ਖੇਤੀਬਾੜੀ ਮੰਤਰਾਲਾ
azadi ka amrit mahotsav

ਜਨਮਦਿਨ ਇੱਕ ਉਦੇਸ਼ ਨਾਲ: ਸ਼ਿਵਰਾਜ ਸਿੰਘ ਚੌਹਾਨ ਨੇ 5 ਪ੍ਰਮੁੱਖ ਜਨਤਕ ਭਲਾਈ ਪਹਿਲਕਦਮੀਆਂ ਦਾ ਐਲਾਨ ਕੀਤਾ


'ਉਪਹਾਰ ਨਹੀਂ, ਉਪਕਾਰ': ਸ਼ਿਵਰਾਜ ਸਿੰਘ ਚੌਹਾਨ ਦੇ ਜਨਮਦਿਨ 'ਤੇ ਹਜ਼ਾਰਾਂ ਲੋਕਾਂ ਨੇ ਲਗਾਏ ਪੌਦੇ

'ਮਾਮਾ ਕੋਚਿੰਗ ਕਲਾਸਾਂ' ਲਾਂਚ, ਨੌਜਵਾਨਾਂ ਲਈ ਮੁਫ਼ਤ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ

ਹੋਣਹਾਰ ਵਿਦਿਆਰਥੀਆਂ ਨੂੰ 'ਪ੍ਰੇਮ-ਸੁੰਦਰ ਪ੍ਰਤਿਭਾ ਸਨਮਾਨ' ਨਾਲ ਸਨਮਾਨਿਤ ਕਰਨ ਦਾ ਐਲਾਨ

'ਮਾਮਾ ਮੋਬਾਈਲ ਹਸਪਤਾਲ' ਵਿਦਿਸ਼ਾ ਦੇ ਪਿੰਡਾਂ ਤੱਕ ਸਿਹਤ ਸੰਭਾਲ ਪਹੁੰਚਾਏਗਾ

ਦਿਵਯਾਂਗਜਨਾਂ ਨੂੰ ਆਤਮਨਿਰਭਰ ਬਣਾਉਣ ਲਈ ਮੋਟਰਾਈਜ਼ਡ ਟ੍ਰਾਈਸਾਈਕਲ ਦਿੱਤੇ ਜਾਣਗੇ

ਇੱਕ ਮਜ਼ਬੂਤ ​​ਸਮਾਜ ਲਈ ਪੰਜ ਸੰਕਲਪ: ਸਮਾਜਿਕ ਸਦਭਾਵਨਾ, ਸਵਦੇਸ਼ੀ ਅਤੇ ਨਾਗਰਿਕ ਜ਼ਿੰਮੇਵਾਰੀ

ਸ਼ਿਵਰਾਜ ਸਿੰਘ ਚੌਹਾਨ ਦੇ ਜਨਮਦਿਨ 'ਤੇ, ਹਜ਼ਾਰਾਂ ਲੋਕ 'ਸ਼ਿਵ ਵ੍ਰਿਕਸ਼ ਮਿੱਤਰ' ਬਣੇ, ਲਗਾਏ ਪੌਦੇ

Posted On: 05 MAR 2026 5:44PM by PIB Chandigarh

ਭੋਪਾਲ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਆਪਣਾ ਜਨਮਦਿਨ 'ਪ੍ਰੇਮ ਔਰ ਸੇਵਾ ਸੰਕਲਪ ਦਿਵਸ' ਵਜੋਂ ਮਨਾਇਆ। ਇਸ ਮੌਕੇ 'ਤੇ, ਉਨ੍ਹਾਂ ਨੇ ਭੋਪਾਲ ਦੇ ਸਮਾਰਟ ਸਿਟੀ ਪਾਰਕ ਵਿਖੇ ਆਪਣੇ ਪਰਿਵਾਰ ਨਾਲ ਪੌਦੇ ਲਗਾਏ ਅਤੇ ਆਪਣੇ ਸੰਸਦੀ ਹਲਕੇ, ਵਿਦਿਸ਼ਾ ਲਈ ਕਈ ਜਨਤਕ ਭਲਾਈ ਪਹਿਲਕਦਮੀਆਂ ਦਾ ਐਲਾਨ ਕੀਤਾ। ਆਪਣੇ ਜਨਮਦਿਨ ਤੋਂ ਪਹਿਲਾਂ, ਉਨ੍ਹਾਂ ਨੇ ਲੋਕਾਂ ਨੂੰ ਫੁੱਲ, ਹਾਰ, ਹੋਰਡਿੰਗਸ ਜਾਂ ਬੈਨਰ ਨਾ ਚੜ੍ਹਾਉਣ ਦੀ ਅਪੀਲ ਕੀਤੀ, ਅਤੇ ਇਸ ਦੀ ਬਜਾਏ ਘੱਟੋ-ਘੱਟ ਇੱਕ ਰੁੱਖ ਲਗਾ ਕੇ 'ਉਪਹਾਰ ਨਹੀਂ, ਉਪਕਾਰ' ਦੇ ਸੰਦੇਸ਼ ਦੀ ਪਾਲਣਾ ਕਰਨ। ਇਸ ਅਪੀਲ ‘ਤੇ ਅਮਲ ਕਰਦੇ ਹੋਏ, ਹਜ਼ਾਰਾਂ ਸ਼ੁਭਚਿੰਤਕਾਂ ਅਤੇ ਪਾਰਟੀ ਵਰਕਰਾਂ ਨੇ ਦੇਸ਼ ਭਰ ਵਿੱਚ ਪੌਦੇ ਲਗਾਏ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕਈ ਕੇਂਦਰੀ ਮੰਤਰੀਆਂ ਅਤੇ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਮੁੱਖ ਮੰਤਰੀਆਂ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਰੁੱਖ ਆਕਸੀਜਨ ਫੈਕਟਰੀਆਂ ਹਨ

ਸ਼੍ਰੀ ਚੌਹਾਨ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਕਰਨਾ ਉਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਚਨਬੱਧਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੁੱਖ ਜੀਵਨ ਦੀ ਨੀਂਹ ਹਨ ਅਤੇ ਉਨ੍ਹਾਂ ਨੂੰ 'ਆਕਸੀਜਨ ਫੈਕਟਰੀਆਂ' ਦੱਸਿਆ ਜੋ ਕਿ ਨਾ ਸਿਰਫ਼ ਮਨੁੱਖੀ ਜੀਵਨ ਨੂੰ, ਸਗੋਂ ਅਣਗਿਣਤ ਹੋਰ ਜੀਵਾਂ ਨੂੰ ਵੀ ਜ਼ਿੰਦਾ ਰੱਖਦੇ ਹਨ। ਰੁੱਖ ਪੰਛੀਆਂ, ਕੀੜੇ-ਮਕੌੜਿਆਂ ਅਤੇ ਹੋਰ ਬਹੁਤ ਸਾਰੀਆਂ ਦੂਜੀਆਂ ਪ੍ਰਜਾਤੀਆਂ ਨੂੰ ਰਹਿਣ ਦੀ ਥਾਂ ਅਤੇ ਭੋਜਨ ਪ੍ਰਦਾਨ ਕਰਦੇ ਹਨ, ਬਾਰਿਸ਼ ਨੂੰ ਆਕਰਸ਼ਿਤ ਕਰਦੇ ਹਨ, ਜਿਸ ਨਾਲ ਖੇਤੀਬਾੜੀ ਨੂੰ ਫਾਇਦਾ ਹੁੰਦਾ ਹੈ, ਮਿੱਟੀ ਦੀ ਕਟੌਤੀ ਨੂੰ ਰੋਕਦੇ ਹਨ, ਕਾਰਬਨ ਨਿਕਾਸੀ ਨੂੰ ਘਟਾਉਂਦੇ ਹਨ ਅਤੇ ਧਰਤੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

ਮਾਤਾ-ਪਿਤਾ ਦੀ ਯਾਦ ਵਿੱਚ ‘ਪ੍ਰੇਮ-ਸੁੰਦਰ ਪ੍ਰਤਿਭਾ ਸਨਮਾਨ’

ਆਪਣੇ ਮਾਤਾ-ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ, ਸ਼੍ਰੀ ਚੌਹਾਨ ਨੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ‘ਪ੍ਰੇਮ-ਸੁੰਦਰ ਪ੍ਰਤਿਭਾ ਸਨਮਾਨ’ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦੇ ਤਹਿਤ, ਵਿਦਿਸ਼ਾ ਲੋਕ ਸਭਾ ਹਲਕੇ ਦੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ 10ਵੀਂ ਅਤੇ 12ਵੀਂ ਕਲਾਸ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਟੌਪਰਸ ਨੂੰ 51,000 ਰੁਪਏ, 31,000 ਰੁਪਏ ਅਤੇ 21,000 ਰੁਪਏ ਦੇ ਨਕਦ ਪੁਰਸਕਾਰ ਦਿੱਤੇ ਜਾਣਗੇ, ਜਦਕਿ ਪੂਰੇ ਚੋਣ ਹਲਕੇ ਵਿੱਚ ਪਹਿਲੇ ਤਿੰਨ ਵਿਦਿਆਰਥੀਆਂ ਨੂੰ ਵਿਸ਼ੇਸ਼ ਵੱਡੇ ਪੁਰਸਕਾਰ ਵੀ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪ੍ਰਤਿਭਾਸ਼ਾਲੀ ਵਿਦਿਆਰਥੀ ਸਰੋਤਾਂ ਦੀ ਘਾਟ ਕਾਰਨ ਪਿੱਛੇ ਨਾ ਰਹਿ ਜਾਵੇ।

ਨੌਜਵਾਨਾਂ ਲਈ 'ਮਾਮਾ ਕੋਚਿੰਗ ਕਲਾਸਾਂ'

ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਦਾ ਸਮਰਥਨ ਕਰਨ ਲਈ, ਸ਼੍ਰੀ ਚੌਹਾਨ ਨੇ 'ਮਾਮਾ ਕੋਚਿੰਗ ਕਲਾਸਾਂ' ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਪਹਿਲ ਵਿਦਿਸ਼ਾ, ਰਾਏਸੇਨ ਅਤੇ ਭੈਰੂੰਡਾ ਵਿੱਚ ਸ਼ੁਰੂ ਹੋਵੇਗੀ, ਜਿਸ ਵਿੱਚ ਬੈਂਕਿੰਗ, ਐੱਸਐੱਸਸੀ, ਐੱਮਪੀਪੀਐੱਸਸੀ, ਡੀਆਰਡੀਓ ਅਤੇ ਜੰਗਲਾਤ ਸੇਵਾਵਾਂ ਵਰਗੀਆਂ ਪ੍ਰੀਖਿਆਵਾਂ ਲਈ ਫ੍ਰੀ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਤਜ਼ਰਬੇਕਾਰ ਅਧਿਆਪਕਾਂ ਤੋਂ ਮਾਰਗਦਰਸ਼ਨ, ਆਧੁਨਿਕ ਅਧਿਐਨ ਸਮੱਗਰੀ ਅਤੇ ਕਰੀਅਰ ਸਬੰਧੀ ਮਾਰਗਦਰਸ਼ਨ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖੇਤਰ ਦਾ ਕੋਈ ਵੀ ਨੌਜਵਾਨ ਸਰੋਤਾਂ ਦੀ ਘਾਟ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ।

ਪੇਂਡੂ ਸਿਹਤ ਸੰਭਾਲ ਲਈ 'ਮਾਮਾ ਮੋਬਾਈਲ ਹਸਪਤਾਲ'

ਸ਼੍ਰੀ ਚੌਹਾਨ ਨੇ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਪਹੁੰਚ ਨੂੰ ਬਿਹਤਰ ਬਣਾਉਣ ਲਈ 'ਮਾਮਾ ਮੋਬਾਈਲ ਹਸਪਤਾਲ' ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ। ਇਹ ਮੋਬਾਈਲ ਮੈਡੀਕਲ ਯੂਨਿਟ ਵਿਦਿਸ਼ਾ ਹਲਕੇ ਦੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਚਲਣਗੇ ਅਤੇ ਪਿੰਡਾਂ ਅਤੇ ਦੂਰ-ਦੁਰਾਡੇ ਦੀਆਂ ਬਸਤੀਆਂ ਵਿੱਚ ਜਾ ਕੇ ਯੋਗ ਡਾਕਟਰਾਂ ਦੀ ਮਦਦ ਨਾਲ ਮੁਫ਼ਤ ਡਾਕਟਰੀ ਸਲਾਹ, ਇਲਾਜ ਅਤੇ ਡਾਇਗਨੌਸਟਿਕ ਸਹੂਲਤਾਂ ਪ੍ਰਦਾਨ ਕਰਨਗੇ। ਇਸ ਪਹਿਲਕਦਮੀ ਨੂੰ ਐੱਮਪੀ ਸਥਾਨਕ ਖੇਤਰ ਵਿਕਾਸ ਫੰਡ ਅਤੇ ਜਨਤਕ ਸਹਿਯੋਗ ਰਾਹੀਂ ਸਮਰਥਨ ਦਿੱਤਾ ਜਾਵੇਗਾ।

ਦਿਵਯਾਂਗਜਨਾਂ ਲਈ ਮੋਟਰਾਈਜ਼ਡ ਟ੍ਰਾਈਸਾਈਕਲ

ਸਮਾਜਿਕ ਸਮਾਵੇਸ਼ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਸ਼੍ਰੀ ਚੌਹਾਨ ਨੇ ਵਿਦਿਸ਼ਾ ਖੇਤਰ ਵਿੱਚ ਦਿਵਯਾਂਗਜਨਾਂ ਨੂੰ ਮੋਟਰਾਈਜ਼ਡ ਟ੍ਰਾਈਸਾਈਕਲ ਵੰਡਣ ਲਈ ਇੱਕ ਮੁਹਿੰਮ ਦਾ ਐਲਾਨ ਕੀਤਾ। ਲਾਭਪਾਤਰੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਟ੍ਰਾਈਸਾਈਕਲ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਹ ਦੂਜਿਆਂ 'ਤੇ ਨਿਰਭਰ ਕੀਤੇ ਬਗੈਰ ਸੁਤੰਤਰ ਤੌਰ 'ਤੇ ਯਾਤਰਾ ਕਰ ਸਕਣ ਅਤੇ ਆਪਣੇ ਰੋਜ਼ਾਨਾ ਦੇ ਕੰਮ ਕਰ ਸਕਣ, ਜਿਸ ਨਾਲ ਉਹ ਸਨਮਾਨ ਅਤੇ ਸਵੈ-ਮਾਣ ਨਾਲ ਜੀ ਸਕਣ।

ਇੱਕ ਸਦਭਾਵਨਾਪੂਰਣ ਅਤੇ ਜ਼ਿੰਮੇਵਾਰ ਸਮਾਜ ਦਾ ਸੱਦਾ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਾਗਰਿਕਾਂ ਨੂੰ ਸਮਾਜਿਕ ਸਦਭਾਵਨਾ, ਪਰਿਵਾਰਕ ਏਕਤਾ, ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਵਿੱਚ ਬਿਨਾ ਕਿਸੇ ਭੇਦਭਾਵ ਦੇ ਪਿਆਰ, ਭਾਈਚਾਰਾ ਅਤੇ ਆਪਸੀ ਸਤਿਕਾਰ ਪ੍ਰਬਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਖਰੀਦ ਕੇ ਸਥਾਨਕ ਕਾਰੀਗਰਾਂ ਅਤੇ ਵਪਾਰੀਆਂ ਦਾ ਸਮਰਥਨ ਕਰਨ ਅਤੇ ਹੈਲਮੇਟ ਪਹਿਨਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਰਗੀਆਂ ਨਾਗਰਿਕ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।

ਉਨ੍ਹਾਂ ਨੇ ਹਰੇਕ ਨਾਗਰਿਕ ਨੂੰ ਵਾਤਾਵਰਣ ਸੁਰੱਖਿਆ ਵਿੱਚ ਯੋਗਦਾਨ ਪਾਉਣ ਅਤੇ ਇੱਕ ਸਦਭਾਵਨਾਪੂਰਨ, ਜ਼ਿੰਮੇਵਾਰ ਅਤੇ ਖੁਸ਼ਹਾਲ ਸਮਾਜ ਦੀ ਉਸਾਰੀ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਦੀ ਅਪੀਲ ਕਰਦੇ ਹੋਏ ਸਮਾਪਤ ਕੀਤਾ।

************


ਬਲਜੀਤ ਸਿੰਘ


(Release ID: 2235982) ਵਿਜ਼ੀਟਰ ਕਾਊਂਟਰ : 21