ਰੱਖਿਆ ਮੰਤਰਾਲਾ
ਨੈਸ਼ਨਲ ਕੈਡਿਟ ਕੋਰਪਸ ਨੇ ਕੈਡਿਟਾਂ ਲਈ ਰਾਸ਼ਟਰਵਿਆਪੀ ਸਾਈਬਰ ਸੁਰੱਖਿਆ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ
Posted On:
13 APR 2026 4:35PM by PIB Chandigarh
ਨੈਸ਼ਨਲ ਕੈਡਿਟ ਕੋਰਪਸ (ਐੱਨਸੀਸੀ) ਨੇ ਨੈਸ਼ਨਲ ਇੰਸਟੀਟਿਊਟ ਆਫ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (ਐੱਨਆਈਈਐੱਲਆਈਟੀ) ਦੇ ਸਹਿਯੋਗ ਨਾਲ ਕੈਡਿਟਾਂ ਨੂੰ ਸਾਈਬਰ ਜਾਗਰੂਕਤਾ, ਡਿਜੀਟਲ ਸਵੱਛਤਾ ਅਤੇ ਵਿਵਹਾਰਿਕ ਸਾਈਬਰ ਸੁਰੱਖਿਆ ਕੌਸ਼ਲ ਵਿੱਚ ਢਾਂਚਾਗਤ ਟ੍ਰੇਨਿੰਗ ਪ੍ਰਦਾਨ ਕਰਨ ਲਈ ਵਿਆਪਕ ਸਾਈਬਰ ਸੁਰੱਖਿਆ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਵੀਰੇਂਦਰ ਵਤਸ ਅਤੇ ਐੱਨਆਈਆਈਐੱਲਆਈਟੀ ਦੇ ਡਾਇਰੈਕਟਰ ਜਨਰਲ ਡਾ ਮਦਨ ਮੋਹਨ ਤ੍ਰਿਪਾਠੀ ਦੀ ਮੌਜੂਦਗੀ ਵਿੱਚ ਐੱਨਸੀਸੀ ਅਤੇ ਐੱਨਆਈਈਐੱਲਆਈਟੀ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ।

ਪਹਿਲੇ ਪੜਾਅ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਹੋਵੇਗਾ। ਇਹ ਇੱਕ 15 ਘੰਟੇ ਦਾ ਔਨਲਾਈਨ ਸਿਖਲਾਈ ਮਾਡਿਊਲ ਹੈ। ਇਸ ਨੂੰ ਡਿਜੀਟਲ ਸਾਖਰਤਾ, ਸੁਰੱਖਿਅਤ ਇੰਟਰਨੈਟ ਵਰਤੋਂ, ਸਾਈਬਰ ਸਵੱਛਤਾ ਅਤੇ ਸਾਈਬਰ ਖਤਰਿਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਪੜਾਅ ਦੇਸ਼ ਭਰ ਦੇ ਸਾਰੇ ਰਜਿਸਟਰਡ ਐੱਨਸੀਸੀ ਕੈਡਿਟਾਂ ਲਈ ਖੁੱਲ੍ਹਾ ਰਹੇਗਾ ਅਤੇ ਇਸ ਨੂੰ ਐੱਨਆਈਈਐੱਲਆਈਟੀ ਡਿਜੀਟਲ ਯੂਨੀਵਰਸਿਟੀ ਪਲੈਟਫਾਰਮ ਰਾਹੀਂ ਸੰਚਾਲਿਤ ਕੀਤਾ ਜਾਵੇਗਾ।
ਦੂਜੇ ਪੜਾਅ ਵਿੱਚ ਇੱਕ ਸਾਈਬਰ ਰੱਖਿਆ ਪ੍ਰੋਗਰਾਮ ਹੋਵੇਗਾ। ਇਹ ਇੱਕ ਤੀਬਰ 60-ਘੰਟੇ ਦਾ ਔਫਲਾਈਨ ਸਿਖਲਾਈ ਕੋਰਸ ਹੈ। ਇਸ ਨੂੰ ਯੋਗਤਾ-ਅਧਾਰਿਤ ਸਕ੍ਰੀਨਿੰਗ ਪ੍ਰਕਿਰਿਆ ਰਾਹੀਂ ਚੁਣੇ ਗਏ ਕੈਡਿਟਾਂ ਲਈ ਤਿਆਰ ਕੀਤਾ ਗਿਆ ਹੈ। ਇਹ ਪੜਾਅ ਵਿਵਹਾਰਿਕ ਸਿਖਲਾਈ, ਅਸਲ-ਜੀਵਨ ਦੇ ਸਿਮੂਲੇਸ਼ਨ, ਅਤੇ ਸਾਈਬਰ ਸੁਰੱਖਿਆ ਉਪਕਰਣਾਂ ਅਤੇ ਤਕਨੀਕਾਂ ਦੇ ਨਾਲ ਵਿਵਹਾਰਿਕ ਅਨੁਭਵ 'ਤੇ ਕੇਂਦ੍ਰਿਤ ਹੋਵੇਗਾ। ਇਹ ਕੈਡਿਟਾਂ ਨੂੰ ਸਾਈਬਰ ਖਤਰਿਆਂ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਪਛਾਣ ਕਰਨ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਏਗਾ।
ਇਸ ਪਹਿਲਕਦਮੀ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਸਾਈਬਰ ਜਾਗਰੂਕਤਾ ਫੈਲਾਉਣ, ਸੁਰੱਖਿਅਤ ਡਿਜੀਟਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਸਾਈਬਰ ਸੁਰੱਖਿਆ ਪਹਿਲਕਦਮੀਆਂ ਦਾ ਸਮਰਥਨ ਕਰਨ ਵਿੱਚ ਯੋਗਦਾਨ ਦੇਣ ਦੇ ਲਈ ਸਿਖਲਾਈ ਪ੍ਰਾਪਤ ਐੱਨਸੀਸੀ ਸਾਈਬਰ ਕੈਡਿਟਾਂ ਦਾ ਇੱਕ ਸਮੂਹ ਤਿਆਰ ਕਰਨਾ ਹੈ। ਇਹ ਪ੍ਰੋਗਰਾਮ ਡਿਜੀਟਲ ਇੰਡੀਆ ਅਤੇ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐੱਨਐੱਸਕਿਊਐੱਫ) ਦੇ ਤਹਿਤ ਰਾਸ਼ਟਰੀ ਤਰਜੀਹਾਂ ਦੇ ਅਨੁਰੂਪ ਵੀ ਹੈ।
******
ਐੱਸਆਰ/ ਰੁੱਚੀ
(Release ID: 2251999)
ਵਿਜ਼ੀਟਰ ਕਾਊਂਟਰ : 11