ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅਰਾਵਲੀ ਲੈਂਡਸਕੇਪ ਦੀ ਵਾਤਾਵਰਣ ਸਬੰਧੀ (ਈਕੋ) ਬਹਾਲੀ 'ਤੇ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਗ੍ਰੀਨ ਵੌਲ ਪਹਿਲਕਦਮੀ ਤਹਿਤ ਅਰਾਵਲੀ ਬਹਾਲੀ ਨੂੰ ਮਜ਼ਬੂਤ ਕੀਤਾ ਹੈ
प्रविष्टि तिथि:
14 JAN 2026 3:28PM by PIB Chandigarh
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਅਰਾਵਲੀ ਲੈਂਡਸਕੇਪ ਦੀ ਵਾਤਾਵਰਣ ਬਹਾਲੀ 'ਤੇ ਰਾਸ਼ਟਰੀ ਕਾਨਫਰੰਸ "ਅਰਾਵਲੀ ਗ੍ਰੀਨ ਵੌਲ ਨੂੰ ਮਜ਼ਬੂਤੀ" ਦਾ ਉਦਘਾਟਨ ਕੀਤਾ। ਸ਼੍ਰੀ ਭੂਪੇਂਦਰ ਯਾਦਵ ਨੇ ਉਦਘਾਟਨੀ ਸੈਸ਼ਨ ਦੌਰਾਨ ਸੰਕਲਪ ਫਾਊਂਡੇਸ਼ਨ ਦੁਆਰਾ ਤਿਆਰ ਕੀਤੀ ਗਈ "ਅਰਾਵਲੀ ਲੈਂਡਸਕੇਪ ਦੀ ਵਾਤਾਵਰਣ ਬਹਾਲੀ" ਸਿਰਲੇਖ ਵਾਲੀ ਇੱਕ ਰਿਪੋਰਟ ਵੀ ਜਾਰੀ ਕੀਤੀ।
ਆਪਣੇ ਸੰਬੋਧਨ ਵਿੱਚ, ਸ਼੍ਰੀ ਯਾਦਵ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਯੂਐੱਨਸੀਸੀਡੀ ਦੇ ਤਹਿਤ ਭਾਰਤ ਵਿੱਚ 26 ਮਿਲੀਅਨ ਹੈਕਟੇਅਰ ਖਰਾਬ ਹੋਈ ਜ਼ਮੀਨ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਅਰਾਵਲੀ ਗ੍ਰੀਨ ਵੌਲ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਇਸ ਪਹਿਲਕਦਮੀ ਦੇ ਤਹਿਤ, ਅਰਾਵਲੀ ਖੇਤਰ ਵਿੱਚ 6.45 ਮਿਲੀਅਨ ਹੈਕਟੇਅਰ ਘਟੀਆ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਜਿਸ 'ਤੇ ਗੁਜਰਾਤ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ 2.7 ਮਿਲੀਅਨ ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਹਰਿਆਲੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸ਼੍ਰੀ ਯਾਦਵ ਨੇ ਦੱਸਿਆ ਕਿ ਅਰਾਵਲੀ ਖੇਤਰ ਦੇ ਆਲੇ-ਦੁਆਲੇ ਦੇ 29 ਜ਼ਿਲ੍ਹਿਆਂ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ ਇਸ ਪ੍ਰੋਜੈਕਟ ਨੂੰ ਲਾਗੂ ਕਰ ਰਹੇ ਹਨ। ਇਸਦੇ ਤਹਿਤ ਸੁੱਕੇ ਅਤੇ ਅਰਧ-ਸੁੱਕੇ ਹਾਲਾਤਾਂ ਲਈ ਢੁਕਵੀਆਂ ਸਥਾਨਕ ਪ੍ਰਜਾਤੀਆਂ ਦੇ ਰੁੱਖ ਲਗਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਵਾਤਾਵਰਣ ਸੁਰੱਖਿਆ ਨਾਲ ਸਬੰਧਿਤ ਇੱਕ ਇਤਿਹਾਸਕ ਫੈਸਲੇ ਨੂੰ ਯਾਦ ਕਰਦਿਆਂ, ਸ਼੍ਰੀ ਯਾਦਵ ਨੇ ਕਿਹਾ ਕਿ ਹਰਿਆਣਾ ਦੇ ਨੌਰੰਗਪੁਰ ਤੋਂ ਨੂਹ ਤੱਕ ਫੈਲੀ ਲਗਭਗ 97 ਵਰਗ ਕਿਲੋਮੀਟਰ ਬਹੁਤ ਜ਼ਿਆਦਾ ਖਰਾਬ ਹੋਈ ਅਰਾਵਲੀ ਮਾਲੀਆ ਜ਼ਮੀਨ ਨੂੰ ਜੰਗਲਾਤ ਲਈ ਪਛਾਣਿਆ ਗਿਆ ਹੈ ਅਤੇ ਬਿਹਤਰ ਸੁਰੱਖਿਆ ਅਤੇ ਪ੍ਰਬੰਧਨ ਲਈ ਹਰਿਆਣਾ ਰਾਜ ਦੁਆਰਾ ਇਸਨੂੰ ਇੱਕ ਸੁਰੱਖਿਅਤ ਜੰਗਲ ਵਜੋਂ ਵੀ ਘੋਸ਼ਿਤ ਕੀਤਾ ਗਿਆ ਹੈ।
ਸ਼੍ਰੀ ਭੂਪੇਂਦਰ ਯਾਦਵ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ ਅਰਾਵਲੀਜ਼ ਦੀ ਰੱਖਿਆ ਅਤੇ ਪੁਨਰ ਸੁਰਜੀਤੀ ਲਈ ਇੱਕ ਪ੍ਰਮੁੱਖ ਨੀਤੀਗਤ ਪਹਿਲਕਦਮੀ ਦੱਸਿਆ, ਜੋ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਦੇ ਸਰਗਰਮ ਸਮਰਥਨ ਨਾਲ ਸੰਭਵ ਹੋਇਆ ਹੈ। ਖੇਤਰ ਦੇ ਵਾਤਾਵਰਣ ਅਤੇ ਇਤਿਹਾਸਕ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਅਰਾਵਲੀ ਦੇਸ਼ ਦੀ ਸਭ ਤੋਂ ਪੁਰਾਣੀ ਪਹਾੜੀ ਲੜੀ ਹੈ ਅਤੇ ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖੀ ਸਭਿਅਤਾ ਦਾ ਸਮਰਥਨ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਅਰਾਵਲੀ ਈਕੋਸਿਸਟਮ ਚਾਰ ਟਾਈਗਰ ਰਿਜ਼ਰਵ ਅਤੇ 18 ਸੁਰੱਖਿਅਤ ਖੇਤਰਾਂ ਦੁਆਰਾ ਸੁਰੱਖਿਅਤ ਹੈ, ਜਦੋਂ ਕਿ ਜਿੱਥੇ ਵੀ ਲੋੜ ਹੋਵੇ ਵਾਧੂ ਗ੍ਰੀਨ ਇੰਟਰਵੇਸ਼ਨ ਕੀਤੀ ਜਾ ਰਹੀ ਹੈ।
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਨੇ ਜੰਗਲੀ ਜੀਵਾਂ ਦੀ ਸੰਭਾਲ ਵਿੱਚ ਵਿਸ਼ਵ ਪੱਧਰੀ ਅਗਵਾਈ ਸਵੀਕਾਰ ਕੀਤੀ ਹੈ। ਇਸ ਤੱਥ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਵਿਸ਼ਵ ਦੀਆਂ ਪੰਜ ਵੱਡੀਆਂ ਬਿੱਲੀਆਂ ਦੀਆਂ ਪੰਜ ਪ੍ਰਜਾਤੀਆਂ ਹਨ ਅਤੇ ਦੁਨੀਆ ਦੀ ਲਗਭਗ 70 ਪ੍ਰਤੀਸ਼ਤ ਬਾਘਾਂ ਦੀ ਆਬਾਦੀ ਇੱਥੇ ਹੈ, ਜੋ ਕਿ ਲਗਾਤਾਰ ਵੱਧ ਰਹੀ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਵਰ੍ਹਿਆਂ ਵਿੱਚ ਅਰਾਵਲੀ ਖੇਤਰ ਵਿੱਚ ਹਜ਼ਾਰਾਂ ਹੈਕਟੇਅਰ ਜ਼ਮੀਨ ਨੂੰ ਉਪਜਾਊ ਬਣਾਇਆ ਗਿਆ ਹੈ, ਅਤੇ ਸਰਕਾਰ ਵਿਕਾਸ ਦੇ ਕੇਂਦਰ ਵਿੱਚ ਵਾਤਾਵਰਣ ਨੂੰ ਰੱਖਦੇ ਹੋਏ ਇਸ ਕੰਮ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਅੱਜ ਭਾਰਤ ਕੋਲ ਵਾਤਾਵਰਣ ਸਥਿਰਤਾ ਅਤੇ ਆਰਥਿਕ ਇੱਛਾਵਾਂ ਵਿਚਕਾਰ ਸੰਤੁਲਨ ਬਣਾਉਣ ਲਈ ਇੱਕ ਮਜ਼ਬੂਤ ਅਤੇ ਸੰਤੁਲਿਤ ਪਹੁੰਚ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਦੇਸ਼ ਭਰ ਵਿੱਚ ਅਰਾਵਲੀ ਅਤੇ ਇਸ ਤਰ੍ਹਾਂ ਦੇ ਵਾਤਾਵਰਣ ਪ੍ਰਣਾਲੀਆਂ ਨੂੰ ਬਹਾਲ ਕਰਨ ਅਤੇ ਸੰਭਾਲਣ ਲਈ ਵਚਨਬੱਧ ਹੈ।
ਉਦਘਾਟਨੀ ਸੈਸ਼ਨ ਨੂੰ ਹਰਿਆਣਾ ਦੇ ਵਾਤਾਵਰਣ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ; ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ ਸ਼੍ਰੀ ਤਨਮਯ ਕੁਮਾਰ; ਜੰਗਲਾਤ ਦੇ ਡਾਇਰੈਕਟਰ ਜਨਰਲ ਸ਼੍ਰੀ ਸੁਸ਼ੀਲ ਕੁਮਾਰ ਅਵਸਥੀ; ਭਾਰਤ ਵਿੱਚ ਡੈੱਨਮਾਰਕ ਦੇ ਰਾਜਦੂਤ ਰਾਸਮਸ ਅਬਿਲਡਗਾਰਡ ਕ੍ਰਿਸਟਨਸਨ; ਅਤੇ ਸੰਕਲਪ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ।
ਇਸ ਕਾਨਫਰੰਸ ਨੇ ਨੀਤੀ ਨਿਰਮਾਤਾਵਾਂ, ਜੰਗਲਾਤ ਅਧਿਕਾਰੀਆਂ, ਮਾਹਿਰਾਂ, ਪ੍ਰੈਕਟੀਸ਼ਨਰ ਅਤੇ ਸਿਵਲ ਸੋਸਾਇਟੀ ਦੇ ਪ੍ਰਤੀਨਿਧੀਆਂ ਨੂੰ ਅਰਾਵਲੀ ਰੇਂਜ ਦੇ ਵਾਤਾਵਰਣਿਕ ਮਹੱਤਵ ਅਤੇ ਇਸਨੂੰ ਬਹਾਲ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਇਕ ਮੰਚ 'ਤੇ ਇਕੱਠਾ ਕੀਤਾ।
ਕਾਨਫਰੰਸ ਵਿੱਚ ਜਾਰੀ ਕੀਤੀ ਗਈ ਰਿਪੋਰਟ ਮਾਰੂਥਲੀਕਰਨ ਅਤੇ ਭੂਮੀ ਦੇ ਵਿਨਾਸ਼ ਦਾ ਮੁਕਾਬਲਾ ਕਰਨ ਲਈ ਰਾਸ਼ਟਰੀ ਕਾਰਜ ਯੋਜਨਾ ਦੇ ਤਹਿਤ ਮੰਤਰਾਲੇ ਦੇ "ਅਰਾਵਲੀ ਗ੍ਰੀਨ ਵੌਲ ਪ੍ਰੋਜੈਕਟ" ਨੂੰ ਮਜ਼ਬੂਤ ਕਰਨ ਲਈ ਇੱਕ ਵਿਗਿਆਨਕ, ਭਾਈਚਾਰਾ-ਅਧਾਰਿਤ ਅਤੇ ਸਕੇਲੇਬਲ ਢਾਂਚਾ ਪ੍ਰਦਾਨ ਕਰਦੀ ਹੈ। ਇਹ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਬਹਾਲੀ ਦੇ ਯਤਨ ਲੈਂਡਸਕੇਪ-ਸਕੇਲ, ਡੇਟਾ-ਸੰਚਾਲਿਤ, ਭਾਈਚਾਰਾ-ਕੇਂਦ੍ਰਿਤ ਅਤੇ ਬਹੁ-ਪੱਖੀ ਹੋਣੇ ਚਾਹੀਦੇ ਹਨ, ਕਿਉਂਕਿ ਖੇਤਰ ਵਿੱਚ ਵਿਨਾਸ਼ ਅਤੇ ਵਾਤਾਵਰਣ ਸਬੰਧੀ ਦਬਾਅ ਦੀ ਹੱਦ ਨੂੰ ਦੇਖਦੇ ਹੋਏ ਵੱਖ-ਵੱਖ ਕਾਰਵਾਈਆਂ ਹੁਣ ਕਾਫ਼ੀ ਨਹੀਂ ਹਨ।
*****
ਜੀਐੱਸ/ਬਲਜੀਤ ਸਿੰਘ
(रिलीज़ आईडी: 2214957)
आगंतुक पटल : 3