ਆਯੂਸ਼
ਆਯੁਰਵੇਦ ਦੇ ਮਾਨਕੀਕਰਣ ‘ਤੇ ਨੈਸ਼ਨਲ ਵਰਕਸ਼ਾਪ ਆਯੋਜਿਤ, ਗੁਣਵੱਤਾ ਅਤੇ ਗਲੋਬਲ ਭਰੋਸਾ ਵਧਾਉਣ ਲਈ ਸਹਿਯੋਗ ‘ਤੇ ਬਲ
प्रविष्टि तिथि:
12 JAN 2026 3:40PM by PIB Chandigarh
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਤਹਿਤ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਦੇ ਆਯੁਰਵੇਦ ਵਿਭਾਗ, ਏਕੀਕ੍ਰਿਤ ਚਿਕਿਤਸਾ ਅਤੇ ਖੋਜ ਕੇਂਦਰ ਦੇ ਸਹਿਯੋਗ ਨਾਲ 9 ਜਨਵਰੀ 2026 ਨੂੰ ਨੈਸ਼ਨਲ ਵਰਕਸ਼ਾਪ ਆਯੋਜਿਤ ਕੀਤੀ। ਟੀਐੱਮਏ ਪਾਈ ਆਡੀਟੋਰੀਅਮ ਵਿੱਚ ਇਹ ਵਰਕਸ਼ਾਪ ਵਿਸ਼ੇਸ਼ ਤੌਰ ਆਯੁਰਵੇਦ ਖੇਤਰ ਨਾਲ ਜੁੜੇ ਫੈਕਲਟੀ ਮੈਂਬਰਾਂ, ਖੋਜਕਰਤਾਵਾਂ, ਸਟਾਰਟਅੱਪਸ ਅਤੇ ਉਦਯੋਗ ਪ੍ਰਤੀਨਿਧੀਆਂ ਲਈ ਆਯੋਜਿਤ ਕੀਤੀ ਗਈ। ਇਸ ਵਿੱਚ ਦੇਸ਼ ਭਰ ਤੋਂ ਲਗਭਗ 180 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਆਯੁਰਵੇਦ ਗੁਣਵੱਤਾ, ਸੁਰੱਖਿਅਤ ਔਸ਼ਧੀ ਅਤੇ ਵਿਸ਼ਵਵਿਆਪੀ ਭਰੋਸਾ ਵਧਾਉਣ ਦੇ ਸਮੂਹਿਕ ਯਤਨ ਵਿੱਚ ਇਹ ਆਯੋਜਨ ਜ਼ਿਕਰਯੋਗ ਰਿਹਾ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਪ੍ਰੇਰਕ ਵਾਕ “ਮਾਨਕ: ਪਥਪ੍ਰਦਰਸ਼ਕ:” ਤੋਂ ਪ੍ਰੇਰਿਤ ਵਰਕਸ਼ਾਪ ਵਿੱਚ ਕਲਾਸੀਕਲ ਆਯੁਰਵੈਦਿਕ ਗਿਆਨ ਨੂੰ ਆਧੁਨਿਕ ਵਿਗਿਆਨਿਕ ਅਤੇ ਰੈਗੂਲੇਟਰੀ ਢਾਂਚੇ ਦੇ ਨਾਲ ਤਾਲਮੇਲ ਸਥਾਪਿਤ ਕਰਨ ਵਿੱਚ ਮਿਆਰ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ ਗਿਆ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੀ ਆਯੁਰਵੇਦ ਸੈਕਸ਼ਨਲ ਕਮੇਟੀ ਦੇ ਚੇਅਰਪਰਸਨ ਜਯੰਤ ਦੇਵਪੁਜਾਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਰਕਸ਼ਾਪ ਢਾਂਚਾਗਤ ਅਤੇ ਸਾਰਥਕ ਮਾਨਕੀਕਰਣ ਦੁਆਰਾ ਰਵਾਇਤੀ ਗਿਆਨ ਨੂੰ ਸਮਕਾਲੀ ਜ਼ਰੂਰਤਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਆਯੁਰਵੇਦ ਨੂੰ ਵਿਸ਼ਵਵਿਆਪੀ ਪੱਧਰ ‘ਤੇ ਭਰੋਸੇਮੰਦ ਸਿਹਤ ਸੇਵਾ ਪ੍ਰਣਾਲੀ ਦੇ ਤੌਰ ‘ਤੇ ਸਥਾਪਿਤ ਕਰਨ ਲਈ ਸਾਰੇ ਹਿਤਧਾਰਕਾਂ ਦੀ ਸਮੂਹਿਕ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ।
ਉਦਘਾਟਨੀ ਸੈਸ਼ਨ ਵਿੱਚ ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਦੇ ਸਿਹਤ ਵਿਗਿਆਨ ਵਿਭਾਗ ਦੇ ਵਾਈਸ-ਚਾਂਸਲਰ ਡਾ. ਸ਼ਰਥ ਕੇ ਰਾਓ ਨੇ ਆਯੁਰਵੇਦ ਜਿਹੀਆਂ ਰਵਾਇਤੀ ਪ੍ਰਣਾਲੀਆਂ ਵਿੱਚ ਮਾਨਕੀਕਰਣ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਰਕਾਰ ਦੀ ਇਸ ਰਾਸ਼ਟਰੀ ਪਹਿਲ ਨੂੰ ਅੱਗੇ ਵਧਾਉਣ ਵਿੱਚ ਮਣੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਦੇ ਪੂਰਨ ਸੰਸਥਾਗਤ ਸਹਿਯੋਗ ਦੇ ਪ੍ਰਤੀ ਭਰੋਸਾ ਦਿੱਤਾ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਆਯੁਸ਼ ਵਿਭਾਗ ਦੀ ਪ੍ਰਮੁੱਖ ਸ੍ਰਿਸ਼ਟੀ ਦੀਕਸ਼ਿਤ ਨੇ ਮਜ਼ਬੂਤ ਅਤੇ ਸਮਾਵੇਸ਼ੀ ਮਾਨਕੀਕਰਣ ਵਿਧੀਆਂ ਦੁਆਰਾ ਆਯੁਰਵੇਦ ਵਿੱਚ ਗੁਣਵੱਤਾ ਅਤੇ ਔਸ਼ਧੀ ਸੁਰੱਖਿਆ ਦੇ ਪ੍ਰਤੀ ਬੀਆਈਐੱਸ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਮਿਆਰ ਹੀ ਭਰੋਸੇ ਦਾ ਅਧਾਰ ਨਿਰਮਿਤ ਕਰਦੇ ਹਨ, ਜੋ ਆਯੁਰਵੇਦ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਅਤੇ ਵਿਆਪਕ ਮਨਜ਼ੂਰੀ ਦੇ ਲਈ ਜ਼ਰੂਰੀ ਹੈ।
ਵਰਕਸ਼ਾਪ ਵਿੱਚ ਪ੍ਰੋ. ਰਬੀਨਾਰਾਇਣ ਆਚਾਰੀਆ, ਡਾ. ਮੁਰਲੀਧਰ ਆਰ. ਬੱਲਾਲ, ਡਾ. ਮਾਨੇਸ਼ ਥਾਮਸ ਅਤੇ ਸ਼੍ਰੀ ਦੀਵੇਂਦਰ ਰੈੱਡੀ ਸਮੇਤ ਉੱਘੇ ਮਾਹਿਰਾਂ ਦੇ ਸੂਝਵਾਨ ਅਤੇ ਸੋਚ-ਵਿਚਾਰ ਵਾਲੇ ਸੈਸ਼ਨ ਰਹੇ। ਇਸ ਵਿੱਚ ਬਹੁ-ਅਨੁਸ਼ਾਸਨੀ ਸਹਿਯੋਗ, ਆਯੁਰਵੇਦ ਸਟਾਰਟਅੱਪ ਨੂੰ ਹੁਲਾਰਾ ਦੇਣ ਵਿੱਚ ਮਿਆਰਾਂ ਦੀ ਭੂਮਿਕਾ ਅਤੇ ਗੁਣਵੱਤਾ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਉਦਯੋਗ ਦੀ ਜ਼ਿੰਮੇਵਾਰੀ ‘ਤੇ ਕੇਂਦ੍ਰਿਤ ਚਰਚਾ ਹੋਈ। ਭਾਗੀਦਾਰਾਂ ਨੇ ਆਯੁਰਵੇਦ ਵਿੱਚ ਮਾਨਕੀਕਰਣ ਮਜ਼ਬੂਤ ਕਰਨ ਲਈ ਨਵੇਂ ਵਿਚਾਰਾਂ ਅਤੇ ਵਿਵਹਾਰਿਕ ਜਾਣਕਾਰੀ ਸਾਂਝੀ ਕਰਦੇ ਹੋਏ ਖੁੱਲ੍ਹੀ ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਸੀ ਸਾਇੰਟਿਸਟ ਰਾਘਵੇਂਦਰ ਨਾਇਕ ਨੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਭਵਿੱਖ ਦੀ ਵਿਆਪਕ ਕਾਰਜ ਯੋਜਨਾ ਪੇਸ਼ ਕੀਤੀ। ਉਨ੍ਹਾਂ ਨੇ ਆਯੁਰਵੇਦ ਮਾਨਕੀਕਰਣ ਲਈ ਸਿੱਖਿਆ ਜਗਤ, ਉਦਯੋਗ ਅਤੇ ਨੀਤੀ ਨਿਰਮਾਤਾਵਾਂ ਨੂੰ ਸ਼ਾਮਲ ਕਰ ਕੇ ਟਿਕਾਊ ਅਤੇ ਸਹਿਯੋਗੀ ਈਕੋਸਿਸਟਮ ਬਣਾਉਣ ਲਈ ਅੰਤਰ-ਅਨੁਸ਼ਾਸਨੀ ਖੋਜ, ਬਿਹਤਰ ਅਕਾਦਮਿਕ-ਉਦਯੋਗ ਸਾਂਝੇਦਾਰੀ ਅਤੇ ਲਕਸ਼ਿਤ ਸਮਰੱਥਾ-ਨਿਰਮਾਣ ਪਹਿਲ ਦੇ ਮਹੱਤਵ ‘ਤੇ ਜ਼ੋਰ ਦਿੱਤਾ।


************
ਐੱਸਆਰ/ਜੀਐੱਸ
(रिलीज़ आईडी: 2214167)
आगंतुक पटल : 4