ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਈਓ/ਏਓ ਬੈਚ 2025 ਐਨਐੱਲਯੂ ਇੰਡਕਸ਼ਨ ਟ੍ਰੇਨਿੰਗ ਦਾ ਪੜਾਅ ਜੀਐਨਐੱਲਯੂ, ਗਾਂਧੀਨਗਰ ਵਿਖੇ ਸ਼ੁਰੂ ਹੋਇਆ
Posted On:
07 APR 2026 1:01PM by PIB Chandigarh
ਨੈਸ਼ਨਲ ਲਾਅ ਯੂਨੀਵਰਸਿਟੀ (ਐਨਐੱਲਯੂ) ਪੜਾਅ ਅਧੀਨ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਸਿੱਧੇ ਭਰਤੀ ਇਨਫੋਰਸਮੈਂਟ ਅਫਸਰਾਂ/ਖਾਤਾ ਅਧਿਕਾਰੀਆਂ (ਈਓ/ਏਓ) ਲਈ, ਬੈਚ 2025, ਇੰਡਕਸ਼ਨ ਸਿਖਲਾਈ ਪ੍ਰੋਗਰਾਮ ਦੇ ਦੂਜੇ ਬੈਚ ਦੀ ਸ਼ੂਰੂਆਤ, 6 ਅਪ੍ਰੈਲ, 2026 ਨੂੰ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ (ਜੀਐਨਐੱਲਯੂ), ਗਾਂਧੀਨਗਰ ਵਿਖੇ ਹੋਈ ।

ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਅਕੈਡਮੀ ਆਫ਼ ਸੋਸ਼ਲ ਸਿਕਿਓਰਿਟੀ (ਪੀਡੀਯੂਐਨਏਐਸਐਸ) ਦੇ ਡਾਇਰੈਕਟਰ ਸ਼੍ਰੀ ਕੁਮਾਰ ਰੋਹਿਤ ਦੁਆਰਾ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿੱਚ ਸ਼੍ਰੀ ਮਨੋਰੰਜਨ ਕੁਮਾਰ, ਪ੍ਰਥਮ ਆਰਪੀਐਫਸੀ, ਪੀਡੀਯੂਐਨਏਐਸਐਸ, ਡਾ. ਗਿਰੀਸ਼ ਆਰ., ਅਕਾਦਮਿਕ ਮਾਮਲਿਆਂ ਦੇ ਮੁਖੀ ਅਤੇ ਪ੍ਰੋਫੈਸਰ, ਕਾਨੂੰਨ ਵਿਭਾਗ, ਜੀਐਨਐਲਯੂ, ਡਾ. ਹਾਰਦਿਕ ਐਚ. ਪਾਰਿਖ, ਸਿਖਲਾਈ ਮੁਖੀ ਅਤੇ ਸਹਾਇਕ ਪ੍ਰੋਫੈਸਰ, ਕਾਨੂੰਨ ਵਿਭਾਗ, ਜੀਐਨਐਲਯੂ, ਅਤੇ ਸ਼੍ਰੀ ਦਿਨੇਸ਼ ਕੁਮਾਰ ਮਿਸ਼ਰਾ ਨੇ ਵੀ ਸ਼ਿਰਕਤ ਕੀਤੀ।
ਅਧਿਕਾਰੀ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਕੁਮਾਰ ਰੋਹਿਤ ਨੇ ਇੱਕ ਮਜ਼ਬੂਤ ਕਾਨੂੰਨੀ ਅਤੇ ਸੰਸਥਾਗਤ ਸਮਝ ਵਿਕਸਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣੇ ਫਰਜ਼ਾਂ ਨੂੰ ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਢੰਗ ਨਾਲ ਨਿਭਾ ਸਕਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਹਿਣ-ਸਹਿਣ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਦੇ ਰਾਸ਼ਟਰੀ ਉਦੇਸ਼ਾਂ ਦੇ ਅਨੁਸਾਰ ਸਕਾਰਾਤਮਕ ਬਦਲਾਅ ਦੇ ਏਜੰਟ ਬਣਨ ਦਾ ਸੱਦਾ ਦਿੱਤਾ।
ਇਸ ਮੌਕੇ ਬੋਲਦਿਆਂ, ਪ੍ਰੋ. (ਡਾ.) ਗਿਰੀਸ਼ ਆਰ. ਨੇ ਭਾਰਤ ਦੇ ਸੰਵਿਧਾਨਕ ਢਾਂਚੇ ਵਿੱਚ ਕਾਨੂੰਨ ਦੇ ਰਾਜ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਜਨਤਕ ਅਧਿਕਾਰੀਆਂ ਨੂੰ ਆਪਣੇ ਫਰਜ਼ ਨਿਭਾਉਂਦੇ ਸਮੇਂ ਸੰਵਿਧਾਨਕ ਕਦਰਾਂ-ਕੀਮਤਾਂ ਦਾ ਧਿਆਨ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੀਐਨਐਲਯੂ ਵਿਖੇ ਦਿੱਤੀ ਜਾਣ ਵਾਲੀ ਸਿਖਲਾਈ ਭਾਗੀਦਾਰਾਂ ਨੂੰ ਜਨਤਕ ਪ੍ਰਸ਼ਾਸਨ ਅਤੇ ਰੈਗੂਲੇਟਰੀ ਕਾਰਜਾਂ ਵਿੱਚ ਉਨ੍ਹਾਂ ਦੀਆਂ ਭਵਿੱਖ ਦੀਆਂ ਭੂਮਿਕਾਵਾਂ ਨਾਲ ਸੰਬੰਧਿਤ ਮਹੱਤਵਪੂਰਨ ਕਾਨੂੰਨੀ ਪਹਿਲੂਆਂ ਤੋਂ ਜਾਣੂ ਕਰਵਾਏਗੀ।
ਡਾ. ਹਾਰਦਿਕ ਐੱਚ. ਪਾਰਿਖ ਨੇ ਸਖ਼ਤ ਸਿਖਲਾਈ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਤੁਸੀਂ ਸਿਖਲਾਈ ਦੇ ਮੈਦਾਨ 'ਤੇ ਜਿੰਨਾ ਜ਼ਿਆਦਾ ਪਸੀਨਾ ਵਹਾਓਗੇ, ਯੁੱਧ ਦੇ ਮੈਦਾਨ ਵਿੱਚ ਓਨਾ ਹੀ ਘੱਟ ਖੂਨ ਵਹੇਗਾ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਨਿਰੰਤਰ ਤਿਆਰੀ ਅਤੇ ਸੰਕਲਪਿਕ ਸਪੱਸ਼ਟਤਾ ਜ਼ਰੂਰੀ ਹੈ। ਉਨ੍ਹਾਂ ਭਾਗੀਦਾਰਾਂ ਨੂੰ ਭਰੋਸਾ ਦਿਵਾਇਆ ਕਿ ਜੀਐਨਐਲਯੂ ਸਿਖਲਾਈ ਪੜਾਅ ਦੌਰਾਨ ਕਾਨੂੰਨੀ ਸਿਧਾਂਤਾਂ ਦੀ ਇੱਕ ਠੋਸ, ਉਦੇਸ਼ਪੂਰਨ ਅਤੇ ਅਕਾਦਮਿਕ ਤੌਰ 'ਤੇ ਪੂਰੀ ਸਮਝ ਪ੍ਰਦਾਨ ਕਰੇਗਾ।
ਇਸ ਸਿਖਲਾਈ ਪ੍ਰੋਗਰਾਮ ਵਿੱਚ ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਪ੍ਰਬੰਧ ਐਕਟ, 1952, ਸਮਾਜਿਕ ਸੁਰੱਖਿਆ ਕਾਨੂੰਨ ਦੇ ਬਦਲਦੇ ਦ੍ਰਿਸ਼ ਅਤੇ ਪਾਲਣਾ, ਨਿਰਣਾ ਅਤੇ ਲਾਗੂ ਕਰਨ ਨਾਲ ਸਬੰਧਿਤ ਸਮਕਾਲੀ ਮੁੱਦਿਆਂ ਸਮੇਤ ਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਆਪਣੇ ਸੰਬੋਧਨ ਵਿੱਚ, ਸ਼੍ਰੀ ਮਨੋਰੰਜਨ ਕੁਮਾਰ ਨੇ ਕਿਹਾ ਕਿ ਸ਼ਾਸਨ ਦੇ ਬਦਲਦੇ ਚਿਹਰੇ ਦੇ ਅਨੁਸਾਰ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਭੂਮਿਕਾ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ, ਜੋ ਮੁੱਖ ਤੌਰ 'ਤੇ ਨਿਯਮਾਂ ਅਤੇ ਨਿਰੀਖਣ 'ਤੇ ਕੇਂਦ੍ਰਿਤ ਇੱਕ ਢਾਂਚੇ ਤੋਂ ਸੁਵਿਧਾ, ਵਿਸ਼ਵਾਸ ਅਤੇ ਭਾਈਵਾਲੀ 'ਤੇ ਅਧਾਰਿਤ ਇੱਕ ਢਾਂਚੇ ਵੱਲ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ, ਇਨਫੋਰਸਮੈਂਟ ਅਫਸਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਾ ਸਿਰਫ਼ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਉਣ, ਸਗੋਂ ਕਾਨੂੰਨ ਅਤੇ ਜਨਤਾ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਵੀ ਕੰਮ ਕਰਨ, ਕਾਨੂੰਨੀ ਚੌਕਸੀ ਨੂੰ ਹਮਦਰਦੀ, ਸੇਵਾ-ਮਨ ਅਤੇ ਨਾਗਰਿਕ-ਕੇਂਦ੍ਰਿਤ ਪਹੁੰਚ ਨਾਲ ਜੋੜਨ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਇਸ ਸਿਖਲਾਈ ਮੌਕੇ ਦੀ ਸਰਵੋਤਮ ਵਰਤੋਂ ਕਰਨ ਅਤੇ ਆਪਣੇ ਪੇਸ਼ੇਵਰ ਫਰਜ਼ਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਇਸ ਇੰਡਕਸ਼ਨ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਅਧਿਕਾਰੀ ਸਿਖਿਆਰਥੀ ਹਿੱਸਾ ਲੈ ਰਹੇ ਹਨ, ਜੋ ਕਿ ਪੂਰੇ ਭਾਰਤ ਵਿੱਚ ਈਪੀਐਫਓ ਦੀ ਪ੍ਰਕਿਰਤੀ ਅਤੇ ਰਾਸ਼ਟਰੀ ਮੌਜੂਦਗੀ ਨੂੰ ਦਰਸਾਉਂਦਾ ਹੈ।
ਪ੍ਰੋਗਰਾਮ ਦੌਰਾਨ, ਸ਼੍ਰੀ ਕੁਮਾਰ ਰੋਹਿਤ ਨੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵੀ ਕੀਤਾ, ਉਨ੍ਹਾਂ ਦੇ ਫੀਡਬੈਕ, ਸਵਾਲ ਅਤੇ ਉਮੀਦਾਂ ਨੂੰ ਸੁਣਿਆ, ਅਤੇ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਆਪਣੇ ਤਜ਼ਰਬੇ ਤੋਂ ਪ੍ਰਾਪਤ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ।
ਇਸ ਸੰਵਾਦ ਨੇ ਨਵੇਂ ਭਰਤੀ ਅਧਿਕਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਮੌਕਾ ਪ੍ਰਦਾਨ ਕੀਤਾ ਅਤੇ ਭਵਿੱਖ ਲਈ ਤਿਆਰ ਜਨਤਕ ਸੇਵਕਾਂ ਦਾ ਪਾਲਣ ਪੋਸ਼ਣ ਕਰਨ ਦੇ ਉਦੇਸ਼ ਨਾਲ ਇੱਕ ਭਾਗੀਦਾਰ, ਜਵਾਬਦੇਹ, ਅਤੇ ਸਿੱਖਣ-ਕੇਂਦ੍ਰਿਤ ਸਿਖਲਾਈ ਪ੍ਰਣਾਲੀ ਪ੍ਰਤੀ ਪੀਡੀਯੂਐਨਏਐਸਐਸ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਰਾਹੀਂ ਚੁਣੇ ਗਏ 262 ਸਿੱਧੀ ਭਰਤੀ ਈਓ/ਏਓ ਅਧਿਕਾਰੀਆਂ ਲਈ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਨੂੰ ਇੱਕ ਵਿਆਪਕ ਪੰਜ-ਪੜਾਅ ਸਮਰੱਥਾ-ਨਿਰਮਾਣ ਪਹਿਲਕਦਮੀ ਵਜੋਂ ਤਿਆਰ ਕੀਤਾ ਗਿਆ ਹੈ।
ਸਿਖਲਾਈ ਢਾਂਚਾ ਅਧਿਕਾਰੀਆਂ ਨੂੰ ਈਪੀਐੱਫਓ ਦੇ ਅੰਦਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਲੋੜੀਂਦੇ ਕਾਨੂੰਨੀ ਗਿਆਨ, ਪ੍ਰਸ਼ਾਸਕੀ ਯੋਗਤਾ, ਵਿੱਤੀ ਸਮਝ, ਤਕਨੀਕੀ ਗਿਆਨ ਅਤੇ ਵਿਹਾਰਕ ਖੇਤਰੀ ਅਨੁਭਵ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ।
ਪੀਡੀਯੂਐਨਏਐਸਐਸ ਬਾਰੇ
ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਅਕੈਡਮੀ ਆਫ਼ ਸੋਸ਼ਲ ਸਕਿਓਰਿਟੀ (ਪੀਡੀਯੂਐਨਏਐਸਐਸ) ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਈਪੀਐੱਫਓ ਦਾ ਸਰਵਉੱਚ ਸਿਖਲਾਈ ਸੰਸਥਾਨ ਹੈ। ਸਾਲ 1990 ਵਿੱਚ ਸਥਾਪਿਤ, ਇਹ ਅਕੈਡਮੀ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਸਿਖਲਾਈ, ਖੋਜ ਅਤੇ ਸਮਰੱਥਾ ਨਿਰਮਾਣ ਲਈ ਸਮਰਪਿਤ ਹੈ, ਜਿਸ ਦਾ ਉਦੇਸ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਉੱਤਮਤਾ ਕੇਂਦਰ ਵਜੋਂ ਵਿਕਸਤ ਹੋਣਾ ਹੈ।
*****
ਰਿਣੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ/ਬਲਜੀਤ ਸਿੰਘ
(Release ID: 2250138)
ਵਿਜ਼ੀਟਰ ਕਾਊਂਟਰ : 9