ਆਯੂਸ਼
azadi ka amrit mahotsav

‘ਸਬਕਾ ਸਾਥ ਸਬਕਾ ਵਿਕਾਸ- ਲੋਕਾਂ ਦੀਆਂ ਉਮੀਦਾਂ ਨੂੰ ਸਾਕਾਰ ਕਰਨਾ’


ਪ੍ਰਧਾਨ ਮੰਤਰੀ ਨੇ ਬਜਟ ਤੋਂ ਬਾਅਦ ਸਿਹਤ, ਆਯੁਸ਼ ਅਤੇ ਫਾਰਮਾ ਖੇਤਰਾਂ ‘ਤੇ ਆਯੋਜਿਤ ਵੈਬੀਨਾਰ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਿਵਾਰਕ ਅਤੇ ਸਮੁੱਚੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਅਤਿਅੰਤ ਮਹੱਤਵਪੂਰਨ ਹੈ

ਸਿਹਤ ਸੰਭਾਲ ਤੱਕ ਪਹੁੰਚ ਵਧਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਸਬੰਧੀ (ਕੇਅਰ) ਅਰਥਵਿਵਸਥਾ ਅਤੇ ਟੈਲੀਮੈਡੀਸਿਨ ਮਹੱਤਵਪੂਰਨ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ

ਬਜਟ ਵਿੱਚ ਕੀਤੀ ਗਈ ਪਹਿਲਕਦਮੀ ਆਯੁਸ਼ ਨੂੰ ਵਿਸਤਾਰ ਨਾਲ ਉੱਤਮਤਾ ਵੱਲ ਲੈ ਜਾਵੇਗੀ ਅਤੇ ਰਵਾਇਤੀ ਚਿਕਿਤਸਾ ਵਿੱਚ ਭਾਰਤ ਦੀ ਵਿਸ਼ਵਵਿਆਪੀ ਅਗਵਾਈ ਨੂੰ ਮਜ਼ਬੂਤ ਕਰੇਗੀ: ਆਯੁਸ਼ ਮੰਤਰੀ

Posted On: 09 MAR 2026 8:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਹਤ, ਆਯੁਸ਼ ਅਤੇ ਫਾਰਮਾ ਖੇਤਰਾਂ ‘ਤੇ ਆਯੋਜਿਤ ਬਜਟ ਤੋਂ ਬਾਅਦ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਇਸ ਦਾ ਵਿਸ਼ਾ ਸੀ ‘ਸਬਕਾ ਸਾਥ, ਸਬਕਾ ਵਿਕਾਸ- ਲੋਕਾਂ ਦੀਆਂ ਉਮੀਦਾਂ ਨੂੰ ਸਾਕਾਰ ਕਰਨਾׄ। ਇਹ ਵੈਬੀਨਾਰ ਸਰਕਾਰ ਦੇ ਬਜਟ ਤੋਂ ਬਾਅਦ ਜਨਤਕ ਸੰਪਰਕ ਅਭਿਆਨ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਇਸ ਦਾ ਉਦੇਸ਼ ਕੇਂਦਰੀ ਬਜਟ 2026-27 ਵਿੱਚ ਕੀਤੇ ਗਏ ਐਲਾਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ‘ਤੇ ਚਰਚਾ ਕਰਨਾ ਅਤੇ ਭਾਗੀਦਾਰਾਂ ਤੋਂ ਸੁਝਾਅ ਮੰਗਣਾ ਸੀ। ਇਸ ਵੈਬੀਨਾਰ ਵਿੱਚ ਨੀਤੀ ਨਿਰਮਾਤਾਵਾਂ, ਸਿਹਤ ਸੰਭਾਲ ਪੇਸ਼ੇਵਰਾਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ, ਖੋਜਕਰਤਾਵਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀ ਭਾਰਤ ਦੀ ਸਿਹਤ ਸੰਭਾਲ ਵਿਧੀ ਨੰ ਮਜ਼ਬਤ ਕਰਨ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਇੱਕ ਪਲੈਟਫਾਰਮ ‘ਤੇ ਆਏ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਨੀਤੀਗਤ ਐਲਾਨਾਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਬਦਲਣ ਲਈ ਬਜਟ ਦੇ ਬਾਅਦ ਦੇ ਸਲਾਹ-ਮਸ਼ਵਰਿਆਂ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਕੇਂਦਰੀ ਬਜਟ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖਿਆ, ਕੌਸ਼ਲ ਵਿਕਾਸ, ਸਿਹਤ, ਟੂਰਿਜ਼ਮ, ਖੇਡਾਂ ਅਤੇ ਸੱਭਿਆਚਾਰ ਜਿਹੇ ਖੇਤਰ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉੰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਜਟ ਵਿੱਚ ਐਲਾਨ ਪਹਿਲ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਵੈਬੀਨਾਰ ਵਿੱਚ ਹਿੱਸਾ ਲੈਣ ਵਾਲੇ ਮਾਹਿਰਾਂ, ਨੀਤੀ ਨਿਰਮਾਤਾਵਾਂ, ਉੱਦਮੀਆਂ ਅਤੇ ਹਿਤਧਾਰਕਾਂ ਦੇ ਸੁਝਾਅ ਮਹੱਤਵਪੂਰਨ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਿਵਾਰਕ ਅਤੇ ਸਮੁੱਚੀ ਸਿਹਤ ਸੰਭਾਲ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਅਤੇ ਆਯੁਸ਼ਮਾਨ ਭਾਰਤ ਜਿਹੀਆਂ ਪਹਿਲਕਦਮੀਆਂ ਅਤੇ ਹੈਲਥ ਸੈਂਟਰਾਂ ਰਾਹੀਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ ਦੇਸ਼ ਦੇ ਹੈਲਥ ਕੇਅਰ ਇਨਫ੍ਰਾਸਟ੍ਰਕਚਰ ਦਾ ਬਹੁਤ ਵਿਸਤਾਰ ਹੋਇਆ ਹੈ, ਜੋ ਦੇਸ਼ ਭਰ ਦੇ ਪਿੰਡਾਂ ਤੱਕ ਸਿਹਤ ਸੰਭਾਲ ਨੂੰ ਪਹੁੰਚਾ ਰਹੇ ਹਨ। ਉਨ੍ਹਾਂ ਨੇ ਯੋਗਾ ਅਤੇ ਆਯੁਰਵੇਦ ਸਮੇਤ ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੀ ਵਧਦੀ ਗਲੋਬਲ ਮਾਨਤਾ ਨੂੰ ਵੀ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਆਉਣ ਵਾਲੇ ਦਹਾਕੇ ਵਿੱਚ ਭਾਰਤ ਵਿੱਚ ਸੀਨੀਅਰ ਨਾਗਰਿਕਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਅਤੇ ਸਿਖਲਾਈ ਪ੍ਰਾਪਤ ਦੇਖਭਾਲ ਕਰਨ ਵਾਲਿਆਂ ਦੀ ਗਲੋਬਲ ਮੰਗ ਵਿੱਚ ਵੀ ਵਾਧੇ ਨੂੰ ਦੇਖਦੇ ਹੋਏ ਕੇਅਰ ਇਕੌਨਮੀ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵੈਬੀਨਾਰ ਵਿੱਚ ਹਿੱਸਾ ਲੈਣ ਵਾਲੇ ਮਾਹਿਰਾਂ ਨੂੰ ਦੇਸ਼ ਦੀ ਹੈਲਥ ਕੇਅਰ ਵਰਕਫੋਰਸ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਨਵੇਂ ਹੁਨਰ ਅਧਾਰਿਤ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਵੇਂ ਟ੍ਰੇਨਿੰਗ ਮਾਡਲ ਅਤੇ ਸਾਂਝੇਦਾਰੀ ਦਾ ਸੁਝਾਅ ਦੇਣ ਲਈ ਪ੍ਰੋਤਸਾਹਿਤ ਕੀਤਾ।

ਡਿਜੀਟਲ ਹੈਲਥ ਕੇਅਰ ਦੇ ਵਧਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮੈਡੀਕਲ ਸੇਵਾਵਾਂ ਤੱਕ ਪਹੁੰਚ ਵਧਾਉਣ ਵਿੱਚ ਟੈਲੀਮੈਡੀਸਿਨ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਪਹਿਲਾਂ ਤੋਂ ਹੀ ਟੈਲੀਮੈਡੀਸਿਨ ਤੋਂ ਲਾਭਵੰਦ ਹੋ ਰਹੇ ਹਨ, ਲੇਕਿਨ ਜਾਗਰੂਕਤਾ ਵਧਾਉਣ ਅਤੇ ਪਹੁੰਚ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਚੁੱਕ ਸਕਣ।

 

ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਬਜਟ ਤੋਂ ਬਾਅਦ ਆਯੋਜਿਤ ਵੈਬੀਨਾਰ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ 2026 ਇੱਕ ਸਮੁੱਚਾ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਸਿਹਤ ਸੇਵਾ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ‘ਸਾਰਿਆਂ ਲਈ ਸਿਹਤ’ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਨਾਲ ਹੀ ਵਿਕਸਿਤ ਭਾਰਤ ਦੇ ਟੀਚੇ ਵੱਲ ਅੱਗੇ ਵਧ ਰਹੀ ਹੈ।

ਸ਼੍ਰੀ ਜਾਧਵ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਆਯੁਸ਼ ਮੰਤਰਾਲੇ ਲਈ ਅਲਾਟ ਕੀਤੇ 4,408 ਕਰੋੜ ਰੁਪਏ ਦੀ ਰਾਸ਼ੀ ਨਾਲ ਆਯੁਸ਼ ਪ੍ਰਣਾਲੀਆਂ ਨੂੰ ਮੁੱਖ ਧਾਰਾ ਦੀ ਸਿਹਤ ਸੰਭਾਲ ਵਿੱਚ ਏਕੀਕ੍ਰਿਤ ਕਰਨ ਵਿੱਚ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਆਯੁਸ਼ ਮਿਸ਼ਨ ਜਿਹੀਆਂ ਪਹਿਲਕਦਮੀਆਂ ਰਾਹੀਂ ਸਰਕਾਰ ਦੇਸ਼ ਭਰ ਵਿੱਚ ਆਯੁਸ਼ ਸੇਵਾਵਾਂ ਦੀ ਪਹੁੰਚ ਦਾ ਵਿਸਤਾਰ ਕਰ ਰਹੀ ਹੈ ਅਤੇ ਆਯੁਸ਼ ਆਰੋਗਯ ਮੰਦਿਰ ਨੂੰ ਮਜ਼ਬੂਤ ਕਰ ਰਹੀ ਹੈ, ਜਿਸ ਨਾਲ ਪ੍ਰਾਇਮਰੀ, ਸੈਕੰਡਰੀ ਅਤੇ ਵੰਚਿਤ ਖੇਤਰਾਂ ਵਿੱਚ ਨਿਵਾਰਕ ਸਿਹਤ ਸੰਭਾਲ ਅਤੇ ਸਬੂਤ-ਅਧਾਰਿਤ ਇਲਾਜ ਪ੍ਰਣਾਲੀਆਂ ਨੂੰ ਹੁਲਾਰਾ ਮਿਲ ਰਿਹਾ ਹੈ।

ਕੇਂਦਰੀ ਬਜਟ ਵਿੱਚ ਕੀਤੇ ਗਏ ਪ੍ਰਮੁੱਖ ਐਲਾਨਾਂ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਤਿੰਨ ਨਵੇਂ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਦੀ ਸਥਾਪਨਾ ਦੇ ਪ੍ਰਸਤਾਵ ਨਾਲ ਉੱਚ ਸਿੱਖਿਆ, ਕਲੀਨਿਕਲ ਸੇਵਾਵਾਂ ਅਤੇ ਰਵਾਇਤੀ ਚਿਕਿਤਸਾ ਵਿੱਚ ਖੋਜ ਨੂੰ ਬਹੁਤ ਹੁਲਾਰਾ ਮਿਲੇਗਾ। ਇਹ ਸੰਸਥਾਨ ਸਬੂਤ-ਅਧਾਰਿਤ ਏਕੀਕ੍ਰਿਤ ਸਿਹਤ ਸੰਭਾਲ ਨੂੰ ਹੁਲਾਰਾ ਦਿੰਦੇ ਹੋਏ ਵੰਚਿਤ ਖੇਤਰਾਂ ਵਿੱਚ ਸਿਹਤ ਸੇਵਾ ਸਮਰੱਥਾ ਨੂੰ ਮਜ਼ਬੂਤ ਕਰਨਗੇ।

ਸ਼੍ਰੀ ਜਾਧਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਣਵੱਤਾ ਭਰੋਸਾ ਮੰਤਰਾਲੇ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਆਯੁਸ਼ ਫਾਰਮੇਸੀਆਂ ਅਤੇ ਡਰੱਗ ਟੈਸਟਿੰਗ ਲੈਬਸ ਦੇ ਅਪਗ੍ਰੇਡੇਸ਼ਨ ਨਾਲ ਪ੍ਰਮਾਣੀਕਰਣ ਪ੍ਰਣਾਲੀ, ਰੈਗੂਲੇਟਰੀ ਨਿਰੀਖਣ ਅਤੇ ਪੇਸ਼ੇਵਰ ਮਾਪਦੰਡਾਂ ਨੂੰ ਮਜ਼ਬੂਤੀ ਮਿਲੇਗੀ, ਜਿਸ ਨਾਲ ਲੋਕਾਂ ਲਈ ਸੁਰੱਖਿਅਤ, ਉੱਚ ਗੁਣਵੱਤਾ ਵਾਲੀਆਂ ਦਵਾਈਆਂ ਯਕੀਨੀ ਹੋਣਗੀਆਂ ਅਤੇ ਨਾਲ ਹੀ ਭਾਰਤ ਦੀ ਨਿਰਯਾਤ ਸਮਰੱਥਾ ਵੀ ਵਧੇਗੀ। ਇਨ੍ਹਾਂ ਉਪਕ੍ਰਮਾਂ ਨਾਲ ਔਸ਼ਧੀ ਪੌਦਿਆਂ ਦੀ ਖੇਤੀ ਵਿੱਚ ਲਗੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਅਤੇ ਪ੍ਰੋਸੈੱਸਿੰਗ ਅਤੇ ਮੈਨੂਫੈਕਚਰਿੰਗ ਵਿੱਚ ਸ਼ਾਮਲ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਵੀ ਸਹਾਇਤਾ ਮਿਲੇਗੀ।

ਰਵਾਇਤੀ ਚਿਕਿਤਸਾ ਵਿੱਚ ਭਾਰਤ ਦੀ ਵਿਸ਼ਵਵਿਆਪੀ ਅਗਵਾਈ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਟ੍ਰੈਡੀਸ਼ਨਲ ਮੈਡੀਸਿਨ ਸੈਂਟਰ ਨੂੰ ਮਜ਼ਬੂਤ ਕਰਨ ਨਾਲ ਸਬੂਤ-ਅਧਾਰਿਤ ਰਵਾਇਤੀ ਸਿਹਤ ਸੰਭਾਲ ਲਈ ਵਿਸ਼ਵਵਿਆਪੀ ਗਿਆਨ ਕੇਂਦਰ ਵਜੋਂ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਇਹ ਪਹਿਲ ਰਵਾਇਤੀ ਚਿਕਿਤਸਾ ਦੇ ਖੇਤਰ ਵਿੱਚ ਖੋਜ ਸਹਿਯੋਗ, ਅੰਤਰਰਾਸ਼ਟਰੀ ਟ੍ਰੇਨਿੰਗ ਅਤੇ ਨੀਤੀਗਤ ਸੰਵਾਦ ਨੂੰ ਹੁਲਾਰਾ ਦੇਵੇਗੀ।

ਉਨ੍ਹਾਂ ਨੇ ਕੇਂਦਰੀ ਬਜਟ ਵਿੱਚ ਰਾਜਾਂ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਨਾਲ ਪੰਜ ਖੇਤਰੀ ਚਿਕਿਤਸਾ ਕੇਂਦਰ ਸਥਾਪਿਤ ਕਰਨ ਦੇ ਪ੍ਰਸਤਾਵ ਦਾ ਵੀ ਜ਼ਿਕਰ ਕੀਤਾ। ਇਹ ਕੇਂਦਰ ਏਕੀਕ੍ਰਿਤ ਹੈਲਥ ਕੈਂਪਸ ਦੇ ਰੂਪ ਵਿੱਚ ਕੰਮ ਕਰਨਗੇ, ਜੋ ਐਡਵਾਂਸਡ ਮੈਡੀਕਲ ਸਰਵਿਸਿਸ, ਵਿਦਿਅਕ ਸੰਸਥਾਨਾਂ ਅਤੇ ਖੋਜ ਸੁਵਿਧਾਵਾਂ ਨੂੰ ਇਕੱਠੇ ਲਿਆਉਣਗੇ। ਆਯੁਸ਼ ਕੇਂਦਰਾਂ ਅਤੇ ਮੈਡੀਕਲ ਵੈਲਿਊ ਟ੍ਰੈਵਲ ਸੁਵਿਧਾਵਾਂ ਦੇ ਨਾਲ ਇਨ੍ਹਾਂ ਕੇਂਦਰਾਂ ਤੋਂ ਭਾਰਤ ਨੂੰ ਸਮੁੱਚੀ ਸਿਹਤ ਸੰਭਾਲ ਅਤੇ ਕਿਫਾਇਤੀ ਚਿਕਿਤਸਾ ਯਾਤਰਾ ਲਈ ਇੱਕ ਪ੍ਰਮੁੱਖ ਗਲੋਬਲ ਮੰਜ਼ਿਲ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਉਮੀਦ ਹੈ।

 

ਸ਼੍ਰੀ ਜਾਧਵ ਨੇ ਸਮਰਪਿਤ ਕੌਸ਼ਲ ਵਿਕਾਸ ਪਹਿਲ ਰਾਹੀਂ ਦੇਖਭਾਲ ਕਰਨ ਸਬੰਧੀ (ਕੇਅਰ) ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਰਾਸ਼ਟਰੀ ਕੌਸ਼ਲ ਯੋਗਤਾ ਢਾਂਚਾ (ਐੱਨਐੱਸਕਿਊਐੱਫ) ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ 1.5 ਲੱਖ ਬਹੁ-ਕੁਸ਼ਲ ਦੇਖਭਾਲ ਕਰਨ ਵਾਲਿਆਂ ਨੂੰ ਟ੍ਰੇਂਡ ਕਰਨ ਦੀ ਰਣਨੀਤਕ ਯੋਜਨਾ ਬਣਾਈ ਗਈ ਹੈ। ਸਿਹਤ ਸੰਭਾਲ ਖੇਤਰ ਲਈ ਕੁਸ਼ਲ ਵਰਕਫੋਰਸ ਦੇ ਵਿਕਾਸ ਦੇ ਨਾਲ-ਨਾਲ ਨਿਵਾਰਕ, ਪੁਨਰਵਾਸ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਪ੍ਰਾਵਧਾਨਾਂ ਦਾ ਵਿਸਤਾਰ ਕਰਨ ਅਤੇ ਦੁਵੱਲੇ ਉਦੇਸ਼ ਦੀ ਪ੍ਰਾਪਤੀ ਲਈ ਇਸ ਨੂੰ ਸਾਵਧਾਨੀਪੂਰਵਕ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਆਯੁਸ਼ ਖੇਤਰ ਨੇ ਸੰਸਥਾਗਤ ਵਿਕਾਸ, ਖੋਜ, ਵਿਸ਼ਵਵਿਆਪੀ ਮਾਨਤਾ ਅਤੇ ਜਨਤਕ ਪ੍ਰਵਾਨਗੀ ਦੇ ਮਾਮਲੇ ਵਿੱਚ ਮਹੱਤਵਪੂਰਨ ਤਰੱਕੀ ਦੇਖੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੇਂਦਰੀ ਬਜਟ 2026 ਇਸੇ ਮਜ਼ਬੂਤ ਨੀਂਹ ‘ਤੇ ਅਧਾਰਿਤ ਹੈ ਅਤੇ ਵਿਸਤਾਰ ਨਾਲ ਉੱਤਮਤਾ ਵੱਲ, ਪੈਮਾਨੇ ਤੋਂ ਗੁਣਵੱਤਾ ਵੱਲ ਅਤੇ ਰਾਸ਼ਟਰੀ ਮਜ਼ਬੂਤੀ ਤੋਂ ਵਿਸ਼ਵਵਿਆਪੀ ਅਗਵਾਈ ਵੱਲ ਵਧਣ ਨੂੰ ਲੈ ਕੇ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ।

ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਵੈਬੀਨਾਰ ਤੋਂ ਹੋਈਆਂ ਚਰਚਾਵਾਂ ਅਤੇ ਸੁਝਾਅ ਕੇਂਦਰੀ ਬਜਟ ਵਿੱਚ ਐਲਾਨ ਪਹਿਲ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਦੀ ਸਿਹਤ ਸੰਭਾਲ ਵਿਧੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਅਤੇ ਹਿਤਧਾਰਕਾਂ ਨੂੰ ਉਨਾਂ ਦੇ ਕੀਮਤੀ ਸੁਝਾਵਾਂ ਲਈ ਧੰਨਵਾਦ ਕੀਤਾ ਅਤੇ ‘ਸਵਸਥ ਭਾਰਤ, ਸਮ੍ਰਿੱਧ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ।

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੈ ਸੈਸ਼ਨ ਦੌਰਾਨ ਪਿਛਲੇ ਇੱਕ ਵਰ੍ਹੇ ਵਿੱਚ ਆਯੁਸ਼ ਖੇਤਰ ਵਿੱਚ ਹੋਈ ਮਹੱਤਵਪੂਰਨ ਤਰੱਕੀ ‘ਤੇ ਜ਼ੋਰ ਦਿੱਤਾ। ਇਹ ਸੁਧਾਰ ਖੋਜ, ਸਿੱਖਿਆ, ਮਾਨਕੀਕਰਣ ਅਤੇ ਅੰਤਰਰਾਸ਼ਟਰੀ ਸਹਿਯੋਗ ਵਿੱਚ ਕੀਤੇ ਜਾ ਰਹੇ ਮਜ਼ਬੂਤ ਯਤਨਾਂ ਦਾ ਨਤੀਜਾ ਹਨ। 

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਿੰਨ ਨਵੇਂ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ ਦੀ ਪ੍ਰਸਤਾਵਿਤ ਸਥਾਪਨਾ ਤੋਂ ਲੈ ਕੇ ਦੇਸ਼ ਭਰ ਵਿੱਚ ਸਿੱਖਿਆ, ਖੋਜ ਅਤੇ ਏਕੀਕ੍ਰਿਤ ਸਿਹਤ ਸੰਭਾਲ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਗੁਣਵੱਤਾ ਭਰੋਸੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਇਸ ਵਿੱਚ ਆਯੁਸ਼ ਫਾਰਮੈਸੀਆਂ ਅਤੇ ਡਰੱਗ ਟੈਸਟਿੰਗ ਲੈਬਸ ਦਾ ਅਪਗ੍ਰੇਡੇਸ਼ਨ ਸ਼ਾਮਲ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਆਯੁਸ਼ ਉਤਪਾਦ ਸੁਰੱਖਿਅਤ ਅਤੇ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਹੋਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡਬਲਿਊਐੱਚਓ ਗਲੋਬਲ ਟ੍ਰੈਡੀਸ਼ੀਨਲ ਮੈਡੀਸਿਨ ਸੈਂਟਰ (ਜੀਟੀਐੱਮਸੀ) ਨੂੰ ਮਜ਼ਬੂਤ ਕਰਨ ਨਾਲ ਸਬੂਤ-ਅਧਾਰਿਤ ਰਵਾਇਤੀ ਚਿਕਿਤਸਾ ਵਿੱਚ ਭਾਰਤ ਦੀ ਅਗਵਾਈ ਹੋਰ ਵੀ ਮਜ਼ਬੂਤ ਹੋਵੇਗੀ।

ਵੈਬੀਨਾਰ ਦੀ ਸਮਾਪਤੀ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਚਰਚਾ ਅਤੇ ਪੇਸ਼ਕਾਰੀਆਂ ਦੇ ਨਾਲ ਹੋਈ, ਜਿਸ ਵਿੱਚ ਕੇਂਦਰੀ ਬਜਟ 2026-27 ਵਿੱਚ ਘੋਸ਼ਿਤ ਉਪਕ੍ਰਮਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਰੋਡਮੈਪ ਦੀ ਰੂਪਰੇਖਾ ਪੇਸ਼ ਕੀਤੀ ਗਈ। ਸਰਕਾਰ, ਸਿੱਖਿਆ, ਉਦਯੋਗ ਜਗਤ, ਖੋਜ ਸੰਸਥਾਨਾਂ ਅਤੇ ਸਿਹਤ ਸੰਭਾਲ ਭਾਈਚਾਰੇ ਦੇ ਭਾਗੀਦਾਰਾਂ ਨੇ ਹੈਲਥ ਕੇਅਰ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ, ਆਯੁਸ਼ ਸੇਵਾਵਾਂ ਦਾ ਵਿਸਤਾਰ ਕਰਨ, ਗੁਣਵੱਤਾ ਮਾਪਦੰਡਾਂ ਨੂੰ ਵਧਾਉਣ ਅਤੇ ਨਵੀਨਤਾ ਨੂੰ ਹੁਲਾਰਾ ਦੇਣ ‘ਤੇ ਕੀਮਤੀ ਸੁਝਾਅ ਸਾਂਝੇ ਕੀਤੇ। ਵਿਚਾਰ-ਵਟਾਂਦਰੇ ਤੋਂ ਪ੍ਰਾਪਤ ਜਾਣਕਾਰੀਆਂ ਤੋਂ ਬਜਟ ਐਲਾਨਾਂ ਦੇ ਲਾਗੂਕਰਨ ਵਿੱਚ ਤੇਜ਼ੀ ਆਉਣ ਅਤ੍ ਭਾਰਤ ਦੇ ਸਮੁੱਚੇ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਸਿਹਤ ਸੰਭਾਲ ਪ੍ਰਣਾਲੀ ਦੀ ਕਲਪਨਾ ਨੂੰ ਅੱਗੇ ਵਧਾਉਣ ਦੀ ਉਮੀਦ ਹੈ।

*****

ਐੱਸਆਰ/ਜੀਐੱਸ/ਸ਼ੀਨਮ


(Release ID: 2237514) ਵਿਜ਼ੀਟਰ ਕਾਊਂਟਰ : 5