ਰੱਖਿਆ ਮੰਤਰਾਲਾ
ਭਾਰਤੀ ਹਥਿਆਰ ਬਲਾਂ ਦਾ ਇੱਕ ਦਲ ਸਾਂਝੇ ਫੌਜੀ ਅਭਿਆਸ ਲਾਮਿਤੀਏ-2026 ਵਿੱਚ ਹਿੱਸਾ ਲੈਣ ਲਈ ਸੇਸ਼ੇਲਸ ਪਹੁੰਚਿਆ
Posted On:
09 MAR 2026 11:19AM by PIB Chandigarh
ਭਾਰਤੀ ਹਥਿਆਰਬੰਦ ਬਲਾਂ ਦਾ ਇੱਕ ਦਲ ਸੇਸ਼ੇਲਸ ਰੱਖਿਆ ਬਲਾਂ ਨਾਲ ਸਾਂਝੇ ਫੌਜੀ ਅਭਿਆਸ ਲਾਮਿਤੀਏ-2026 ਦੇ ਗਿਆਰ੍ਹਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਸੇਸ਼ੇਲਸ ਪਹੁੰਚਿਆ ਹੈ। ਇਹ ਸਾਂਝਾ ਅਭਿਆਸ 9 ਮਾਰਚ ਤੋਂ 20 ਮਾਰਚ, 2026 ਤੱਕ ਸੇਸ਼ੇਲਸ ਰੱਖਿਆ ਅਕੈਡਮੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਕ੍ਰੀਓਲ ਭਾਸ਼ਾ ਵਿੱਚ 'ਲਾਮਿਤੀਏ' ਦਾ ਅਰਥ ਹੈ 'ਦੋਸਤੀ'। ਇਹ ਦੋ ਵਰ੍ਹਿਆਂ ਵਿੱਚ ਇੱਕ ਵਾਰ ਟ੍ਰੇਨਿੰਗ ਪ੍ਰੋਗਰਾਮ ਸਾਲ 2001 ਤੋਂ ਸੇਸ਼ੇਲਸ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਐਡੀਸ਼ਨ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਸੰਯੁਕਤ ਫੌਜੀ ਅਭਿਆਸ ਵਿੱਚ ਅਸਮ ਰੈਜੀਮੈਂਟ, ਭਾਰਤੀ ਜਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨ, ਆਈਐੱਨਐੱਸ ਤ੍ਰਿਕੰਦ ਅਤੇ ਇੱਕ ਸੀ-130 ਹਵਾਈ ਜਹਾਜ਼ ਸ਼ਾਮਲ ਹਨ।
ਇਸ ਅਭਿਆਸ ਦਾ ਉਦੇਸ਼ ਅਰਧ-ਸ਼ਹਿਰੀ ਵਾਤਾਵਰਣ ਵਿੱਚ ਗੈਰ-ਰਵਾਇਤੀ ਓਪ੍ਰੇਸ਼ਨਾਂ ਦੇ ਖੇਤਰ ਵਿੱਚ ਤਾਲਮੇਲ ਵਧਾਉਣਾ ਅਤੇ ਸ਼ਾਂਤੀ ਸਥਾਪਨਾ ਮੁਹਿੰਮਾਂ ਦੌਰਾਨ ਦੋਵਾਂ ਧਿਰਾਂ ਵਿਚਕਾਰ ਸਹਿਯੋਗ ਅਤੇ ਅੰਤਰ-ਕਾਰਜਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਦੋਵਾਂ ਫੌਜਾਂ ਵਿਚਕਾਰ ਹੁਨਰ, ਅਨੁਭਵ ਅਤੇ ਵਧੀਆ ਅਭਿਆਸਾਂ ਦੇ ਅਦਾਨ-ਪ੍ਰਦਾਨ ਦੇ ਨਾਲ-ਨਾਲ ਦੁਵੱਲੇ ਫੌਜੀ ਸਬੰਧਾਂ ਨੂੰ ਹੁਲਾਰਾ ਮਿਲੇਗਾ।
ਇਸ ਸਾਂਝੇ ਅਭਿਆਸ ਦੌਰਾਨ, ਦੋਵਾਂ ਦੇਸ਼ਾਂ ਦੀਆਂ ਫੌਜਾਂ ਅਰਧ-ਸ਼ਹਿਰੀ ਵਾਤਾਵਰਣ ਵਿੱਚ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਰਣਨੀਤਕ ਅਭਿਆਸਾਂ ਦੀ ਇੱਕ ਲੜੀ ਦਾ ਸਾਂਝੇ ਤੌਰ 'ਤੇ ਸਿਖਲਾਈ, ਯੋਜਨਾਬੰਦੀ ਅਤੇ ਲਾਗੂਕਰਨ ਕਰਨਗੇ, ਨਾਲ ਹੀ ਨਵੀਂ ਪੀੜ੍ਹੀ ਦੇ ਉਪਕਰਣਾਂ ਅਤੇ ਤਕਨਾਲੋਜੀ ਦੀ ਵਰਤੋਂ ਅਤੇ ਪ੍ਰਦਰਸ਼ਨ ਵੀ ਕਰਨਗੇ। 12 ਦਿਨਾਂ ਤੱਕ ਚੱਲਣ ਵਾਲੇ ਇਸ ਸਾਂਝੇ ਅਭਿਆਸ ਵਿੱਚ ਫੀਲਡ ਸਿਖਲਾਈ ਅਭਿਆਸ, ਯੁੱਧ ਸਬੰਧੀ ਚਰਚਾ, ਕੇਸ ਸਟੱਡੀਜ਼, ਲੈਕਚਰ ਅਤੇ ਪ੍ਰਦਰਸ਼ਨ ਸ਼ਾਮਲ ਹੋਣਗੇ, ਜਿਸ ਦੀ ਸਮਾਪਤੀ 2 ਦਿਨਾਂ ਦੇ ਪ੍ਰਮਾਣਿਕਤਾ ਅਭਿਆਸ ਦੇ ਨਾਲ ਹੋਵੇਗੀ।
ਇਹ ਅਭਿਆਸ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਆਪਸੀ ਸਮਝ ਵਧਾਉਣ ਵਿੱਚ ਯੋਗਦਾਨ ਦੇਵੇਗਾ।

************
ਐੱਨਏ/ਪੀਕੇ/ਸਪਨਾ
(Release ID: 2237289)
ਵਿਜ਼ੀਟਰ ਕਾਊਂਟਰ : 10