ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਇੰਡੀਅਨ ਇੰਸਟੀਟਿਊਟ ਆਫ਼ ਫਾਰੇਨ ਟ੍ਰੇਡ ਵਿਖੇ 'ਪਿਚ ਪਰਫੈਕਟ ਆਸਟ੍ਰੇਲੀਆ-ਇੰਡੀਆ' ਬਿਜ਼ਨਸ ਕੇਸ ਸਟੱਡੀ ਸੰਗ੍ਰਹਿ’ ਜਾਰੀ ਕੀਤਾ ਗਿਆ

Posted On: 06 FEB 2026 11:31AM by PIB Chandigarh

ਦਿੱਲੀ ਦੇ ਇੰਡੀਅਨ ਇੰਸਟੀਟਿਊਟ ਆਫ਼ ਫਾਰੇਨ ਟ੍ਰੇਡ ਵਿਖੇ "ਪਿਚ ਪਰਫੈਕਟ ਆਸਟ੍ਰੇਲੀਆ-ਇੰਡੀਆ: 100 ਬਿਲੀਅਨ ਡਾਲਰ ਦੀ ਭਾਈਵਾਲੀ ਲਈ ਆਦਰਸ਼ ਹਾਲਾਤ" ਸਿਰਲੇਖ ਵਾਲਾ ਭਾਰਤ-ਆਸਟ੍ਰੇਲੀਆ ਵਪਾਰਕ ਕੇਸ ਅਧਿਐਨਾਂ ਦਾ ਇੱਕ ਸੰਗ੍ਰਹਿ ਜਾਰੀ ਕੀਤਾ ਗਿਆ। ਇਸ ਆਯੋਜਨ ਵਿੱਚ ਨੀਤੀ ਨਿਰਮਾਤਾਵਾਂ, ਡਿਪਲੋਮੈਟਾਂ, ਉਦਯੋਗਪਤੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਸਹਿਯੋਗ ਦੇ ਅਗਲੇ ਪੜਾਅ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ।

ਇੰਡੀਅਨ ਇੰਸਟੀਟਿਊਟ ਆਫ਼ ਫਾਰੇਨ ਟ੍ਰੇਡ (IIFT) ਅਤੇ ਨਿਊਲੈਂਡ ਗਲੋਬਲ ਗਰੁੱਪ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਸੰਗ੍ਰਹਿ ਭਾਰਤ ਅਤੇ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਅਸਲ-ਜੀਵਨ ਦੇ ਵਪਾਰਕ ਸਫ਼ਰਾਂ ਦਾ ਸੰਗ੍ਰਹਿ ਹੈ। ਇਸ ਵਿੱਚ ਬਜ਼ਾਰ ਵਿੱਚ ਪ੍ਰਵੇਸ਼ ਦੀਆਂ ਕਹਾਣੀਆਂ, ਵਿਕਾਸ ਰਣਨੀਤੀਆਂ, ਅਤੇ 30 ਸੰਗਠਨਾਂ ਤੋਂ ਮੁੱਖ ਸਿੱਖਿਆਵਾਂ ਸ਼ਾਮਲ ਹਨ ਜਿਨ੍ਹਾਂ ਨੇ ਦੋਵਾਂ ਬਜ਼ਾਰਾਂ ਵਿੱਚ ਮੌਕਿਆਂ ਦਾ ਸਫਲਤਾਪੂਰਵਕ ਲਾਭ ਉਠਾਇਆ ਹੈ।

ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਇਸ ਪਹਿਲਕਦਮੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ IIFT ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਨੀਤੀ, ਉਦਯੋਗ ਅਤੇ ਅਕਾਦਮਿਕ ਹਿੱਸੇਦਾਰਾਂ ਲਈ ਬਹੁਤ ਢੁਕਵਾਂ ਕਿਹਾ। ਉਨ੍ਹਾਂ ਨੇ ਕਿਹਾ ਕਿ ਕੇਸ ਅਧਿਐਨ ਦਰਸਾਉਂਦੇ ਹਨ ਕਿ ਕਿਵੇਂ ਵਪਾਰ ਸਮਝੌਤਿਆਂ ਨੇ ਨਵੇਂ ਮੌਕੇ ਪੈਦਾ ਕੀਤੇ ਹਨ ਅਤੇ ਕਾਰੋਬਾਰਾਂ ਨੇ ਉਨ੍ਹਾਂ ਨੂੰ ਵਿਕਾਸ ਲਈ ਵਰਤਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਹਿਲਕਦਮੀ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ECTA) ਦੇ ਲਾਭਾਂ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਏਗੀ।

ਭਾਰਤ ਵਿੱਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਸ਼੍ਰੀ ਫਿਲਿਪ ਗ੍ਰੀਨ ਓਏਐੱਮ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਦੁਵੱਲੇ ਵਪਾਰ 'ਤੇ ਅਰਥਪੂਰਨ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਆਈਆਈਐੱਫਟੀ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ, ਜੋ ਅਕਾਦਮਿਕ, ਸਰਕਾਰ ਅਤੇ ਉਦਯੋਗ ਨੂੰ ਇਕੱਠੇ ਕਰਦੀਆਂ ਹਨ, ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਇੱਕ ਮਜ਼ਬੂਤ ਰਣਨੀਤਕ ਸਬੰਧ ਬਣਾਉਣ ਲਈ ਮਹੱਤਵਪੂਰਨ ਹਨ।

ਸੰਯੁਕਤ ਸਕੱਤਰ ਸ਼੍ਰੀਮਤੀ ਪੇਟਲ ਢਿੱਲੋਂ ਨੇ ਭਾਰਤ-ਆਸਟ੍ਰੇਲੀਆ ਆਰਥਿਕ ਸਬੰਧਾਂ ਵਿੱਚ ਹੋ ਰਹੀ ਪ੍ਰਗਤੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਆਈਆਈਐੱਫਟੀ ਨੇ ਖੋਜ-ਅਧਾਰਿਤ ਜਾਣਕਾਰੀ ਪ੍ਰਦਾਨ ਕਰਨ ਅਤੇ ਗੱਲਬਾਤ ਨੂੰ ਸੁਚਾਰੂ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਜਿਸ ਨੇ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਦੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਅਤੇ ਵਧਾਉਣ ਵਿੱਚ ਮਦਦ ਕੀਤੀ ਹੈ।

ਆਈਆਈਐੱਫਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਰਾਕੇਸ਼ ਮੋਹਨ ਜੋਸ਼ੀ ਨੇ ਅਸਲ ਕਾਰੋਬਾਰੀ ਯਾਤਰਾਵਾਂ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਉਨ੍ਹਾਂ ਨੂੰ ਉਦਯੋਗ ਅਤੇ ਅਕਾਦਮਿਕ ਖੇਤਰ ਲਈ ਸਿੱਖਣ ਦੇ ਸਰੋਤਾਂ ਵਿੱਚ ਬਦਲਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੇ ਸਹਿਯੋਗ ਖੋਜ ਅਤੇ ਅਭਿਆਸ ਦਰਮਿਆਨ ਪੁਲ ਬਣਾਉਂਦੇ ਹਨ ਅਤੇ ਵਿਸ਼ਵਵਿਆਪੀ ਵਪਾਰ ਵਿੱਚ ਭਾਰਤ ਦੀ ਵਧਦੀ ਭੂਮਿਕਾ ਦਾ ਸਮਰਥਨ ਕਰਨ ਲਈ ਆਈਆਈਐੱਫਟੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਆਸਟ੍ਰੇਲੀਆ ਸਥਿਤ ਨਿਊਲੈਂਡ ਗਲੋਬਲ ਗਰੁੱਪ ਦੇ ਸੰਸਥਾਪਕ ਅਤੇ ਸੀਈਓ ਸ਼੍ਰੀ ਦੀਪੇਨ ਰੁਘਾਨੀ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਵਪਾਰਕ ਕੇਸ ਅਧਿਐਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਸੰਸਥਾਨ ਦੀ ਕਾਰਜਕਾਰੀ ਨਿਦੇਸ਼ਕ ਸ਼੍ਰੀਮਤੀ ਨਤਾਸ਼ਾ ਝਾਅ ਭਾਸਕਰ ਨੇ ਦੋਵਾਂ ਬਜ਼ਾਰਾਂ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਅਨੁਭਵ ਸਾਂਝੇ ਕੀਤੇ। ਸੈਸ਼ਨ ਦਾ ਅੰਤ ਸਰਕਾਰ, ਵਪਾਰਕ ਸੰਗਠਨਾਂ ਅਤੇ ਦੋਵਾਂ ਬਜ਼ਾਰਾਂ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਪੈਨਲ ਚਰਚਾ ਨਾਲ ਹੋਇਆ। ਇਸ ਤੋਂ ਬਾਅਦ ਭਾਗੀਦਾਰਾਂ ਲਈ ਨੈੱਟਵਰਕਿੰਗ ਦੇ ਮੌਕੇ ਵੀ ਪ੍ਰਦਾਨ ਕੀਤੇ ਗਏ ।

ਰਾਜਦੂਤ ਅਨਿਲ ਵਾਧਵਾ ਨੇ ਕੇਸ ਸੰਗ੍ਰਹਿ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਭਾਰਤ-ਆਸਟ੍ਰੇਲੀਆ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਸਾਰਥਕ ਕਦਮ ਹੈ।

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਆਰਥਿਕ ਸਬੰਧਾਂ ਨੂੰ ਡੂੰਘਾ ਕਰਨ ਦੇ ਚੱਲ ਰਹੇ ਯਤਨਾਂ ਨੂੰ ਦੇਖਦੇ ਹੋਏ, ਇਹ ਸੰਗ੍ਰਹਿ ਕਾਰੋਬਾਰਾਂ, ਨੀਤੀ ਨਿਰਮਾਤਾਵਾਂ ਅਤੇ ਖੋਜਕਰਤਾਵਾਂ ਲਈ ਇੱਕ ਉਪਯੋਗੀ ਸਰੋਤ ਹੋਵੇਗਾ। ਇਹ ਨਾ ਸਿਰਫ਼ ਮੌਕਿਆਂ ਦੀ ਪਛਾਣ ਕਰਨ ਅਤੇ ਚੁਣੌਤੀਆਂ ਦਾ ਹੱਲ ਕਰਨ ਵਿੱਚ ਮਦਦ ਕਰੇਗਾ, ਸਗੋਂ ਸਫ਼ਲ ਅੰਤਰਰਾਸ਼ਟਰੀ ਸਹਿਯੋਗ ਦੀ ਇੱਕ ਉਦਾਹਰਣ ਵੀ ਪ੍ਰਦਾਨ ਕਰੇਗਾ ।

ਇੰਡੀਅਨ ਇੰਸਟੀਟਿਊਟ ਆਫ਼ ਫਾਰੇਨ ਟ੍ਰੇਡ (IIFT) ਨੇ 1963 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ, ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੀ ਅਗਵਾਈ ਹੇਠ, ਅੰਤਰਰਾਸ਼ਟਰੀ ਵਪਾਰ ਵਿੱਚ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। 2002 ਵਿੱਚ ਡੀਮਡ-ਟੂ-ਬੀ ਯੂਨੀਵਰਸਿਟੀ ਦਾ ਦਰਜਾ ਪ੍ਰਾਪਤ ਕੀਤਾ, ਇਸ ਸੰਸਥਾ ਨੇ ਵਿਸ਼ਵ ਵਪਾਰ ਦ੍ਰਿਸ਼ ਲਈ ਭਾਰਤ ਦੇ ਮਨੁੱਖੀ ਸਰੋਤ ਅਤੇ ਗਿਆਨ ਢਾਂਚੇ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਿੱਖਿਆ, ਸਿਖਲਾਈ, ਖੋਜ ਅਤੇ ਸਲਾਹ-ਮਸ਼ਵਰੇ ਰਾਹੀਂ, ਆਈਆਈਐੱਫਟੀ ਨੇ ਭਾਰਤ ਦੇ ਬਾਹਰੀ ਵਪਾਰ ਦੇ ਸੰਤੁਲਿਤ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

****

ਅਭਿਸ਼ੇਕ ਦਿਆਲ/ਗਰਿਮਾ ਸਿੰਘ


(Release ID: 2224871) ਵਿਜ਼ੀਟਰ ਕਾਊਂਟਰ : 16