ਜਲ ਸ਼ਕਤੀ ਮੰਤਰਾਲਾ
ਆਈਸੀਡੀਐੱਸ 2026 ਉਦਘਾਟਨੀ ਸੈਸ਼ਨ ‘ਚ ਭਾਰਤ ਦੇ ਡੈਮ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਵਾਲੇ ਮੁੱਖ ਦਿਸ਼ਾ-ਨਿਰਦੇਸ਼ ਜਾਰੀ ਅਤੇ ਡਿਜੀਟਲ ਪਲੈਟਫਾਰਮਾਂ ਦੀ ਸ਼ੁਰੂਆਤ
ਏਆਈ-ਸੰਚਾਲਿਤ ਚੈਟ ਪਲੈਟਫਾਰਮ ਅਤੇ ਡੇਟਾ ਪ੍ਰਬੰਧਨ ਪਲੈਟਫਾਰਮ ਸ਼ੁਰੂ, ਡਿਜ਼ਾਈਨ ਅਤੇ ਹੜ੍ਹਾਂ ਦੇ ਅਨੁਮਾਨ ਬਾਰੇ ਦਿਸ਼ਾ-ਨਿਰਦੇਸ਼ ਵੀ ਜਾਰੀ
ਇਨ੍ਹਾਂ ਉਪਾਵਾਂ ਨਾਲ ਇਕਸਾਰ ਡਿਜ਼ਾਈਨ ਹੜ੍ਹ ਅਨੁਮਾਨ ਅਤੇ ਜੋਖਮ ਦੀ ਜਾਣਕਾਰੀ ਦੇਣ ਵਾਲੇ ਫੈਸਲੇ ਲੈਣ ਦੀ ਸਹੂਲਤ ਮਿਲਣ ਦੀ ਉਮੀਦ
Posted On:
14 FEB 2026 10:32AM by PIB Chandigarh
ਡੈਮ ਸੁਰੱਖਿਆ 'ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਸੀਡੀਐੱਸ) 2026 ਇੱਕ ਪ੍ਰਮੁੱਖ ਗਲੋਬਲ ਫੋਰਮ ਹੈ ਜੋ ਡੈਮ ਸੁਰੱਖਿਆ ਅਤੇ ਪਾਣੀ ਦੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਦੇ ਖੇਤਰ ਵਿੱਚ ਜਾਣਕਾਰੀ, ਨੀਤੀ ਅਤੇ ਅਭਿਆਸ ਨੂੰ ਅੱਗੇ ਵਧਾਉਣ ਲਈ ਸਮਰਪਿਤ ਹੈ। ਇਹ ਕਾਨਫਰੰਸ ਭਾਰਤ ਅਤੇ ਦੁਨੀਆ ਭਰ ਦੇ ਰੈਗੂਲੇਟਰਾਂ, ਡੈਮ ਮਾਲਕਾਂ, ਇੰਜੀਨੀਅਰਾਂ, ਖੋਜ ਕਰਤਾਵਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਪੇਸ਼ੇਵਰਾਂ ਨੂੰ ਇੱਕ ਮੰਚ ਉੱਤੇ ਇਕੱਠੇ ਕਰਦੀ ਹੈ ਤਾਂ ਜੋ ਉੱਭਰ ਰਹੀਆਂ ਚੁਣੌਤੀਆਂ, ਰੈਗੂਲੇਟਰੀ ਢਾਂਚੇ, ਤਕਨੀਕੀ ਨਵੀਨਤਾਵਾਂ ਅਤੇ ਡੈਮ ਸੁਰੱਖਿਆ ਲਈ ਜੋਖਮ-ਸੂਚਿਤ ਪਹੁੰਚਾਂ 'ਤੇ ਸੂਝ-ਬੂਝ ਦਾ ਅਦਾਨ-ਪ੍ਰਦਾਨ ਕੀਤਾ ਜਾ ਸਕੇ। ਆਈਸੀਡੀਐੱਸ 2026 ਸੂਚਿਤ ਸੰਵਾਦ, ਸਮਰੱਥਾ ਨਿਰਮਾਣ ਅਤੇ ਸਹਿਯੋਗ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਇਹ ਬਦਲਦੇ ਜਲਵਾਯੂ ਅਤੇ ਵਿਕਾਸ ਵਾਤਾਵਰਣ ਵਿੱਚ ਡੈਮ ਸੁਰੱਖਿਆ ਪ੍ਰਣਾਲੀਆਂ ਅਤੇ ਜਲ ਸ਼ਾਸਨ ਨੂੰ ਲਗਾਤਾਰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
ਡੈਮ ਸੁਰੱਖਿਆ 'ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਸੀਡੀਐੱਸ) 2026 ਦੇ ਉਦਘਾਟਨੀ ਸੈਸ਼ਨ ਵਿੱਚ ਕਈ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਅਤੇ ਡਿਜੀਟਲ ਪਲੈਟਫਾਰਮ ਲਾਂਚ ਕੀਤੇ ਗਏ। ਜਿਨ੍ਹਾਂ ਦਾ ਉਦੇਸ਼ ਡੈਮ ਸੁਰੱਖਿਆ ਸ਼ਾਸਨ ਨੂੰ ਮਜ਼ਬੂਤ ਕਰਨਾ, ਤਕਨੀਕੀ ਇਕਸਾਰਤਾ ਵਿੱਚ ਸੁਧਾਰ ਕਰਨਾ ਅਤੇ ਦੇਸ਼ ਭਰ ਵਿੱਚ ਜ਼ਰੂਰੀ ਪਾਣੀ ਅਤੇ ਬੁਨਿਆਦੀ ਢਾਂਚੇ ਦੇ ਡੇਟਾ ਤੱਕ ਪਹੁੰਚ ਨੂੰ ਵਧਾਉਣਾ ਹੈ।

ਡੈਮਚੈਟ ਲਾਂਚ- ਏਆਈ –ਪਾਵਰਡ ਡੈਮ ਸੇਫਟੀ ਨਾਲੇਜ ਪਲੈਟਫਾਰਮ
ਉਦਘਾਟਨੀ ਸੈਸ਼ਨ ਵਿੱਚ ਮੁੱਖ ਲਾਂਚਾਂ ਵਿੱਚੋਂ ਇੱਕ ਡੈਮਚੈਟ ਸੀ, ਜੋ ਇੱਕ ਏਆਈ-ਸੰਚਾਲਿਤ ਡਿਜੀਟਲ ਪਲੈਟਫਾਰਮ ਹੈ। ਇਸ ਨੂੰ ਇੰਟਰਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਫਾਰ ਡੈਮਜ਼ (ਆਈਸੀਈਡੀ), ਆਈਆਈਟੀ ਰੁੜਕੀ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਨੂੰ ਸ਼੍ਰੀ ਡੀ.ਕੇ. ਸ਼ਿਵਕੁਮਾਰ, ਕਰਨਾਟਕ ਦੇ ਉਪ ਮੁੱਖ-ਮੰਤਰੀ ਦੁਆਰਾ ਲਾਂਚ ਕੀਤਾ ਗਿਆ ਸੀ। ਹਾਲ ਹੀ ਦੇ ਵਰ੍ਹਿਆਂ ਵਿੱਚ, ਭਾਰਤ ਦੇ ਡੈਮ ਸੁਰੱਖਿਆ ਢਾਂਚੇ ਨੂੰ ਡੈਮ ਸੁਰੱਖਿਆ ਐਕਟ, 2021 ਦੇ ਲਾਗੂ ਹੋਣ ਅਤੇ ਵਿਸਤ੍ਰਿਤ ਨਿਯਮਾਂ ਅਤੇ ਤਕਨੀਕੀ ਦਿਸ਼ਾ-ਨਿਰਦੇਸ਼ਾਂ ਦੇ ਗਠਨ ਦੁਆਰਾ ਕਾਫ਼ੀ ਮਜ਼ਬੂਤ ਕੀਤਾ ਗਿਆ ਹੈ। ਹਾਲਾਂਕਿ, ਇਸ ਢਾਂਚੇ ਦਾ ਪ੍ਰਭਾਵਸ਼ਾਲੀ ਲਾਗੂਕਰਨ ਡੈਮ ਮਾਲਕਾਂ, ਇੰਜੀਨੀਅਰਾਂ ਅਤੇ ਪ੍ਰੈਕਟੀਸ਼ਨਰਾਂ ਦੀ ਅਸਲ ਸਮੇਂ ਵਿੱਚ ਰੈਗੂਲੇਟਰੀ ਜਾਣਕਾਰੀ ਤੱਕ ਪਹੁੰਚ, ਵਿਆਖਿਆ ਅਤੇ ਲਾਗੂਕਰਨ ਦੀ ਯੋਗਤਾ 'ਤੇ ਨਿਰਭਰ ਕਰਦਾ ਹੈ।
ਜਿਵੇਂ-ਜਿਵੇਂ ਤਕਨੀਕੀ ਸਾਹਿਤ ਅਤੇ ਰੈਗੂਲੇਟਰੀ ਦਸਤਾਵੇਜ਼ਾਂ ਦੀ ਮਾਤਰਾ ਵਧਦੀ ਹੈ, ਪ੍ਰਭਾਵਸ਼ਾਲੀ ਲਾਗੂਕਰਨ ਅਕਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪ੍ਰੈਕਟੀਸ਼ਨਰਾਂ ਨੂੰ ਇਸ ਜਾਣਕਾਰੀ ਤੱਕ ਕਿੰਨੀ ਜਲਦੀ ਅਤੇ ਸਹੀ ਢੰਗ ਨਾਲ ਪਹੁੰਚ ਅਤੇ ਸਮਝ ਆ ਸਕਦੀ ਹੈ। ਡੈਮਚੈਟ ਡੈਮ ਮਾਲਕਾਂ, ਇੰਜੀਨੀਅਰਾਂ ਅਤੇ ਫੀਲਡ ਅਧਿਕਾਰੀਆਂ ਨੂੰ ਅਸਲ ਸਮੇਂ ਵਿੱਚ ਗੁੰਝਲਦਾਰ ਰੈਗੂਲੇਟਰੀ ਢਾਂਚੇ ਬਾਰੇ ਪੁੱਛਗਿੱਛ ਕਰਨ ਅਤੇ ਭਰੋਸੇਯੋਗ, ਸਰੋਤ-ਅਧਾਰਿਤ ਜਵਾਬ ਪ੍ਰਾਪਤ ਕਰਨ ਵਿੱਚ ਮਦਦ ਕਰਕੇ ਇਸ ਪਾੜੇ ਨੂੰ ਪੂਰਾ ਕਰਦਾ ਹੈ। ਸਿਰਫ਼ ਇੱਕ ਡਿਜੀਟਲ ਟੂਲ ਤੋਂ ਵੱਧ, ਡੈਮਚੈਟ ਦਾ ਉਦੇਸ਼ ਰੈਗੂਲੇਟਰੀ ਜਾਣਕਾਰੀ ਅਤੇ ਜ਼ਮੀਨੀ ਪੱਧਰ 'ਤੇ ਇਸਦੇ ਲਾਗੂ ਕਰਨ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਸੋਚ ਸਮਝ ਕੇ ਫੈਸਲੇ ਲੈਣ ਅਤੇ ਬਿਹਤਰ ਪਾਲਣਾ ਵਿੱਚ ਮਦਦ ਮਿਲੇ।

ਜਲ ਸ਼ਕਤੀ - ਡੇਟਾ ਪ੍ਰਬੰਧਨ ਅਤੇ ਫੈਸਲਾ ਸਹਾਇਤਾ ਪਲੈਟਫਾਰਮ

ਦੂਸਰਾ ਵਿਸ਼ੇਸ਼ ਲਾਂਚ "ਜਲ ਸ਼ਕਤੀ - ਡੇਟਾ ਮੈਨੇਜਮੈਂਟ ਪਲੈਟਫਾਰਮ" ਸੀ, ਜਿਸ ਨੂੰ ਨੈਸ਼ਨਲ ਵਾਟਰ ਇਨਫਾਰਮੈਟਿਕਸ ਸੈਂਟਰ (ਐੱਨਡਬਲਿਊਆਈਸੀ) ਦੁਆਰਾ ਬੀਆਈਐੱਸਏਜੀ-ਐੱਨ ਦੇ ਤਕਨੀਕੀ ਸਮਰਥਨ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਪਲੈਟਫਾਰਮ ਨੂੰ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਦੁਆਰਾ ਲਾਂਚ ਕੀਤਾ ਗਿਆ।
ਇਹ ਪਲੈਟਫਾਰਮ ਕਈ ਰਾਸ਼ਟਰੀ ਅਤੇ ਰਾਜ ਏਜੰਸੀਆਂ ਤੋਂ ਮਿਲੇ ਪਾਣੀ ਨਾਲ ਸਬੰਧਿਤ ਡੇਟਾ ਦੇ ਵਿਜ਼ੂਅਲਾਈਜ਼ੇਸ਼ਨ ਅਤੇ ਵਿਸ਼ਲੇਸ਼ਣ ਨੂੰ ਸਮਰੱਥ ਬਣਾਉਂਦਾ ਹੈ। ਇਹ ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ, ਪ੍ਰਸ਼ਾਸਕਾਂ ਅਤੇ ਜਨਤਾ ਨੂੰ ਪਾਣੀ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ਨੂੰ ਸਮਝਣ ਅਤੇ ਵਿਸ਼ਲੇਸ਼ਣ ਕਰਨ ਲਈ ਉਪਭੋਗਤਾ-ਅਨੁਕੂਲ ਸਾਧਨ ਪ੍ਰਦਾਨ ਕਰਦਾ ਹੈ। ਵਰਤਮਾਨ ਵਿੱਚ, 59 ਵਰਤੋਂ ਨਾਲ ਜੁੜੇ ਮਾਮਲੇ ਵਿਕਸਿਤ ਕੀਤੇ ਗਏ ਹਨ ਅਤੇ ਡੇਟਾ ਸਮੂਹਾਂ ਵਿੱਚ ਉਪਲਬਧ ਕਰਵਾਏ ਗਏ ਹਨ, ਜਿਸ ਵਿੱਚ ਪਾਣੀ ਦੀ ਮਾਤਰਾ, ਪਾਣੀ ਦੀ ਗੁਣਵੱਤਾ, ਪਾਣੀ ਦੀ ਯੋਜਨਾਬੰਦੀ, ਵਾਤਾਵਰਣ ਅਤੇ ਜੰਗਲੀ ਜੀਵ, ਬੁਨਿਆਦੀ ਢਾਂਚਾ, ਜਲਵਾਯੂ, ਅਤੇ ਵਰਤੋਂ/ਅਧਿਐਨ/ਸਰਵੇਖਣ ਸ਼ਾਮਲ ਹਨ।
ਕਰਨਾਟਕ ਦੇ ਸੈਂਟਰ ਫਾਰ ਐਡਵਾਂਸਡ ਇੰਟੇਗ੍ਰੇਟਿਡ ਵਾਟਰ ਰਿਸੋਰਸਿਜ਼ ਮੈਨੇਜਮੈਂਟ (ਏਸੀਆਈਡਬਲਿਊਆਰਐੱਮ ਦਾ ਪ੍ਰਕਾਸ਼ਨ ਅਤੇ ਮਿੰਨੀ ਅਤੇ ਮਾਈਕ੍ਰੋ ਜਲ ਭੰਡਾਰ ਖੇਤਰਾਂ ਲਈ ਡਿਜ਼ਾਈਨ ਹੜ੍ਹ ਅਨੁਮਾਨ ਲਈ ਦਿਸ਼ਾ-ਨਿਰਦੇਸ਼।

ਉਦਘਾਟਨੀ ਸੈਸ਼ਨ ਵਿੱਚ, ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਸੈਂਟਰ ਫਾਰ ਐਡਵਾਂਸਡ ਇੰਟੇਗ੍ਰੇਟਿਡ ਵਾਟਰ ਰਿਸੋਰਸਿਜ਼ ਮੈਨੇਜਮੈਂਟ (ਏਸੀਆਈਡਬਲਿਊਆਰਐੱਮ), ਕਰਨਾਟਕ ਦੇ ਪ੍ਰਕਾਸ਼ਨ ਅਤੇ ਮਿੰਨੀ ਅਤੇ ਮਾਈਕ੍ਰੋ ਕੈਚਮੈਂਟ ਖੇਤਰਾਂ ਵਾਲੇ ਡੈਮਾਂ ਲਈ ਡਿਜ਼ਾਈਨ ਹੜ੍ਹ ਅਨੁਮਾਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਇਹ ਦਿਸ਼ਾ-ਨਿਰਦੇਸ਼ ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ), ਜਲ ਸਰੋਤ ਵਿਭਾਗ ਦੁਆਰਾ ਡੈਮ ਸੁਰੱਖਿਆ ਐਕਟ, 2021 ਦੇ ਸੰਦਰਭ ਵਿੱਚ ਤਿਆਰ ਕੀਤੇ ਗਏ ਹਨ।
ਇਹ ਐਕਟ ਸੰਭਾਵਿਤ ਜੋਖਮਾਂ ਦਾ ਮੁਲਾਂਕਣ ਕਰਨ ਅਤੇ ਪ੍ਰਬੰਧਨ ਕਰਨ ਲਈ ਡੈਮ ਬ੍ਰੇਕ ਵਿਸ਼ਲੇਸ਼ਣ ਅਤੇ ਹੜ੍ਹ ਪ੍ਰਭਾਵਿਤ ਮੈਪਿੰਗ ਦੇ ਨਾਲ ਡਿਜ਼ਾਈਨ ਫਲੱਡ ਦੀ ਸਮੇਂ-ਸਮੇਂ 'ਤੇ ਸਮੀਖਿਆ ਨੂੰ ਜ਼ਰੂਰੀ ਬਣਾਉਂਦਾ ਹੈ। ਹਾਲਾਂਕਿ, ਮਿੰਨੀ ਅਤੇ ਮਾਈਕ੍ਰੋ ਕੈਚਮੈਂਟ ਵਿੱਚ ਹੜ੍ਹ ਦੇ ਅਨੁਮਾਨ ਲਈ ਮੌਜੂਦਾ ਅਭਿਆਸ ਮੁੱਖ ਤੌਰ 'ਤੇ ਹੜ੍ਹਾਂ ਦੇ ਅਨੁਮਾਨ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਇਨ੍ਹਾਂ ਵਿੱਚ ਇੱਕ ਮੁਕੰਮਲ ਹੜ੍ਹ ਹਾਈਡ੍ਰੋ ਗ੍ਰਾਫ ਦੀ ਵਿਧੀ ਪ੍ਰਦਾਨ ਕੀਤੇ ਬਿਨਾ – ਡੈਮ ਬ੍ਰੇਕ ਅਤੇ ਹੇਠਲੇ ਖੇਤਰਾਂ 'ਤੇ ਪ੍ਰਭਾਵਾਂ ਦਾ ਅਧਿਐਨ ਕਰਨ ਦੀ ਜ਼ਰੂਰਤ ਹੈ।
ਇਸ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ, ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ ਛੋਟੇ ਅਤੇ ਮਾਈਕ੍ਰੋ-ਕੈਚਮੈਂਟ ਡੈਮਾਂ ਲਈ ਡਿਜ਼ਾਈਨ ਫਲੱਡ ਹਾਈਡ੍ਰੋ ਗ੍ਰਾਫ਼ਾਂ ਦਾ ਅਨੁਮਾਨ ਲਗਾਉਣ ਲਈ ਇੱਕ ਇਕਸਾਰ, ਪਾਰਦਰਸ਼ੀ, ਵਿਵਹਾਰਕ ਅਤੇ ਤਕਨੀਕੀ ਤੌਰ 'ਤੇ ਮਜ਼ਬੂਤ ਢਾਂਚਾ ਪ੍ਰਦਾਨ ਕਰਦੇ ਹਨ। ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ ਵਿਭਾਗ ਦੇ ਅਧੀਨ ਸੀਡਬਲਿਊਸੀ ਦੁਆਰਾ ਤਿਆਰ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼, ਡਿਜ਼ਾਈਨ ਫਲੱਡ ਹਾਈਡ੍ਰੋ ਗ੍ਰਾਫ਼ਾਂ ਦਾ ਅਨੁਮਾਨ ਲਗਾਉਣ ਲਈ ਇੱਕ ਇਕਸਾਰ, ਪਾਰਦਰਸ਼ੀ ਅਤੇ ਤਕਨੀਕੀ ਤੌਰ 'ਤੇ ਮਜ਼ਬੂਤ ਢਾਂਚਾ ਪ੍ਰਦਾਨ ਕਰਦੇ ਹਨ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਜ ਸਰਕਾਰਾਂ, ਡੈਮ ਡਿਜ਼ਾਈਨਰਾਂ, ਸਲਾਹਕਾਰਾਂ ਅਤੇ ਮੁਲਾਂਕਣ ਏਜੰਸੀਆਂ ਨੂੰ ਇਕਸਾਰ ਅਤੇ ਵਿਗਿਆਨਿਕ ਢੰਗ ਨਾਲ ਹੜ੍ਹ ਅਧਿਐਨ ਕਰਨ ਵਿੱਚ ਮਦਦ ਕਰਕੇ ਕਾਰੋਬਾਰ ਕਰਨ ਦੀ ਸੌਖ ਵਿੱਚ ਮਹੱਤਵਪੂਰਨ ਸੁਧਾਰ ਕਰਨਗੇ।

ਇਨ੍ਹਾਂ ਡਿਜੀਟਲ ਪਲੈਟਫਾਰਮਾਂ ਦੀ ਸ਼ੁਰੂਆਤ ਅਤੇ ਤਕਨੀਕੀ ਦਿਸ਼ਾ-ਨਿਰਦੇਸ਼ਾਂ ਦਾ ਜਾਰੀ ਹੋਣਾ, ਡੈਮ ਸੁਰੱਖਿਆ ਐਕਟ, 2021 ਦੇ ਉਦੇਸ਼ਾਂ ਦੇ ਅਨੁਸਾਰ, ਡੈਮ ਸੁਰੱਖਿਆ ਸ਼ਾਸਨ, ਤਕਨੀਕੀ ਇਕਸਾਰਤਾ ਅਤੇ ਡੇਟਾ-ਅਧਾਰਿਤ ਫੈਸਲੇ ਲੈਣ ਨੂੰ ਮਜ਼ਬੂਤ ਕਰਨ ਲਈ ਇੱਕ ਠੋਸ ਯਤਨ ਨੂੰ ਦਰਸਾਉਂਦਾ ਹੈ। ਪੂਰਨ ਅਤੇ ਤਕਨੀਕੀ ਸੈਸ਼ਨਾਂ ਵਿੱਚ ਕੇਂਦ੍ਰਿਤ ਵਿਚਾਰ-ਵਟਾਂਦਰੇ ਰਾਹੀਂ, ਆਈਸੀਡੀਐੱਸ 2026 ਤੋਂ ਦੇਸ਼ ਭਰ ਵਿੱਚ ਡੈਮ ਬੁਨਿਆਦੀ ਢਾਂਚੇ ਦੀ ਬਿਹਤਰ ਸੁਰੱਖਿਆ, ਲਚਕੀਲਾਪਣ ਅਤੇ ਸਥਿਰਤਾ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਹਿੱਸੇਦਾਰਾਂ ਵਿਚਕਾਰ ਗਿਆਨ ਦੇ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਹਿਯੋਗ ਦੀ ਸਹੂਲਤ ਮਿਲਣ ਦੀ ਉਮੀਦ ਹੈ।

***********
ਐੱਨਡੀ/ਏਕੇ
(Release ID: 2228466)
ਵਿਜ਼ੀਟਰ ਕਾਊਂਟਰ : 7