾਗਤ ਕੀਤਾ ਅਤੇ ਸਮਕਾਲੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਮੂਹਿਕ ਭਾਗੀਦਾਰੀ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਖੁੱਲ੍ਹੇ ਦਿਲ, ਆਪਸੀ ਸਤਿਕਾਰ ਅਤੇ ਇੱਕ ਦੂਜੇ ਦੇ ਤਜ਼ਰਬਿਆਂ ਤੋਂ ਸਿੱਖਣ ਦੀ ਤਿਆਰੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ, ਨਾਲ ਹੀ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਰੇਕ ਰਾਸ਼ਟਰ ਦੀਆਂ ਸਮਰੱਥਾਵਾਂ ਅਤੇ ਦ੍ਰਿਸ਼ਟੀਕੋਣ ਅਭਿਆਸ ਦੇ ਸਮੂਹਿਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਸਾਰਥਕ ਯੋਗਦਾਨ ਦੇਣਗੇ।

ਇਸ ਅਭਿਆਸ ਦੇ ਉਦੇਸ਼ਾਂ ਵਿੱਚ ਸਾਂਝੇ ਅਭਿਆਨਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਵਿੱਚ ਸਹਿਜ ਤਾਲਮੇਲ ਸਥਾਪਤ ਕਰਨਾ ਅਤੇ ਸਹਿਯੋਗ ਦੇ ਸਾਂਝੇ ਖੇਤਰਾਂ ਦੀ ਪਛਾਣ ਕਰਨਾ; ਮੁਹਾਰਤ ਸਾਂਝੀ ਕਰਨਾ ਅਤੇ ਵਿਅਕਤੀਗਤ ਤਜ਼ਰਬਿਆਂ ਰਾਹੀਂ ਵਿਕਸਿਤ ਸਭ ਤੋਂ ਉੱਤਮ ਕਾਰਜ ਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਲਈ ਇੱਕ ਸੰਸਥਾਗਤ ਵਿਧੀ ਸਥਾਪਤ ਕਰਨਾ; ਸੰਯੁਕਤ ਸਿਖਲਾਈ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਰਾਹੀਂ ਰੱਖਿਆ ਸਬੰਧਾਂ ਅਤੇ ਸਦਭਾਵਨਾ ਨੂੰ ਮਜ਼ਬੂਤ ​​ਕਰਨ ਦੇ ਨਾਲ ਬਹੁ-ਰਾਸ਼ਟਰੀ ਵਾਤਾਵਰਣ ਵਿੱਚ ਖੁਫੀਆ ਜਾਣਕਾਰੀ ਦੇ ਪ੍ਰਬੰਧਨ ਅਤੇ ਸਾਂਝੇਕਰਣ ਲਈ ਇਕੋ ਜਿਹੇ ਸੰਕਲਪਾਂ ਨੂੰ ਵਿਕਸਿਤ ਕਰਨਾ ਸ਼ਾਮਲ ਹੈ।

ਦੋ ਹਫ਼ਤਿਆਂ ਤੱਕ ਸੰਚਾਲਿਤ ਹੋਣ ਵਾਲੇ ਇਸ ਅਭਿਆਸ ਵਿੱਚ ਅਰਧ-ਪਹਾੜੀ ਅਤੇ ਜੰਗਲੀ ਇਲਾਕਿਆਂ ਵਿੱਚ ਅੱਤਵਾਦ-ਵਿਰੋਧੀ ਅਭਿਆਨਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਸਿਖਲਾਈ ਪ੍ਰੋਗਰਾਮ ਵਿੱਚ ਸਾਂਝੇ ਯੋਜਨਾਬੰਦੀ ਅਭਿਆਸ, ਰਣਨੀਤਕ-ਪੱਧਰ ਦੇ ਅਭਿਆਸ ਅਤੇ ਤਾਲਮੇਲ ਵਾਲੇ ਅਭਿਆਨ ਸ਼ਾਮਲ ਹੋਣਗੇ, ਜਿਨ੍ਹਾਂ ਦਾ ਉਦੇਸ਼ ਹਿੱਸਾ ਲੈਣ ਵਾਲੇ ਸੈਨਿਕਾਂ ਦੀ ਅਨੁਕੂਲਤਾ ਸਮਰੱਥਾ, ਸਹਿਣਸ਼ੀਲਤਾ ਅਤੇ ਰਣਨੀਤਕ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ। ਚੁਣੌਤੀਪੂਰਨ ਹਾਲਤਾਂ ਵਿੱਚ ਸੰਚਾਲਨ ਦੌਰਾਨ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਤਾਲਮੇਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਇਸ ਅਭਿਆਸ ਦੇ ਅਧੀਨ, ਭਾਰਤੀ ਤਕਨਾਲੋਜੀ ਅਤੇ ਰੱਖਿਆ ਕੰਪਨੀਆਂ ਆਤਮ-ਨਿਰਭਰ ਭਾਰਤ ਪਹਿਲਕਦਮੀ ਦੇ ਤਹਿਤ ਸਵਦੇਸ਼ੀ ਉਪਕਰਣਾਂ ਅਤੇ ਨਵੀਨਤਾਵਾਂ ਦਾ ਪ੍ਰਦਰਸ਼ਨ ਕਰਨਗੀਆਂ, ਜੋ ਗਿਆਨ ਦੇ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਗੀਆਂ ਅਤੇ ਰੱਖਿਆ ਉਤਪਾਦਨ, ਨਵੀਨਤਾ ਅਤੇ ਆਤਮ-ਨਿਰਭਰਤਾ ਵਿੱਚ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਨਗੀਆਂ।

ਅਭਿਆਸ ਪ੍ਰਗਤੀ-2026 ਤੋਂ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ, ਪੇਸ਼ੇਵਰ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਖੇਤਰੀ ਭਾਗੀਦਾਰਾਂ ਵਿਚਾਲੇ ਆਮ ਸੁਰੱਖਿਆ ਚੁਣੌਤੀਆਂ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਦੀ ਉਮੀਦ ਹੈ।

 

**********

ਐੱਨਏ/ਆਰਐੱਸ/ਬਲਜੀਤ ਸਿੰਘ
 


(Release ID: 2263325) ਵਿਜ਼ੀਟਰ ਕਾਊਂਟਰ : 4