ਖੇਤੀਬਾੜੀ ਮੰਤਰਾਲਾ
azadi ka amrit mahotsav

ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਿਜ਼ ਨੇ ਖਾਦਾਂ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਦਾ ਰੋਡਮੈਪ ਤਿਆਰ ਕਰਨ ਲਈ ਬ੍ਰੇਨਸਟਰੋਮਿੰਗ ਸੈਸ਼ਨ ਦਾ ਆਯੋਜਨ ਕੀਤਾ


ਵਰ੍ਹੇ 2047 ਤੱਕ ਆਤਮ-ਨਿਰਭਰ ਭਾਰਤ ਵੱਲ ਇਸ ਯਾਤਰਾ ਵਿੱਚ ਖੇਤੀਬਾੜੀ ਖੇਤਰ ਮਹੱਤਵਪੂਰਨ ਭੂਮਿਕਾ ਨਿਭਾਏਗਾ: ਡਾ. ਐੱਮ.ਐੱਲ. ਜਾਟ, ਸਕੱਤਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ

ਖਾਦ ਆਯਾਤ ‘ਤੇ ਨਿਰਭਰਤਾ ਘੱਟ ਕਰਨਾ ਲਾਜ਼ਮੀ ਹੈ; ਮਿੱਟੀ ਦੀ ਸਿਹਤ ਨੂੰ ਮਜ਼ਬੂਤ ਕਰਨਾ, ਸੰਤੁਲਿਤ ਵਰਤੋਂ ਅਤੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣਾ ਟਿਕਾਊ ਖੇਤੀਬਾੜੀ ਦੀ ਕੁੰਜੀ ਹੈ: ਡਾ.ਜਾਟ

Posted On: 14 APR 2026 6:13PM by PIB Chandigarh

 

ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ (ਐੱਨਏਏਐੱਸ) ਨੇ ਖਾਦਾਂ ਦੇ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਦਾ ਰੋਡਮੈਪ ਤਿਆਰ ਕਰਨ ਲਈ ਅੱਜ ਬ੍ਰੇਨਸਟਰੋਮਿੰਗ ਸੈਸ਼ਨ (ਬੀਐੱਸਐੱਸ) ਆਯੋਜਿਤ ਕੀਤਾ। ਸਬੰਧਿਤ ਸਰਕਾਰੀ ਵਿਭਾਗਾਂ, ਸਿੱਖਿਆ ਜਗਤ, ਖਾਦ ਉਦਯੋਗ ਅਤੇ ਕਿਸਾਨਾਂ ਦੇ ਪ੍ਰਤੀਨਿਧੀਆਂ ਨੇ ਇਸ ਚਰਚਾ ਵਿੱਚ ਹਿੱਸਾ ਲਿਆ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਆਤਮਨਿਰਭਰਤਾ ਦੀ ਜ਼ਰੂਰਤ ‘ਤੇ ਇੱਕ ਹੋ ਕੇ ਰਾਏ ਵਿਅਕਤ ਕੀਤੀ।

 

ਸੈਸ਼ਨ ਤੋਂ ਬਾਅਦ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਡਾਇਰੈਕਟਰ ਜਨਰਲ ਅਤੇ ਐੱਨਏਏਐੱਸ ਦੇ ਪ੍ਰੈਜ਼ੀਡੈਂਟ ਡਾ. ਐੱਮ.ਐੱਲ. ਜਾਟ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 2047 ਤੱਕ ਆਤਮਨਿਰਭਰ ਰਾਸ਼ਟਰ ਬਣਨ ਦਾ ਟੀਚਾ ਨਿਰਧਾਰਿਤ ਕੀਤਾ ਹੈ ਅਤੇ ਇਸ ਯਾਤਰਾ ਵਿੱਚ ਖੇਤੀਬਾੜੀ ਖੇਤਰ ਮਹੱਤਵਪੂਰਨ ਭੂਮਿਕਾ ਨਿਭਾਏਗਾ। ਜਿੱਥੇ ਹਰਿਤ ਕ੍ਰਾਂਤੀ ਦੌਰਾਨ ਉਤਪਾਦਨ ਵਧਾਉਣ ਵਿੱਚ ਖਾਦਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਉੱਥੇ ਹੀ ਮੌਜੂਦਾ ਚੁਣੌਤੀ ਖਾਦਾਂ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਕਮੀ ਅਤੇ ਉਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਵਿੱਚ ਸ਼ਾਮਲ ਹੈ।

ਡਾ. ਜਾਟ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਸਲਾਨਾ ਲਗਭਗ 33 ਮਿਲੀਅਨ ਟਨ ਖਾਦਾਂ ਦੀ ਖਪਤ ਹੁੰਦੀ ਹੈ, ਜਿਸ ਦਾ ਵੱਡਾ ਹਿੱਸਾ ਆਯਾਤ ਕੀਤਾ ਜਾਂਦਾ ਹੈ; ਅਜਿਹੇ ਵਿੱਚ ਆਯਾਤ ‘ਤੇ ਨਿਰਭਰਤਾ ਘੱਟ ਕਰਨਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਅਜਿਹੇ ਵਿਆਪਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ, ਜਿਸ ਵਿੱਚ ਥੋੜ੍ਹੇ ਸਮੇਂ, ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦੀਆਂ ਰਣਨੀਤੀਆਂ ਸ਼ਾਮਲ ਹੋਣ। ਉਨ੍ਹਾਂ ਨੇ ਕਿਹਾ ਕਿ ਮਿੱਟੀ ਦੀ ਸਿਹਤ ਜਿਹੀਆਂ ਯੋਜਨਾਵਾਂ ਨੂੰ ਮਜ਼ਬੂਤ ਕਰਨਾ, ਖਾਦਾਂ ਦੇ ਸੰਤੁਲਿਤ ਅਤੇ ਜ਼ਰੂਰਤ ਅਧਾਰਿਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਦਰਮਿਆਨ ਜਾਗਰੂਕਤਾ ਵਧਾਉਣਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।

ਡਾ. ਜਾਟ ਨੇ ਦੱਸਿਆ ਕਿ ਖਾਦਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਲਈ ਸਾਨੂੰ ਸ਼ੁੱਧਤਾ ਪੌਸ਼ਟਿਕ ਪ੍ਰਬੰਧਨ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸੈਂਸਰ-ਅਧਾਰਿਤ ਪ੍ਰਣਾਲੀਆਂ ਜਿਹੀਆਂ ਆਧੁਨਿਕ ਤਕਨੀਕਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਾਲਾਂ ਅਤੇ ਤੇਲ  ਬੀਜਾਂ ਵੱਲ ਫਸਲ ਵਿਭਿੰਨਤਾ, ‘ਵੇਸਟ-ਟੂ-ਵੈਲਥ’ ਪਹਿਲ ਦੇ ਤਹਿਤ ਜੈਵਿਕ ਰਹਿੰਦ-ਖੂੰਹਦ ਨੂੰ ਰੀਸਾਈਕਲਿੰਗ ਅਤੇ ਜੈਵਿਕ ਸਰੋਤਾਂ ਦੀ ਵਰਤੋਂ ਨੂੰ ਵਧਾਉਣਾ, ਰਸਾਇਣਕ ਖਾਦਾਂ ‘ਤੇ ਨਿਰਭਰਤਾ ਘੱਟ ਕਰਨ ਵਿੱਚ ਹੋਰ ਵੀ ਵਧੇਰੇ ਯੋਗਦਾਨ ਦੇਵੇਗਾ।

ਬ੍ਰੇਨਸਟਰੋਮਿੰਗ ਸੈਸ਼ਨ ਬਾਰੇ ਉਨ੍ਹਾਂ ਨੇ ਦੱਸਿਆ ਕਿ ਭਾਗੀਦਾਰਾਂ ਨੇ ਸਲਾਹ ਦਿੱਤੀ ਕਿ ਬਹੁ-ਆਯਾਮੀ ਰਣਨੀਤੀ ਅਪਣਾਈ ਜਾਵੇ, ਜਿਸ ਵਿੱਚ ਛੋਟੇ, ਦਰਮਿਆਨੇ ਅਤੇ ਲੰਬੇ ਸਮੇਂ ਦੇ ਖੋਜ ਅਤੇ ਵਿਕਾਸ ਟੀਚੇ ਹੋਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਸਹਾਇਕ ਨੀਤੀਆਂ ਹੋਣ। ਰੋਡਮੈਪ ਵਿੱਚ ਖਾਦ ਖੋਜ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਸਮਾਰਟ ਵਿਕਲਪਿਕ ਖਾਦ ਵਿਕਸਿਤ ਕੀਤੀ ਜਾ ਸਕੇ, ਅਣਵਰਤੇ ਸਵਦੇਸ਼ੀ ਖਣਿਜਾਂ (ਗਲੂਕੋਨਾਈਟ, ਫਾਸਫੇਟ ਚੱਟਾਨਾਂ, ਮੀਕਾ, ਪੌਲੀਹੇਲਾਈਟ....) ਅਤੇ ਉਦਯੋਗਿਕ ਉਪ-ਉਤਪਾਦਾਂ ਦੀ ਵਰਤੋਂ ਕੀਤੀ ਜਾ ਸਕੇ; ਜੈਵਿਕ ਪਦਾਰਥਾਂ ਦੀ ਵਰਤੋਂ ਵਧਾਈ ਜਾ ਸਕੇ; ਮਿੱਟੀ ਦੇ ਮਾਈਕ੍ਰੋਬਾਇਓਮ ਦੀ ਸਮਰੱਥਾ ਦਾ ਲਾਭ ਉਠਾਇਆ ਜਾ ਸਕੇ; ਖਾਦ ਬਣਾਉਣ ਦੀਆਂ ਤਕਨੀਕਾਂ ਵਿੱਚ ਸੁਧਾਰ ਕੀਤਾ ਜਾ ਸਕੇ; ਬਿਹਤਰ ਐੱਨਯੂਈ ਲਈ ਫਸਲ ਪ੍ਰਜਨਨ ਕੀਤਾ ਜਾ ਸਕੇ, ਅਤੇ ਚੰਗੇ ਖੇਤੀਬਾੜੀ ਅਭਿਆਸਾਂ (ਜੀਏਪੀ) ਅਪਣਾਏ ਜਾ ਸਕਣ- ਜਿਨ੍ਹਾਂ ਵਿੱਚ ਖਾਦਾਂ ਅਤੇ ਜੈਵਿਕ ਪਦਾਰਥਾਂ ਨੂੰ ਮਿਲਾ ਕੇ ਸ਼ੁੱਧਤਾ ਪੌਸ਼ਟਿਕ ਪ੍ਰਬੰਧਨ, ਮਿੱਟੀ ਦੀ ਸਿਹਤ ਦੀ ਬਹਾਲੀ, ਫਸਲ ਵਿਭਿੰਨਤਾ ਅਤੇ ਰਹਿੰਦ-ਖੂੰਹਦ ਦੀ ਰੀਸਾਈਕਲਿੰਗ ਸ਼ਾਮਲ ਹੋਵੇ।

ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਏਕੀਕ੍ਰਿਤ ਪੌਸ਼ਟਿਕ ਸਪਲਾਈ ਅਤੇ ਪ੍ਰਬੰਧਨ (ਆਈਐੱਨਐੱਸਏਐੱਮ) ਨੂੰ ਹੁਲਾਰਾ ਦੇਣ ਲਈ ਮਿਸ਼ਨ ਮੋਡ ਪ੍ਰੋਗਰਾਮ ਸ਼ੁਰੂ ਕਰਨ ਦੀ ਜ਼ਰੂਰਤ ਹੈ। ਪ੍ਰਸਤਾਵਿਤ ਮਿਸ਼ਨ ਦਾ ਟੀਚਾ ਅਗਲੇ 3 ਵਰ੍ਹਿਆਂ ਵਿੱਚ ਮੌਜੂਦਾ ਖਣਿਜ ਖਾਦ ਦੀ ਵਰਤੋਂ ਨੂੰ ਘੱਟ ਤੋਂ ਘੱਟ 25% ਹਿੱਸਾ ਜੈਵਿਕ ਖਾਦ ਨਾਲ ਬਦਲਣਾ ਹੋਵੇਗਾ। ਏਆਈ ਪਲੈਟਫਾਰਮ ‘ਭਾਰਤ VISTAAR'  ਜਿਹੇ ਡਿਜੀਟਲ ਉਪਕਰਣਾਂ ਦੀ ਵਰਤੋਂ ਕਰਕੇ ਪੂਰੇ ਵਰ੍ਹੇ ਵੱਡੇ ਪੈਮਾਨੇ ‘ਤੇ ਤਕਨਾਲੋਜੀ ਟ੍ਰਾਂਸਫਰ ਕਰਨ ਨਾਲ, ਸਿੱਧ ਤਕਨੀਕਾਂ ਨੂੰ ਵੱਡੇ ਪੈਮਾਨੇ ‘ਤੇ ਅਪਣਾਉਣ ਵਿੱਚ ਮਦਦ ਮਿਲੇਗੀ। ਕਮਜ਼ੋਰ ਵਿਸਤਾਰ ਸੇਵਾਵਾਂ ਵਿੱਚ ਖਾਦ ਦੀ ਵਰਤੋਂ ਨੂੰ ਵਧਾਉਣ ‘ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ, ਲੇਕਿਨ ਉਸ ਦੀ ਕੁਸ਼ਲ ਵਰਤੋਂ ‘ਤੇ ਧਿਆਨ ਨਹੀਂ ਦਿੱਤਾ ਜਾਂਦਾ।

ਪ੍ਰਤੀਨਿਧੀਆਂ ਵਿੱਚ ਇਸ ਗੱਲ ‘ਤੇ ਆਮ ਸਹਿਮਤੀ ਬਣੀ ਕਿ ਮੌਜੂਦਾ ਖਾਦ ਨੀਤੀਆਂ ਵਿੱਚ ਵੱਡਾ ਬਦਲਾਅ (ਪੈਰਾਡਾਈਮ ਸ਼ਿਫਟ) ਲਿਆਉਣ ਦੀ ਜ਼ਰੂਰਤ ਹੈ- ਵਿਸ਼ੇਸ਼ ਤੌਰ ‘ਤੇ ਯੂਰੀਆ ਨੂੰ ‘ਪੌਸ਼ਟਿਕ ਅਧਾਰਿਤ ਸਬਸਿਡੀ’ ਦੇ ਦਾਇਰੇ ਵਿੱਚ ਲਿਆਉਣਾ; ਖਾਦ ਸਬਸਿਡੀ ਨੂੰ ਜੀਏਪੀ ਅਪਣਾਉਣ ਲਈ ਪ੍ਰੋਤਸਾਹਨ ਵਜੋਂ ਮੁੜ ਵਰਤਨਾ, ਸਬਸਿਡੀ ਨੂੰ ‘ਸੋਇਲ ਹੈਲਥ ਕਾਰਡ’ ਨਾਲ ਜੋੜਨਾ ਅਤੇ ਕਿਸਾਨਾਂ ਨੂੰ ਸਬਸਿਡੀ ਦਾ ਭੁਗਤਾਨ ‘ਪ੍ਰਤੱਖ ਨਕਦ ਟ੍ਰਾਂਸਫਰ’ ਦੇ ਰੂਪ ਵਿੱਚ ਕਰਨ ਦੀ ਸੰਭਾਵਨਾ ਲੱਭਣਾ। ਸਸਤੇ ਯੂਰੀਆ ਦੀ ਉਪਲਬਧਤਾ, ਉਸ ਦੀ ਕੁਸ਼ਲ ਵਰਤੋਂ ਕਰਨ ਅਤੇ ਉਸ ਦੀ ਜ਼ਿਆਦਾ ਵਰਤੋਂ ਨੂੰ ਰੋਕਣ ਲਈ ਮੁੱਖ ਰੁਕਾਵਟ ਹੈ। ਅਨੁਸ਼ੰਸਿਤ ਮਾਤਰਾ ਦੀ ਤੁਲਨਾ ਵਿੱਚ ਵੱਧ ਮਹਿੰਗੀਆਂ ਖਾਦਾਂ- ਜਿਵੇਂ P (ਫਾਸਫੋਰਸ) ਤੇ K (ਪੋਟਾਸ਼ੀਅਮ)- ਦੀ ਅਨੁਪਾਤਕ ਤੌਰ ‘ਤੇ ਘੱਟ ਵਰਤੋਂ ਕਰਨ ਨਾਲ, ਮਿੱਟੀ ਅਤੇ ਫਸਲਾਂ ਵਿੱਚ ਇਨ੍ਹਾਂ ਪੌਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।

ਪਿਛੋਕੜ

ਹਰਿਤ ਕ੍ਰਾਂਤੀ ਭਾਰਤ ਦੇ ਖੇਤੀਬਾੜੀ ਇਤਿਹਾਸ ਵਿੱਚ ਮਹੱਤਵਪੂਰਨ ਮੋੜ ਸੀ, ਜਿਸ ਨੇ ਭਾਰਤ ਨੂੰ ਭੋਜਨ ਦੀ ਕਮੀ ਨਾਲ ਆਤਮਨਿਰਭਰਤਾ ਵੱਲ ਵਧਣ ਵਿੱਚ ਮਦਦ ਕੀਤੀ ਅਤੇ ਖੇਤੀਬਾੜੀ ਖੇਤਰ ਵਿੱਚ ਢਾਂਚਾਗਤ ਬਦਲਾਅ ਲਿਆਈ। ਹਰਿਤ ਕ੍ਰਾਂਤੀ ਦੇ ਬਾਅਦ ਤੋਂ, ਭਾਰਤ ਦੇ ਖੇਤੀਬਾੜੀ ਬਦਲਾਅ ਵਿੱਚ ਖਾਦਾਂ ਦੀ ਭੂਮਿਕਾ ਕੇਂਦਰੀ ਰਹੀ ਹੈ; ਇਨ੍ਹਾਂ ਨੇ ਅਨਾਜ ਉਤਪਾਦਨ ਵਿੱਚ ਭਾਰੀ ਵਾਧਾ ਕੀਤਾ ਹੈ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ।

ਹਾਲਾਂਕਿ, ਇਹ ਖੇਤਰ ਖਾਸ ਕਰਕੇ ਫਾਸਫੋਰਸ ਅਤੇ ਪੋਟਾਸ਼ੀਅਮ ਲਈ ਹੁਣ ਵੀ ਆਯਾਤ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਸ ਦੇ ਕਾਰਨ ਭਾਰੀ ਮਾਤਰਾ ਵਿੱਚ ਵਿਦੇਸ਼ੀ ਮੁਦ੍ਰਾ ਬਾਹਰ ਜਾਂਦੀ ਹੈ ਅਤੇ ਸਬਸਿਡੀ ਦਾ ਬੋਝ ਵੀ ਬਹੁਤ ਵੱਧ ਜਾਂਦਾ ਹੈ, ਜੋ 2024-25 ਵਿੱਚ ਲਗਭਗ 1.71 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਖਾਦਾਂ ਦੀ ਗਲਤ ਅਤੇ ਸੰਤੁਲਿਤ ਵਰਤੋਂ ਉਤਪਾਦਕਤਾ ਨੂੰ ਹੋਰ ਵੀ ਸੀਮਿਤ ਕਰ ਦਿੰਦੀ ਹੈ, ਕਿਉਂਕਿ ਫਸਲਾਂ ਲਾਗੂ ਕੀਤੇ ਗਏ ਪੌਸ਼ਟਿਕ ਤੱਤਾਂ ਦਾ ਸਿਰਫ਼ ਛੋਟਾ ਜਿਹਾ ਹਿੱਸਾ ਯਾਨੀ ਲਗਭਗ 30–50%  ਨਾਈਟ੍ਰੋਜਨ, 15–25%  ਫਾਸਫੋਰਸ, ਅਤੇ 50–60% ਪੋਟਾਸ਼ੀਅਮ ਹੀ ਇਸਤੇਮਾਲ ਕਰ ਪਾਉਂਦੀਆਂ ਹਨ- ਜਦੋਂ ਕਿ ਬਾਕੀ ਹਿੱਸਾ ਲੀਚਿੰਗ, ਰਨਆਫ, ਅਸਥਿਰਤਾ ਜਾਂ ਸੋਇਲ ਫਿਕਸੇਸ਼ਨ ਦੁਆਰਾ ਬਰਬਾਦ ਹੋ ਜਾਂਦਾ ਹੈ। ਪੌਸ਼ਟਿਕ ਤੱਤਾਂ ਦੀ ਵਰਤੋਂ ਦੀ ਇਹ ਘੱਟ ਕੁਸ਼ਲਤਾ (ਐੱਨਯੂਈ) ਉਤਪਾਦਨ ਲਾਗਤ ਵਧਾਉਂਦੀ ਹੈ, ਸਬਿਸਡੀ ਦਾ ਬੋਝ ਵਧਾਉਂਦੀ ਹੈ ਅਤੇ ਮਿੱਟੀ ਅਤੇ ਪਾਣੀ ਦੀ ਗੁਣਵੱਤਾ ਵਿੱਚ ਗਿਰਾਵਟ ਦਾ ਕਾਰਨ ਬਣਦੀ ਹੈ।

25 ਵਿੱਚ ਕੁੱਲ ਖਾਦ (N+P2O5+K2O)  ਦੀ ਖਪਤ 32.93 ਮਿਲੀਅਨ ਟਨ ਤੱਕ ਪਹੁੰਚ ਗਈ, ਜਿਸ ਵਿੱਚ ਖਾਦ ਵਰਤੋਂ ਦੀ ਤੀਬਰਤਾ 151 ਕਿਲੋਗ੍ਰਾਮ/ਹੈਕਟੇਅਰ ਸੀ। ਖਾਦ ਖਪਤ ਦਾ ਔਸਤ ਅਨੁਪਾਤ (9.3:3.5:1) ਨਾਈਟ੍ਰੋਜਨ (N) ਵੱਲ ਬਹੁਤ ਜ਼ਿਆਦਾ ਝੁਕਿਆ ਹੋਇਆ ਹੈ। ਯੂਰੀਆ ਉਤਪਾਦਨ ਵਿੱਚ ਇਸਤੇਮਾਲ ਹੋਣ ਵਾਲੀ ਲਗਭਗ 80% ਕੁਦਰਤੀ ਗੈਸ ਆਯਾਤ ਕੀਤੀ ਜਾਂਦੀ ਹੈ ਜੋ ਇਸ ਗੱਲ ਨੂੰ ਹੋਰ ਵੀ ਸਪੱਸ਼ਟ ਕਰਦੀ ਹੈ ਕੇ ਘਰੇਲੂ ਪੱਧਰ ‘ਤੇ ਉਤਪਾਦਿਤ ਖਾਦਾਂ ਦੇ ਮਾਮਲੇ ਵਿੱਚ ਵੀ ਅਸੀਂ ਆਯਾਤ ‘ਤੇ ਕਿੰਨੇ ਨਿਰਭਰ ਹਾਂ। ਪੱਛਮੀ ਏਸ਼ੀਆ ਵਿੱਚ ਹਾਲ ਦੇ ਘਟਨਾਕ੍ਰਮਾਂ ਨੂੰ ਖਾਦਾਂ ਅਤੇ ਕੱਚੇ ਮਾਲ ਦੇ ਸਬੰਧ ਵਿੱਚ ਸਿਰਫ਼ ਥੋੜ੍ਹੇ ਸਮੇਂ ਦੇ ਸਪਲਾਈ ਚੇਨ ਸੰਕਟ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਸਗੋਂ, ਇਹ ਸਾਡੇ ਲਈ ਇੱਕ ਚੇਤਾਵਨੀ ਹੈ ਕਿ ਅਸੀਂ ਆਪਣੀਆਂ ਨੀਤੀਆਂ ਅਤੇ ਖੋਜ ਅਤੇ ਵਿਕਾਸ (R&D)  ਦੀਆਂ ਤਰਜੀਹਾਂ ‘ਤੇ ਮੁੜ ਤੋਂ ਵਿਚਾਰ ਕਰੀਏ ਅਤੇ ਉਨ੍ਹਾਂ ਨੂੰ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਮੁੜ-ਸੁਰਜੀਤ ਕਰੀਏ।

**** 

ਆਰਸੀ/ਐੱਮਐੱਸ


(Release ID: 2252141) ਵਿਜ਼ੀਟਰ ਕਾਊਂਟਰ : 12