ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਰਾਹੀਂ ਰੁਜ਼ਗਾਰ ਮਾਧਿਅਮ ਦਾ ਵਿਸਤਾਰ ਕਰਨ ਲਈ ਪੋਰਟਰ ਅਤੇ ਗਿਗਿਨ ਟੈਕਨਾਲੋਜੀਜ਼ ਨਾਲ ਸਮਝੌਤਾ ਪੱਤਰਾਂ 'ਤੇ ਦਸਤਖਤ ਕੀਤੇ
ਡਾ. ਮਨਸੁਖ ਮਾਂਡਵੀਆ ਨੇ ਐੱਨਸੀਐੱਸ ਨੂੰ ਨੌਜਵਾਨਾਂ ਨੂੰ ਹੁਨਰ-ਅਧਾਰਿਤ ਮੌਕਿਆਂ ਨਾਲ ਜੋੜਨ ਵਾਲੇ ਇੱਕ ਵਨ-ਸਟਾਪ ਪਲੈਟਫਾਰਮ ਵਜੋਂ ਉਜਾਗਰ ਕੀਤਾ
ਪੋਰਟਰ ਵੱਡੇ ਪੱਧਰ 'ਤੇ ਲੌਜਿਸਟਿਕਸ ਅਤੇ ਡਰਾਈਵਿੰਗ ਦੇ ਮੌਕੇ ਪੈਦਾ ਕਰੇਗਾ; ਇਸ ਦਾ ਉਦੇਸ਼ 2030 ਤੱਕ 30 ਲੱਖ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ।
ਗਿਗਿਨ ਐੱਨਸੀਐੱਸ ਰਾਹੀਂ 1.5 ਲੱਖ ਤੋਂ ਵੱਧ ਮਾਲਕਾਂ ਨਾਲ ਜੁੜ ਕੇ ਪ੍ਰਤੀ ਵਰ੍ਹੇ 2-3 ਲੱਖ ਪ੍ਰਮਾਣਿਤ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਯੋਗ ਹੋਵੇਗਾ
Posted On:
13 APR 2026 5:29PM by PIB Chandigarh
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਅੱਜ ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਵੰਦਨਾ ਗੁਰਨਾਨੀ ਦੀ ਮੌਜੂਦਗੀ ਵਿੱਚ ਪੋਰਟਰ ਅਤੇ ਗਿਗਿਨ ਟੈਕਨਾਲੋਜੀਜ਼ ਨਾਲ ਸਮਝੌਤੇ (ਐੱਮਓਯੂ) 'ਤੇ ਦਸਤਖਤ ਕੀਤੇ। ਇਸ ਦਾ ਉਦੇਸ਼ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਰਾਹੀਂ ਰੁਜ਼ਗਾਰ ਦੇ ਮੌਕਿਆਂ ਦਾ ਵਿਸਤਾਰ ਕਰਨਾ ਅਤੇ ਡਿਜੀਟਲ ਜੌਬ ਮੈਚਿੰਗ ਨੂੰ ਮਜ਼ਬੂਤ ਕਰਨਾ ਹੈ।


ਇਸ ਮੌਕੇ ਬੋਲਦਿਆਂ, ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ, "ਐੱਨਸੀਐੱਸ ਪਲੈਟਫਾਰਮ ਨੌਜਵਾਨਾਂ ਲਈ ਆਪਣੇ ਹੁਨਰ ਦੇ ਅਨੁਸਾਰ ਰੁਜ਼ਗਾਰ ਦੇ ਮੌਕੇ ਲੱਭਣ ਲਈ ਇੱਕ ਪ੍ਰਭਾਵਸ਼ਾਲੀ ਅਤੇ ਵਿਆਪਕ ਹੱਲ ਵਜੋਂ ਉਭਰਿਆ ਹੈ। ਪੋਰਟਲ 'ਤੇ ਇਸ ਸਮੇਂ 7 ਲੱਖ ਤੋਂ ਵੱਧ ਅਸਾਮੀਆਂ ਸਰਗਰਮ ਹਨ ਅਤੇ ਐੱਨਸੀਐੱਸ 'ਤੇ ਲਗਭਗ 59 ਲੱਖ ਸੰਸਥਾਵਾਂ ਰਜਿਸਟਰਡ ਹਨ, ਇਸ ਨਾਲ ਨੌਜਵਾਨ ਨੌਕਰੀ ਲੱਭਣ ਵਾਲਿਆਂ ਲਈ ਕਈ ਮੌਕੇ ਖੁੱਲ੍ਹੇ ਹਨ।" ਕੇਂਦਰੀ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਗਿਗਿਨ ਅਤੇ ਪੋਰਟਰ ਪਲੈਟਫਾਰਮਾਂ ਨਾਲ ਐੱਨਸੀਐੱਸ ਦੀ ਭਾਈਵਾਲੀ ਸਾਰੇ ਹਿੱਤਧਾਰਕਾਂ ਲਈ ਆਪਸੀ ਤੌਰ 'ਤੇ ਲਾਭਦਾਇਕ ਸਾਬਤ ਹੋਵੇਗੀ ਅਤੇ ਐੱਨਸੀਐੱਸ ਪੋਰਟਲ ਨੂੰ ਹੋਰ ਮਜ਼ਬੂਤ ਬਣਾਏਗੀ ।
ਡਾ. ਮਾਂਡਵੀਆ ਨੇ ਐੱਨਸੀਐੱਸ ਪੋਰਟਲ ਦੇ ਈ-ਮਾਈਗ੍ਰੇਟ, ਐੱਸਆਈਡੀਐੱਚ, ਅਤੇ ਮਾਈ ਭਾਰਤ ਪਲੈਟਫਾਰਮਾਂ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਪੋਰਟਲਾਂ ਨਾਲ ਏਕੀਕਰਣ 'ਤੇ ਚਾਨਣਾ ਪਾਇਆ। ਇਹ ਇਸ ਨੂੰ ਸੱਚਮੁੱਚ ਇੱਕ ਵਿਆਪਕ ਅਤੇ ਪਰਿਵਰਤਨਸ਼ੀਲ ਪਹੁੰਚ ਵਾਲਾ ਪੋਰਟਲ ਬਣਾਉਂਦਾ ਹੈ। ਹੁਨਰ ਦੇ ਅੰਤਰ ਨੂੰ ਦੂਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਐੱਨਸੀਐੱਸ ਦੇ ਨਾਲ-ਨਾਲ ਹੀ ਗਿਗਿਨ ਅਤੇ ਪੋਰਟਰ ਨੂੰ ਰਜਿਸਟਰਡ ਨੌਕਰੀ ਲੱਭਣ ਵਾਲਿਆਂ ਨੂੰ ਸੌਫਟ ਸਕਿੱਲਸ ਵਿੱਚ ਸਿਖਲਾਈ ਪ੍ਰਦਾਨ ਕਰਨ ਲਈ ਵਿਧੀ ਵਿਕਸਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ, "ਨੌਕਰੀ ਲੱਭਣ ਵਾਲਿਆਂ ਦੀ ਮੰਗ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੇ ਗਏ ਥੋੜ੍ਹੇ ਸਮੇਂ ਦੇ ਸਿਖਲਾਈ ਕੋਰਸ, ਹੁਨਰ ਦੇ ਅੰਤਰ ਨੂੰ ਪੂਰਾ ਕਰਨ ਅਤੇ ਸਾਡੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਵਿੱਚ ਬਹੁਤ ਮਦਦਗਾਰ ਹੋਣਗੇ।"

ਐੱਨਸੀਐੱਸ ਪੋਰਟਲ ਦੇ ਵਿਆਪਕ ਪੈਮਾਨੇ ਅਤੇ ਪ੍ਰਭਾਵ ਬਾਰੇ ਬੋਲਦਿਆਂ, ਕਿਰਤ ਅਤੇ ਰੁਜ਼ਗਾਰ ਸਕੱਤਰ, ਸ਼੍ਰੀਮਤੀ ਵੰਦਨਾ ਗੁਰਨਾਨੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਤੋਂ ਲੈ ਕੇ, ਇਸ ਨੇ 6 ਕਰੋੜ ਤੋਂ ਵੱਧ ਨੌਕਰੀ ਲੱਭਣ ਵਾਲਿਆਂ ਨੂੰ ਰਜਿਸਟਰਡ ਕੀਤਾ ਹੈ ਅਤੇ 9 ਕਰੋੜ ਤੋਂ ਵੱਧ ਅਸਾਮੀਆਂ ਪੈਦਾ ਕੀਤੀਆਂ ਹਨ। ਇਹ ਭਾਰਤ ਦੇ ਰੁਜ਼ਗਾਰ ਈਕੋਸਿਸਟਮ ਦੇ ਇੱਕ ਮੁੱਖ ਥੰਮ੍ਹ ਵਜੋਂ ਇਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪੋਰਟਰ ਅਤੇ ਗਿਗਿਨ ਟੈਕਨਾਲੋਜੀਜ਼ ਨਾਲ ਸਾਂਝੇਦਾਰੀ ਵਧੀ ਹੋਈ ਭਾਗੀਦਾਰੀ ਅਤੇ ਸਹਿਯੋਗ ਰਾਹੀਂ ਪਲੈਟਫਾਰਮ ਨੂੰ ਹੋਰ ਮਜ਼ਬੂਤ ਕਰੇਗੀ। ਸਕੱਤਰ ਨੇ ਇਸ ਪਹਿਲਕਦਮੀ ਨੂੰ ਸਫਲ ਬਣਾਉਣ ਵਿੱਚ ਦੋਵਾਂ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਦੀ ਉਮੀਦ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸਹਿਯੋਗ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਨੌਕਰੀ ਲੱਭਣ ਵਾਲਿਆਂ ਲਈ ਟਿਕਾਊ ਅਤੇ ਸਨਮਾਨਜਨਕ ਆਜੀਵਿਕਾ ਦੇ ਮੌਕੇ ਖੋਲ੍ਹੇਗਾ, ਇਸ ਨਾਲ ਵਧੇਰੇ ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਕਿਰਤ ਬਜ਼ਾਰ ਵਿੱਚ ਯੋਗਦਾਨ ਮਿਲੇਗਾ।
ਸਮਾਰਟਸ਼ਿਫਟ ਲੌਜਿਸਟਿਕਸ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ (ਪੋਰਟਰ) ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਪੋਰਟਰ ਇੱਕ ਮੋਹਰੀ ਤਕਨਾਲੋਜੀ-ਅਧਾਰਿਤ ਮਾਲ ਢੋਆ-ਢੁਆਈ ਏਜੰਸੀ ਹੈ ਜੋ ਤਕਨਾਲੋਜੀ ਪਲੈਟਫਾਰਮਾਂ ਰਾਹੀਂ ਨਿਰਵਿਘਨ ਅਤੇ ਟਿਕਾਊ ਸ਼ਹਿਰੀ ਲੌਜਿਸਟਿਕਸ ਸੇਵਾਵਾਂ ਪ੍ਰਦਾਨ ਕਰਦੀ ਹੈ। ਐੱਨਸੀਐੱਸ ਪੋਰਟਲ ਨਾਲ ਆਪਣੀ ਭਾਈਵਾਲੀ ਰਾਹੀਂ, ਪੋਰਟਰ ਡਰਾਈਵਿੰਗ ਅਤੇ ਲੌਜਿਸਟਿਕਸ-ਸਬੰਧਿਤ ਮੌਕਿਆਂ ਨੂੰ ਮਹੱਤਵਪੂਰਨ ਤੌਰ 'ਤੇ ਉਤਸ਼ਾਹਿਤ ਕਰੇਗਾ, ਪੋਰਟਲ ਦੀ ਵਿਆਪਕ ਪਹੁੰਚ ਦਾ ਲਾਭ ਉਠਾਉਂਦੇ ਹੋਏ ਸੰਭਾਵੀ ਕਾਮਿਆਂ ਅਤੇ ਸੇਵਾ ਪ੍ਰਦਾਤਾਵਾਂ ਲਈ ਢਾਂਚਾਗਤ ਅਤੇ ਪਾਰਦਰਸ਼ੀ ਆਜੀਵਿਕਾ ਦੇ ਮੌਕਿਆਂ ਤੱਕ ਅਸਲ-ਸਮੇਂ ਦੀ ਪਹੁੰਚ ਪ੍ਰਦਾਨ ਕਰੇਗਾ। ਪੋਰਟਰ ਦਾ ਉਦੇਸ਼ ਐੱਨਸੀਐੱਸ ਪਲੈਟਫਾਰਮ ਰਾਹੀਂ ਸਾਲਾਨਾ ਲਗਭਗ 6 ਲੱਖ ਨੌਕਰੀਆਂ ਅਤੇ 2030 ਤੱਕ ਲਗਭਗ 30 ਲੱਖ ਨੌਕਰੀਆਂ ਪੈਦਾ ਕਰਨਾ ਹੈ, ਜਿਸ ਨਾਲ ਲੌਜਿਸਟਿਕਸ ਸੈਕਟਰ ਵਿੱਚ ਰੁਜ਼ਗਾਰ ਲਈ ਇੱਕ ਢਾਂਚਾਗਤ ਅਤੇ ਸਕੇਲੇਬਲ ਮਾਰਗ ਬਣਾਇਆ ਜਾਵੇਗਾ।
ਗਿਗਿਨ ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਪਲੈਟਫਾਰਮ ਇੱਕ ਬਹੁਪੱਖੀ ਤਕਨਾਲੋਜੀ ਈਕੋਸਿਸਟਮ ਵਜੋਂ ਕੰਮ ਕਰਦਾ ਹੈ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਵੈਰੀਫਿਕੇਸ਼ਨ ਇੰਟੈਲੀਜੈਂਸ, ਅਤੇ ਸਰਵ ਵਿਆਪਕ ਪਹੁੰਚ ਦੀ ਵਰਤੋਂ ਕਰਕੇ ਸਨਮਾਨਜਨਕ ਅਤੇ ਪ੍ਰਮਾਣਿਤ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਇਹ ਸਮਝੌਤਾ ਸਰਕਾਰ ਦੀ ਰੁਜ਼ਗਾਰ ਸਹੂਲਤ ਪ੍ਰਣਾਲੀ ਨਾਲ ਡਿਜੀਟਲ ਭਰਤੀ ਅਤੇ ਪ੍ਰਮਾਣਿਤ ਨੌਕਰੀ ਮਿਲਾਣ ਨੂੰ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਸਹਿਯੋਗ ਦੇ ਤਹਿਤ, ਗਿਗਿਨ ਸਾਲਾਨਾ ਘੱਟੋ-ਘੱਟ 2-3 ਲੱਖ ਪ੍ਰਮਾਣਿਕ ਨੌਕਰੀ ਦੇ ਮੌਕੇ ਪੈਦਾ ਕਰਨ ਅਤੇ 1.5 ਲੱਖ ਤੋਂ ਵੱਧ ਮਾਲਕਾਂ ਨਾਲ ਜੁੜਨ ਵਿੱਚ ਮਦਦ ਕਰੇਗਾ। ਇਸ ਸਾਂਝੇਦਾਰੀ ਰਾਹੀਂ, ਪ੍ਰਮਾਣਿਤ ਨੌਕਰੀ ਸੂਚੀਆਂ ਅਤੇ ਮਾਲਕ ਸੰਪਰਕਾਂ ਨੂੰ ਐੱਨਸੀਐੱਸ ਪੋਰਟਲ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ। ਇਹ ਰਜਿਸਟਰਡ ਉਮੀਦਵਾਰਾਂ ਲਈ ਪਾਰਦਰਸ਼ੀ, ਭਰੋਸੇਯੋਗ ਅਤੇ ਭਰੋਸੇਮੰਦ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਦਾ ਵਿਸਤਾਰ ਕਰੇਗਾ। ਇਸ ਪਹਿਲਕਦਮੀ ਤੋਂ ਨੌਕਰੀ ਮਿਲਾਣ ਦੀ ਕੁਸ਼ਲਤਾ ਵਿੱਚ ਸੁਧਾਰ, ਮਾਲਕਾਂ ਦੀ ਭਾਗੀਦਾਰੀ ਵਧਾਉਣ ਅਤੇ ਪਹੁੰਚ ਦਾ ਵਿਸਤਾਰ ਕਰਨ ਦੀ ਉਮੀਦ ਹੈ। ਇਹ ਇੱਕ ਵਧੇਰੇ ਸਮਾਵੇਸ਼ੀ, ਤਕਨਾਲੋਜੀ-ਸਮਰੱਥ, ਅਤੇ ਜਵਾਬਦੇਹ ਲੇਬਰ ਮਾਰਕਿਟ ਈਕੋਸਿਸਟਮ ਵਿੱਚ ਯੋਗਦਾਨ ਪਾਵੇਗਾ।

ਇਨ੍ਹਾਂ ਸਹਿਯੋਗਾਂ ਤੋਂ ਤਕਨਾਲੋਜੀ-ਅਧਾਰਿਤ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਪਹੁੰਚ ਨੂੰ ਮਜ਼ਬੂਤ ਕਰਨ, ਰੁਜ਼ਗਾਰ ਦੇ ਮੌਕਿਆਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਕਿਰਤ ਬਜ਼ਾਰ ਵਿੱਚ ਵਧੇਰੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਦੇਸ਼ ਭਰ ਵਿੱਚ ਸਮਾਵੇਸ਼ੀ, ਸੁਰੱਖਿਅਤ ਅਤੇ ਡਿਜੀਟਲ ਤੌਰ 'ਤੇ ਸਮਰੱਥ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਦੇ ਮੰਤਰਾਲੇ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਸਹਿਯੋਗ ਦੇਸ਼ ਦੇ ਕਾਰਜਬਲ ਲਈ ਟਿਕਾਊ, ਮਾਣਮੱਤੇ, ਪਹੁੰਚਯੋਗ ਅਤੇ ਭਵਿੱਖ ਲਈ ਤਿਆਰ ਰੁਜ਼ਗਾਰ ਮਾਰਗ ਬਣਾਉਣ ਲਈ ਨਵੀਨਤਾਕਾਰੀ ਭਾਰਤੀ ਕੰਪਨੀਆਂ ਨਾਲ ਕੰਮ ਕਰਨ ਅਤੇ ਡਿਜੀਟਲ ਨਵੀਨਤਾ ਅਤੇ ਭਰੋਸੇਯੋਗ ਭਾਈਵਾਲੀ ਦਾ ਲਾਭ ਉਠਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ
(Release ID: 2252000)
ਵਿਜ਼ੀਟਰ ਕਾਊਂਟਰ : 6