ਖੇਤੀਬਾੜੀ ਮੰਤਰਾਲਾ
azadi ka amrit mahotsav

ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ: ਸਾਡੀ ਸਰਕਾਰ ਅਧੀਨ ਅਧੂਰੀਆਂ ਸਿੰਚਾਈ ਯੋਜਨਾਵਾਂ ਅਤੇ ਨਦੀ ਜੋੜੋ ਪ੍ਰੋਜੈਕਟ ਵਾਪਸ ਪਟੜੀ 'ਤੇ


ਸਰਕਾਰ ਬੀਜ-ਖਾਦ-ਕੀਟਨਾਸ਼ਕ ਮਾਫੀਆ 'ਤੇ ਕਾਰਵਾਈ ਕਰਨ ਲਈ ਅੱਗੇ ਵਧੀ; ਨਵੇਂ ਬੀਜ ਅਤੇ ਕੀਟਨਾਸ਼ਕ ਐਕਟਾਂ ਦੀ ਪੂਰਤੀ

ਡਿਜੀਟਲ ਖੇਤੀਬਾੜੀ ਕ੍ਰਾਂਤੀ ਜਾਰੀ ਹੈ: 9 ਕਰੋੜ ਕਿਸਾਨ ਆਈਡੀ ਅਤੇ 'ਭਾਰਤ ਵਿਸਥਾਰ' ਏਆਈ ਪਲੈਟਫਾਰਮ ਖੇਤੀ ਨੂੰ ਬਦਲਣ ਲਈ ਤਿਆਰ ਹੈ

ਕੁਦਰਤੀ ਖੇਤੀ ਨਾਲ ਮਿੱਟੀ ਦੀ ਸਿਹਤ ਦੀ ਰੱਖਿਆ, ਅਤੇ ਕਿਸਾਨਾਂ ਦੀ ਆਮਦਨ ਨੂੰ ਸੁਰੱਖਿਅਤ ਕਰੇਗੀ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਰਾਜ-ਵਾਰ ਖੇਤੀਬਾੜੀ ਰੋਡਮੈਪ, ਐੱਮਐੱਸਪੀ ਅਤੇ ਸਿੰਚਾਈ ਨਾਲ ਵਿਕਸਿਤ ਭਾਰਤ ਦੀ ਨੀਂਹ ਰੱਖੀ ਜਾਵੇਗੀ

Posted On: 18 MAR 2026 9:05PM by PIB Chandigarh

ਅੱਜ ਲੋਕ ਸਭਾ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ 'ਤੇ ਵਿਸਤ੍ਰਿਤ ਚਰਚਾ ਦਾ ਜਵਾਬ ਦਿੰਦੇ ਹੋਏ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਜ਼ੋਰਦਾਰ ਜਵਾਬ ਦਿੱਤਾ, ਸਪਸ਼ਟ ਤੌਰ 'ਤੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਿਰਫ਼ ਪ੍ਰਸ਼ਾਸਨ ਚਲਾਉਣ ਨਾਲ ਸੰਤੁਸ਼ਟ ਨਹੀਂ ਹੈ, ਇਹ ਸਮਾਜ ਨੂੰ ਬਦਲਦੀ ਹੈ, ਜੀਵਨ ਨੂੰ ਬਿਹਤਰ ਬਣਾਉਂਦੀ ਹੈ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਚਨਬੱਧ ਹੈ। ਸਦਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਚੌਹਾਨ ਨੇ ਵਿਰੋਧੀ ਧਿਰ ਦੀਆਂ ਆਲੋਚਨਾਵਾਂ ਦਾ ਤੱਥਾਂ, ਅੰਕੜਿਆਂ ਅਤੇ ਨੀਤੀਗਤ ਵੇਰਵਿਆਂ ਨਾਲ  ਜਵਾਬ ਦਿੱਤਾ। ਉਨ੍ਹਾਂ ਦੇ ਵਿਆਪਕ ਜਵਾਬ ਵਿੱਚ ਕਿਹਾ ਕਿ ਕਿਸਾਨ ਭਲਾਈ, ਖੇਤੀਬਾੜੀ ਸੁਧਾਰ, ਆਧੁਨਿਕ ਤਕਨਾਲੋਜੀ, ਸਿੰਚਾਈ ਵਿਸਥਾਰ, ਫਸਲ ਬੀਮਾ, ਕੁਦਰਤੀ ਖੇਤੀ ਅਤੇ ਡਿਜੀਟਲ ਖੇਤੀਬਾੜੀ ਸ਼ਾਮਲ ਸਨ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਕਿਸਾਨਾਂ ਦੇ ਨਾਮ 'ਤੇ ਨਾਅਰੇ ਲਗਾਉਣਾ ਅਤੇ ਅੱਧ-ਸੱਚ ਪੇਸ਼ ਕਰਨ ਨਾਲ ਕੰਮ ਨਹੀਂ ਚਲੇਗਾ। ਭਾਰਤ ਦੇ ਖੇਤਾਂ ਅਤੇ ਫਾਰਮਾਂ ਦੀਆਂ ਹਕੀਕਤਾਂ ਬਾਰੇ ਗੱਲ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਇਹ ਹੈ ਕਿ ਅਸਲ ਵਿੱਚ ਜ਼ਮੀਨ 'ਤੇ ਕੀ ਠੋਸ ਕੰਮ ਹੋਇਆ ਹੈ, ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਕਿੰਨਾ ਪੈਸਾ ਪਹੁੰਚਿਆ ਹੈ, ਅਤੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਲਈ ਕਿਹੜੇ ਸਿਸਟਮ ਬੁਨਿਆਦੀ ਤੌਰ 'ਤੇ ਬਦਲੇ ਗਏ ਹਨ।

MSP, ਸਿੰਚਾਈ ਅਤੇ ਨਦੀ ਜੋੜੋ: ਅਧੂਰੀ ਵਿਰਾਸਤ ਨੂੰ ਪੂਰਾ ਕਰਨ ਦਾ ਦਾਅਵਾ

ਸ਼੍ਰੀ ਚੌਹਾਨ ਨੇ ਸਦਨ ਨੂੰ ਯਾਦ ਦਿਵਾਇਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ, 140 ਵੱਡੇ ਸਿੰਚਾਈ ਪ੍ਰੋਜੈਕਟਾਂ ਵਿੱਚੋਂ, 99 ਪ੍ਰੋਜੈਕਟ ਦਹਾਕਿਆਂ ਤੋਂ ਰੁਕੇ ਹੋਏ ਸਨ, ਜਿਨ੍ਹਾਂ ‘ਤੇ ਜ਼ਮੀਨੀ ਪੱਧਰ 'ਤੇ ਬਹੁਤ ਘੱਟ ਪ੍ਰਗਤੀ ਹੋਈ। ਮੋਦੀ ਸਰਕਾਰ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਅਧੀਨ ਲਿਆਂਦਾ ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ, ਜਿਸ ਨਾਲ ਉਨ੍ਹਾਂ ਦੇ ਲਾਗੂਕਰਨ ਵਿੱਚ ਕਾਫ਼ੀ ਤੇਜ਼ੀ ਆਈ। ਨਤੀਜੇ ਵਜੋਂ, ਲਗਭਗ 27 ਲੱਖ ਹੈਕਟੇਅਰ ਵਾਧੂ ਖੇਤੀਬਾੜੀ ਜ਼ਮੀਨ ਲਈ ਸਿੰਚਾਈ ਕਵਰੇਜ਼ ਨੂੰ ਯਕੀਨੀ ਬਣਾਉਣ ਲਈ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਮੂਲ ਰੂਪ ਵਿੱਚ ਪੇਸ਼ ਕੀਤੇ ਗਏ ਮਹੱਤਵਾਕਾਂਖੀ ਨਦੀ-ਜੋੜੋ (ਰੀਵਰ ਲਿੰਕਿੰਗ) ਦੇ ਦ੍ਰਿਸ਼ਟੀਕੋਣ ਨੂੰ ਅਸਲ ਗਤੀ ਸਿਰਫ ਮੋਦੀ ਸਰਕਾਰ ਦੇ ਅਧੀਨ ਹੀ ਮਿਲੀ ਹੈ। ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਖੇਤਰਾਂ ਨੂੰ ਜੋੜਨ ਵਾਲੇ ਕੇਨ-ਬੇਤਵਾ ਨਦੀ ਜੋੜੋ ਪ੍ਰੋਜੈਕਟ ਵਰਗੇ ਪ੍ਰੋਜੈਕਟ ਹੁਣ ਹੜ੍ਹਾਂ ਅਤੇ ਸੋਕੇ ਦੀਆਂ ਦੋਹਰੀਆਂ ਚੁਣੌਤੀਆਂ ਦਾ ਲੰਬੇ ਸਮੇਂ ਦੇ ਹੱਲ ਪ੍ਰਦਾਨ ਕਰਨ ਲਈ ਅੱਗੇ ਵਧ ਰਹੇ ਹਨ।

ਗੁਣਵੱਤਾ ਵਾਲੇ ਬੀਜ ਅਤੇ ਕੀਟਨਾਸ਼ਕ: ਕਿਸਾਨਾਂ ਨਾਲ ਧੋਖਾ ਨਹੀਂ ਹੋਵੇਗਾ

ਸ਼੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ 500 ਰੁਪਏ ਜਾਂ 1000 ਰੁਪਏ ਦੀ ਛੋਟੀ ਜਿਹੀ ਵਿੱਤੀ ਮਦਦ ਦਾ ਐਲਾਨ ਕਰਨ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਬਾਜ਼ਾਰ ਵਿੱਚ ਉਪਲਬਧ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਵਿੱਚ ਹੈ। ਇਸ ਨੂੰ ਹੱਲ ਕਰਨ ਲਈ, ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਛੇਤੀ ਹੀ ਇੱਕ ਨਵਾਂ ਕੀਟਨਾਸ਼ਕ ਐਕਟ ਅਤੇ ਇੱਕ ਨਵਾਂ ਬੀਜ ਐਕਟ ਪੇਸ਼ ਕਰੇਗੀ ਜਿਸਦਾ ਉਦੇਸ਼ ਕਿਸਾਨਾਂ ਲਈ ਗੁਣਵੱਤਾ ਵਾਲੇ ਬੀਜ, ਮਿਆਰੀ ਅਤੇ ਭਰੋਸੇਮੰਦ ਖਾਦ ਅਤੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੀਟਨਾਸ਼ਕਾਂ ਦੀ ਗਰੰਟੀ ਦੇਣਾ ਹੈ। ਉਨ੍ਹਾਂ ਸਦਨ ਨੂੰ ਅੱਗੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਸਖ਼ਤ ਪ੍ਰੋਟੋਕੋਲ ਲਾਗੂ ਕਰ ਦਿੱਤੇ ਹਨ ਜਿਸ ਦੇ ਤਹਿਤ ਕਿਸੇ ਵੀ ਬਾਇਓ-ਸਟਿਮੂਲੈਂਟ ਨੂੰ ਬਾਜ਼ਾਰ ਵਿੱਚ ਉਦੋਂ ਤੱਕ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਜਾਂ ਖੇਤੀਬਾੜੀ ਯੂਨੀਵਰਸਿਟੀਆਂ ਅਧੀਨ ਸੰਸਥਾਵਾਂ ਦੁਆਰਾ ਕੀਤੇ ਗਏ ਘੱਟੋ-ਘੱਟ ਤਿੰਨ ਸੁਤੰਤਰ ਟ੍ਰਾਇਲ ਇਸ ਦੀ ਪ੍ਰਭਾਵਸ਼ੀਲਤਾ ਨੂੰ ਸਥਾਪਿਤ ਨਹੀਂ ਕਰਦੇ। ਵਰਤਮਾਨ ਵਿੱਚ ਉਪਲਬਧ ਲਗਭਗ 8,000 ਉਤਪਾਦਾਂ ਵਿੱਚੋਂ, ਸਿਰਫ 500 ਦੇ ਲਗਭਗ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਜਦਕਿ ਬਾਕੀਆਂ ਨੂੰ ਪ੍ਰਵਾਨਗੀ ਦੇਣ ਤੋਂ ਮਨਾ ਕਰ ਦਿੱਤਾ ਗਿਆ ਹੈ। ਇਹ ਸੰਦੇਸ਼ ਦਿੰਦੇ ਹੋਏ, ਸ਼੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ, ਕਿ ਮੋਦੀ ਸਰਕਾਰ ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ‘ਤੇ ਨਕੇਲ ਕਸਣ ਲਈ ਵਚਨਬੱਧ ਹੈ।

ਖੇਤੀਬਾੜੀ ਵਿੱਚ ਡਿਜੀਟਲ ਕ੍ਰਾਂਤੀ: 9 ਕਰੋੜ ਕਿਸਾਨ ਆਈਡੀ ਅਤੇ 'ਭਾਰਤ ਵਿਸਥਾਰ' ਏਆਈ ਪਲੈਟਫਾਰਮ

ਖੇਤੀਬਾੜੀ ਦੇ ਤੇਜ਼ੀ ਨਾਲ ਡਿਜੀਟਾਈਜ਼ੇਸ਼ਨ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਚੌਹਾਨ ਨੇ ਸਦਨ ਨੂੰ ਦੱਸਿਆ ਕਿ ਡਿਜੀਟਲ ਖੇਤੀਬਾੜੀ ਮਿਸ਼ਨ ਦੇ ਤਹਿਤ, ਲਗਭਗ 9 ਕਰੋੜ ਕਿਸਾਨ ਆਈਡੀ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਸਮਝਾਇਆ ਕਿ ਇੱਕ ਵਾਰ ਜਦੋਂ ਇੱਕ ਕਿਸਾਨ ਕੋਲ ਕਿਸਾਨ ਆਈਡੀ ਹੋ ਜਾਂਦੀ ਹੈ, ਤਾਂ ਬੈਂਕ ਕਰਜ਼ਿਆਂ ਨੂੰ ਮਨਜ਼ੂਰੀ ਮਿਲਣ ਵਿੱਚ ਇੱਕ ਮਿੰਟ ਤੋਂ ਵੱਧ ਦਾ ਸਮਾਂ ਨਹੀਂ ਲੱਗਣਾ ਚਾਹੀਦਾ ਕਿਉਂਕਿ ਕਿਸਾਨ ਦਾ ਪੂਰਾ ਪ੍ਰੋਫਾਈਲ, ਜੋ ਕਿ ਜ਼ਮੀਨੀ ਰਿਕਾਰਡ, ਫਸਲਾਂ ਦੇ ਵੇਰਵੇ ਅਤੇ ਲੈਣ-ਦੇਣ ਦਾ ਇਤਿਹਾਸ ਹੈ, ਡਿਜੀਟਲ ਤੌਰ 'ਤੇ ਉਪਲਬਧ ਹੋਵੇਗਾ। ਪਹਿਲਾਂ, ਕਿਸਾਨਾਂ ਨੂੰ ਕਾਗਜ਼ੀ ਕਾਰਵਾਈ ਅਤੇ ਪ੍ਰਸ਼ਾਸਕੀ ਦੇਰੀ ਨਾਲ ਬੈਂਕਾਂ ‘ਚ ਵਾਰ-ਵਾਰ ਜਾਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਇਹ ਡਿਜੀਟਲ ਪਲੈਟਫਾਰਮ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਡਿਜੀਟਲ ਫਸਲ ਸਰਵੇਖਣ ਅਤੇ ਐਗਰੀ-ਸਟੈਕ ਡੇਟਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤੋਂ ਲੈ ਕੇ ਐੱਮਐੱਸਪੀ ਖਰੀਦ ਤੱਕ ਦੀਆਂ ਯੋਜਨਾਵਾਂ ਦੇ ਤਹਿਤ ਲਾਭਾਂ ਦੀ ਨਿਸ਼ਾਨਾਬੱਧ ਅਤੇ ਪਾਰਦਰਸ਼ੀ ਡਿਲੀਵਰੀ ਨੂੰ ਯਕੀਨੀ ਬਣਾਏਗਾ।

ਵਿੱਤ ਮੰਤਰੀ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਐਲਾਨ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਚੌਹਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਕਾਰ ਨੇ "ਭਾਰਤ ਵਿਸਥਾਰ" ਨਾਮਕ ਇੱਕ ਏਆਈ-ਸੰਚਾਲਿਤ ਪਲੈਟਫਾਰਮ ਵਿਕਸਿਤ ਕੀਤਾ ਹੈ। ਇਸ ਪਲੈਟਫਾਰਮ ਰਾਹੀਂ, ਕਿਸਾਨ ਸਿੱਧੇ ਆਪਣੇ ਖੇਤਾਂ ਤੋਂ ਫਸਲਾਂ ਦੀਆਂ ਤਸਵੀਰਾਂ ਭੇਜ ਸਕਣਗੇ ਜਾਂ ਹੈਲਪਲਾਈਨ 'ਤੇ ਕਾਲ ਕਰ ਸਕਣਗੇ। ਉਹ ਸਵਾਲ ਪੁੱਛ ਸਕਦੇ ਹਨ ਜਿਵੇਂ ਕਿ: ਕਿਹੜੀ ਬਿਮਾਰੀ ਨੇ ਮੇਰੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ? ਮੈਨੂੰ ਕਿਹੜੇ ਕੀਟਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ? ਮੇਰੀ ਮਿੱਟੀ ਲਈ ਕਿਹੜੀ ਫਸਲ ਸਭ ਤੋਂ ਵਧੀਆ ਹੈ? ਉਹਨਾਂ ਨੂੰ ਫਸਲ ਪ੍ਰਬੰਧਨ, ਕੀਟਨਾਸ਼ਕਾਂ ਅਤੇ ਫਸਲ ਚੋਣ ਬਾਰੇ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਤੁਰੰਤ ਸਲਾਹ ਵੀ ਮਿਲੇਗੀ। ਸ਼੍ਰੀ ਚੌਹਾਨ ਦੇ ਅਨੁਸਾਰ, ਇਹ ਪਲੈਟਫਾਰਮ ਕਿਸਾਨਾਂ ਦੇ ਹੱਥਾਂ ਵਿੱਚ ਸਿੱਧੇ ਤੌਰ 'ਤੇ ਮਾਹਿਰ ਖੇਤੀਬਾੜੀ ਸਲਾਹ ਦੇਵੇਗਾ, ਜੋ ਕਿ ਕਿਸਾਨ ਭਲਾਈ ਲਈ ਮੋਦੀ ਸਰਕਾਰ ਦੇ ਤਕਨਾਲੋਜੀ-ਅਧਾਰਿਤ ਪਹੁੰਚ ਵਿੱਚ ਇੱਕ ਵੱਡਾ ਕਦਮ ਹੈ।

ਕੁਦਰਤੀ ਖੇਤੀ, ਮਿੱਟੀ ਦੀ ਸਿਹਤ ਅਤੇ ਰਾਜ-ਵਾਰ ਖੇਤੀਬਾੜੀ ਰੋਡਮੈਪ

ਮਿੱਟੀ ਦੀ ਸਿਹਤ ਬਾਰੇ ਚਿੰਤਾਵਾਂ ਨੂੰ ਦੁਹਰਾਉਂਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਮਿੱਟੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤੀਬਾੜੀ ਉਤਪਾਦਕਤਾ ਨੂੰ ਖ਼ਤਰਾ ਪੈਦਾ ਕਰ ਸਕਦੀ ਹੈ। ਕੁਦਰਤੀ ਖੇਤੀ ਮਿਸ਼ਨ ਦੇ ਤਹਿਤ, ਸਰਕਾਰ ਨੇ 1 ਕਰੋੜ ਕਿਸਾਨਾਂ ਤੱਕ ਜਾਗਰੂਕਤਾ ਪਹੁੰਚ, 18 ਲੱਖ ਕਿਸਾਨਾਂ ਲਈ ਟ੍ਰੇਨਿੰਗ, 75 ਲੱਖ ਹੈਕਟੇਅਰ ਜ਼ਮੀਨ ਵਿੱਚ ਕੁਦਰਤੀ ਖੇਤੀ ਦਾ ਹੌਲੀ-ਹੌਲੀ ਵਿਸਥਾਰ ਮਹੱਤਵਪੂਰਨ ਟੀਚੇ ਰੱਖੇ ਹਨ। 

ਉਨ੍ਹਾਂ ਕਿਹਾ ਕਿ ਲੱਖਾਂ ਕਿਸਾਨ ਅਤੇ ਜ਼ਮੀਨ ਦਾ ਵਿਸ਼ਾਲ ਖੇਤਰ ਪਹਿਲਾਂ ਹੀ ਇਸ ਪਹਿਲਕਦਮੀ ਵਿੱਚ ਸ਼ਾਮਲ ਹੋ ਚੁੱਕੇ ਹਨ। ਵਿਗਿਆਨਿਕ ਅਧਿਐਨ ਦਰਸਾਉਂਦੇ ਹਨ ਕਿ ਕੁਦਰਤੀ ਖੇਤੀ ਉਤਪਾਦਕਤਾ ਨੂੰ ਬਣਾਈ ਰੱਖ ਸਕਦੀ ਹੈ ਜਾਂ ਵਧਾ ਸਕਦੀ ਹੈ ਜਦਕਿ ਕਾਸ਼ਤ ਦੀਆਂ ਲਾਗਤਾਂ ਨੂੰ ਕਾਫ਼ੀ ਘਟਾ ਸਕਦੀ ਹੈ, ਜਿਸ ਨਾਲ ਇਹ ਭਾਰਤੀ ਖੇਤੀਬਾੜੀ ਲਈ ਇੱਕ ਟਿਕਾਊ ਮਾਰਗ ਬਣ ਜਾਂਦੀ ਹੈ। ਸ਼੍ਰੀ ਚੌਹਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਵੇਂ ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ, ਕੇਂਦਰ ਸਰਕਾਰ ਰਾਜਾਂ ਨਾਲ ਮਿਲ ਕੇ ਖੇਤੀਬਾੜੀ-ਜਲਵਾਯੂ ਸਥਿਤੀਆਂ ਦੇ ਅਧਾਰ ਤੇ ਰਾਜ-ਵਾਰ ਖੇਤੀਬਾੜੀ ਰੋਡਮੈਪ ਵਿਕਸਿਤ ਕਰਨ ਲਈ ਕੰਮ ਕਰ ਰਹੀ ਹੈ। ਇਹ ਰੋਡਮੈਪ ਇਹ ਨਿਰਧਾਰਿਤ ਕਰਨਗੇ ਕਿ ਕਿਹੜੀਆਂ ਫਸਲਾਂ, ਫਲ ਅਤੇ ਸਬਜ਼ੀਆਂ ਖਾਸ ਖੇਤਰਾਂ ਲਈ ਸਭ ਤੋਂ ਢੁਕਵੀਆਂ ਹਨ, ਕਿਹੜੇ ਜ਼ਿਲ੍ਹੇ ਵਿਸ਼ੇਸ਼ ਖੇਤੀਬਾੜੀ ਵੈਲਿਊ ਚੇਨ ਵਿਕਸਿਤ ਕਰ ਸਕਦੇ ਹਨ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀ ਵਿਗਿਆਨਿਕ ਮੁਹਾਰਤ ਨਾਲ ਸਥਾਨਕ ਯੋਜਨਾਬੰਦੀ ਨੂੰ ਕਿਵੇਂ ਜੋੜਿਆ ਜਾਵੇ।

ਕਿਸਾਨ ਭਲਾਈ ਤੋਂ ਵਿਕਸਿਤ ਭਾਰਤ ਤੱਕ

ਆਪਣੀ ਸਮਾਪਤੀ ਟਿੱਪਣੀ ਵਿੱਚ, ਸ਼੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਲਈ, ਸਮਾਜ ਦੇ ਸਭ ਤੋਂ ਹੇਠਲੇ ਪੱਧਰ 'ਤੇ ਖੜ੍ਹਾ ਵਿਅਕਤੀ 'ਦ੍ਰਿਦਰ ਨਾਰਾਇਣ' ('Daridra Narayan) ਦੀ ਨੁਮਾਇੰਦਗੀ ਕਰਦਾ ਹੈ, ਅਤੇ ਉਨ੍ਹਾਂ ਦੀ ਸੇਵਾ ਕਰਨਾ ਪ੍ਰਮਾਤਮਾ ਦੀ ਪੂਜਾ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਖੇਤੀਬਾੜੀ ਉਤਪਾਦਨ ਵਧਾਉਣਾ ਨਹੀਂ ਹੈ, ਸਗੋਂ ਕਿਸਾਨਾਂ ਦੀ ਆਮਦਨ ਵਧਾਉਣਾ, ਪੇਂਡੂ ਖੁਸ਼ਹਾਲੀ ਨੂੰ ਮਜ਼ਬੂਤ ​​ਕਰਨਾ ਅਤੇ ਇੱਕ ਸਵੈ-ਨਿਰਭਰ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ।

ਆਪਣੀ ਵਿਸ਼ੇਸ਼ ਸ਼ੈਲੀ ਵਿੱਚ, ਸ਼੍ਰੀ ਚੌਹਾਨ ਨੇ ਇੱਕ ਕਵਿਤਾ ਦੀਆਂ ਲਾਈਨਾਂ ਨਾਲ ਸਮਾਪਤੀ ਕੀਤੀ:

"ਕੌਣ ਕਹਿਤਾ ਹੈ ਕਿ ਆਸਮਾਨ ਮੇਂ ਸੁਰਾਖ ਨਹੀਂ ਹੋ ਸਕਤਾ, ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ।" ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀਬਾੜੀ ਸੁਧਾਰਾਂ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਦੇ ਏਜੰਡੇ ਨੂੰ ਦ੍ਰਿੜ੍ਹਤਾ ਅਤੇ ਮੁਸ਼ਤੈਦੀ ਨਾਲ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਸਾਨਾਂ ਦੇ ਜੀਵਨ ਨੂੰ ਬਦਲਣ ਅਤੇ ਭਾਰਤ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਲਈ ਦ੍ਰਿੜ੍ਹ ਸੰਕਲਪਿਤ ਹੈ।

****

 

ਆਰਸੀ/ਐੱਮਐੱਸ/ਏਕੇ


(Release ID: 2242783) ਵਿਜ਼ੀਟਰ ਕਾਊਂਟਰ : 11