ਖੇਤੀਬਾੜੀ ਮੰਤਰਾਲਾ
azadi ka amrit mahotsav

ਜੀਸੀਡਬਲਿਊਏਐੱਸ-2026 ਦੀ ਸਮਾਪਤੀ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਵਿਸ਼ਵਵਿਆਪੀ ਵਚਨਬੱਧਤਾ ਦੇ ਨਵੀਨੀਕਰਣ ਦੇ ਨਾਲ ਹੋਈ


ਆਈਸੀਏਆਰ ਖੇਤੀਬਾੜੀ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ 900 ਤੋਂ ਵੱਧ ਖੇਤੀਬਾੜੀ ਸੰਸਥਾਨਾਂ ਨੂੰ ਜੋੜਨ ਵਾਲਾ ਨੈਸ਼ਨਲ ਜੈਂਡਰ ਪਲੈਟਫਾਰਮ ਵਿਕਸਿਤ ਕਰੇਗਾ - ਡਾ. ਐੱਮ.ਐੱਲ. ਜਾਟ

Posted On: 15 MAR 2026 11:03AM by PIB Chandigarh

ਖੇਤੀਬਾੜੀ ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ‘ਤੇ ਵਿਸ਼ਵਵਿਆਪੀ ਸੰਮੇਲਨ (ਜੀਸੀਡਬਲਿਊਏਐੱਸ-2026) ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਸੰਪੰਨ ਹੋਇਆ, ਜਿਸ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਦੀ ਅਗਵਾਈ, ਭਾਗੀਦਾਰੀ ਅਤੇ ਨਵੀਨਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਸਮਾਪਤੀ ਸੈਸ਼ਨ ਤਿੰਨ ਦਿਨਾਂ ਦੇ ਵਿਸ਼ਵਵਿਆਪੀ ਸੰਵਾਦ ਦਾ ਸਮਾਪਨ ਸੀ, ਜਿਸ ਦਾ ਉਦੇਸ਼ ਜੈਂਡਰ ਸਮਾਨਤਾ ਨੂੰ ਹੁਲਾਰਾ ਦੇਣ ਵਾਲੀਆਂ ਨੀਤੀਆਂ, ਸਮਾਵੇਸ਼ੀ ਨਵੀਨਤਾਵਾਂ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣਾ ਸੀ। ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡੀਏਆਰਆਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ-ਐੱਲ ਜਾਟ ਮੌਜੁਦ ਸਨ।

ਸਮਾਪਤੀ ਸੈਸ਼ਨ ਵਿੱਚ ਮੌਜੂਦ ਹੋਰ ਪਤਵੰਤਿਆਂ ਵਿੱਚ ਟੀਏਏਐੱਸ ਦੇ ਚੇਅਰਮੈਨ ਡਾ. ਆਰ. ਐੱਸ.ਪਰੋਦਾ; ਭਾਰਤ ਸਰਕਾਰ ਦੇ ਜੈਵ ਤਕਨਾਲੋਜੀ ਵਿਭਾਗ ਦੀ ਸਾਬਕਾ ਸਕੱਤਰ ਡਾ. ਰੇਣੂ ਸਵਰੂਪ; ਪੀਪੀਵੀ ਐਂਡ ਐੱਫਆਰਏ ਦੇ ਚੇਅਰਮੈਨ ਡਾ. ਤਿਰਲੋਚਨ ਮੋਹਪਾਤਰਾ; ਅਤੇ ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਵਿਸਤਾਰ) ਡਾ. ਰਾਜਬੀਰ ਸਿੰਘ ਸ਼ਾਮਲ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਐੱਮ.ਐੱਲ.ਜਾਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਸੰਮੇਲਨ ਚਰਚਾਵਾਂ ਦਾ ਅੰਤ ਨਹੀਂ, ਸਗੋਂ ਜੈਂਡਰ ਸਮਾਨਤਾ ਨੂੰ ਹੁਲਾਰਾ ਦੇਣ ਲਈ ਨਵੇਂ ਸਿਰ੍ਹੇ ਤੋਂ ਕਾਰਵਾਈ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਸਬੂਤ-ਅਧਾਰਿਤ ਨੀਤੀ ਨਿਰਮਾਣ ਨੂੰ ਸਮਰਥਨ ਦੇਣ ਅਤੇ ਜੈਂਡਰ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਖੇਤੀਬਾੜੀ-ਖੁਰਾਕ ਮੁੱਲ ਲੜੀਆਂ ਵਿੱਚ ਸਮਾਜਿਕ ਵਿਗਿਆਨ ਖੋਜ ਨੂੰ ਮਜ਼ਬੂਤ ਕਰਨ ਅਤੇ ਇੱਕ ਮਜ਼ਬੂਤ ਲਿੰਗ-ਅਨੁਕੂਲ ਡੇਟਾ ਈਕੋਸਿਸਟਮ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

ਇੱਕ ਮਹੱਤਵਪੂਰਨ ਪਹਿਲ ਦਾ ਐਲਾਨ ਕਰਦੇ ਹੋਏ, ਡਾ. ਜਾਟ ਨੇ ਦੱਸਿਆ ਕਿ ਆਈਸੀਏਆਰ ਸੰਸਥਾਨਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਸਮੇਤ 900 ਤੋਂ ਵੱਧ ਸੰਸਥਾਨਾਂ ਨੂੰ ਜੋੜੇਗਾ, ਤਾਂ ਜੋ ਖੇਤੀਬਾੜੀ ਵਿੱਚ ਮਹਿਲਾਵਾਂ ‘ਤੇ ਕੇਂਦ੍ਰਿਤ ਖੋਜ, ਵਿਸਤਾਰ ਅਤੇ ਸਮਰੱਥਾ ਨਿਰਮਾਣ ਪਹਿਲਕਦਮੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਗਿਆਨ, ਡੇਟਾ ਅਤੇ ਫੈਸਲਾ ਲੈਣ ਦੀਆਂ ਭੂਮਿਕਾਵਾਂ ਤੋਂ ਸਸ਼ਕਤ ਬਣਾਉਣ ਨਾਲ ਖੇਤੀਬਾੜੀ ਉਤਪਾਦਕਤਾ, ਲਾਭਕਾਰੀ ਅਤੇ ਸਥਿਰਤਾ ਵਿੱਚ ਜ਼ਿਕਰਯੋਗ ਵਾਧਾ ਹੋ ਸਕਦਾ ਹੈ ਅਤੇ ਸੰਮੇਲਨ ਦੀਆਂ ਚਰਚਾਵਾਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਲਈ ਅੰਤਰ-ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ।

ਡਾ. ਰੇਣੂ ਸਵਰੂਪ ਨੇ ਸੰਮੇਲਨ ਦੀਆਂ ਪ੍ਰਮੁੱਖ ਸਿਫਾਰਿਸ਼ਾਂ ਦਾ ਸਾਰ ਪੇਸ਼ ਕੀਤਾ ਅਤੇ ਦਿੱਲੀ ਐਲਾਨ ਨੂੰ ਅਪਣਾਉਣ ਦਾ ਐਲਾਨ ਕੀਤਾ, ਜਿਸ ਵਿੱਚ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ‘ਤੇ ਇੱਕ ਵਿਸ਼ਵਵਿਆਪੀ ਗਠਬੰਧਨ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਹੈ। ਇਹ ਐਲਾਨ ਹਿਤਧਾਰਕਾਂ ਨੂੰ ਖੇਤੀਬਾੜੀ-ਖੁਰਾਕ ਮੁੱਲ ਲੜੀਆਂ ਵਿੱਚ ਲੈਂਗਿਕ ਤੌਰ ‘ਤੇ ਸੰਵੇਨਦਸ਼ੀਲ ਨੀਤੀਆਂ ਅਤੇ ਸੰਸਥਾਗਤ ਸੁਧਾਰਾਂ ਨੂੰ ਹੁਲਾਰਾ ਦੇਣ, ਮਹਿਲਾਵਾਂ ਦੀ ਭੂਮੀ, ਵਿੱਤ, ਤਕਨਾਲੋਜੀ, ਬਜ਼ਾਰਾਂ ਅਤੇ ਡਿਜੀਟਲ ਨਵੀਨਤਾ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਵਾਲੇ ਅਨੁਕੂਲ ਵਾਤਾਵਰਣ ਨੂੰ ਮਜ਼ਬੂਤ ਕਰਨ, ਮਹਿਲਾ ਕਿਸਾਨਾਂ ਅਤੇ ਖੇਤੀਬਾੜੀ-ਕਾਰੋਬਾਰੀ ਨੇਤਾਵਾਂ ਦਰਮਿਆਨ ਅਗਵਾਈ ਅਤੇ ਉੱਦਮਤਾ ਨੂੰ ਹੁਲਾਰਾ ਦੇਣ, ਲੈਂਗਿਕ ਤੌਰ ‘ਤੇ ਸੰਵੇਦਨਸ਼ੀਲ ਬਜਟ ਅਤੇ ਲੈਂਗਿਕ ਤੌਰ ‘ਤੇ ਵੰਡੇ ਹੋਏ ਅੰਕੜਿਆਂ ਦੇ ਯੋਜਨਾਬੱਧ ਸੰਗ੍ਰਹਿ ਨੂੰ ਯਕੀਨੀ ਬਣਾਉਣ ਲਈ, ਸਮੇਂ-ਸਮੇਂ ‘ਤੇ ਲਿੰਗ ਆਡਿਟ ਅਤੇ ਪਾਰਦਰਸ਼ੀ ਤਰੱਕੀ ਰਿਪੋਰਟਿੰਗ ਸਮੇਤ ਮਜ਼ਬੂਤ ਜਵਾਬਦੇਹੀ ਵਿਧੀ ਸਥਾਪਿਤ ਕਰਨ ਅਤੇ ਮਹਿਲਾ ਅਗਵਾਈ ਵਾਲੇ ਪਰਿਵਰਤਨ ਦੇ ਸਫਲ ਨਵੀਨਤਾਵਾਂ ਅਤੇ ਮਾਡਲਾਂ ਦੇ ਵਿਸ਼ਵਵਿਆਪੀ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਵਚਨਬੱਧ ਕਰਦੀ ਹੈ।

ਡਾ. ਆਰ. ਐੱਸ. ਪਰੋਦਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਸਿਰਫ਼ ਸੰਵਾਦ ਤੱਕ ਸੀਮਿਤ ਨਾ ਰਹਿ ਕੇ ਠੋਸ ਕਾਰਵਾਈ ਦੀ ਜ਼ਰੂਰਤ ਹੈ। ਇਸ ਦੇ ਲਈ ਮਜ਼ਬੂਤ ਸੰਸਥਾਗਤ ਸਮਰਥਨ, ਜੈਂਡਰ ਸਮਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਅਤੇ ਰਣਨੀਤਕ ਸਾਂਝੇਦਾਰੀਆਂ ਜ਼ਰੂਰੀ ਹਨ, ਜਿਨ੍ਹਾਂ ਵਿੱਚ ਮਹਿਲਾ ਕਿਸਾਨਾਂ ਨੂੰ ਖੇਤੀਬਾੜੀ-ਖੁਰਾਕ ਪ੍ਰਣਾਲੀ ਪਰਿਵਰਤਨ ਦੇ ਕੇਂਦਰ ਵਿੱਚ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਿਰਤ ਵਿੱਚ ਮਹਿਲਾਵਾਂ ਦਾ ਯੋਗਦਾਨ ਲਗਭਗ 60-70 ਪ੍ਰਤੀਸ਼ਤ ਹੈ ਅਤੇ ਖੁਰਾਕ ਸੁਰੱਖਿਆ, ਗ਼ਰੀਬੀ ਖਾਤਮੇ ਅਤੇ ਟਿਕਾਊ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਨੂੰ ਪ੍ਰਾਪਤ ਕਰਨ ਲਈ ਮਹਿਲਾਵਾਂ ਦੀ ਗਿਆਨ, ਬਜ਼ਾਰ, ਲੋਨ ਅਤੇ ਟ੍ਰੇਨਿੰਗ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ।

ਡਾ. ਟੀ. ਮੋਹਪਾਤਰਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਈ ਮਹਿਲਾਵਾਂ, ਜੋ ਪਲਾਂਟ ਜੈਨੇਟਿਕ ਸਰੋਤਾਂ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਟਿਕਾਊ ਖੇਤੀਬਾੜੀ ਵਿੱਚ ਉਨ੍ਹਾਂ ਦੇ ਕੀਮਤੀ ਯੋਗਦਾਨ ਦੇ ਬਾਵਜੂਦ ਅਕਸਰ ਅਣਗੌਲਿਆ ਰਹਿ ਜਾਂਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਜ਼ਮੀਨੀ ਪੱਧਰ ਦੇ ਰੱਖਿਅਕਾਂ ਦੀ ਪਛਾਣ ਕਰਨ ਅਤੇ ਉਨਾਂ ਨੂੰ ਸਸ਼ਕਤ ਬਣਾਉਣ ਲਈ ਮਜ਼ਬੂਤ ਸੰਸਥਾਗਤ ਅਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ, ਜਿਨ੍ਹਾਂ ਦੇ ਯਤਨ ਰਵਾਇਤੀ ਗਿਆਨ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਦੇ ਲਈ ਬਹੁਤ ਮਹੱਤਵਪੂਰਨ ਹਨ।

 

ਇਸ ਤੋਂ ਪਹਿਲਾਂ, ਸੁਆਗਤ ਭਾਸ਼ਣ ਦਿੰਦੇ ਹੋਏ ਡਾ. ਰਾਜਬੀਰ ਸਿੰਘ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਮਹਿਲਾ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਸਿਰਫ਼ ਸਮਾਨਤਾ ਦਾ ਮਾਮਲਾ ਨਹੀਂ ਹੈ, ਸਗੋਂ ਟਿਕਾਊ ਖੇਤੀਬਾੜੀ ਵਿਕਾਸ, ਖੁਰਾਕ ਸੁਰੱਖਿਆ ਅਤੇ ਗ੍ਰਾਮੀਣ ਸਮ੍ਰਿੱਧੀ ਨੂੰ ਯਕੀਨੀ ਬਣਾਉਣ ਲਈ ਇੱਕ ਰਣਨੀਤਕ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਸੰਪੂਰਨ ਖੇਤੀਬਾੜੀ-ਖੁਰਾਕ ਮੁਲ ਲੜੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਲਚਕੀਲੇ ਅਤੇ ਟਿਕਾਊ ਖੁਰਾਕ ਪ੍ਰਣਾਲੀਆਂ ਦੇ ਨਿਰਮਾਣ ਦੇ ਲਈ ਉਨ੍ਹਾਂ ਦੀ ਅਗਵਾਈ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਮੇਲਨ ਤੋਂ ਨਿਕਲੇ ਵਿਚਾਰ-ਵਟਾਂਦਰੇ ਅਤੇ ਸਿਫਾਰਿਸ਼ਾਂ ਰਾਸ਼ਟਰੀ ਅਤੇ ਵਿਸ਼ਵਵਿਆਪੀ ਪੱਧਰ ‘ਤੇ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਅਗਵਾਈ ਨੂੰ ਮਜ਼ਬੂਤ ਕਰਨ ਲਈ ਭਵਿੱਖ ਦੀਆਂ ਨੀਤੀਆਂ, ਖੋਜ ਪ੍ਰਾਥਮਿਕਤਾਵਾਂ ਅਤੇ ਸਹਿਯੋਗਾਤਮਕ ਪਹਿਲਕਦਮੀਆਂ ਨੂੰ ਆਕਾਰ ਦੇਣ ਵਿੱਚ ਸਹਾਇਕ ਹੋਣਗੀਆਂ।

ਤਕਨੀਕੀ ਸੈਸ਼ਨ

  • ਸੰਮੇਲਨ ਵਿੱਚ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਮਹੱਤਵਪੂਰਨ ਆਯਾਮਾਂ ਨੂੰ ਸੰਬੋਧਨ ਕਰਨ ਵਾਲੇ ਨੌ ਥੀਮੈਟਿਕ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ:

  • ਤਕਨੀਕੀ ਸੈਸ਼ਨ I: ਗਲੋਬਲ ਵੂਮੈਨ ਟ੍ਰੇਲਬਲੇਜ਼ਰਜ਼ ਨਾਲ ਇੰਟਰਫੇਸ

  • ਤਕਨੀਕੀ ਸੈਸ਼ਨ II: ਤਰੱਕੀ ਨੂੰ ਗਤੀ ਦੇਣਾ, ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨਾ

  • ਤਕਨੀਕੀ ਸੈਸ਼ਨ III: ਜੈਂਡਰ ਸਮਾਨਤਾ ਅਤੇ ਸਮਾਜਿਕ ਸਮਾਵੇਸ਼ ਨੂੰ ਮੁੱਖਧਾਰਾ ਵਿੱਚ ਲਿਆਉਣਾ

  • ਤਕਨੀਕੀ ਸੈਸ਼ਨ IV: ਜੈਂਡਰ ਪਰਿਵਰਤਨ ਲਈ ਉਭਰਦੀਆਂ ਅਤੇ ਵਿਘਨਕਾਰੀ ਤਕਨਾਲੋਜੀਆਂ

  • ਤਕਨੀਕੀ ਸੈਸ਼ਨ V: ਖੇਤੀਬਾੜੀ-ਖੁਰਾਕ ਖੇਤਰ ਵਿੱਚ ਮਹਿਲਾ ਅਗਵਾਈ ਦਾ ਨਿਰਮਾਣ

  • ਤਕਨੀਕੀ ਸੈਸ਼ਨ VI: ਆਰਥਿਕ ਸਮਾਵੇਸ਼ ਰਾਹੀਂ ਮਹਿਲਾਵਾਂ ਦਾ ਸਸ਼ਕਤੀਕਰਣ

  • ਤਕਨੀਕੀ ਸੈਸ਼ਨ VII: ਨੀਤੀ ਅਤੇ ਬਜ਼ਾਰ ਪਹੁੰਚ ਵਿੱਚ ਲਿੰਗ ਗਤੀਸ਼ੀਲਤਾ

  • ਤਕਨੀਕੀ ਸੈਸ਼ਨ VIII: ਮਹਿਲਾ ਕਿਸਾਨ ਮੰਚ-ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨਾ

  • ਤਕਨੀਕੀ ਸੈਸ਼ਨ IX: ਯੁਵਾ ਮੰਚ: ਖੇਤੀਬਾੜੀ ਖੁਰਾਕ ਖੇਤਰ ਦੇ ਆਉਣ ਵਾਲੇ ਨੇਤਾਵਾਂ ਦਾ ਪੋਸ਼ਣ

ਇਨ੍ਹਾਂ ਸੈਸ਼ਨਾਂ ਦਾ ਸਮੂਹਿਕ ਉਦੇਸ਼ ਮਹਿਲਾਵਾਂ ਦੀ ਅਗਵਾਈ ਨੂੰ ਮਜ਼ਬੂਤ ਕਰਨਾ, ਸੰਸਾਧਨਾਂ ਅਤੇ ਬਜ਼ਾਰਾਂ ਤੱਕ ਪਹੁੰਚ ਵਧਾਉਣਾ, ਤਕਨਾਲੋਜੀ ਨੂੰ ਅਪਣਾਉਣ ਨੂੰ ਹੁਲਾਰਾ ਦੇਣਾ ਅਤੇ ਸਮਾਵੇਸ਼ੀ ਅਤੇ ਟਿਕਾਊ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਦੇ ਨਿਰਮਾਣ ਲਈ ਨੌਜਵਾਨਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਸੀ।

ਅੰਤਰਰਾਸ਼ਟਰੀ ਮਾਹਿਰਾਂ ਦੀ ਭਾਗੀਦਾਰੀ

ਜੀਸੀਡਬਲਿਊਏਐੱਸ-2026 ਵਿੱਚ ਵਿਸ਼ਵਵਿਆਪੀ ਖੋਜ ਅਤੇ ਵਿਕਾਸ ਸੰਗਠਨਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਈ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਮਾਹਿਰਾਂ ਅਤੇ ਨੇਤਾਵਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਡਾ. ਬ੍ਰੈਮ ਗੋਵਰਟਸ, ਡਾਇਰੈਕਟਰ ਜਨਰਲ, ਸੀਆਈਐੱਮਐੱਮਵਾਈਟੀ; ਐਗਨੇਸ ਕਾਲੀਬਾਟਾ, ਸੰਸਥਾਪਕ ਅਤੇ ਚੇਅਰ, ਕਨੈਕਟ ਫਾਰ ਇੰਪੈਕਟ ਸਲਾਹਕਾਰ ਸਮੂਹ; ਸ਼ਕੁੰਤਲਾ ਹਰਕਸਿੰਘ ਥਿਲਸਟੇਡ, ਵਿਸ਼ਵ ਖੁਰਾਕ ਪੁਰਸਕਾਰ ਜੇਤੂ, ਵਰਲਡਫਿਸ਼; ਜੂਲੀ ਬੋਰਲੌਗ, ਪ੍ਰੈਜੀਡੇਂਟ, ਬੋਰਲੌਗ ਫਾਊਂਡੇਸ਼ਨ, ਮਾਰੀਨ ਮਿਰੁਕਾ,

ਡਾਇਰੈਕਟਰ, ਜੈਂਡਰ ਸਮਾਨਤਾ, ਯੁਵਾ ਅਤੇ ਸਮਾਜਿਕ ਸਮਾਵੇਸ਼, ਸਾਆਈਐੱਮਐੱਮਵਾਈਟੀ; ਜੋਸਫਾਈਨ ਓਕੋਟ, ਵਾਈਸ ਚੇਅਰ, ਆਈਐੱਫਡੀਸੀ, ਅਤੇ ਮੈਨੇਜਿੰਗ ਡਾਇਰੈਕਟਰ, ਵਿਕਟੋਰੀਆ ਸੀਡਜ਼ ਲਿਮਿਟੇਡ, ਅਤੇ ਨਿਤਯਾ ਰਾਓ, ਪ੍ਰੋਫੈਸਰ ਆਫ਼ ਜੈਂਡਰ ਐਂਡ ਡਿਵੈਲਪਮੈਂਟ, ਯੂਨੀਵਰਸਿਟੀ ਆਫ਼ ਈਸਟ ਐਂਗਲੀਆ ਆਦਿ ਸ਼ਾਮਲ ਸਨ।

ਸੰਮੇਲਨ ਵਿੱਚ ਕੁੱਲ 18 ਦੇਸ਼ਾਂ ਨੇ ਹਿੱਸਾ ਲਿਆ, ਜੋ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਅੱਗੇ ਵਧਾਉਣ ‘ਤੇ ਸੰਵਾਦ, ਸਹਿਯੋਗ ਅਤੇ ਗਿਆਨ ਦੇ ਅਦਾਨ-ਪ੍ਰਦਾਨ ਲਈ ਇੱਕ ਅਸਲ ਵਿੱਚ ਪ੍ਰਭਾਵਸ਼ਾਲੀ ਵਿਸ਼ਵਵਿਆਪੀ ਮੰਚ ਦੇ ਰੂਪ ਵਿੱਚ ਇਸ ਦੇ ਮਹੱਤਵ ਨੂੰ ਦਰਸਾਉਂਦਾ ਹੈ।

ਮੁੱਖ ਸਿਫਾਰਿਸ਼ਾਂ

ਸੰਮੇਲਨ ਵਿੱਚ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਦੀ ਅਗਵਾਈ, ਉੱਦਮਤਾ ਅਤੇ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਸਿਫਾਰਿਸ਼ਾਂ ਪੇਸ਼ ਕੀਤੀਆਂ ਗਈਆਂ। ਭਾਗੀਦਾਰਾਂ ਨੇ ਵਿਗਿਆਨ, ਨੀਤੀ ਅਤੇ ਵਿਕਾਸ ਵਿੱਚ ਮਹਿਲਾਵਾਂ ਨੂੰ  ਲੀਡਰਸ਼ਿਪ ਭੂਮਿਕਾ ਨਿਭਾਉਣ ਲਈ ਪ੍ਰੋਤਸਾਹਿਤ ਕਰਨ ‘ਤੇ ਜ਼ੋਰ ਦਿੱਤਾ, ਨਾਲ ਹੀ ਵਿਗਿਆਨ-ਅਧਾਰਿਤ ਨੀਤੀਆਂ ਅਤੇ ਪ੍ਰਭਾਵ-ਉਨਮੁਖ ਖੋਜ ਨੂੰ ਹੁਲਾਰਾ ਦੇਣ ਦੀ ਗੱਲ ਕਹੀ।

ਚਰਚਾਵਾਂ ਵਿੱਚ ਸਮਾਵੇਸ਼ੀ ਅਤੇ ਲਚੀਲੇ ਵਿਕਾਸ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ, ਪੋਸ਼ਣ, ਸਿਹਤ ਅਤੇ ਵਾਤਾਵਰਣਿਕ ਸਥਿਰਤਾ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਗਿਆ, ਜਿਸ ਵਿੱਚ ਵਨ ਹੈਲਥ ਫ੍ਰੇਮਵਰਕ ਵੀ ਸ਼ਾਮਲ ਹੈ। ਪ੍ਰਤੀਨਿਧੀਆਂ ਨੇ ਬੀਜ ਮੁੱਲ ਲੜੀਆਂ ਵਿੱਚ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ, ਮਹਿਲਾਵਾਂ ਨੂੰ ਰੱਖਿਅਕ ਤੋਂ ਉੱਦਮੀ ਬਣਨ ਵਿੱਚ ਸਮਰੱਥ ਬਣਾ ਕੇ ਅਤੇ ਮਹਿਲਾ ਅਗਵਾਈ ਵਾਲੇ ਉੱਦਮਾਂ ਨੂੰ ਹੁਲਾਰਾ ਦੇਣ ਲਈ ਲੋਨ, ਵਿਕਾਸ ਵਿੱਤ ਅਤੇ ਬਜ਼ਾਰਾਂ ਤੱਕ ਪਹੁੰਚ ਵਧਾ ਕੇ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਸੰਮੇਲਨ ਵਿੱਚ ਸਰਕਾਰੀ ਪ੍ਰੋਗਰਾਮਾਂ, ਖੋਜ ਸੰਸਥਾਨਾਂ, ਯੂਨੀਵਰਸਿਟੀਆਂ ਅਤੇ ਨਿਜੀ ਖੇਤਰ ਦਰਮਿਆਨ ਮਜਬੂਤ ਸੰਸਥਾਗਤ ਤਾਲਮੇਲ ਦਾ ਸੱਦਾ ਦਿੱਤਾ ਗਿਆ ਤਾਂ ਜੋ ਏਕੀਕ੍ਰਿਤ ਸਹਾਇਤਾ ਪ੍ਰਣਾਲੀ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਮਹਿਲਾ ਕਿਸਾਨਾਂ ਅਤੇ ਖੇਤੀਬਾੜੀ ਉੱਦਮੀਆਂ ਦੇ ਲਈ ਬਜ਼ਾਰ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਜਾ ਸਕੇ। ਯੂਨੀਵਰਸਿਟੀਆਂ ਨੂੰ ਨਵੀਨਤਾ, ਇਨਕਿਊਬੇਸ਼ਨ ਅਤੇ ਉੱਦਮਤਾ ਵਿਕਾਸ ਦੇ ਪ੍ਰਮੁੱਖ ਕੇਂਦਰਾਂ ਵਜੋ ਪਛਾਣਿਆ ਗਿਆ।

ਭਾਗੀਦਾਰਾਂ ਨੇ ਨੀਤੀਆਂ ਵਿੱਚ ਜੈਂਡਰ ਸਮਾਨਤਾ ਨੂੰ ਮੁੱਖਧਾਰਾ ਵਿੱਚ ਲਿਆਉਣ, ਮਹਿਲਾਵਾਂ ਦੇ ਭੂਮੀ ਅਧਿਕਾਰਾਂ ਅਤੇ ਉਤਪਾਦਕ ਸੰਸਾਧਨਾਂ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਬਣਾਉਣ, ਮਹਿਲਾ-ਹਿਤੈਸ਼ੀ ਖੇਤੀਬਾੜੀ ਤਕਨਾਲੋਜੀਆਂ ਨੂੰ ਹੁਲਾਰਾ ਦੇਣ ਅਤੇ ਜੈਂਡਰ ਤੌਰ ‘ਤੇ ਸੰਵੇਦਨਸ਼ੀਲ ਵਿਸਤਾਰ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸਥਾਨਕ ਡਿਜੀਟਲ ਉਪਕਰਣਾਂ ਅਤੇ ਸਲਾਹ-ਮਸ਼ਵਰਾ ਪਲੈਟਫਾਰਮਾਂ ਰਾਹੀਂ ਡਿਜੀਟਲ ਵੰਡ ਨੂੰ ਪੂਰਾ ਕਰਨਾ, ਗੈਰ-ਖੇਤੀਬਾੜੀ ਆਜੀਵਿਕਾ ਦੇ ਮੌਕੇ ਸਿਰਜਿਤ ਕਰਨਾ ਅਤੇ ਜੈਂਡਰ ਤੌਰ ‘ਤੇ ਸੰਵੇਦਨਸ਼ੀਲ ਪ੍ਰਭਾਵ ਮਾਪਦੰਡਾਂ ਨੂੰ ਸ਼ਾਮਲ ਕਰਨਾ ਵੀ ਮਹੱਤਵਪੂਰਨ ਦੱਸਿਆ ਗਿਆ।

ਮਜ਼ਬੂਤ ਗਲੋਬਲ ਸਾਂਝੇਦਾਰੀ ਵੱਲ

ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਵਿੱਚ ਖੇਤੀਬਾੜੀ-ਖੁਰਾਕ ਮੁੱਲ ਲੜੀ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਲਚੀਲੀ ਖੁਰਾਕ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਦੁਨੀਆ ਭਰ ਦੇ ਨੀਤੀ ਨਿਰਮਾਤਾ, ਵਿਗਿਆਨਿਕ, ਵਿਕਾਸ ਭਾਗੀਦਾਰ, ਉੱਦਮੀ ਅਤੇ ਮਹਿਲਾ ਨੇਤਾ ਇਕੱਠੇ ਆਏ।

ਜੀਸੀਡਬਲਿਊਏਐੱਸ-2026 ਜੈਂਡਰ ਸਮਾਨਤਾ ਨੂੰ ਹੁਲਾਰਾ ਦੇਣ ਲਈ ਸਫ਼ਲ ਪਹਿਲਕਦਮੀਆਂ, ਖੋਜ ਸਬੰਧੀ ਜਾਣਕਾਰੀਆਂ ਅਤੇ ਸਹਿਯੋਗਾਤਮਕ ਪਹੁੰਚਾਂ ਨੂੰ ਸਾਂਝਾ ਕਰਨ ਲਈ ਇੱਕ ਮਹੱਤਵਪੂਰਨ ਵਿਸ਼ਵਵਿਆਪੀ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ। ਆਯੋਜਕਾਂ ਨੇ ਕਿਹਾ ਕਿ ਸੰਮੇਲਨ ਦੇ ਨਤੀਜੇ ਵਿਸ਼ਵਵਿਆਪੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ, ਨੀਤੀਗਤ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕਰਨ ਅਤੇ ਮਹਿਲਾ ਕਿਸਾਨਾਂ, ਵਿਗਿਆਨਿਕਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਕ ਹੋਣਗੇ।

ਸੰਮੇਲਨ ਦੌਰਾਨ, ਸਫਲ ਮਹਿਲਾ ਕਿਸਾਨਾਂ, ਤਕਨੀਕੀ ਸੈਸ਼ਨਾਂ ਅਤੇ ਯੁਵਾ ਮੰਚਾਂ ਦੇ ਪ੍ਰਤੀਭਾਗੀਆਂ, ਸਕੂਲੀ ਵਿਦਿਆਰਥੀਆਂ, ਖੇਤੀਬਾੜੀ ਖੇਤਰ ਵਿੱਚ ਹੋਰ ਯੋਗਦਾਨਕਰਤਾਵਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਸੰਮੇਲਨ ਦੀ ਸਮਾਪਤੀ ਟੀਏਏਐੱਸ ਦੇ ਕਾਨਫਰੰਸ ਕਨਵੀਨਰ ਰਿਸ਼ੀ ਤਿਆਗੀ ਦੁਆਰਾ ਧੰਨਵਾਦ ਮਤੇ ਨਾਲ ਹੋਈ, ਜਿਨ੍ਹਾਂ ਨੇ ਜੀਸੀਡਬਲਿਊਐੱਸ-2026 ਨੂੰ ਇੱਕ ਸਫਲ ਅਤੇ ਪ੍ਰਭਾਵਸ਼ਾਲੀ ਵਿਸ਼ਵਵਿਆਪੀ ਪ੍ਰੋਗਰਾਮ ਬਣਾਉਣ ਲਈ ਸਾਰ ਪਤਵੰਤਿਆਂ , ਪ੍ਰਤੀਭਾਗੀਆਂ, ਭਾਗੀਦਾਰਾਂ ਅਤੇ ਆਯੋਜਨ ਟੀਮਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

ਇਸ ਸੰਮੇਲਨ ਦਾ ਉਦਘਾਟਨ 12 ਮਾਰਚ, 2026 ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਕੀਤਾ, ਜਿਸ ਵਿੱਚ ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀਆਂ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦੇਣ ਅਤੇ ਮਜ਼ਬੂਤ ਕਰਨ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ ਗਿਆ।

*****

ਆਰਸੀ/ਐੱਮਐੱਸ


(Release ID: 2240659) ਵਿਜ਼ੀਟਰ ਕਾਊਂਟਰ : 9