ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਤਿੰਨ ਦਿਨਾਂ ਜਰਮਨੀ ਦੌਰੇ ‘ਤੇ ਜਾਣਗੇ
ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ, ਮਿਲਟਰੀ ਤੋਂ ਮਿਲਟਰੀ ਸ਼ਮੂਲੀਅਤ ਨੂੰ ਵਧਾਉਣ ਅਤੇ ਉਭਰਦੇ ਹੋਏ ਖੇਤਰਾਂ ਵਿੱਚ ਨਵੇਂ ਮੌਕਿਆਂ ਦੀ ਖੋਜ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ
Posted On:
19 APR 2026 12:00PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 21 ਤੋਂ 23 ਅਪ੍ਰੈਲ, 2026 ਤੱਕ ਜਰਮਨੀ ਦੇ ਅਧਿਕਾਰਤ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੌਰਾਨ, ਰਕਸ਼ਾ ਮੰਤਰੀ ਆਪਣੇ ਜਰਮਨ ਹਮਰੁਤਬਾ ਸ਼੍ਰੀ ਬੋਰਿਸ ਪਿਸਟੋਰੀਅਸ ਅਤੇ ਸਰਕਾਰ ਦੇ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਦੁਵੱਲੀ ਗੱਲਬਾਤ ਕਰਨਗੇ।
ਚਰਚਾ ਦਾ ਮੁੱਖ ਉਦੇਸ਼ ਰੱਖਿਆ ਉਦਯੋਗ ਵਿੱਚ ਸਹਿਯੋਗ ਵਧਾਉਣਾ, ਮਿਲਟਰੀ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਸਾਈਬਰ ਸੁਰੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡ੍ਰੋਨ ਜਿਹੇ ਉਭਰਦੇ ਖੇਤਰਾਂ ਵਿੱਚ ਮੌਕਿਆਂ ਦੀ ਖੋਜ ਕਰਨਾ ਹੋਵੇਗਾ ਅਤੇ ਦੋਵੇਂ ਰੱਖਿਆ ਮੰਤਰੀਆਂ ਦੀ ਮੌਜੂਦਗੀ ਵਿੱਚ ਰੱਖਿਆ ਉਦਯੋਗਿਕ ਸਹਿਯੋਗ ਰੋਡਮੈਪ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਅਭਿਆਨਾਂ ਦੀ ਟ੍ਰੇਨਿੰਗ ਵਿੱਚ ਸਹਿਯੋਗ ਲਈ ਲਾਗੂਕਰਨ ਸਮਝੌਤੇ ‘ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ।
ਇਸ ਦੌਰੇ ਨਾਲ ਚਲ ਰਹੀ ਰੱਖਿਆ ਸਹਿਯੋਗ ਪਹਿਲਕਦਮੀਆਂ ਦੀ ਸਮੀਖਿਆ ਕਰਨ ਅਤੇ ਦੋਹਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦਰਮਿਆਨ ਸਹਿਯੋਗ ਦੇ ਨਵੇਂ ਮੌਕਿਆਂ ਦੀ ਖੋਜ ਦਾ ਮੌਕਾ ਵੀ ਮਿਲੇਗਾ। ਸ਼੍ਰੀ ਰਾਜਨਾਥ ਸਿੰਘ ਦੇ ਜਰਮਨੀ ਦੇ ਰੱਖਿਆ ਉਦਯੋਗ ਦੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨ ਦੀ ਉਮੀਦ ਹੈ, ਜਿਸ ਨਾਲ ਮੇਕ-ਇਨ-ਇੰਡੀਆ ਪਹਿਲ ਦੇ ਤਹਿਤ ਸੰਯੁਕਤ ਵਿਕਾਸ ਅਤੇ ਸਹਿ-ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਰਕਸ਼ਾ ਮੰਤਰੀ ਦਾ ਇਹ ਦੌਰਾ ਸੱਤ ਸਾਲ ਦੇ ਅੰਤਰਾਲ ਤੋਂ ਬਾਅਦ ਹੋ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਰਕਸ਼ਾ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਅਗਵਾਈ ਵਿੱਚ ਫਰਵਰੀ 2019 ਵਿੱਚ ਜਰਮਨੀ ਦਾ ਦੌਰਾ ਕੀਤਾ ਗਿਆ ਸੀ। ਸ਼੍ਰੀ ਬੋਰਿਸ ਪਿਸਟੋਰੀਅਸ ਨੇ ਜੂਨ 2023 ਵਿੱਚ ਭਾਰਤ ਦਾ ਦੌਰਾ ਕੀਤਾ ਅਤੇ ਨਾਲ ਹੀ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਵਿਆਪਕ ਗੱਲਬਾਤ ਕੀਤੀ ਸੀ।
ਭਾਰਤ ਅਤੇ ਜਰਮਨੀ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਅਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਪ੍ਰਤੀ ਸਾਂਝੀ ਵਚਨਬੱਧਤਾ ‘ਤੇ ਅਧਾਰਿਤ ਇੱਕ ਮਜ਼ਬੂਤ ਅਤੇ ਬਹੁਆਯਾਮੀ ਰਣਨੀਤਕ ਸਾਂਝੇਦਾਰੀ ਸਾਂਝੀ ਕਰਦੇ ਹਨ। ਹਾਲ ਹੀ ਦੇ ਵਰ੍ਹਿਆਂ ਵਿੱਚ ਰੱਖਿਆ ਅਤੇ ਸੁਰੱਖਿਆ ਸਹਿਯੋਗ ਇਸ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਥੰਮ੍ਹ ਬਣ ਕੇ ਉਭਰਿਆ ਹੈ। ਇਸ ਦੌਰੇ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਵਧ ਮਜ਼ਬੂਤ ਕਰਨਾ ਅਤੇ ਖੇਤਰੀ ਅਤੇ ਗਲੋਬਲ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇਣਾ ਹੈ।
************
ਵੀਕੇ/ਸੈਵੀ
(Release ID: 2253737)
ਵਿਜ਼ੀਟਰ ਕਾਊਂਟਰ : 2