ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ 24–26 ਅਪ੍ਰੈਲ 2026 ਦੌਰਾਨ ਚੰਡੀਗੜ੍ਹ ਵਿੱਚ “ਅੰਤਯੋਦਯਾ ਦਾ ਸੰਕਲਪ, ਅੰਮ੍ਰਿਤ ਕਾਲ ਦਾ ਪ੍ਰਤੀਬਿੰਬ – ਵਿਕਸਿਤ ਭਾਰਤ ਦੇ ਸੰਕਲਪ ਦੇ ਨਾਲ” ਵਿਸ਼ੇ ‘ਤੇ ਰਾਸ਼ਟਰੀ ਚਿੰਤਨ ਸ਼ਿਵਿਰ ਦਾ ਆਯੋਜਨ ਕਰੇਗਾ
ਕੇਂਦਰ ਅਤੇ ਰਾਜ 3 ਰੋਜ਼ਾ ਸ਼ਿਵਿਰ ਵਿੱਚ ਸਮਾਜਿਕ ਨਿਆਂ ਦੀ ਸਪੁਰਦਗੀ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕਰਨਗੇ
ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਰਾਜ ਮੰਤਰੀਆਂ ਦੀ ਮੌਜੂਦਗੀ ਵਿੱਚ ਚਿੰਤਨ ਸ਼ਿਵਿਰ ਦੀ ਪ੍ਰਧਾਨਗੀ ਕਰਨਗੇ
ਸਮਾਵੇਸ਼ ਪੋਰਟਲ, ਐੱਨਐੱਮਬੀਏ 2.0, ਸੇਤੁ ਅਤੇ ਸਮਾਇਲ ਐਪਸ ਨੂੰ ਸ਼ਿਵਿਰ ਦੌਰਾਨ ਲਾਂਚ ਕੀਤਾ ਜਾਵੇਗਾ
Posted On:
23 APR 2026 2:44PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ 24 ਤੋਂ 26 ਅਪ੍ਰੈਲ 2026 ਤੱਕ ਚੰਡੀਗੜ੍ਹ ਵਿੱਚ “ਅੰਤਯੋਦਯਾ ਦਾ ਸੰਕਲਪ, ਅੰਮ੍ਰਿਤ ਕਾਲ ਦਾ ਪ੍ਰਤੀਬਿੰਬ– ਵਿਕਸਿਤ ਭਾਰਤ @2047” ਵਿਸ਼ੇ ‘ਤੇ ਤਿੰਨ ਦਿਨਾਂ ਦਾ ਚਿੰਤਨ ਸ਼ਿਵਿਰ ਆਯੋਜਿਤ ਕਰੇਗਾ। ਇਹ ਵਿਸ਼ਾ ਅੰਮ੍ਰਿਤ ਕਾਲ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਸਮਾਵੇਸ਼ੀ ਸਸ਼ਕਤੀਕਰਨ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਸ਼ਿਵਿਰ ਦਾ ਮੰਤਵ ਸਮਾਜਿਕ ਨਿਆਂ ਸਬੰਧੀ ਪਹਿਲਕਦਮੀਆਂ ਦੀ ਸਪੁਰਦਗੀ ਨੂੰ ਮਜ਼ਬੂਤ ਕਰਨਾ, ਮੁੱਖ ਯੋਜਨਾਵਾਂ ਦੀ ਆਖ਼ਰੀ ਪੱਧਰ ਤੱਕ ਕਾਰਗੁਜ਼ਾਰੀ ਨੂੰ ਸੁਧਾਰਨਾ ਅਤੇ ਹਾਸ਼ੀਏ ‘ਤੇ ਰਹਿੰਦੇ ਵਰਗਾਂ ਦੇ ਸਮਾਵੇਸ਼ੀ ਅਤੇ ਟਿਕਾਊ ਸਸ਼ਕਤੀਕਰਨ ਲਈ ਕਾਰਗਰ ਰੋਡਮੇਪ ਤਿਆਰ ਕਰਨਾ ਹੈ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਕਰਨਗੇ, ਜਿਨ੍ਹਾਂ ਦੇ ਨਾਲ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਅਤੇ ਸ਼੍ਰੀ ਰਾਮਦਾਸ ਅਠਾਵਲੇ ਮੌਜੂਦ ਰਹਿਣਗੇ। ਇਸ ਪ੍ਰੋਗਰਾਮ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਅਤੇ ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਸਬੰਧੀ ਵਿਭਾਗ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀ ਭਾਗ ਲੈਣਗੇ।
ਪ੍ਰੋਗਰਾਮ ਦੀ ਸ਼ੁਰੂਆਤ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਹੋਵੇਗੀ। ਇਸ ਮੌਕੇ ‘ਤੇ ਕਈ ਮਹੱਤਵਪੂਰਨ ਡਿਜ਼ਿਟਲ ਅਤੇ ਨੀਤੀਗਤ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿੱਚ ਸਮਾਵੇਸ਼ ਪੋਰਟਲ, ਐੱਨਐੱਮਬੀਏ 2.0 ਐਪ, ਸੇਤੁ ਐਪ ਅਤੇ ਸਮਾਇਲ ਐਪ ਸ਼ਾਮਲ ਹਨ। ਡਿਮੈਂਸ਼ੀਆ ਕੇਅਰ ਹੋਮਜ਼ ਲਈ ਘੱਟੋ-ਘੱਟ ਮਾਪਦੰਡਾਂ ‘ਤੇ ਇੱਕ ਕਿਤਾਬ ਅਤੇ ਭਿਖਾਰੀ ਵਸੇਬਿਆਂ ਲਈ ਮਾਡਲ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ ਅਤੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਰਮਿਆਨ ਸਮਝੌਤਾ ਪੱਤਰਾਂ (ਐੱਮਓਯੂ) ‘ਤੇ ਦਸਤਖ਼ਤ ਕੀਤੇ ਜਾਣਗੇ।
ਇਨ੍ਹਾਂ ਤਿੰਨ ਦਿਨਾਂ ਦੌਰਾਨ, ਚਿੰਤਨ ਸ਼ਿਵਿਰ ਵਿੱਚ ਢਾਂਚਾਗਤ ਵਿਸ਼ਾ ਅਧਾਰਤ ਚਰਚਾਵਾਂ ਅਤੇ ਬ੍ਰੇਕਆਊਟ ਸੈਸ਼ਨ ਹੋਣਗੇ। ਬ੍ਰੇਕਆਊਟ ਗਰੁੱਪ ਸੈਸ਼ਨਾਂ ਵਿੱਚ ਮੁੱਖ ਵਿਸ਼ਾ ਅਧਾਰਤ ਖੇਤਰਾਂ ‘ਤੇ ਧਿਆਨ ਦਿੱਤਾ ਜਾਵੇਗਾ। 25 ਅਪ੍ਰੈਲ ਨੂੰ ਚਰਚਾਵਾਂ ਵਿੱਚ ਵਜ਼ੀਫਾ ਡਿਲਿਵਰੀ ਅਤੇ ਸਿੱਖਿਆ ਤੱਕ ਪਹੁੰਚ, ਨਸ਼ਾ ਮੁਕਤ ਭਾਰਤ ਇਕੋਸਿਸਟਮ, ਸਵੱਛਤਾ ਕਾਰਜਾਂ ਵਿੱਚ ਮਰਿਆਦਾ ਅਤੇ ਸੈਨਿਟੇਸ਼ਨ ਸਬੰਧੀ ਮੌਤਾਂ 'ਤੇ ਮਿਸ਼ਨ ਜ਼ੀਰੋ, ਸੀਨੀਅਰ ਸਿਟੀਜ਼ਨਜ਼ ਦੀ ਦੇਖਭਾਲ ਅਤੇ ਅਪਾਹਜ ਬੱਚਿਆਂ ਲਈ ਸ਼ੁਰੂਆਤੀ ਦਖ਼ਲ ਸ਼ਾਮਲ ਹੋਣਗੇ। 26 ਅਪ੍ਰੈਲ ਨੂੰ ਸੈਸ਼ਨਾਂ ਵਿੱਚ ਖੇਤਰ-ਆਧਾਰਤ ਸਮਾਜਿਕ-ਆਰਥਿਕ ਵਿਕਾਸ, ਹਾਸ਼ੀਏ ‘ਤੇ ਰਹਿੰਦੇ ਵਰਗਾਂ ਦੀ ਸ਼ਮੂਲੀਅਤ ਅਤੇ ਪਛਾਣ, ਕਰਜ਼ੇ ਤੱਕ ਪਹੁੰਚ ਅਤੇ ਵਿੱਤੀ ਸਸ਼ਕਤੀਕਰਨ, ਪਹੁੰਚਯੋਗਤਾ ਅਤੇ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀਆਂ ਲਈ ਸਰਟੀਫਿਕੇਸ਼ਨ ‘ਤੇ ਚਰਚਾ ਹੋਵੇਗੀ।
ਹਰ ਗਰੁੱਪ ਕਾਰਗੁਜ਼ਾਰੀ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰੇਗਾ, ਕਮੀਆਂ ਦੀ ਪਛਾਣ ਕਰੇਗਾ ਅਤੇ ਵਧੀਆ ਤਜਰਬਿਆਂ ਅਤੇ ਨਵੇਂ ਹੱਲਾਂ ਨੂੰ ਸਾਂਝਾ ਕਰੇਗਾ। ਗਰੁੱਪ ਛੋਟੇ, ਦਰਮਿਆਨੇ ਅਤੇ ਲੰਬੇ ਸਮੇਂ ਲਈ ਸਪੱਸ਼ਟ ਸਮਾਂ-ਹੱਦਾਂ ਨਾਲ ਸਿਫ਼ਾਰਸ਼ਾਂ ਪੇਸ਼ ਕਰਨਗੇ। ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਤਿਆਰ ਕੀਤੀ ਗਈ ਹੈ ਤਾਂ ਜੋ ਚਰਚਾਵਾਂ ਢਾਂਚਾਗਤ, ਸਬੂਤ-ਆਧਾਰਤ ਅਤੇ ਨਤੀਜਾ-ਕੇਂਦ੍ਰਿਤ ਰਹਿਣ।
ਚਿੰਤਨ ਸ਼ਿਵਿਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕ ਸਹਿਯੋਗਾਤਮਕ ਮੰਚ ਵਜੋਂ ਕੰਮ ਕਰੇਗਾ, ਜਿੱਥੇ ਸਫਲ ਮਾਡਲਾਂ ਦੀ ਅਦਲਾ-ਬਦਲੀ ਅਤੇ ਸਹਿਕਾਰਤਾ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਨਤੀਜੇ ਇੱਕ ਵਿਹਾਰਕ ਸੁਧਾਰ ਏਜੰਡੇ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ, ਜੋ ਸ਼ਮੂਲੀਅਤ, ਡਿਜ਼ਿਟਲ ਨਵੀਨਤਾ ਅਤੇ ਸਮਾਜਿਕ ਨਿਆਂ ਪ੍ਰੋਗਰਾਮਾਂ ਵਿੱਚ ਬਿਹਤਰ ਸ਼ਾਸਨ ‘ਤੇ ਕੇਂਦ੍ਰਿਤ ਹੋਵੇਗਾ।
ਇਹ ਚਰਚਾਵਾਂ ਅੰਤ ਵਿੱਚ ਭਾਰਤ ਦੇ ਸਮਾਜਿਕ ਨਿਆਂ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਸਪੱਸ਼ਟ ਰੋਡਮੇਪ ਵਿੱਚ ਤਬਦੀਲ ਹੋਣਗੀਆਂ, ਜਿਸ ਵਿੱਚ ਵਧੀਆ ਸਹਿਕਾਰਤਾ, ਲੋਕ ਭਾਗੀਦਾਰੀ ਅਤੇ ਤਕਨਾਲੋਜੀ ਅਧਾਰਤ ਸਪੁਰਦਗੀ ਸ਼ਾਮਲ ਹੋਵੇਗੀ। ਅੰਤਿਮ ਦਿਨ ਇੱਕ ਪ੍ਰੈਸ ਬ੍ਰੀਫਿੰਗ ਕਰਕੇ ਮੁੱਖ ਨਤੀਜੇ ਅਤੇ ਅਗਾਮੀ ਰੂਪ-ਰੇਖਾ ਸਾਂਝੀ ਕੀਤੀ ਜਾਵੇਗੀ।
*********
Siraj/AJ
(Release ID: 2254934)
ਵਿਜ਼ੀਟਰ ਕਾਊਂਟਰ : 7