ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ 21 ਫਰਵਰੀ 2026 ਨੂੰ ਕੇਂਦਰੀ ਖੋਜ ਸੰਸਥਾਨ, ਕਸੌਲੀ ਵਿਖੇ ਟੈਟਨਸ ਅਤੇ ਬਾਲਗ ਡਿਪਥੀਰੀਆ ਟੀਡੀ (Adult Diphtheria (Td)) ਵੈਕਸੀਨ ਲਾਂਚ ਕਰਨਗੇ
Posted On:
20 FEB 2026 5:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ 21 ਫਰਵਰੀ 2026 ਨੂੰ ਕੇਂਦਰੀ ਖੋਜ ਸੰਸਥਾਨ (ਸੀਆਰਆਈ), ਕਸੌਲੀ, ਹਿਮਾਚਲ ਪ੍ਰਦੇਸ਼ ਵਿਖੇ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ) ਵੈਕਸੀਨ ਲਾਂਚ ਕਰਨਗੇ
ਵਿਆਪਕ ਵਿਗਿਆਨਕ ਸਬੂਤ ਦਰਸਾਉਂਦੇ ਹਨ ਕਿ ਬੱਚਿਆਂ ਵਿੱਚ ਡੀਪੀਟੀ ਸਮੂਹ ਦੀਆਂ ਵੈਕਸੀਨਾਂ ਦੀ ਵੈਕਸੀਨੇਸ਼ਨ ਕਰਨ ਨਾਲ ਕਈ ਦੇਸ਼ਾਂ ਵਿੱਚ ਡਿਪਥੀਰੀਆ ਅਤੇ ਟੈਟਨਸ ਦੀਆਂ ਘਟਨਾਵਾਂ ਵਿੱਚ ਮਹੱਤਵਪੂਰਨ ਕਮੀ ਆਈ ਹੈ। ਹਾਲਾਂਕਿ,ਸਮੇਂ ਦੇ ਨਾਲ ਐਂਟੀਬਾਡੀ ਦੇ ਪੱਧਰ ਵਿੱਚ ਕਮੀ ਹੋ ਸਕਦੀ ਹੈ, ਖਾਸ ਕਰਕੇ ਡਿਪਥੀਰੀਆ ਦੇ ਮਾਮਲਿਆਂ ਵਿੱਚ, ਇਸ ਲਈ ਬੂਸਟਰ ਡੋਜ਼ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਮੱਦੇਨਜ਼ਰ, 2006 ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਦੇਸ਼ ਨੂੰ ਟੈਟਨਸ ਟੌਕਸੌਇਡ (ਟੀਟੀ) ਵੈਕਸੀਨ ਤੋਂ ਟੀਡੀ ਵੈਕਸੀਨ ਵਿੱਚ ਤਬਦੀਲ ਹੋਣ ਦੀ ਸਿਫਾਰਿਸ਼ ਕੀਤੀ।ਇਹ ਸਿਫਾਰਿਸ਼ ਵਿਸ਼ਵ ਸਿਹਤ ਸੰਗਠਨ ਟੈਟਨਸ ਵੈਕਸੀਨ ਪੋਜ਼ੀਸ਼ਨ ਪੇਪਰ (2017) ਅਤੇ 2002 ਅਤੇ 2016 ਵਿੱਚ ਮਾਹਿਰਾਂ ਦੇ ਰਣਨੀਤਕ ਸਲਾਹਕਾਰ ਸਮੂਹ (ਐੱਸਏਜੀਈ) ਦੇ ਵਿਚਾਰ-ਵਟਾਂਦਰੇ ਰਾਹੀਂ ਮੁੜ ਪੁਸ਼ਟੀ ਕੀਤੀ ਗਈ ਸੀ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਨੇ ਭਾਰਤ ਦੇ ਵੈਕਸੀਨੇਸ਼ਨ ਪ੍ਰੋਗਰਾਮ ਵਿੱਚ ਗਰਭਵਤੀ ਮਹਿਲਾਵਾਂ ਸਮੇਤ ਸਾਰੀਆਂ ਉਮਰਾਂ ਦੇ ਲੋਕਾਂ ਦੇ ਲਈ ਟੀਟੀ ਵੈਕਸੀਨ ਤੋਂ ਟੀਡੀ ਵੈਕਸੀਨ ਵਿੱਚ ਬਦਲਣ ਦੀ ਸਿਫਾਰਿਸ਼ ਵੀ ਕੀਤੀ ਹੈ। ਇਹ ਬਦਲਾਅ ਟੈਟਨਸ ਤੋਂ ਇਲਾਵਾ ਡਿਪਥੀਰੀਆ ਤੋਂ ਸੁਰੱਖਿਆ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਮਾਤ੍ਰਿ ਅਤੇ ਨਵਜਾਤ ਸ਼ਿਸ਼ੂ ਟੈਟਨਸ ਦੇ ਖਾਤਮੇ ਅਤੇ ਰੁਟੀਨ ਵੈਕਸੀਨੇਸ਼ਨ ਗਤੀਵਿਧੀਆਂ ਵਿੱਚ ਪ੍ਰਾਪਤ ਲਾਭਾਂ ਨੂੰ ਕਾਇਮ ਰੱਖਦਾ ਹੈ। ਇਸ ਪਹਿਲਕਦਮੀ ਦਾ ਸਮਰਥਨ ਕਰਨ ਲਈ, ਸੀਆਰਆਈ ਨੇ ਟੀਡੀ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਸੰਸਥਾਨ ਨੇ ਆਪਣੇ ਵਿਕਾਸਾਤਮਕ ਅਧਿਐਨਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ, ਇੱਕ ਟ੍ਰਾਇਲ ਲਾਇਸੈਂਸ ਪ੍ਰਾਪਤ ਕੀਤਾ, ਪ੍ਰੀਕਲੀਨਿਕਲ ਅਧਿਐਨਾਂ ਅਤੇ ਪੜਾਅ I, II, ਅਤੇ III ਕਲੀਨਿਕਲ ਟਰਾਇਲਾਂ ਲਈ ਛੋਟਾਂ ਪ੍ਰਾਪਤ ਕੀਤੀਆਂ, ਮਾਰਕੀਟਿੰਗ ਪ੍ਰਵਾਨਗੀ ਅਤੇ ਨਿਰਮਾਣ ਅਤੇ ਵਿਕਰੀ ਲਾਇਸੈਂਸ ਪ੍ਰਾਪਤ ਕੀਤਾ, ਵਪਾਰਕ ਉਤਪਾਦਨ ਸ਼ੁਰੂ ਕੀਤਾ, ਅਤੇ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ, ਕਸੌਲੀ, ਹਿਮਾਚਲ ਪ੍ਰਦੇਸ਼ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ। ਇਹ ਵੈਕਸੀਨ ਹੁਣ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਲਾਂਚ ਅਤੇ ਸਪਲਾਈ ਲਈ ਤਿਆਰ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜੇ.ਪੀ. ਨੱਡਾ ਦੁਆਰਾ ਟੀਡੀ ਵੈਕਸੀਨ ਦੀ ਸ਼ੁਰੂਆਤ ਤੋਂ ਬਾਅਦ, ਸੀਆਰਆਈ ਅਪ੍ਰੈਲ 2026 ਤੱਕ ਯੂਆਈਪੀ ਨੂੰ 55 ਲੱਖ ਖੁਰਾਕਾਂ ਦੀ ਸਪਲਾਈ ਕਰੇਗਾ। ਭਾਰਤ ਸਰਕਾਰ ਦੇ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਸਪਲਾਈ ਵਧਣ ਦੀ ਉਮੀਦ ਹੈ।
ਟੈਟਨਸ ਇੱਕ ਗੰਭੀਰ ਬਿਮਾਰੀ ਹੈ ਜੋ ਮਾਸਪੇਸ਼ੀਆਂ ਵਿੱਚ ਦਰਦਨਾਕ ਅਕੜਨ ਅਤੇ ਸੋਜ ਹੁੰਦੀ ਹੈ ਅਤੇ ਇਸ ਦੇ ਕਾਰਨ ਮੂੰਹ ਖੋਲ੍ਹਣ ਵਿੱਚ ਅਸਮਰੱਥਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਜਿਹੀ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਅਤੇ ਇੱਥੇ ਤੱਕ ਕਿ ਮੌਤ ਵੀ ਹੋ ਸਕਦੀ ਹੈ। ਡਿਪਥੀਰਿਆ ਇੱਕ ਸੰਭਾਵਿਤ ਜਾਨਲੇਵਾ ਸੰਕ੍ਰਮਣ ਹੈ ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਲ, ਦਿਲ ਦੀ ਅਸਫਲਤਾ, ਅਧਰੰਗ ਅਤੇ ਮੌਤ ਹੋ ਸਕਦੀ ਹੈ।
ਟੀਡੀ ਵੈਕਸੀਨ (ਟੈਟਨਸ ਅਤੇ ਬਾਲਗ ਡਿਪਥੀਰੀਆ ਵੈਕਸੀਨ - ਅਵਸ਼ੋਸ਼ਿਤ ਘਟਾਈ ਗਈ ਡੀ-ਐਂਟੀਜਨ ਸਮੱਗਰੀ) ਟੈਟਨਸ ਅਤੇ ਡਿਪਥੀਰੀਆ ਦੋਵਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਸ਼ੁੱਧ ਡਿਪਥੀਰੀਆ ਟੌਕਸਾਈਡ ਅਤੇ ਸ਼ੁੱਧ ਟੈਟਨਸ ਟੌਕਸਾਈਡ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਐਂਟੀਜਨ ਐਲੂਮੀਨੀਅਮ ਫਾਸਫੇਟ 'ਤੇ ਅਵਸ਼ੋਸ਼ਿਤ ਹੁੰਦੇ ਹਨ, ਜੋ ਇੱਕ ਸਹਾਇਕ ਪਦਾਰਥ ਵਜੋਂ ਕੰਮ ਕਰਦਾ ਹੈ, ਅਤੇ ਥਿਓਮਰਸਲ ਨੂੰ ਇੱਕ ਪ੍ਰਜ਼ਰਵੇਟਿਵ ਵਜੋਂ ਜੋੜਿਆ ਜਾਂਦਾ ਹੈ। ਟੀਡੀ ਵੈਕਸੀਨ ਦੀ ਸ਼ੁਰੂਆਤ ਦਾ ਉਦੇਸ਼ ਕਿਸ਼ੋਰਾਂ ਅਤੇ ਬਾਲਗਾਂ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਵੈਕਸੀਨ ਪ੍ਰੀਵੈਂਟੇਬਲ ਡਿਜ਼ੀਜ ਨਾਲ ਪ੍ਰਭਾਵੀ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣਾ ਹੈ।
ਕੇਂਦਰੀ ਖੋਜ ਸੰਸਥਾਨ (ਸੀਆਰਆਈ) ਦੀ ਸਥਾਪਨਾ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ 1905 ਵਿੱਚ ਹੋਈ ਅਤੇ ਇਹ ਰਾਸ਼ਟਰੀ ਵੈਕਸੀਨੇਸ਼ਨ ਨੀਤੀ ਦੇ ਅਨੁਰੂਪ ਵੈਕਸੀਨਾਂ ਦੇ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਹ ਸੰਸਥਾਨ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਅਤੇ ਹੋਰ ਸਿਹਤ ਪਹਿਲਕਦਮੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੈਕਸੀਨਾਂ ਅਤੇ ਐਂਟੀਸੇਰਾ ਦੇ ਨਿਰਮਾਣ ਅਤੇ ਸਪਲਾਈ ਕਰਦਾ ਹੈ। ਸੀਆਰਆਈ ਵਿਖੇ ਟੀਡੀ ਵੈਕਸੀਨ ਦੀ ਸ਼ੁਰੂਆਤ ਨਾਲ ਘਰੇਲੂ ਉਤਪਾਦਨ ਸਮਰੱਥਾ ਵਿੱਚ ਵਾਧਾ ਹੋਣ ਦੀ ਉਮੀਦ ਹੈ ਅਤੇ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਤਹਿਤ ਗੁਣਵੱਤਾ ਭਰਪੂਰ ਟੀਕਿਆਂ ਦੀ ਨਿਰੰਤਰ ਉਪਲੱਬਧਤਾ ਸੁਨਿਸ਼ਚਿਤ ਹੋਵੇਗੀ।
ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਰਾਜਾਂ ਦੇ ਸਿਹਤ ਵਿਭਾਗਾਂ ਦੇ ਪ੍ਰਤੀਨਿਧੀ, ਸਿਹਤ ਮਾਹਿਰ ਅਤੇ ਹੋਰ ਹਿੱਸੇਦਾਰ ਮੌਜੂਦ ਰਹਿਣਗੇ। ਇਸ ਸਮਾਗਮ ਵਿੱਚ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਦਾ ਸੰਬੋਧਨ ਵੀ ਸ਼ਾਮਲ ਹੋਵੇਗਾ।
************
ਐੱਸਆਰ
ਐੱਚਡਬਲਿਊ-ਐੱਚਐੱਫਐੱਮ ਵੱਲੋਂ ਟੈਟਨਸ ਅਤੇ ਟੀਡੀ ਵੈਕਸੀਨ/20 ਫਰਵਰੀ, 2026/2 ਲਾਂਚ
(Release ID: 2231223)
ਵਿਜ਼ੀਟਰ ਕਾਊਂਟਰ : 2