ਰੇਲ ਮੰਤਰਾਲਾ
ਪ੍ਰਧਾਨ ਮੰਤਰੀ 10 ਮਈ ਨੂੰ ਤੇਲੰਗਾਨਾ ਵਿੱਚ ਲਗਭਗ 1,535 ਕਰੋੜ ਰੁਪਏ ਦੇ ਰੇਲ ਬੁਨਿਆਦੀ ਢਾਂਚਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ; ਇਸ ਨਾਲ ਰੇਲ ਸੰਪਰਕ ਮਜ਼ਬੂਤ ਹੋਵੇਗਾ, ਭੀੜ ਘਟੇਗੀ ਅਤੇ ਯਾਤਰੀਆਂ ਦੀ ਆਵਾਜਾਈ ਬਿਹਤਰ ਹੋਵੇਗੀ
ਕਾਜ਼ੀਪੇਟ-ਵਿਜੇਵਾੜਾ ਕੌਰੀਡੋਰ 'ਤੇ 118 ਕਿੱਲੋਮੀਟਰ ਦੀ ਮਲਟੀ-ਟ੍ਰੈਕਿੰਗ ਨਾਲ ਸਮਰੱਥਾ ਵਧੇਗੀ, ਸਮੇਂ ਦੀ ਪਾਬੰਦੀ ਬਿਹਤਰ ਹੋਵੇਗੀ ਅਤੇ ਯਾਤਰੀ ਤੇ ਮਾਲ ਗੱਡੀਆਂ ਦੀ ਆਵਾਜਾਈ ਤੇਜ਼ ਹੋਵੇਗੀ
21 ਕਿੱਲੋਮੀਟਰ ਦਾ ਕਾਜ਼ੀਪੇਟ ਰੇਲ ਅੰਡਰ ਰੇਲ ਬਾਈਪਾਸ ਰੁਝੇਵੇਂ ਵਾਲੇ ਜੰਕਸ਼ਨ 'ਤੇ ਭੀੜ ਨੂੰ ਘੱਟ ਕਰੇਗਾ ਅਤੇ ਹੈਦਰਾਬਾਦ, ਬਲਹਾਰਸ਼ਾਹ ਤੇ ਵਿਜੇਵਾੜਾ ਵੱਲ ਇੱਕੋ ਸਮੇਂ ਰੇਲਗੱਡੀਆਂ ਦੀ ਆਵਾਜਾਈ ਨੂੰ ਸੰਭਵ ਬਣਾਏਗਾ
ਰੇਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨਾਲ ਹਨੁਮਕੋਂਡਾ, ਵਾਰੰਗਲ, ਮਹਿਬੂਬਾਬਾਦ ਅਤੇ ਖੰਮਮ ਜ਼ਿਲ੍ਹਿਆਂ ਨੂੰ ਫਾਇਦਾ ਹੋਵੇਗਾ, ਇਸਦੇ ਨਾਲ ਹੀ ਪੂਰੇ ਤੇਲੰਗਾਨਾ ਵਿੱਚ ਕੋਲੇ, ਸੀਮਿੰਟ ਅਤੇ ਖੇਤੀਬਾੜੀ ਦੇ ਮਾਲ ਦੀ ਤੇਜ਼ੀ ਨਾਲ ਆਵਾਜਾਈ ਵਿੱਚ ਮਦਦ ਮਿਲੇਗੀ
Posted On:
09 MAY 2026 8:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਮਈ, 2026 ਨੂੰ ਤੇਲੰਗਾਨਾ ਵਿੱਚ ਲਗਭਗ 1,535 ਕਰੋੜ ਰੁਪਏ ਦੇ ਪ੍ਰਮੁੱਖ ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਇਸ ਖੇਤਰ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਯਾਤਰੀਆਂ ਤੇ ਮਾਲ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ।
ਇਹ ਪ੍ਰੋਜੈਕਟ ਭਾਰਤੀ ਰੇਲਵੇ ਦੀਆਂ ਉਨ੍ਹਾਂ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹਨ, ਜਿਨ੍ਹਾਂ ਦਾ ਉਦੇਸ਼ ਮਹੱਤਵਪੂਰਨ ਰੇਲ ਕੌਰੀਡੋਰਜ਼ ਨੂੰ ਆਧੁਨਿਕ ਬਣਾਉਣਾ, ਭੀੜ-ਭੜੱਕੇ ਵਾਲੇ ਹਿੱਸਿਆਂ ਨੂੰ ਭੀੜ-ਮੁਕਤ ਕਰਨਾ ਅਤੇ ਯਾਤਰੀਆਂ ਨੂੰ ਤੇਜ਼, ਸੁਰੱਖਿਅਤ ਤੇ ਵਧੇਰੇ ਭਰੋਸੇਮੰਦ ਯਾਤਰਾ ਦਾ ਤਜਰਬਾ ਪ੍ਰਦਾਨ ਕਰਨਾ ਹੈ।
ਇਨ੍ਹਾਂ ਪ੍ਰੋਜੈਕਟਾਂ ਦਾ ਇੱਕ ਪ੍ਰਮੁੱਖ ਹਿੱਸਾ ਕਾਜ਼ੀਪੇਟ-ਵਿਜੇਵਾੜਾ ਮਲਟੀ-ਟ੍ਰੈਕਿੰਗ ਪ੍ਰੋਜੈਕਟ ਦੇ ਕਈ ਹਿੱਸੇ ਹਨ, ਜੋ 118 ਕਿੱਲੋਮੀਟਰ ਦੀ ਦੂਰੀ ਤੈਅ ਕਰਦੇ ਹਨ। ਇਨ੍ਹਾਂ ਵਿੱਚ ਵਾਰੰਗਲ-ਕਾਜ਼ੀਪੇਟ, ਨੇਕੋਂਡਾ-ਮਹਿਬੂਬਾਬਾਦ ਅਤੇ ਏਰੂਪਾਲੇਮ-ਡੋਰਨਕਲ ਜੰਕਸ਼ਨ ਰੇਲ ਖੰਡ ਸ਼ਾਮਲ ਹਨ। ਇਸ ਪ੍ਰੋਜੈਕਟ ਨਾਲ ਤੇਲੰਗਾਨਾ ਦੇ ਹਨੁਮਕੋਂਡਾ, ਵਾਰੰਗਲ, ਮਹਿਬੂਬਾਬਾਦ ਅਤੇ ਖੰਮਮ ਵਰਗੇ ਪ੍ਰਮੁੱਖ ਜ਼ਿਲ੍ਹਿਆਂ ਨੂੰ ਫਾਇਦਾ ਹੋਵੇਗਾ।
ਇਹ ਕੌਰੀਡੋਰ ਰੁਝੇਵੇਂ ਵਾਲੇ 'ਗ੍ਰੈਂਡ ਟਰੰਕ' ਮਾਰਗ ਦਾ ਮਹੱਤਵਪੂਰਨ ਹਿੱਸਾ ਹੈ, ਜੋ ਦੇਸ਼ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਨੂੰ ਜੋੜਨ ਵਾਲੇ ਮਹੱਤਵਪੂਰਨ ਯਾਤਰੀ ਅਤੇ ਮਾਲ ਆਵਾਜਾਈ ਨੂੰ ਸੰਭਾਲਦਾ ਹੈ।
ਮਲਟੀ-ਟ੍ਰੈਕਿੰਗ ਪ੍ਰੋਜੈਕਟ ਲਾਈਨ ਦੀ ਸਮਰੱਥਾ ਵਿੱਚ ਕਾਫ਼ੀ ਵਾਧਾ ਕਰੇਗਾ। ਇਸ ਨਾਲ ਰੇਲਗੱਡੀਆਂ ਦਾ ਸੰਚਾਲਨ ਵਧੇਰੇ ਸੁਚਾਰੂ ਅਤੇ ਤੇਜ਼ ਹੋ ਸਕੇਗਾ। ਇਸ ਦੇ ਨਾਲ ਹੀ ਜ਼ਿਆਦਾ ਵਰਤੋਂ ਵਾਲੇ ਮਾਰਗਾਂ 'ਤੇ ਭੀੜ ਵੀ ਘੱਟ ਹੋਵੇਗੀ। ਇਸ ਨਾਲ ਰੇਲਗੱਡੀਆਂ ਦੇ ਸਮੇਂ ਦੀ ਪਾਬੰਦੀ ਵਿੱਚ ਸੁਧਾਰ ਹੋਣ, ਮਾਲ ਗੱਡੀਆਂ ਦੇ ਠਹਿਰਾਅ ਵਿੱਚ ਕਮੀ ਆਉਣ ਅਤੇ ਪੂਰੇ ਖੇਤਰ ਵਿੱਚ ਮਾਲ ਦੀ ਵਧੇਰੇ ਕੁਸ਼ਲ ਆਵਾਜਾਈ ਸੰਭਵ ਹੋਣ ਦੀ ਉਮੀਦ ਹੈ।
ਇਸ ਪ੍ਰੋਜੈਕਟ ਨਾਲ ਵਿਸ਼ੇਸ਼ ਤੌਰ 'ਤੇ ਉਨ੍ਹਾਂ ਯਾਤਰੀਆਂ ਨੂੰ ਫਾਇਦਾ ਹੋਵੇਗਾ, ਜੋ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਮਹਾਰਾਸ਼ਟਰ ਅਤੇ ਉੱਤਰੀ ਭਾਰਤ ਦੇ ਪ੍ਰਮੁੱਖ ਸਥਾਨਾਂ ਵਿਚਕਾਰ ਯਾਤਰਾ ਕਰਦੇ ਹਨ। ਇਸ ਨਾਲ ਭਰੋਸੇਯੋਗਤਾ ਵਧੇਗੀ, ਦੇਰੀ ਘਟੇਗੀ ਅਤੇ ਕਾਜ਼ੀਪੇਟ-ਵਿਜੇਵਾੜਾ ਕੌਰੀਡੋਰ ਰਾਹੀਂ ਤੇਜ਼ ਆਵਾਜਾਈ ਸੰਭਵ ਹੋ ਸਕੇਗੀ।
ਮਾਲ ਢੋਆ-ਢੁਆਈ ਦੀ ਸਮਰੱਥਾ ਵਧਣ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚਕਾਰ ਕੋਲੇ, ਸੀਮਿੰਟ, ਖਾਦਾਂ, ਖੇਤੀ ਉਪਜਾਂ ਅਤੇ ਉਦਯੋਗਿਕ ਸਾਮਾਨ ਦੀ ਢੋਆ-ਢੁਆਈ ਵਿੱਚ ਵੀ ਮਦਦ ਮਿਲੇਗੀ। ਇਸ ਨਾਲ ਤੇਜ਼ ਅਤੇ ਵਧੇਰੇ ਕੁਸ਼ਲ ਲੌਜਿਸਟਿਕਸ ਆਵਾਜਾਈ ਰਾਹੀਂ ਸਥਾਨਕ ਉਦਯੋਗਾਂ, ਕਿਸਾਨਾਂ ਅਤੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ 21 ਕਿੱਲੋਮੀਟਰ ਲੰਬਾ ਕਾਜ਼ੀਪੇਟ ਰੇਲ ਅੰਡਰ ਰੇਲ ਬਾਈਪਾਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਰਣਨੀਤਕ ਤੌਰ 'ਤੇ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਇਸ ਦਾ ਉਦੇਸ਼ ਇਸ ਖੇਤਰ ਦੇ ਸਭ ਤੋਂ ਰੁਝੇਵੇਂ ਵਾਲੇ ਰੇਲ ਜੰਕਸ਼ਨਾਂ ਵਿੱਚੋਂ ਇੱਕ, ਕਾਜ਼ੀਪੇਟ ਜੰਕਸ਼ਨ 'ਤੇ ਭੀੜ-ਭੜੱਕੇ ਨੂੰ ਘੱਟ ਕਰਨਾ ਹੈ।
ਇਹ ਬਾਈਪਾਸ ਹੈਦਰਾਬਾਦ, ਬਲਹਾਰਸ਼ਾਹ ਅਤੇ ਵਿਜੇਵਾੜਾ ਵੱਲ ਰੇਲਗੱਡੀਆਂ ਦੀ ਇੱਕੋ ਸਮੇਂ ਆਵਾਜਾਈ ਨੂੰ ਸੰਭਵ ਬਣਾਏਗਾ। ਇਸ ਨਾਲ ਸੰਚਾਲਨ ਵਿੱਚ ਲਚਕਤਾ ਕਾਫ਼ੀ ਵਧ ਜਾਵੇਗੀ ਅਤੇ ਰੇਲਗੱਡੀਆਂ ਦਾ ਉਡੀਕ ਸਮਾਂ ਘਟ ਜਾਵੇਗਾ। ਇਹ ਪ੍ਰੋਜੈਕਟ ਇਸ ਰੁਝੇਵੇਂ ਵਾਲੇ ਜੰਕਸ਼ਨ 'ਤੇ ਸੰਚਾਲਨ ਸਬੰਧੀ ਟਕਰਾਵਾਂ ਅਤੇ ਕ੍ਰਾਸਿੰਗ ਵਿੱਚ ਹੋਣ ਵਾਲੀ ਦੇਰੀ ਨੂੰ ਘੱਟ ਕਰੇਗਾ। ਇਸ ਨਾਲ ਰੇਲਗੱਡੀਆਂ ਦੀ ਸਮੇਂ ਦੀ ਪਾਬੰਦੀ ਬਿਹਤਰ ਹੋਵੇਗੀ ਅਤੇ ਉਨ੍ਹਾਂ ਦਾ ਸੰਚਾਲਨ ਸੁਚਾਰੂ ਹੋ ਜਾਵੇਗਾ।
ਇਹ ਬਾਈਪਾਸ ਮਹੱਤਵਪੂਰਨ ਦਿੱਲੀ-ਚੇਨਈ ਮਾਰਗ 'ਤੇ ਸੰਪਰਕ ਨੂੰ ਵੀ ਮਜ਼ਬੂਤ ਕਰੇਗਾ ਅਤੇ ਪ੍ਰਮੁੱਖ ਕੌਰੀਡੋਰਜ਼ 'ਤੇ ਲੰਬੀ ਦੂਰੀ ਦੀਆਂ ਰੇਲਗੱਡੀਆਂ ਲਈ ਮਾਲ ਢੋਆ-ਢੁਆਈ ਦੀ ਕੁਸ਼ਲਤਾ ਵਿੱਚ ਸੁਧਾਰ ਕਰੇਗਾ। ਜੰਕਸ਼ਨ 'ਤੇ ਬਿਨਾਂ ਕਿਸੇ ਠਹਿਰਾਅ ਜਾਂ ਮਾਰਗ ਸਬੰਧੀ ਟਕਰਾਅ ਦੇ ਰੇਲਗੱਡੀਆਂ ਦੀ ਸਿੱਧੀ ਆਵਾਜਾਈ ਨਾਲ ਸੰਚਾਲਨ ਕੁਸ਼ਲਤਾ ਹੋਰ ਵਧੇਗੀ ਅਤੇ ਯਾਤਰੀ ਤੇ ਮਾਲ ਢੋਆ-ਢੁਆਈ, ਦੋਵੇਂ ਤਰ੍ਹਾਂ ਦੀਆਂ ਸੇਵਾਵਾਂ ਦੀ ਆਵਾਜਾਈ ਹੋਰ ਵੀ ਸੁਖਾਲੀ ਹੋ ਜਾਵੇਗੀ।
ਇਸ ਪ੍ਰੋਜੈਕਟ ਨਾਲ ਆਲੇ-ਦੁਆਲੇ ਦੇ ਕਸਬਿਆਂ ਅਤੇ ਜ਼ਿਲ੍ਹਿਆਂ ਲਈ ਵੀ ਸੰਪਰਕ ਬਿਹਤਰ ਹੋਣ ਦੀ ਉਮੀਦ ਹੈ, ਕਿਉਂਕਿ ਇਹ ਰੇਲਗੱਡੀਆਂ ਦੀ ਸਮਾਂ-ਸਾਰਨੀ ਨੂੰ ਜ਼ਿਆਦਾ ਕੁਸ਼ਲ ਬਣਾਉਣ ਵਿੱਚ ਮਦਦ ਕਰੇਗੀ ਅਤੇ ਭੀੜ-ਭੜੱਕੇ ਕਾਰਨ ਹੋਣ ਵਾਲੀ ਦੇਰੀ ਨੂੰ ਘਟਾਏਗੀ।
ਕੁੱਲ ਮਿਲਾ ਕੇ ਇਹ ਰੇਲ ਬੁਨਿਆਦੀ ਢਾਂਚਾ ਪ੍ਰੋਜੈਕਟ ਭਾਰਤੀ ਰੇਲਵੇ ਦੀ ਉੱਚ ਸਮਰੱਥਾ ਵਾਲਾ ਅਤੇ ਭਵਿੱਖ ਲਈ ਤਿਆਰ ਰੇਲ ਨੈੱਟਵਰਕ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹ ਨੈੱਟਵਰਕ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰੇਗਾ ਅਤੇ ਤੇਲੰਗਾਨਾ ਤੇ ਗੁਆਂਢੀ ਰਾਜਾਂ ਵਿਚਕਾਰ ਖੇਤਰੀ ਸੰਪਰਕ ਨੂੰ ਮਜ਼ਬੂਤ ਬਣਾਏਗਾ।
************
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(Release ID: 2262272)
ਵਿਜ਼ੀਟਰ ਕਾਊਂਟਰ : 14