ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਨਵੋਕੇਸ਼ਨ ਵਿਖੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ


ਤਬਦੀਲੀ ਹੀ ਅਟੱਲ ਸੱਚ ਹੈ, ਸਫਲਤਾ ਦੀ ਕੁੰਜੀ ਅਨੁਕੂਲਤਾ ਹੈ: ਉਪ ਰਾਸ਼ਟਰਪਤੀ

ਉਪ-ਰਾਸ਼ਟਰਪਤੀ ਨੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਹਮੇਸ਼ਾ ਸ਼ੁਕਰਗੁਜ਼ਾਰ ਰਹਿਣ ਦਾ ਸੱਦਾ ਦਿੱਤਾ

प्रविष्टि तिथि: 09 JAN 2026 7:53PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਪੰਜਾਬ ਦੇ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਨੌਜਵਾਨਾਂ ਨੂੰ ਰਾਸ਼ਟਰ ਅਤੇ ਮਨੁੱਖਤਾ ਦੀ ਸੇਵਾ ਵਿੱਚ ਪੇਸ਼ਾਵਰ ਉੱਤਮਤਾ ਨੂੰ ਨੈਤਿਕ ਜ਼ਿੰਮੇਵਾਰੀ ਨਾਲ ਜੋੜਨ ਦਾ ਸੱਦਾ ਦਿੱਤਾ।

ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ 'ਤੇ ਬੋਲਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੇ ਸੌ ਸਾਲ ਪੂਰੇ ਕਰਨ ਵੱਲ ਅੱਗੇ ਵਧ ਰਹੇ ਭਾਰਤ ਲਈ ਇਹ ਇੱਕ ਫ਼ੈਸਲਾਕੁੰਨ ਮੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਹੇਠ, ਦੇਸ਼ ਨੇ ਇੱਕ ਵਿਕਸਤ, ਆਤਮ-ਨਿਰਭਰ, ਸੰਮਲਿਤ ਅਤੇ ਆਤਮ-ਵਿਸ਼ਵਾਸ ਨਾਲ ਭਰੇ ਭਾਰਤ ਦੇ ਨਿਰਮਾਣ ਦਾ ਇੱਕ ਅਭਿਲਾਸ਼ੀ ਪਰ ਪ੍ਰਾਪਤ ਕਰਨ ਯੋਗ ਟੀਚਾ ਮਿਥਿਆ ਹੈ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ਟੀਕੋਣ ਆਰਥਿਕ ਵਿਕਾਸ ਤੋਂ ਪਰੇ ਸਮਾਜਿਕ ਸਦਭਾਵਨਾ, ਨੈਤਿਕ ਅਗਵਾਈ, ਸਭਿਆਚਾਰਕ ਆਤਮ-ਵਿਸ਼ਵਾਸ, ਤਕਨੀਕੀ ਆਤਮ-ਨਿਰਭਰਤਾ ਅਤੇ ਸੰਮਲਿਤ ਵਿਕਾਸ ਨੂੰ ਸ਼ਾਮਲ ਕਰਦਾ ਹੈ - ਅਤੇ ਇਸਦੀ ਸਫਲਤਾ ਵੱਡੇ ਪੱਧਰ 'ਤੇ ਨੌਜਵਾਨਾਂ ਦੀ ਊਰਜਾ, ਸਮਰੱਥਾ ਅਤੇ ਚਰਿੱਤਰ 'ਤੇ ਨਿਰਭਰ ਕਰਦੀ ਹੈ।

ਭਾਰਤ ਦੇ ਇੱਕ ਵੱਡੀ ਆਲਮੀ ਸ਼ਕਤੀ ਵਜੋਂ ਉੱਭਰਨ ਦੀ ਇੱਛਾ ਨੂੰ ਸਪੱਸ਼ਟ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਛੋਟੇ ਦੇਸ਼ਾਂ ਲਈ ਸ਼ਰਤਾਂ ਤੈਅ ਕਰਨਾ ਮੰਤਵ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਹੋਰ ਦੇਸ਼ ਭਾਰਤ ਲਈ ਸ਼ਰਤਾਂ ਤੈਅ ਨਾ ਕਰ ਸਕੇ।

ਤੇਜ਼ੀ ਨਾਲ ਬਦਲਦੇ ਆਲਮੀ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਿਹਾ ਕਿ ਜੋ ਪੰਜ ਸਾਲ ਪਹਿਲਾਂ ਵੀ ਪ੍ਰਸੰਗਿਕ ਸੀ, ਉਹ ਜਲਦੀ ਹੀ ਪ੍ਰਸੰਗਕਤਾ ਗੁਆ ਸਕਦਾ ਹੈ। ਉਨ੍ਹਾਂ ਕਿਹਾ ਕਿ ਤਬਦੀਲੀ ਹੀ ਅਟੱਲ ਸੱਚ ਹੈ ਅਤੇ ਨਿਰੰਤਰ ਸਫਲਤਾ ਲਈ ਅਨੁਕੂਲਤਾ ਅਤੇ ਜੀਵਨ ਭਰ ਸਿੱਖਣਾ ਜ਼ਰੂਰੀ ਹੈ।

ਉਪ-ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਇੱਕ ਵਿਲੱਖਣ ਯਾਤਰਾ ਅਤੇ ਗਤੀ ਹੁੰਦੀ ਹੈ, ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸਫਲਤਾ ਜਾਂ ਅਸਫਲਤਾ ਦੀ ਤੁਲਨਾ ਦੂਜਿਆਂ ਨਾਲ ਕਦੇ ਨਾ ਕਰਨ। ਅਬਰਾਹਮ ਲਿੰਕਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੀਵਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਨਿਰੰਤਰ ਯਤਨ, ਲਗਨ ਅਤੇ ਇਮਾਨਦਾਰੀ ਵਿਅਕਤੀ ਨੂੰ ਨਿਮਰ ਸ਼ੁਰੂਆਤ ਤੋਂ ਵੱਡੀ ਜ਼ਿੰਮੇਵਾਰੀ ਦੇ ਅਹੁਦਿਆਂ 'ਤੇ ਲੈ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦਕਿ ਆਪਣੇ ਲਈ ਜਿਊਣਾ ਗਲਤ ਨਹੀਂ ਹੈ, ਸਿਰਫ਼ ਆਪਣੇ ਲਈ ਜਿਊਣਾ ਜੀਵਨ ਦੇ ਵੱਡੇ ਮੰਤਵ ਨੂੰ ਛੋਟਾ ਬਣਾ ਦਿੰਦਾ ਹੈ।

ਸਵਾਮੀ ਵਿਵੇਕਾਨੰਦ ਦੇ ਪ੍ਰੇਰਨਾਦਾਇਕ ਸ਼ਬਦਾਂ ਨੂੰ ਯਾਦ ਕਰਦੇ ਹੋਏ - "ਉੱਠੋ, ਜਾਗੋ ਅਤੇ ਟੀਚਾ ਹਾਸਲ ਕਰਨ ਤੱਕ ਨਾ ਰੁਕੋ" ਦੇ ਵਿਦਿਆਰਥੀਆਂ ਲਈ ਤਿੰਨ ਮਾਰਗ-ਦਰਸ਼ਕ ਸਿਧਾਂਤਾਂ ਦੀ ਰੂਪ-ਰੇਖਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਸਮਾਂ ਪ੍ਰਬੰਧਨ ਦਾ ਅਭਿਆਸ ਕਰਨ, ਲੰਬੇ ਸਮੇਂ ਦੀ ਸਫਲਤਾ ਨੂੰ ਕਮਜ਼ੋਰ ਕਰਨ ਵਾਲੇ ਸ਼ਾਰਟਕੱਟਾਂ ਤੋਂ ਬਚਣ ਅਤੇ ਕਦੇ ਵੀ ਹਾਰ ਨਾ ਮੰਨਣ ਲਈ ਆਖਿਆ।"

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀ ਦੀ ਜੈ ਜਵਾਨ ਸਕਾਲਰਸ਼ਿਪ ਦੀ ਵੀ ਸ਼ਲਾਘਾ ਕੀਤੀ, ਜੋ ਅਰਥਪੂਰਨ ਵਿੱਦਿਅਕ ਸਹਾਇਤਾ ਪ੍ਰਦਾਨ ਕਰਕੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਦੀ ਹੈ। ਆਪ੍ਰੇਸ਼ਨ ਸਿੰਧੂਰ ਦੌਰਾਨ ਯੂਨੀਵਰਸਿਟੀ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਯੂਨੀਵਰਸਿਟੀਆਂ ਸਿਰਫ਼ ਸਿੱਖਣ ਦੀਆਂ ਕੇਂਦਰ ਨਹੀਂ ਹਨ, ਸਗੋਂ ਉਹ ਸੰਸਥਾਵਾਂ ਹਨ ਜੋ ਰਾਸ਼ਟਰੀ ਚਰਿੱਤਰ ਨਿਰਮਾਣ ਵਿੱਚ ਮਦਦ ਕਰਦੀਆਂ ਹਨ।

ਕੈਂਪਸਾਂ ਵਿੱਚ ਨਸ਼ਿਆਂ ਦੀ ਵਰਤੋਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸਨੂੰ ਨੌਜਵਾਨਾਂ ਅਤੇ ਸਮਾਜ ਲਈ ਇੱਕ ਗੰਭੀਰ ਖ਼ਤਰਾ ਦੱਸਿਆ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮੰਤਵ ਅਤੇ ਸਿਹਤਮੰਦ ਜੀਵਨ-ਸ਼ੈਲੀ ਦੀ ਚੋਣ ਕਰਦੇ ਹੋਏ ਦ੍ਰਿੜ੍ਹਤਾ ਅਤੇ ਸਪਸ਼ਟ ਤੌਰ 'ਤੇ "ਨਸ਼ਿਆਂ ਨੂੰ ਨਾਂਹ" ਆਖਣ ਦੀ ਅਪੀਲ ਕੀਤੀ।

ਅੰਤ ਵਿੱਚ, ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਮਾਪਿਆਂ ਅਤੇ ਗੁਰੂਆਂ ਪ੍ਰਤੀ ਹਮੇਸ਼ਾ ਸ਼ੁਕਰਗੁਜ਼ਾਰ ਰਹਿਣ, ਜਿਨ੍ਹਾਂ ਦੇ ਮਾਰਗ-ਦਰਸ਼ਨ, ਕੁਰਬਾਨੀਆਂ ਅਤੇ ਕਦਰਾਂ-ਕੀਮਤਾਂ ਉਨ੍ਹਾਂ ਦੇ ਚਰਿੱਤਰ ਅਤੇ ਭਵਿੱਖ ਨੂੰ ਸਰੂਪ ਦੇ ਰਹੀਆਂ ਹਨ।

ਕਨਵੋਕੇਸ਼ਨ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ; ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆਂ ਅਤੇ ਬਾਗ਼ਬਾਨੀ ਮੰਤਰੀ, ਪੰਜਾਬ ਸਰਕਾਰ ਸ਼੍ਰੀ ਮਹਿੰਦਰ ਭਗਤ ਅਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਅਤੇ ਹੋਰ ਵੀ ਸ਼ਾਮਲ ਹੋਏ।

*****

ਪੀਆਰ/ਏਐੱਸਐੱਮ 


(रिलीज़ आईडी: 2213441) आगंतुक पटल : 5
इस विज्ञप्ति को इन भाषाओं में पढ़ें: Malayalam , Tamil , English , Urdu , हिन्दी