ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਹਰਿਆਣਾ ਦੇ ਮੁਰਥਲ ਵਿੱਚ ਸਥਿਤ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ 8ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕੀਤਾ


ਉਪ ਰਾਸ਼ਟਰਪਤੀ ਨੇ ਪੇਂਡੂ ਭਾਰਤ ਦੇ ਪਰਿਵਰਤਨ ਵਿੱਚ ਦੀਨਬੰਧੂ ਛੋਟੂ ਰਾਮ ਦੀ ਭੂਮਿਕਾ ’ਤੇ ਚਾਨਣਾ ਪਾਇਆ

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨਾਲ ਸਕਾਰਾਤਮਕ ਲਿੰਗ ਪਰਿਵਰਤਨ ਨੂੰ ਹੁਲਾਰਾ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਸਮਾਜ ਲਈ ਰਾਜਦੂਤ ਬਣਨ ਦੀ ਅਪੀਲ ਕੀਤੀ

ਭਾਰਤ ਦੇ ਬੌਧਿਕ ਵਿਕਾਸ ਲਈ ਸੁਤੰਤਰ ਮਾਨਸਿਕਤਾ ਬਹੁਤ ਮਹੱਤਵਪੂਰਨ: ਉਪ ਰਾਸ਼ਟਰਪਤੀ

Posted On: 06 APR 2026 5:01PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮੁਰਥਲ ਵਿਖੇ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ 8ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ।

ਉਪ ਰਾਸ਼ਟਰਪਤੀ ਨੇ ਹਰਿਆਣਾ ਦੇ 'ਧਰਮ ਖੇਤਰ' ਦੀ ਪਵਿੱਤਰ ਧਰਤੀ 'ਤੇ ਮੌਜੂਦ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਦੀਨਬੰਧੂ ਛੋਟੂ ਰਾਮ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ, ਸਮਾਜਿਕ ਨਿਆਂ ਅਤੇ ਦੂਰ-ਦਰਸ਼ੀ ਲੀਡਰਸ਼ਿਪ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਦੀਨਬੰਧੂ ਛੋਟੂ ਰਾਮ ਨੇ ਆਪਣਾ ਜੀਵਨ ਕਿਸਾਨਾਂ ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਵਿਕਾਸ ਲਈ ਸਮਰਪਿਤ ਕੀਤਾ ਅਤੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਸਨਮਾਨ ਨੂੰ ਮੁੜ ਬਹਾਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਉਪ ਰਾਸ਼ਟਰਪਤੀ ਨੇ ਉਨ੍ਹਾਂ ਦੇ ਯੋਗਦਾਨਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਹਿਕਾਰੀ ਸੰਸਥਾਵਾਂ ਅਤੇ ਬਰਾਬਰੀ ਵਾਲੇ ਭੂਮੀ ਅਭਿਆਸਾਂ 'ਤੇ ਉਨ੍ਹਾਂ ਦੇ ਜ਼ੋਰ ਨੇ ਇੱਕ ਮਜ਼ਬੂਤ ​​ਖੇਤੀਬਾੜੀ ਢਾਂਚੇ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਨੇ ਹਰਿਆਣਾ ਨੂੰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਖੇਤੀਬਾੜੀ ਪ੍ਰਧਾਨ ਸੂਬੇ ਵਜੋਂ ਉਭਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ, ਜਿਸ ਨੇ ਭਾਰਤ ਦੀ ਖੁਰਾਕ ਸੁਰੱਖਿਆ ਅਤੇ ਪੇਂਡੂ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।  

ਉਪ ਰਾਸ਼ਟਰਪਤੀ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਸੋਨ ਤਗਮਾ ਜੇਤੂਆਂ ਵਿੱਚੋਂ ਲਗਭਗ 64 ਪ੍ਰਤੀਸ਼ਤ ਔਰਤਾਂ ਸਨ ਅਤੇ ਕੁੱਲ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਵਿੱਚ ਔਰਤਾਂ ਦੀ ਗਿਣਤੀ ਲਗਭਗ 50 ਪ੍ਰਤੀਸ਼ਤ ਸੀ। ਉਨ੍ਹਾਂ ਨੇ ਇਸਨੂੰ ਹਾਲ ਹੀ ਦੇ ਸਾਲਾਂ ਵਿੱਚ ਮਹਿਲਾ-ਕੇਂਦ੍ਰਿਤ ਵਿਕਾਸ ਰਾਹੀਂ ਆਏ ਪਰਿਵਰਤਨਸ਼ੀਲ ਬਦਲਾਵਾਂ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਾਗਰੂਕਤਾ ਮੁਹਿੰਮਾਂ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀਆਂ ਪਹਿਲਕਦਮੀਆਂ ਰਾਹੀਂ ਕੀਤੇ ਗਏ ਨਿਰੰਤਰ ਯਤਨਾਂ ਨਾਲ ਹਰਿਆਣਾ ਵਿੱਚ ਲਿੰਗ ਅਨੁਪਾਤ ਵਿੱਚ ਸ਼ਾਨਦਾਰ ਸੁਧਾਰ ਹੋਇਆ ਹੈ, ਜੋ ਸਮਾਜਿਕ ਤਬਦੀਲੀ ਅਤੇ ਸਮਾਵੇਸ਼ ਦੀ ਇੱਕ ਪ੍ਰੇਰਨਾਦਾਇਕ ਉਦਾਹਰਣ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਆਤਮ-ਨਿਰਭਰ ਭਾਰਤ ਦਾ ਸੱਦਾ ਨਵੀਨਤਾ, ਆਤਮ-ਵਿਸ਼ਵਾਸ ਅਤੇ ਸਵਦੇਸ਼ੀ ਹੱਲਾਂ ਦਾ ਸੱਦਾ ਹੈ।

ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ਦੇ ਪ੍ਰਤੀਕਿਰਿਆ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਦੁਨੀਆ ਇਸ ਸੰਕਟ ਨਾਲ ਜੂਝ ਰਹੀ ਸੀ ਤਾਂ ਕਈ ਦੇਸ਼ਾਂ ਅਤੇ ਬਹੁ-ਰਾਸ਼ਟਰੀ ਫਾਰਮਾਸਿਊਟੀਕਲ ਕੰਪਨੀਆਂ ਨੇ ਟੀਕੇ ਵਿਕਸਤ ਕੀਤੇ - ਜਿਨ੍ਹਾਂ ਵਿੱਚੋਂ ਕੁਝ ਨੇ ਵਧੇਰੇ ਮੁਨਾਫ਼ੇ ਲਈ ਉਨ੍ਹਾਂ ਨੂੰ ਪੇਟੈਂਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਟੀਕੇ ਵਿਕਸਤ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਲੋਕਾਂ ਲਈ ਮੁਫਤ ਉਪਲਬਧ ਕਰਵਾਇਆ, ਨਾਲ ਹੀ 100 ਤੋਂ ਵੱਧ ਹੋਰ ਦੇਸ਼ਾਂ ਨੂੰ ਵੀ ਇਸ ਦੀ ਸਪਲਾਈ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਭਾਰਤ ਦੀ ਭਾਵਨਾ ਅਤੇ ਮਹਾਨਤਾ ਨੂੰ ਦਰਸਾਉਂਦਾ ਹੈ।

ਉਪ ਰਾਸ਼ਟਰਪਤੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰੋਬੋਟਿਕਸ, ਕੁਆਂਟਮ ਕੰਪਿਊਟਿੰਗ ਅਤੇ ਗ੍ਰੀਨ ਟੈਕਨਾਲੋਜੀ ਦੇ ਪਰਿਵਰਤਨਸ਼ੀਲ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਉੱਭਰ ਰਹੇ ਖੇਤਰਾਂ ਨੂੰ ਉਤਸੁਕਤਾ ਅਤੇ ਜ਼ਿੰਮੇਵਾਰੀ ਨਾਲ ਅਪਣਾਉਣ ਅਤੇ ਆਪਣੇ ਗਿਆਨ ਦੀ ਵਰਤੋਂ ਰਾਸ਼ਟਰ ਨਿਰਮਾਣ ਦੇ ਸਾਧਨ ਦੇ ਰੂਪ ਵਿੱਚ ਕਰਨ ਦੀ ਅਪੀਲ ਕੀਤੀ।

ਉਪ ਰਾਸ਼ਟਰਪਤੀ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖ਼ਤਰੇ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਨੂੰ ਪੂਰੀ ਤਰ੍ਹਾਂ ਤਿਆਗਣ ਅਤੇ ਸਿਹਤ, ਉਦੇਸ਼ ਅਤੇ ਸਕਾਰਾਤਮਕਤਾ ਦੇ ਮਾਰਗ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਦੇ ਰਾਜਦੂਤ ਬਣਨ ਲਈ ਉਤਸ਼ਾਹਿਤ ਕੀਤਾ।

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਵਨ ਵਿੱਚ ਸਫਲਤਾ ਸਿਰਫ਼ ਪ੍ਰਾਪਤੀਆਂ ਨਾਲ ਹੀ ਨਹੀਂ, ਸਗੋਂ ਚਰਿੱਤਰ, ਇਮਾਨਦਾਰੀ ਅਤੇ ਅਸਫਲਤਾਵਾਂ ’ਚੋਂ ਨਿਕਲਣ ਦੀ ਸਮਰੱਥਾ ਤੋਂ ਵੀ ਪਰਿਭਾਸ਼ਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਧੀਰਜ ਨੂੰ ਧਾਰਨ ਕਰਨ ਅਤੇ ਜੀਵਨ ਦੀਆਂ ਚੁਣੌਤੀਆਂ ਅਤੇ ਅਨਿਆਂ ਨੂੰ ਸਹਿਣ ਕਰਦੇ ਹਨ, ਉਹ ਅੰਤ ਵਿੱਚ ਜੇਤੂ ਬਣਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਧੀਰਜ ਪੈਦਾ ਕਰਨ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਹਿੰਮਤ ਅਤੇ ਸਕਾਰਾਤਮਕਤਾ ਨਾਲ ਸਾਹਮਣਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਧਰਮ ਨੂੰ ਅਧਰਮ ਨਾਲ ਹਰਾਇਆ ਨਹੀਂ ਜਾ ਸਕਦਾ।

ਉਨ੍ਹਾਂ ਮਾਨਸਿਕਤਾ ਨੂੰ ਬਸਤੀਵਾਦ ਤੋਂ ਮੁਕਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸੱਚੀ ਸਿੱਖਿਆ ਨੂੰ ਵਿਚਾਰਾਂ ਨੂੰ ਆਜ਼ਾਦ ਕਰਨਾ ਚਾਹੀਦਾ ਹੈ, ਭਾਰਤ ਦੀ ਵਿਰਾਸਤ ਵਿੱਚ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਅਤੇ ਇਸ ਦੀਆਂ ਬੌਧਿਕ ਪਰੰਪਰਾਵਾਂ ਵਿੱਚ ਮਾਣ ਦੀ ਭਾਵਨਾ ਨੂੰ ਹੁਲਾਰਾ ਦੇਣਾ ਚਾਹੀਦਾ ਹੈ। 

ਉਪ ਰਾਸ਼ਟਰਪਤੀ ਨੇ ਚਰਿੱਤਰ ਅਤੇ ਇਮਾਨਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਯਾਤਰਾ ਦੌਰਾਨ ਪ੍ਰਾਪਤ ਕੀਤੀਆਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦੀ ਸਲਾਹ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਤਮਤਾ ਲਈ ਯਤਨ ਕਰਨ, ਸਮਾਜ ਵਿੱਚ ਸਾਰਥਕ ਯੋਗਦਾਨ ਦੇਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਆਸ਼ੀਸ਼ ਕੁਮਾਰ ਘੋਸ਼; ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ; ਹਰਿਆਣਾ ਦੇ ਕੈਬਨਿਟ ਮੰਤਰੀ, ਸ਼੍ਰੀ ਅਰਵਿੰਦ ਕੁਮਾਰ ਸ਼ਰਮਾ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਸ਼੍ਰੀ ਪ੍ਰਕਾਸ਼ ਸਿੰਘ ਮੌਜੂਦ ਸਨ।

************


ਪੀਆਰ/ਏਐਸਐਮ/ਵੀਐਮ


(Release ID: 2249712) ਵਿਜ਼ੀਟਰ ਕਾਊਂਟਰ : 3