ਰੱਖਿਆ ਮੰਤਰਾਲਾ
ਆਈਐੱਨਐੱਸ ਸੁਦਰਸ਼ਨੀ ਮੋਰੋਕੋ ਦੇ ਕਾਸਾਬਲਾਂਕਾ ਪਹੁੰਚਿਆ
Posted On:
16 APR 2026 7:06PM by PIB Chandigarh
ਭਾਰਤੀ ਜਲ ਸੈਨਾ ਦੇ ਸੇਲ ਟ੍ਰੇਨਿੰਗ ਜਹਾਜ਼, ਆਈਐੱਨਐੱਸ ਸੁਦਰਸ਼ਨੀ 15 ਅਪ੍ਰੈਲ 2026 ਨੂੰ ਮੋਰੋਕੋ ਦੇ ਪ੍ਰਮੁੱਖ ਬੰਦਰਗਾਹ ਕਾਸਾਬਲਾਂਕਾ (Casablanca) ਪਹੁੰਚਿਆ। ਇਹ ਯਾਤਰਾ ‘ਲੋਕਾਯਾਨ 26’ ਦੇ ਤਹਿਤ ਇਸ ਦੇ ਚਲ ਰਹੇ ਮਹਾਸਾਗਰੀ ਮਿਸ਼ਨ ਦਾ ਇੱਕ ਹਿੱਸਾ ਹੈ। ਇਸ ਪ੍ਰਤਿਸ਼ਠਿਤ ਬੰਦਰਗਾਹ ‘ਤੇ ਜਹਾਜ਼ ਦਾ ਆਗਮਨ ਭਾਰਤ ਦੀ ‘ਮਹਾਸਾਗਰ’(MAHASAGAR) ਕਲਪਨਾ ਦੇ ਅਨੁਸਾਰ ਸਮੁੰਦਰੀ ਜੁੜਾਅ ਵਧਾਉਣ ਦੇ ਯਤਨਾਂ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਨੂੰ ਹੁਲਾਰਾ ਦੇਣਾ ਹੈ। ਇਹ ਦੌਰਾ ਭਾਰਤ ਅਤੇ ਮੋਰੋਕੋ ਦਰਮਿਆਨ ਦੁਵੱਲੇ ਸਬੰਧਾਂ ਅਤੇ ਜਲ ਸੈਨਾ ਸਹਿਯੋਗ ਦੀ ਮਜ਼ਬੂਤੀ ਦਾ ਪ੍ਰਤੀਕ ਹੈ।
ਕਾਸਾਬਲਾਂਕਾ ਪਹੁੰਚਣ ‘ਤੇ ਆਈਐੱਨਐੱਸ ਸੁਦਰਸ਼ਨੀ ਦੇ ਕਮਾਂਡਿੰਗ ਅਫ਼ਸਰ ਨੇ ਮੋਰੋਕੋ ਜਲ ਸੈਨਾ ਦੇ ‘ਸੈਂਟਰਲ ਮੈਰੀਟਾਈਮ ਸੈਕਟਰ’ ਦੇ ਕਮਾਂਡਰ ਕਮੋਡੋਰ ਹਸਨ ਅਕੁਲੀ ਅਤੇ ‘ਰਾਇਲ ਨੇਵਲ ਸਕੂਲ’ ਦੇ ਡਾਇਰੈਕਟਰ ਕਮੋਡੋਰ ਉਮਰ ਨਾਸਰੀ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਦੋਹਾਂ ਜਲ ਸੈਨਾਵਾਂ ਦਰਮਿਆਨ ਸਮੁੰਦਰੀ ਸਹਿਯੋਗ ਅਤੇ ਟ੍ਰੇਨਿੰਗ ਅਦਾਨ-ਪ੍ਰਦਾਨ ਨੂੰ ਵਧਾਉਣ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ ਗਈ।
ਤਿੰਨ ਦਿਨਾਂ ਦੀ ਇਸ ਯਾਤਰਾ ਦੌਰਾਨ, ਆਈਐੱਨਐੱਸ ਸੁਦਰਸ਼ਨੀ ਦੇ ਚਾਲਕ ਦਲ ਰਾਇਲ ਮੋਰੱਕਨ ਜਲ ਸੈਨਾ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨਗੇ, ਜਹਾਜ਼ ‘ਤੇ ਸੀਨੀਅਰ ਅਧਿਕਾਰੀਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਮੇਜ਼ਬਾਨੀ ਕਰਨਗੇ ਅਤੇ ਪੇਸ਼ੇਵਰ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਜਲ ਸੈਨਾ ਸਹਿਯੋਗ, ਰਾਜਨੀਤਕ ਸਬੰਧਾਂ ਅਤੇ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਯਾਤਰਾ ਚਾਲਕ ਦਲ ਅਤੇ ਸਿਖਿਆਰਥੀਆਂ ਨੂੰ ਮਹੱਤਵਪੂਰਨ ਅਨੁਭਵ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤ ਦੀ ਵਧਦੀ ਸਮੁੰਦਰੀ ਭਾਗੀਦਾਰੀ, ਅੰਤਰਰਾਸ਼ਟਰੀ ਪਹੁੰਚ ਅਤੇ ਸਮੁੰਦਰੀ ਸਫ਼ਰ ਵਿੱਚ ਮੁਹਾਰਤ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਇੱਕ ਵਰ੍ਹੇ ਵਿੱਚ ਭਾਰਤੀ ਜਲ ਸੈਨਾ ਦੇ ਚਾਰ ਜਹਾਜ਼-ਆਈਐੱਨਐੱਸ ਤਬਰ, ਆਈਐੱਨਐੱਸ ਤਰਕਸ਼, ਆਈਐੱਨਐੱਸ ਸੁਮੇਧਾ ਅਤੇ ਆਈਐੱਨਐੱਸ ਤੁਸ਼ੀਲ-ਕਾਸਾਬਲਾਂਕਾ ਦਾ ਦੌਰਾ ਕਰ ਚੁੱਕੇ ਹਨ ਜਿਸ ਨਾਲ ਆਪਸੀ ਵਿਸ਼ਵਾਸ ਅਤੇ ਆਪਸੀ ਸੰਚਾਲਨ ਸਮਰੱਥਾ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਇਸ ਨਵੰਬਰ 2025 ਵਿੱਚ ਰਾਇਲ ਮੋਰੱਕਨ ਨੇਵੀ ਦੇ ਇੰਸਪੈਕਟਰ ਰੀਅਰ ਐਡਮਿਰਲ ਮੁਹੰਮਦ ਤਾਹਿਨ ਨੇ ਵੀ ਭਾਰਤ ਦੀ ਦੱਖਣੀ ਜਲ ਸੈਨਾ ਕਮਾਂਡ ਦਾ ਦੌਰਾ ਕੀਤਾ ਸੀ।
ਆਈਐੱਨਐੱਸ ਸੁਦਰਸ਼ਨੀ ਆਪਣੀ ਯਾਤਰਾ ਨੂੰ ਇਤਿਹਾਸਿਕ ਸਮੁੰਦਰੀ ਮਾਰਗਾਂ ਅਤੇ ਅੰਤਰਰਾਸ਼ਟਰੀ ਸਮੁੰਦਰੀ ਕੌਰੀਡੋਰਸ ਰਾਹੀਂ ਜਾਰੀ ਰੱਖਦੇ ਹੋਏ ‘ਵਸੂਧੈਵ ਕੁਟੁਬੰਕਮ’ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜੋ ਗਲੋਬਲ ਸਮੁੰਦਰੀ ਸਹਿਯੋਗ ਅਤੇ ਸਦਭਾਵਨਾ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।



**********
ਵੀਐੱਮ/ਐੱਸਪੀਐੱਸ
(Release ID: 2252986)
ਵਿਜ਼ੀਟਰ ਕਾਊਂਟਰ : 11