ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਹਰਿਆਣਾ ਵਿੱਚ ਸਿਹਤ ਸੰਭਾਲ ਨਾਲ ਜੁੜੇ ਸੁਧਾਰਾਂ ਅਤੇ ਟੀਬੀ ਮੁਕਤ ਭਾਰਤ ਨਾਲ ਸਬੰਧਿਤ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ


ਕੇਂਦਰੀ ਸਿਹਤ ਮੰਤਰੀ ਨੇ ਸਿਹਤ ਸੁਧਾਰਾਂ ਲਈ ਕੇਂਦਰ-ਰਾਜ ਤਾਲਮੇਲ ਨੂੰ ਪ੍ਰੋਤਸਾਹਿਤ ਕੀਤਾ

ਸ਼੍ਰੀ ਨੱਡਾ ਨੇ ਹਰਿਆਣਾ ਦੇ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਵਿੱਚ ਗੁਣਵੱਤਾਪੂਰਨ ਦੇਖਭਾਲ, ਤਕਨੀਕ-ਅਧਾਰਿਤ ਸਿਹਤ ਸੰਭਾਲ ਅਤੇ ਦਵਾਈਆਂ ‘ਤੇ ਸਖਤ ਨਿਗਰਾਨੀ ‘ਤੇ ਜ਼ੋਰ ਦਿੱਤਾ

ਰਾਜ ਦੇ ਹਰ ਜ਼ਿਲ੍ਹਾ ਹਸਪਤਾਲ ਵਿੱਚ ਅੰਮ੍ਰਿਤ ਫਾਰਮੇਸੀ ਖੋਲ੍ਹੀ ਜਾਵੇਗੀ, ਜਿੱਥੇ ਬ੍ਰਾਂਡਿਡ ਦਵਾਈਆਂ ‘ਤੇ 50 ਪ੍ਰਤੀਸ਼ਤ ਤੱਕ ਦੀ ਛੂਟ ਮਿਲੇਗੀ: ਕੇਂਦਰੀ ਸਿਹਤ ਮੰਤਰੀ

ਡਰੱਗ ਰੈਗੂਲੇਸ਼ਨ, ਡਾਇਗਨੌਸਟਿਕਸ ਅਤੇ ਟੀਬੀ ਮੁਕਤ ਭਾਰਤ ਦੇ ਲਈ ਮਿਸ਼ਨ-ਮੋਡ ਦ੍ਰਿਸ਼ਟੀਕੋਣ ਮੁੱਖ ਤਰਜੀਹਾਂ ਹਨ: ਸ਼੍ਰੀ ਨੱਡਾ

प्रविष्टि तिथि: 29 DEC 2025 6:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਸਿਹਤ ਸੇਵਾਵਾਂ ਦਾ ਮੁਲਾਂਕਣ ਕਰਨ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਅੱਜ ਹਰਿਆਣਾ ਦੇ ਸਿਹਤ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੇ ਮੁੱਖ ਵਿਸ਼ਿਆਂ ਵਿੱਚ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਮਰੀਜ਼-ਕੇਂਦ੍ਰਿਤ ਦੇਖਭਾਲ, ਰੈਗੂਲੇਟਰੀ ਨਿਗਰਾਨੀ ਅਤੇ ਜਨਤਕ ਸਿਹਤ ਦੀ ਚੁਣੌਤੀ ਦੇ ਤੌਰ ‘ਤੇ ਟੀਬੀ ਦਾ ਖਾਤਮਾ ਸ਼ਾਮਲ ਸੀ।

ਦਵਾਈਆਂ ਦੇ ਮਜ਼ਬੂਤ ਰੈਗੂਲੇਸ਼ਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਦਵਾਈਆਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਫਾਰਮਾਸਿਊਟੀਕਲ ਸਪਲਾਈ ਚੇਨ ਵਿੱਚ ਨਿਰੰਤਰ ਨਿਗਰਾਨੀ ਲਾਜ਼ਮੀ  ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰੈਗੂਲੇਟਰੀ ਸਬੰਧੀ ਸ਼ਾਨਦਾਰ ਕਾਰਜ ਪ੍ਰਣਾਲੀ ਨੂੰ ਸੰਸਥਾਗਤ ਬਣਾਉਣ ਅਤੇ ਮਰੀਜ਼ਾਂ ਦੀ ਸੰਤੁਸ਼ਟੀ, ਰੈਗੂਲੇਟਰੀ ਸਬੰਧੀ ਨਿਗਰਾਨੀ ਅਤੇ ਅਨੁਪਾਲਣ ਵਿੱਚ ਸੁਧਾਰ ਨੂੰ ਲਗਾਤਾਰ ਤਰਜੀਹ ਦੇਣ ਦੀ ਅਪੀਲ ਕੀਤੀ।

ਮੁਫ਼ਤ ਦਵਾਈਆਂ ਅਤੇ ਡਾਇਗਨੌਸਟਿਕਸ ਯੋਜਨਾ ਦੇ ਸਬੰਧ ਵਿੱਚ, ਕੇਂਦਰੀ ਸਿਹਤ ਮੰਤਰੀ ਨੇ ਮਜ਼ਬੂਤ ਸਪਲਾਈ ਚੇਨ ਪ੍ਰਣਾਲੀ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।

ਡਾਇਗਨੌਸਟਿਕਸ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਸਮੇਂ ‘ਤੇ ਅਤੇ ਗੁਣਵੱਤਾਪੂਰਨ ਜਾਂਚ ਸਾਰੇ ਪੱਧਰਾਂ ‘ਤੇ ਕਾਰਗਰ ਸਿਹਤ ਸੰਭਾਲ ਦਾ ਅਧਾਰ ਹੈ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਰੈਗੂਲੇਟਰੀ ਸਬੰਧੀ ਅਨੁਪਾਲਣ ਵਿੱਚ ਪੇਸ਼ੇਵਰ ਪ੍ਰਬੰਧਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਨਾਲ ਹੀ, ਉਨ੍ਹਾਂ ਨੇ ਬਲੱਡ ਬੈਂਕਾਂ, ਹਸਪਤਾਲ ਪ੍ਰਣਾਲੀ ਅਤੇ ਸੁਰੱਖਿਆ ਮਾਪਦੰਡਾਂ ‘ਤੇ ਸਖ਼ਤ ਨਿਗਰਾਨੀ ਰੱਖਣ ‘ਤੇ ਵੀ ਜ਼ੋਰ ਦਿੱਤਾ।

ਇਸ ਸੰਦਰਭ ਵਿੱਚ, ਉਨ੍ਹਾਂ ਨੇ ਜਨਤਕ ਸਿਹਤ ਸੁਵਿਧਾਵਾਂ ਵਿੱਚ ਡਾਇਗਨੌਸਟਿਕ ਸਬੰਧੀ ਜਾਂਚ ਦੀ ਉਪਲਬਧਤਾ ਵਧਾਉਣ ਲਈ, ਪ੍ਰਯੋਗਸ਼ਾਲਾ ਵਿੱਚ ਵਰਤੇ ਗਏ ਰੀਐਜੈਂਟ  ਅਤੇ ਹੋਰ ਵਸਤੂਆਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਪ੍ਰਣਾਲੀ ਬਣਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਕੇਂਦਰੀ ਸਿਹਤ ਮੰਤਰੀ ਨੇ ਰਾਜ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਰਾਜ ਦੇ ਹਰ ਜ਼ਿਲ੍ਹਾ ਹਸਪਤਾਲ ਵਿੱਚ ਅੰਮ੍ਰਿਤ ਰਿਟੇਲ ਫਾਰਮੇਸੀ ਸਟੋਰ ਸਥਾਪਿਤ ਕਰਨ ਲਈ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਦੇ ਨਾਲ ਮਿਲ ਕੇ ਕੰਮ ਕਰਨ।

ਤਕਨੀਕ ‘ਤੇ ਅਧਾਰਿਤ ਸਿਹਤ ਸੰਭਾਲ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਟੈਲੀਮੈਡੀਸਿਨ, ਖਾਸ ਕਰਕੇ ਦੂਰ-ਦੁਰਾਡੇ ਅਤੇ ਪਿਛੜੇ ਇਲਾਕਿਆਂ ਵਿੱਚ ਗੁਣਵੱਤਾਪੂਰਨ ਸਿਹਤ ਸੰਭਾਲ ਦੀ ਉਪਲਬਧਤਾ ਨਾਲ ਸਬੰਧਿਤ ਕਮੀਆਂ ਨੂੰ ਦੂਰ ਕਰਨ ਦਾ ਇੱਕ ਕਾਰਗਰ ਸਾਧਨ ਹੈ। ਉਨ੍ਹਾਂ ਨੇ ਟੈਲੀਮੈਡੀਸਿਨ ਦੀ ਸੁਵਿਧਾ ਨੂੰ ਸਰਗਰਮ ਪੂਰਵਕ ਅਤੇ ਕੁਸ਼ਲਤਾ ਨਾਲ ਅਪਣਾਉਣ ਅਤੇ ਲਾਗੂ ਕਰਨ ਲਈ ਰਾਜ ਦੀ ਸ਼ਲਾਘਾ ਕੀਤੀ।

ਸ਼੍ਰੀ ਨੱਡਾ ਨੇ ਟੀਬੀ ਦੇ ਖਾਤਮੇ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ ਅਤੇ ਜਾਂਚ, ਡਾਇਗਨੌਸਟਿਕ, ਇਲਾਜ ਦਾ ਪਾਲਣ ਅਤੇ ਪੋਸ਼ਣ ਸਬੰਧੀ ਸਹਾਇਤਾ ‘ਤੇ ਵਧੇਰੇ ਧਿਆਨ ਦਿੰਦੇ ਹੋਏ ਟੀਚਾਗਤ ਅਤੇ ਜ਼ਿਲ੍ਹਾ-ਪੱਧਰ ‘ਤੇ ਉਪਾਵਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭਾਈਚਾਰਕ ਪੱਧਰ ‘ਤੇ ਟੀਬੀ ਦੀ ਜਾਂਚ ਨੂੰ ਮਜ਼ਬੂਤ ਕਰਨ ਲਈ ਏਆਈ-ਅਧਾਰਿਤ ਐਕਸ-ਰੇਅ ਯੂਨਿਟਾਂ ਸ਼ੁਰੂ ਕੀਤੀਆਂ ਗਈਆਂ ਹਨ, ਜਦੋਂ ਕਿ ਡਰੱਗ ਰੋਧਕ ਟੀਬੀ ਸਮੇਤ ਵੱਖ-ਵੱਖ ਤਰ੍ਹਾਂ ਦੀ ਟੀਬੀ ਦਾ ਜਲਦੀ ਪਤਾ ਲਗਾਉਣ ਲਈ ਬਲਾਕ ਪੱਧਰ ‘ਤੇ ਐੱਨਏਏਟੀ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ।  ਭਾਈਚਾਰਕ ਭਾਗੀਦਾਰੀ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ 350 ਤੋਂ ਵੱਧ ਮਾਈ ਭਾਰਤ ਸਵੈਮ ਸੇਵਕ ਨਿਕਸ਼ੈ ਮਿੱਤਰ ਪਹਿਲ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੇ ਮਨੋ-ਵਿਗਿਆਨਿਕ-ਸਮਾਜਿਕ ਸਹਾਇਤਾ ਦੇ ਨਾਲ-ਨਾਲ ਲਗਾਤਾਰ ਭਾਈਚਾਰਕ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਲਈ ਟੀਬੀ ਦੇ ਮਰੀਜ਼ਾਂ ਦੇ ਨਾਲ ਉਨ੍ਹਾਂ ਦੇ ਪ੍ਰਭਾਵਸ਼ਾਲੀ ਜੁੜਾਅ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸਖਤ ਨਿਗਰਾਨੀ ਦੇ ਨਾਲ ਮਿਸ਼ਨ ਮੋਡ ਵਿੱਚ ਟੀਬੀ ਦੇ ਖਾਤਮੇ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਵਿਧਾਇਕਾਂ ਲਈ ਜਾਗਰੂਕਤਾ ਵਰਕਸ਼ੌਪ ਆਯੋਜਿਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਚੀਫ ਮੈਡੀਕਲ ਅਫਸਰਾਂ (ਸੀਐੱਮਓ) ਦੇ ਨਾਲ ਨਿਯਮਿਤ ਜੁੜਾਅ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਸਮੀਖਿਆ ਵਿਧੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਸਿਹਤ ਸੇਵਾਵਾਂ ਦੇ ਨਤੀਜਾਂ ਨੂੰ ਬਿਹਤਰ ਬਣਾਉਣ, ਜਵਾਬਦੇਹੀ ਅਤੇ ਸਿਹਤ ਪ੍ਰੋਗਰਾਮਾਂ ਵਿੱਚ ਜਨਤਾ ਦਾ ਭਰੋਸਾ ਵਧਾਉਣ ਲਈ ਜਨਤਕ ਭਾਗੀਦਾਰੀ ਬੇਹੱਦ ਜ਼ਰੂਰੀ ਹੈ।

ਪੂਰੇ ਸਹਿਯੋਗ ਦਾ ਭਰੋਸਾ ਦਿੰਦੇ ਹੋਏ, ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਲਾਗੂਕਰਨ ਨੂੰ ਮਜ਼ਬੂਤ ਬਣਾਉਣ ਅਤੇ ਪੂਰੇ ਰਾਜ ਵਿੱਚ ਸਿਹਤ ਸਬੰਧੀ ਬਿਹਤਰ ਨਤੀਜੇ ਦੇਣ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰਦੀ ਰਹੇਗੀ।

ਕੇਂਦਰ-ਰਾਜ ਸਹਿਯੋਗ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਐੱਨਐੱਚਐੱਮ ਨਾਲ ਜੁੜੇ ਕਦਮਾਂ, ਪੀਪੀਪੀ ਮਾਡਲ, ਮੈਡੀਕਲ ਸਿੱਖਿਆ ਦੇ ਵਿਸਤਾਰ, ਵਿਵਹਾਰਿਕ ਪਾੜੇ ਦੀ ਫੰਡਿੰਗ (ਵਾਏਬਿਲਿਟੀ ਗੈਪ ਫੰਡਿੰਗ) ਅਤੇ ਆਧੁਨਿਕ ਅਤੇ ਕਿਫਾਇਤੀ ਸਿਹਤ ਸੇਵਾ ਦੇਣ ਲਈ ਬੁਨਿਆਦੀ ਢਾਂਚੇ ਸਬੰਧੀ ਸਹਿਯੋਗ ਦੇ ਜ਼ਰੀਏ ਹਰਿਆਣਾ ਨੂੰ ਕੇਂਦਰ ਦੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਰਾਜ ਨੂੰ ਸਾਰੀਆਂ ਜ਼ਰੂਰੀ ਤਕਨੀਕੀ ਟ੍ਰੇਨਿੰਗਾਂ  ਅਤੇ ਸਹਾਇਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਸੁਧਾਰ ਲਈ ਮਿਸ਼ਨ-ਮੋਡ ਪਹੁੰਚ ਦੇ ਤਹਿਤ ਆਉਣ ਵਾਲੇ ਦਿਨਾਂ ਵਿੱਚ ਦੂਸਰੇ ਰਾਜਾਂ ਦੇ ਸਿਹਤ ਮੰਤਰੀਆਂ ਦੇ ਨਾਲ ਵੀ ਇਸੇ ਤਰ੍ਹਾਂ ਦੀਆਂ ਸਲਾਹ-ਮਸ਼ਵਰਾ ਮੀਟਿੰਗਾਂ ਕੀਤੀਆਂ ਜਾਣਗੀਆਂ। ਸ਼੍ਰੀ ਨੱਡਾ ਨੇ ਪਿਛਲੇ ਹਫਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਸਿਹਤ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ।

ਮੀਟਿੰਗ ਦੀ ਸਮਾਪਤੀ ਦਵਾਈਆਂ ਦੀ ਰੈਗੂਲੇਟਰੀ ਨੂੰ ਮਜ਼ਬੂਤ ਕਰਨ, ਡਾਇਗਨੌਸਟਿਕ ਸੇਵਾਵਾਂ ਨੂੰ ਬਿਹਤਰ ਬਣਾਉਣ, ਹਸਪਤਾਲ ਪ੍ਰਸ਼ਾਸਨ ਨੂੰ ਪੇਸ਼ੇਵਰ ਬਣਾਉਣ, ਮੈਡੀਕਲ ਸਿੱਖਿਆ ਦੀ ਸਮਰੱਥਾ ਵਧਾਉਣ ਅਤੇ ਟੀਬੀ ਦੇ ਖਾਤਮੇ ਦੀ ਦਿਸ਼ਾ ਵਿੱਚ ਤਰੱਕੀ ਨੂੰ ਤੇਜ਼ ਕਰਨ ਦੀ ਸਮੂਹਿਕ ਵਚਨਬੱਧਤਾ ਦੇ ਨਾਲ ਹੋਈ, ਜੇ ਜਨਤਕ ਸਿਹਤ ਸੰਭਾਲ ਦੇ ਖੇਤਰ ਵਿੱਚ ਸਹਿਕਾਰੀ ਸੰਘਵਾਦ ਦੇ ਸਿਧਾਂਤਾਂ ਨੂੰ ਰੇਖਾਂਕਿਤ ਕਰਦਾ ਹੈ।

ਹਰਿਆਣਾ ਰਾਜ ਵੱਲੋਂ ਇਸ ਮੀਟਿੰਗ ਵਿੱਚ ਹਰਿਆਣਾ ਸਰਕਾਰ ਦੀ ਮਾਣਯੋਗ ਸਿਹਤ ਮੰਤਰੀ ਸੁਸ਼੍ਰੀ ਆਰਤੀ ਸਿੰਘ ਰਾਓ; ਐਡੀਸ਼ਨਲ ਚੀਫ ਸਕੱਤਰ (ਸਿਹਤ) ਸ਼੍ਰੀ ਸੁਧੀਰ ਰਾਜਪਾਲ; ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ ਕਮਿਸ਼ਨਰ ਸ਼੍ਰੀ ਮਨੋਜ ਕੁਮਾਰ; ਸਟੇਟ ਡਰੱਗ ਕੰਟਰੋਲਰ ਸ਼੍ਰੀ ਲਲਿਤ ਗੋਇਲ; ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਵੀਰੇਂਦਰ ਯਾਦਵ; ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ, ਭਿਵਾਨੀ ਦੇ ਡਾਇਰੈਕਟਰ ਡਾ. ਧੀਰਜ ਪਰਿਹਾਰ; ਮੈਡੀਕਲ ਸਿੱਖਿਆ ਦੇ ਜੁਆਇੰਟ ਡਾਇਰੈਕਟਰ ਡਾ. ਮਾਲਤੀ; ਜੁਆਇੰਟ ਕਮਿਸ਼ਨਰ (ਖੁਰਾਕ) ਸ਼੍ਰੀ ਪ੍ਰਿਥਵੀ ਸਿੰਘ; ਅਤੇ ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ, ਭਿਵਾਨੀ, ਹਰਿਆਣਾ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਰਾਜੇਸ਼ ਕੁਮਾਰ ਸਿਹਮਾਰ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ ਕੇਂਦਰ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ; ਐਡੀਸ਼ਨਲ ਸਕੱਤਰ (ਮੈਡੀਕਲ ਸਿੱਖਿਆ) ਡਾ. ਵਿਨੋਦ ਕੋਟਵਾਲ; ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ (ਐੱਨਐੱਚਐੱਮ) ਸੁਸ਼੍ਰੀ ਆਰਾਧਨਾ ਪਟਨਾਇਕ; ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰੀ ਅਥਾਰਿਟੀ (ਐੱਫਐੱਸਐੱਸਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਜਿਤ ਪੁੰਹਾਨੀ; ਅਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਡਾ. ਰਾਜੀਵ ਸਿੰਗ ਰਘੂਵੰਸ਼ੀ ਸਮੇਤ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

************

ਐੱਸਆਰ/ਆਰ


(रिलीज़ आईडी: 2209786) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी