ਵਣਜ ਤੇ ਉਦਯੋਗ ਮੰਤਰਾਲਾ
ਭਾਰਤ-ਓਮਾਨ ਮੁਕਤ ਵਪਾਰ ਸਮਝੌਤਾ ਪ੍ਰਮੁੱਖ ਖੇਤਰਾਂ ਵਿੱਚ ਨਵੇਂ ਮੌਕੇ ਖੋਲ੍ਹੇਗਾ: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ
ਭਾਰਤ ਓਮਾਨ ਦੇ ਤੀਜੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਵਜੋਂ ਉਭਰਿਆ ਹੈ; ਭਾਰਤੀ ਨਿਵੇਸ਼ 5 ਅਰਬ ਅਮਰੀਕੀ ਡਾਲਰ ਤੋਂ ਵੱਧ ਹੈ: ਸ਼੍ਰੀ ਕੈਸ ਅਲ ਯੂਸਫ਼, ਵਣਜ, ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ, ਓਮਾਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਆਗਾਮੀ ਓਮਾਨ ਯਾਤਰਾ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰਾ ਹੋਣ ਦੇ ਜਸ਼ਨ ਦੇ ਸਮੇਂ ਹੋ ਰਹੀ ਹੈ: ਸ਼੍ਰੀ ਗੋਇਲ
ਊਰਜਾ ਤਬਦੀਲੀ, ਬੁਨਿਆਦੀ ਢਾਂਚਾ ਅਤੇ ਇਨੋਵੇਸ਼ਨ ਨੂੰ ਭਾਰਤ-ਓਮਾਨ ਸਹਿਯੋਗ ਦੇ ਭਵਿੱਖ ਦੇ ਥੰਮ੍ਹਾਂ ਵਜੋਂ ਰੇਖਾਂਕਿਤ ਕੀਤਾ ਗਿਆ
प्रविष्टि तिथि:
17 DEC 2025 4:57PM by PIB Chandigarh
ਭਾਰਤ-ਓਮਾਨ ਮੁਕਤ ਵਪਾਰ ਸਮਝੌਤਾ ਟੈਕਸਟਾਈਲ, ਫੂਡ ਪ੍ਰੋਸੈੱਸਿੰਗ, ਆਟੋਮੋਬਾਈਲ, ਰਤਨ ਅਤੇ ਗਹਿਣੇ, ਖੇਤੀਬਾੜੀ ਰਸਾਇਣ, ਨਵਿਆਉਣਯੋਗ ਊਰਜਾ ਅਤੇ ਆਟੋ ਕੰਪੋਨੈਂਟਸ ਸਮੇਤ ਕਈ ਖੇਤਰਾਂ ਵਿੱਚ ਮਹੱਤਵਪੂਰਨ ਮੌਕੇ ਖੋਲ੍ਹਦਾ ਹੈ। ਇਹ ਗੱਲ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਮਸਕਟ ਵਿੱਚ ਆਯੋਜਿਤ ਭਾਰਤ-ਓਮਾਨ ਵਪਾਰ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਹੀ। ਸ਼੍ਰੀ ਗੋਇਲ ਨੇ ਖਾੜੀ ਸਹਿਯੋਗ ਪ੍ਰੀਸ਼ਦ (ਜੀਸੀਸੀ), ਪੂਰਬੀ ਯੂਰੋਪ, ਮੱਧ ਏਸ਼ੀਆ ਅਤੇ ਅਫਰੀਕਾ ਲਈ ਇੱਕ ਪ੍ਰਵੇਸ਼ ਦੁਆਰ ਵਜੋਂ ਓਮਾਨ ਦੀ ਰਣਨੀਤਕ ਸਥਿਤੀ ਨੂੰ ਰੇਖਾਂਕਿਤ ਕੀਤਾ, ਜੋ ਭਾਰਤੀ ਕਾਰੋਬਾਰਾਂ ਲਈ ਬਿਹਤਰ ਬਜ਼ਾਰ ਪਹੁੰਚ ਪ੍ਰਦਾਨ ਕਰਦਾ ਹੈ।
ਓਮਾਨ ਦੇ ਵਣਜ, ਉਦਯੋਗ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਸ਼੍ਰੀ ਕਾਇਸ ਅਲ ਯੂਸਫ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਓਮਾਨ ਦੇ ਤੀਜੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਵਜੋਂ ਉਭਰਿਆ ਹੈ ਅਤੇ ਓਮਾਨ ਵੱਖ-ਵੱਖ ਰਣਨੀਤਕ ਖੇਤਰਾਂ ਵਿੱਚ ਭਾਰਤੀ ਨਿਵੇਸ਼ਾਂ ਲਈ ਇੱਕ ਮਹੱਤਵਪੂਰਨ ਮੰਜ਼ਿਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 2020 ਤੋਂ ਓਮਾਨ ਵਿੱਚ ਭਾਰਤੀ ਨਿਵੇਸ਼ ਤਿੰਨ ਗੁਣਾ ਤੋਂ ਵੱਧ ਹੋ ਕੇ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ, ਜਿਸ ਵਿੱਚ ਗ੍ਰੀਨ ਸਟੀਲ, ਗ੍ਰੀਨ ਅਮੋਨੀਆ, ਐਲੂਮੀਨੀਅਮ ਨਿਰਮਾਣ ਅਤੇ ਲੌਜਿਸਟਿਕਸ ਵਰਗੇ ਖੇਤਰ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਨਿਵੇਸ਼ ਇੱਕ ਲੰਬੇ ਸਮੇਂ ਦੇ ਸੰਚਾਲਨ ਅਧਾਰ ਵਜੋਂ ਓਮਾਨ ਵਿੱਚ ਭਾਰਤ ਦੇ ਵਿਸ਼ਵਾਸ ਨੂੰ ਦਰਸਾਉਂਦੇ ਹਨ।
ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੇ ਆਗਾਮੀ ਮੁਕਤ ਵਪਾਰ ਸਮਝੌਤੇ ਨੂੰ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪਲ ਦੱਸਦਿਆਂ, ਸ਼੍ਰੀ ਗੋਇਲ ਨੇ ਕਿਹਾ ਕਿ ਇਹ ਲਗਭਗ ਦੋ ਦਹਾਕਿਆਂ ਵਿੱਚ ਓਮਾਨ ਵੱਲੋਂ ਦਸਤਖਤ ਕੀਤਾ ਗਿਆ ਪਹਿਲਾ ਮੁਕਤ ਵਪਾਰ ਸਮਝੌਤਾ ਹੋਵੇਗਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸਦੀਆਂ ਪੁਰਾਣੇ ਸਮੁੰਦਰੀ ਸਬੰਧਾਂ ਨੂੰ ਯਾਦ ਕੀਤਾ, ਜਿਸ ਵਿੱਚ ਲੋਥਲ ਵਰਗੇ ਪੋਰਟਸ ਰਾਹੀਂ ਇਤਿਹਾਸਿਕ ਵਪਾਰਕ ਅਦਾਨ-ਪ੍ਰਦਾਨ ਸ਼ਾਮਲ ਹੈ, ਜੋ ਭਾਰਤ-ਓਮਾਨ ਸਬੰਧਾਂ ਦੇ ਅਟੁੱਟ ਸੁਭਾਅ ਨੂੰ ਉਜਾਗਰ ਕਰਦੇ ਹਨ।
ਮੰਤਰੀ ਮਹੋਦਯ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਓਮਾਨ ਦੀ ਆਗਾਮੀ ਯਾਤਰਾ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੇ 70 ਵਰ੍ਹਿਆਂ ਦੇ ਜਸ਼ਨ ਦੇ ਸਮੇਂ ਹੋ ਰਹੀ ਹੈ। ਉਨ੍ਹਾਂ ਨੇ ਭਾਰਤ ਦੁਆਰਾ 2023 ਵਿੱਚ ਜੀ20 ਦੀ ਪ੍ਰਧਾਨਗੀ ਦੌਰਾਨ ਓਮਾਨ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦੇਣ ਦੇ ਫੈਸਲੇ ਨੂੰ ਯਾਦ ਕੀਤਾ, ਜੋ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਆਪਸੀ ਵਿਸ਼ਵਾਸ ਅਤੇ ਰਣਨੀਤਕ ਭਾਈਵਾਲੀ ਦਾ ਪ੍ਰਤੀਕ ਹੈ।
ਸ਼੍ਰੀ ਗੋਇਲ ਨੇ ਪੇਸ਼ੇਵਰ ਸੇਵਾਵਾਂ, ਲੇਖਾਕਾਰੀ, ਕਾਰੋਬਾਰੀ ਪ੍ਰਕਿਰਿਆ ਰੀ-ਇੰਜੀਨੀਅਰਿੰਗ, ਖੋਜ ਅਤੇ ਵਿਕਾਸ, ਟੂਰਿਜ਼ਮ, ਸਿਹਤ ਸੰਭਾਲ ਅਤੇ ਸਿੱਖਿਆ ਵਰਗੀਆਂ ਸੇਵਾਵਾਂ ਵਿੱਚ ਸਹਿਯੋਗ ਦੀ ਸੰਭਾਵਨਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਵਿੱਖ ਵਿੱਚ ਸਹਿਯੋਗ ਲਈ ਚਾਰ ਵਿਆਪਕ ਖੇਤਰਾਂ ਦੀ ਪਛਾਣ ਕੀਤੀ: ਊਰਜਾ ਤਬਦੀਲੀ, ਜਿਸ ਵਿੱਚ ਗ੍ਰੀਨ ਹਾਈਡ੍ਰੋਜਨ ਅਤੇ ਨਵਿਆਉਣਯੋਗ ਊਰਜਾ ਸ਼ਾਮਲ ਹੈ; ਬੁਨਿਆਦੀ ਢਾਂਚਾ ਵਿਕਾਸ, ਜਿਸ ਵਿੱਚ ਪੋਰਟਸ ਅਤੇ ਮਲਟੀਮੋਡਲ ਲੌਜਿਸਟਿਕਸ ਸ਼ਾਮਲ ਹਨ; ਕੋਲਡ ਚੇਨਾਂ ਅਤੇ ਫੂਡ ਪਾਰਕਾਂ ਰਾਹੀਂ ਭੋਜਨ ਸੁਰੱਖਿਆ; ਅਤੇ ਸਟਾਰਟਅੱਪ ਈਕੋਸਿਸਟਮ ਦੇ ਅੰਦਰ ਸਹਿਯੋਗ, ਖਾਸ ਕਰਕੇ ਡੂੰਘੀ ਤਕਨੀਕ, ਲੌਜਿਸਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰਾਂ ਵਿੱਚ।
ਨੌਜਵਾਨ-ਅਗਵਾਈ ਵਾਲੇ ਵਿਕਾਸ 'ਤੇ ਸਾਂਝੇ ਜ਼ੋਰ ਦਾ ਜ਼ਿਕਰ ਕਰਦੇ ਹੋਏ, ਮੰਤਰੀ ਮਹੋਦਯ ਨੇ ਭਾਰਤ ਦੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਅਤੇ ਓਮਾਨ ਦੇ ਦ੍ਰਿਸ਼ਟੀਕੋਣ 2040 ਦਰਮਿਆਨ ਸਮਾਨਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਯੁਵਾ ਊਰਜਾ ਅਤੇ ਉੱਦਮਸ਼ੀਲਤਾ ਲੰਬੇ ਸਮੇਂ ਦੇ ਆਰਥਿਕ ਸਹਿਯੋਗ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦੀ ਹੈ।
ਸ਼੍ਰੀ ਗੋਇਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਸ਼ਵਾਸ, ਸਾਂਝਾ ਇਤਿਹਾਸ ਅਤੇ ਪੂਰਕ ਸਮਰੱਥਾਵਾਂ 'ਤੇ ਬਣੀ ਭਾਰਤ-ਓਮਾਨ ਭਾਈਵਾਲੀ ਵਿਕਾਸ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਹੋਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਦੇ ਕਾਰੋਬਾਰ, ਭਰੋਸੇਮੰਦ ਭਾਈਵਾਲਾਂ ਵਜੋਂ ਇਕੱਠੇ ਕੰਮ ਕਰਦੇ ਹੋਏ, ਮਜ਼ਬੂਤ ਦੁਵੱਲੇ ਸਬੰਧਾਂ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਪੂਰੀ ਤਰ੍ਹਾਂ ਲਾਭ ਉਠਾ ਸਕਦੇ ਹਨ।
***
ਅਭਿਸ਼ੇਕ ਦਿਆਲ/ਸ਼ਬੀਰ ਆਜ਼ਾਦ/ਅਨੁਸ਼ਕਾ ਪਾਂਡੇ
(रिलीज़ आईडी: 2207813)
आगंतुक पटल : 41