ਸਿੱਖਿਆ ਮੰਤਰਾਲਾ
azadi ka amrit mahotsav

ਆਈਆਈਟੀ ਬੰਬੇ ਵਿੱਚ ‘ਭਾਰਤ ਇਨੋਵੇਟਸ ਡੀਪ-ਟੈਕ ਪ੍ਰੀ-ਸਮਿਟ’ ਦਾ ਉਦਘਾਟਨ ਕੀਤਾ ਗਿਆ


ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਅਜੈ ਕੁਮਾਰ ਸੂਦ ਨੇ ਦੋ ਦਿਨਾਂ ਰਾਸ਼ਟਰੀ ਡੀਪ-ਟੈਕ ਸ਼ੋਅਕੇਸ ਦਾ ਉਦਘਾਟਨ ਕੀਤਾ; 3,000 ਤੋਂ ਵੱਧ ਅਰਜ਼ੀਆਂ ਵਿੱਚੋਂ ਚੁਣੇ ਗਏ 137 ਸਟਾਰਟਅੱਪਸ ਪਲੈਟਫਾਰਮ ‘ਤੇ ਆਪਣੀ ਪ੍ਰਤਿਭਾ ਦਿਖਾਉਣਗੇ

ਭਾਰਤ ਦੇ ਸਭ ਤੋਂ ਵਧੀਆ ਡੀਪ-ਟੈਕ ਸਟਾਰਟਅੱਪਸ ਨੂੰ ਗਲੋਬਲ ਪਲੈਟਫਾਰਮ ‘ਤੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ

Posted On: 21 MAR 2026 5:40PM by PIB Chandigarh

ਭਾਰਤ ਦੇ ਸਭ ਤੋਂ ਆਸ਼ਾਜਨਕ ਡੀਪ-ਟੈਕ ਉੱਦਮਾਂ ਦੇ ਰਾਸ਼ਟਰੀ ਪ੍ਰਦਰਸ਼ਨ ਦੇ ਰੂਪ ਵਿੱਚ ਆਯੋਜਿਤ ਹੋਣ ਵਾਲੇ ਭਾਰਤ ਇਨੋਵੇਟਸ ਡੀਪ-ਟੈਕ ਪ੍ਰੀ ਸਮਿਟ’ ਦਾ ਉਦਘਾਟਨ ਅੱਜ ਮੁੰਬਈ ਸਥਿਤ ਆਈਆਈਟੀ ਬੰਬੇ ਕੈਂਪਸ ਦੇ ਏਸਪਾਇਰ-ਆਈਆਈਟੀ ਬੰਬੇ ਰਿਸਰਚ ਪਾਰਕ ਫਾਊਂਡੇਸ਼ਨ ਵਿੱਚ ਕੀਤਾ ਗਿਆ।

ਦੋ ਦਿਨਾਂ ਇਸ ਪ੍ਰੋਗਰਾਮ ਦਾ ਉਦਘਾਟਨ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਤੇ ਪ੍ਰਧਾਨ ਮੰਤਰੀ ਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸਲਾਹਕਾਰ ਕੌਂਸਲ (ਪੀਐੱਮ-ਐੱਸਟੀਆਈਏਸੀ) ਦੇ ਚੇਅਰਪਰਸਨ ਪ੍ਰੋਫੈਸਰ ਅਜੈ ਕੁਮਾਰ ਸੂਦ ਨੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ।

ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਡਾ. ਵਿਨੀਤ ਜੋਸ਼ੀ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ. ਅਭੈ ਕਰੰਦੀਕਰ, ਆਈਆਈਟੀ ਬੰਬੇ ਬੋਰਡ ਆਫ਼ ਗਵਰਨੈਂਸ ਦੇ ਚੇਅਰਪਰਸਨ ਡਾ. ਕੇ. ਰਾਧਾਕ੍ਰਿਸ਼ਣਨ ਅਤੇ ਆਈਆਈਟੀ ਬੰਬੇ ਦੇ ਡਾਇਰੈਕਟਰ ਪ੍ਰੋਫੈਸਰ ਸ਼ਿਰੀਸ਼ ਕੇਦਾਰੇ ਸਮੇਤ ਕਈ ਪਤਵੰਤੇ ਸ਼ਾਮਲ ਰਹੇ।

ਇਹ ਪ੍ਰੀ-ਸਮਿਟ ਭਾਰਤ ਇਨੋਵੇਟਸ 2026 ਯਾਤਰਾ ਦਾ ਸ਼ੁਰੂਆਤੀ ਪੜਾਅ ਹੈ, ਜਿਸ ਦੀ ਸਮਾਪਤੀ ਜੂਨ 2026 ਵਿੱਚ ਫਰਾਂਸ ਦੇ ਨੀਸ ਸ਼ਹਿਰ ਵਿੱਚ ਭਾਰਤ ਦੇ ਗਲੋਬਲ ਇਨੋਵੇਸ਼ਨ ਡੈਬਿਊ ਨਾਲ ਹੋਵੇਗੀ। ਇਹ ਪ੍ਰੋਗਰਾਮ ਭਾਰਤ-ਫਰਾਂਸ ਨਵੀਨਤਾ ਵਰ੍ਹੇ 2026 ਦਾ ਹਿੱਸਾ ਹੈ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਸੀ।

ਆਪਣੇ ਉਦਘਾਟਨ ਭਾਸ਼ਣ ਵਿੱਚ ਮੁੱਖ ਮਹਿਮਾਨ ਪ੍ਰੋਫੈਸਰ. ਅਜੈ ਕੁਮਾਰ ਸੂਦ ਨੇ ਭਾਰਤ ਦੀ ਤਕਨੀਕੀ ਅਗਵਾਈ ਸਮਰੱਥਾ ਅਤੇ ਗਲੋਬਲ ਮੁਕਾਬਲੇਬਾਜ਼ੀ ਵਿੱਚ ਡੀਪ-ਟੈਕ ਨਵੀਨਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਤਿ-ਆਧੁਨਿਕ ਤਕਨੀਕਾਂ ਨੂੰ ਅੱਗੇ ਵਧਾਉਣ ਵਿੱਚ ਵਿਦਿਅਕ ਸੰਸਥਾਨਾਂ, ਖੋਜ ਵਿਧੀ ਅਤੇ ਸਟਾਰਟਅੱਪਸ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਉੱਚ ਸਿੱਖਿਆ ਵਿਭਾਗ ਦੇ ਸਕੱਤਰ ਡਾ. ਵਿਨੀਤ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਇਨੋਵੇਟਸ 2026 ਇੱਕ “ਪੂਰੀ ਸਰਕਾਰ ਦਾ ਯਤਨ” ਹੈ। ਇਹ ਦੁਨੀਆ ਦੇ ਸਾਹਮਣੇ ਭਾਰਤ ਦੀ ਅਤਿਆਧੁਨਿਕ ਡੀਪ-ਟੈਕ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਿੱਖਿਆ ਮੰਤਰਾਲੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਬਾਇਓ ਤਕਨਾਲੋਜੀ ਵਿਭਾਗ, ਪੁਲਾੜ ਵਿਭਾਗ ਅਤੇ ਰੱਖਿਆ ਮੰਤਰਾਲੇ ਨੂੰ ਇੱਕ ਸਾਂਝੇ ਪਲੈਟਫਾਰਮ ‘ਤੇ ਲਿਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਿਰਫ਼ ਗਲੋਬਲ ਪ੍ਰਦਰਸ਼ਨ ਨਹੀਂ, ਸਗੋਂ ਭਾਰਤ ਦੀ ਸਿੱਖਿਆ ਵਿਵਸਥਾ ਵਿੱਚ ਬਦਲਾਅ ਲਿਆਉਣ ਦਾ ਵੀ ਯਤਨ ਹੈ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਪ੍ਰੀਖਿਆ ਦੇ ਅੰਕ ਨਹੀਂ, ਸਗੋਂ ਸਮਾਜ ਵਿੱਚ ਸਾਰਥਕ ਯੋਗਦਾਨ ਦੇਣਾ ਹੈ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਨਿਵੇਸ਼ਕਾਂ ਅਤੇ ਕਾਰਪੋਰੇਟਸ ਨੂੰ ਮਹਾਨਗਰਾਂ ਤੋਂ ਪਰ੍ਹੇ ਹੋਣਹਾਰ ਸਟਾਰਟਅੱਪਸ ਦੀ ਪਛਾਣ ਕਰਨ ਦਾ ਮੰਗ ਕੀਤੀ।

ਆਈਆਈਟੀ ਬੰਬੇ ਬੋਰਡ ਆਫ਼ ਗਵਰਨੈਂਸ ਦੇ ਚੇਅਰਪਰਸਨ ਡਾ. ਕੇ. ਰਾਧਾਕ੍ਰਿਸ਼ਣਨ ਨੇ ਇਨੋਵੇਟਰਸ ਅਤੇ ਸਟਾਰਟਅੱਪ ਸੰਸਥਾਪਕਾਂ ਨੂੰ ਰਾਸ਼ਟਰੀ ਉਦੇਸ਼ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਭਾਰਤ ਦੇ ਨਵੀਨਤਾ ਇਤਿਹਾਸ ਦਾ ਨਵਾਂ ਅਧਿਆਏ ਲਿਖ ਸਕਦੇ ਹਨ। ਉਨ੍ਹਾਂ ਨੇ ਇਨੋਵੇਟਰਸ ਨੂੰ ਭਾਰਤ ਦਾ ਰਾਜਦੂਤ ਦੱਸਿਆ ਅਤੇ ਦੇਸ਼ ਨੂੰ ਮਾਣ ਦਿਵਾਉਣ ਲਈ ਪ੍ਰੇਰਿਤ ਕੀਤਾ।

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਅਭੈ ਕਰੰਦੀਕਰ ਨੇ ਭਾਰਤ ਦੇ ਨਵੀਨਤਾ ਲੈਂਡਸਕੇਪ ‘ਤੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁੱਕਿਆ ਹੈ, ਜਿੱਥੇ ਲਗਭਗ 2 ਲੱਖ ਸਟਾਰਟਅੱਪ ਅਤੇ ਲਗਭਗ 125 ਯੂਨੀਕੌਰਨ ਹਨ। ਉਨ੍ਹਾਂ ਨੇ ਦੱਸਿਆ ਕਿ 2017-18 ਵਿੱਚ ਇਹ ਸੰਖਿਆ ਸਿਰਫ਼ 24 ਯੂਨੀਕੌਰਨ ਸਨ। ਵਰਤਮਾਨ ਵਿੱਚ ਭਾਰਤ ਵਿੱਚ 1,000 ਤੋਂ ਵੱਧ ਨਿਵੇਸ਼ਕ ਸਰਗਰਮ ਹਨ ਅਤੇ ਹਾਲ ਦੇ ਵਰ੍ਹਿਆਂ ਵਿੱਚ ਲਗਭਗ 70-80 ਅਰਬ ਰੁਪਏ ਦਾ ਵੈਂਚਰ ਕੈਪੀਟਲ ਭਾਰਤੀ ਸਟਾਰਟਅੱਪਸ ਵਿੱਚ ਨਿਵੇਸ਼ ਕੀਤਾ ਗਿਆ ਹੈ।

ਉਨ੍ਹਾਂ ਨੇ ਡੀਪ-ਟੈਕ ਵਿੱਤਪੋਸ਼ਣ ਵਿੱਚ ਕਮੀ ਵੱਲ ਧਿਆਨ ਦਿਵਾਉਂਦੇ ਹੋਏ ਦੱਸਿਆ ਕਿ ਕੁੱਲ ਵੈਂਚਰ ਕੈਪੀਟਲ ਨਿਵੇਸ਼ ਵਿੱਚੋਂ ਸਿਰਫ਼ 4-5 ਅਰਬ ਡਾਲਰ ਹੀ ਡੀਪ-ਟੈਕ ਖੇਤਰ ਵਿੱਚ ਗਿਆ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਜੁਲਾਈ 2025 ਵਿੱਚ ਕੇਂਦਰੀ ਕੈਬਨਿਟ ਨੇ 1 ਲੱਖ ਕਰੋੜ ਰੁਪਏ ਦੇ ਖੋਜ, ਵਿਕਾਸ ਅਤੇ ਨਵੀਨਤਾ (ਆਰਡੀਆਈ) ਫੰਡ ਨੂੰ ਮਨਜ਼ੂਰੀ ਦਿੱਤੀ, ਜੋ ਨਿਜੀ ਖੇਤਰ ਦੇ ਖੋਜ ਅਤੇ ਵਿਕਾਸ ਅਤੇ ਸਟਾਰਟਅੱਪਸ ਨੂੰ ਇਕੁਇਟੀ ਭਾਗੀਦਾਰੀ ਅਤੇ ਦੀਰਘਕਾਲੀ ਵਿੱਤਪੋਸ਼ਣ ਰਾਹੀਂ ਸਮਰਥਨ ਦੇਵੇਗਾ। ਇਸ ਫੰਡ ਦੇ ਪ੍ਰਬੰਧਨ ਲਈ ਤਕਨਾਲੋਜੀ ਡਿਵੈਲਪਮੈਂਟ ਬੋਰਡ ਅਤੇ ਬੀਆਈਆਰਏਸੀ (ਡੀਬੀਟੀ) ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ ਵਿਕਲਪਿਕ ਨਿਵੇਸ਼ ਫੰਡ ਅਤੇ ਆਈਆਈਟੀ ਖੋਜ ਪਾਰਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਡੀਐੱਸਟੀ ਵਰਤਮਾਨ ਵਿੱਚ ਸਾਈਬਰ-ਫਿਜੀਕਲ ਸਿਸਟਮ ‘ਤੇ ਰਾਸ਼ਟਰੀ ਮਿਸ਼ਨ, ਰਾਸ਼ਟਰੀ ਕੁਆਂਟਮ ਮਿਸ਼ਨ ਅਤੇ ਫੰਡ ਸੀਡ ਸਪੋਰਟ ਯੋਜਨਾਵਾਂ ਰਾਹੀਂ ਭਾਰਤ ਦੇ ਅਨੁਮਾਨਿਤ 8,000-10,000 ਡੀਪ-ਟੈਕ ਸਟਾਰਟਅੱਪਸ ਵਿੱਚੋਂ ਲਗਭਗ 30-40% ਦਾ ਪੋਸ਼ਣ ਕਰ ਰਿਹਾ ਹੈ।

ਆਈਆਈਟੀ ਅਤੇ ਆਈਆਈਐੱਸਸੀ ਦੇ ਈਕੋਸਿਸਟਮ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰੋਫੈਸਰ ਕਰੰਦੀਕਰ ਨੇ ਕਿਹਾ, “ਡੀਪ ਟੈਕ ਈਕੋਸਿਸਟਮ ਨੂੰ ਪੋਸ਼ਿਤ ਕਰਨ ਵਿੱਚ ਆਈਆਈਟੀ ਅਤੇ ਆਈਆਈਐੱਸਸੀ ਦੀ ਵੱਡੀ ਭੂਮਿਕਾ ਹੈ।”

ਆਈਆਈਟੀ ਬੰਬੇ ਦੇ ਡਾਇਰੈਕਟਰ ਪ੍ਰੋਫੈਸਰ ਸ਼ਿਰੀਸ਼ ਕੇਦਾਰੇ ਨੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਭਾਰਤ ਇਨੋਵੇਟਸ ਸਿਰਫ਼ ਇੱਕ ਪ੍ਰੋਗਰਾਮ ਨਹੀਂ, ਸਗੋਂ ਇੱਕ ਡੀਪ-ਟੈਕ ਈਕੋਸਿਸਟਮ ਹੈ, ਜੋ ਤਿੰਨ ਥੰਮ੍ਹਾਂ- ਸਿੱਖਿਆ ਪ੍ਰਣਾਲੀ, ਰਣਨੀਤਕ ਨਿਵੇਸ਼ਕ ਅਤੇ ਕਾਰਪੋਰੇਟ ਸੈਕਟਰ ‘ਤੇ ਅਧਾਰਿਤ ਹੈ, ਜੋ ਤਕਨੀਕ ਨੂੰ ਅਸਲ ਪ੍ਰਭਾਵ ਵਿੱਚ ਬਦਲਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਤੋਂ 3,000 ਤੋਂ ਵੱਧ ਸਟਾਰਟਅੱਪਸ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਸਖ਼ਤ ਬਹੁ-ਪੱਧਰੀ ਚੋਣ ਪ੍ਰਕਿਰਿਆ ਦੇ ਬਾਅਦ 13 ਥੀਮੈਟਿਕ ਖੇਤਰਾਂ ਵਿੱਚ 137 ਸਰਬਸ਼੍ਰੇਸ਼ਠ ਡੀਪ-ਟੈਕ ਸਟਾਰਟਅੱਪਸ ਦੀ ਚੋਣ ਕੀਤੀ ਗਈ।

ਉਦਘਾਟਨ ਤੋਂ ਬਾਅਦ ਪਤਵੰਤਿਆਂ ਨੇ ਸਟਾਰਟਅੱਪਸ ਪ੍ਰਦਰਸ਼ਨੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਟਾਰਟਅੱਪ ਸੰਸਥਾਪਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਨਵੀਨਤਾਵਾਂ ਦੀ ਪੜਚੋਲ ਕੀਤੀ। 70 ਤੋਂ ਵੱਧ ਸਟਾਰਟਅੱਪਸ ਨੇ ਵੱਖ-ਵੱਖ ਪਿਚ ਸੈਸ਼ਨਾਂ ਵਿੱਚ ਆਪਣੇ ਵਿਚਾਰ ਰਖੇ, ਜਿਸ ਤੋਂ ਬਾਅਦ ਨਿਵੇਸ਼ਕਾਂ ਅਤੇ ਉਦਯੋਗ ਪ੍ਰਤੀਨਿਧੀਆਂ ਨੇ ਰਿਵਰਸ ਪਿਚ ਰਾਹੀਂ ਨਿਵੇਸ਼ ਦੇ ਪ੍ਰਾਇਮਰੀ ਖੇਤਰਾਂ ਅਤੇ ਉਦਯੋਗ ਦੀਆਂ ਤਕਨੀਕੀ ਜ਼ਰੂਰਤਾਂ ‘ਤੇ ਚਰਚਾ ਕੀਤੀ। ਇਸ ਵਿੱਚ ਤਰਜੀਹ ਵਾਲੇ ਨਿਵੇਸ਼ ਖੇਤਰਾਂ ਅਤੇ ਉਦਯੋਗ-ਪ੍ਰੇਰਿਤ ਤਕਨੀਕੀ ਚੁਣੌਤੀਆਂ ਨੂੰ ਉਜਾਗਰ ਕੀਤਾ ਗਿਆ।

ਭਾਰਤ ਇਨੋਵੇਟਸ 2026 ਡੀਪ-ਟੈਕ ਪ੍ਰੀ-ਸਮਿਟ ਭਾਰਤ ਦੇ ਇਨੋਵਸ਼ਨ ਈਕੋਸਿਸਟਮ ਨਾਲ ਜੁੜੇ ਵੱਖ-ਵੱਖ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਂਦਾ ਹੈ ਅਤੇ ਉਭਰਦੇ ਸਟਾਰਟਅੱਪਸ ਨੂੰ ਨਿਵੇਸ਼ਕਾਂ, ਉਦਯੋਗ ਜਗਤ ਅਤੇ ਨੀਤੀ-ਨਿਰਮਾਤਾਵਾਂ ਨਾਲ ਜੁੜਨ ਦਾ ਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ 13 ਮਹੱਤਵਪੂਰਨ ਤਕਨਾਲੋਜੀ ਖੇਤਰਾਂ-ਐਡਵਾਂਸਡ ਕੰਪਿਊਟਿੰਗ, ਹੈਲਥਕੇਅਰ ਅਤੇ ਮੈਡਟੈਕ, ਸਪੇਸ ਅਤੇ ਡਿਫੈਂਸ, ਐਨਰਜੀ ਅਤੇ ਸਸਟੇਨੇਬਿਲਿਟੀ ਸੈਮੀਕੰਡਕਟਰ, ਬਾਇਓਟੈਕਨੋਲੋਜੀ, ਸਮਾਰਟ ਸਿਟੀਜ਼ ਅਤੇ ਮੋਬਿਲਿਟੀ, ਬਲੂ ਇਕੌਨਮੀ, ਨੈਕਸਟ-ਜੈਨਰੇਸ਼ਨ ਕਮਿਊਨੀਕੇਸ਼ਨ, ਐਗਰੀ ਅਤੇ ਫੂਡ ਤਕਨਾਲੋਜੀ, ਐਡਵਾਂਸਡ ਮਟੀਰੀਅਲਜ਼, ਮੈਨੂਫੈਕਚਰਿੰਗ ਐਂਡ ਇੰਡਸਟ੍ਰੀ 4.0 ਅਤੇ ਆਫ਼ਤ ਪ੍ਰਬੰਧਨ ਵਿੱਚ ਨਵੀਨਤਾ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।

ਭਾਰਤ ਇਨੋਵੇਟਸ ਬਾਰੇ:

ਭਾਰਤ ਇਨੋਵੇਟਸ 2026, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇੱਕ ਪਹਿਲ ਹੈ, ਜਿਸ ਨੂੰ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ) ਦੇ ਦਫ਼ਤਰ ਦੇ ਰਣਨੀਤਕ ਮਾਰਗਦਰਸ਼ਨ ਵਿੱਚ ਸੰਚਾਲਿਤ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਉੱਚ ਵਿਦਿਅਕ ਸੰਸਥਾਨਾਂ ਅਤੇ ਕੇਂਦਰ ਸਰਕਾਰ ਦੁਆਰਾ ਵਿੱਤਪੋਸ਼ਿਤ ਤਕਨੀਕੀ ਸੰਸਥਾਨਾਂ ਵਿੱਚ ਵਿਕਸਿਤ ਖੋਜ ਅਧਾਰਿਤ ਤਕਨੀਕੀ ਨਵੀਨਤਾਵਾਂ ਨੂੰ ਗਲੋਬਲ ਪਲੈਟਫਾਰਮ ‘ਤੇ ਪੇਸ਼ ਕਰਨਾ ਹੈ।

ਇਹ ਪ੍ਰੋਗਰਾਮ 22 ਮਾਰਚ 2026 ਨੂੰ ਵੀ ਜਾਰੀ ਰਹੇਗਾ, ਜਿਸ ਵਿੱਚ ਵਾਧੂ ਸਟਾਰਟਅੱਪਸ ਪਿਚ ਸੈਸ਼ਨ, ਨੀਤੀ ਚਰਚਾ, ਨਿਵੇਸ਼ਕ ਸ਼ਮੂਲੀਅਤ ਅਤੇ ਗ੍ਰੈਂਡ ਫਿਨਾਲੇ ਅਤੇ ਪੁਰਸਕਾਰ ਸਮਾਰੋਹ ਆਯੋਜਿਤ ਹੋਵੇਗਾ, ਜਿੱਥੇ ਸਭ ਤੋਂ ਵਧੀਆ ਸਟਾਰਟਅੱਪਸ ਪਿਚਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਵਧੇਰੇ ਜਾਣਕਾਰੀ ਲਈ : https://bharatinnovates.in/ ‘ਤੇ ਕਲਿੱਕ ਕਰ ਸਕਦੇ ਹੋ।

 

*****

ਐੱਸਸੀ/ਪੀਕੇ


(Release ID: 2243911) ਵਿਜ਼ੀਟਰ ਕਾਊਂਟਰ : 6