ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਉੱਤਰ ਪ੍ਰਦੇਸ਼ ਵਿੱਚ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਦੇ 21ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਕੇਂਦਰੀ ਸਿਹਤ ਮੰਤਰੀ ਨੇ ਮੈਡੀਕਲ ਸਬੰਧੀ ਬੁਨਿਆਦੀ ਢਾਂਚੇ ਵਿੱਚ ਇੱਕ ਦਹਾਕੇ ਦੀ ਤਰੱਕੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੱਥੇ ਪਿਛਲੀ ਸ਼ਤਾਬਦੀ ਦੇ ਅੰਤ ਵਿੱਚ ਦੇਸ਼ ਵਿੱਚ ਸਿਰਫ਼ ਇੱਕ ਏਮਸ ਸੀ, ਉੱਥੇ ਹੀ ਅੱਜ ਪੂਰੇ ਭਾਰਤ ਵਿੱਚ 23 ਏਮਸ ਸੰਸਥਾਨ ਹਨ ਜੋ ਹਰ ਖੇਤਰ ਵਿੱਚ ਗੁਣਵੱਤਾਪੂਰਨ ਸਿਹਤ ਸੰਭਾਲ ਅਤੇ ਮੈਡੀਕਲ ਟ੍ਰੇਨਿੰਗ ਦੇ ਵਿਸਤਾਰ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ

ਸ਼੍ਰੀ ਨੱਡਾ ਨੇ ਕੇਜੀਐੱਮਯੂ ਦੇ ਗ੍ਰੈਜੂਏਟਾਂ ਨੂੰ ਉੱਤਮਤਾ ਬਣਾਏ ਰੱਖਣ ਅਤੇ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ

ਐੱਮਬੀਬੀਐੱਸ, ਬੀਡੀਐੱਸ, ਐੱਮਡੀ/ਐੱਮਐੱਸ, ਡੀਐੱਮ/ਐੱਮ.ਸੀ.ਐੱਚ., ਐੱਮਡੀਐੱਸ, ਐੱਮਐੱਸਸੀ, ਨਰਸਿੰਗ ਅਤੇ ਫੈਕਲਟੀ ਸ਼੍ਰੇਣੀਆਂ ਵਿੱਚ ਸ਼ਾਨਦਾਰ ਵਿਦਿਅਕ, ਕਲੀਨਿਕਲ ਅਤੇ ਖੋਜ ਉਪਲਬਧੀਆਂ ਲਈ 81 ਵਿਦਿਆਰਥੀਆਂ ਅਤੇ ਇੱਕ ਫੈਕਲਟੀ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ

Posted On: 20 DEC 2025 4:29PM by PIB Chandigarh

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਲਖਨਊ ਵਿੱਚ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ (ਕੇਜੀਐੱਮਯੂ) ਦੇ 21ਵੇਂ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉਪ-ਮੁੱਖ ਮੰਤਰੀ ਅਤੇ ਮੈਡੀਕਲ ਸਿਖਿਆ, ਮੈਡੀਕਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ, ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਕੁਮਾਰ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਮਯੰਕੇਸ਼ਵਰ ਸ਼ਰਣ ਸਿੰਘ ਅਤੇ ਕੇਂਦਰੀ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਕੁਮਾਰ ਸੂਦ ਵੀ ਮੌਜੂਦ ਸਨ।

ਸ਼੍ਰੀ ਨੱਡਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਾਰਤ ਨੂੰ ਮੈਡੀਕਲ ਸਾਇੰਸ ਸਿੱਖਿਆ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ ਕੇਜੀਐੱਮਯੂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਕੇਜੀਐੱਮਯੂ ਨੂੰ 2025 ਦੀ ਐੱਨਆਈਆਰਐੱਫ ਰੈਂਕਿੰਗ ਵਿੱਚ 8ਵਾਂ ਸਥਾਨ ਮਿਲਿਆ ਹੈ ਅਤੇ ਇਸ ਦੇ 12 ਫੈਕਲਟੀ ਮੈਂਬਰਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਟੌਪ 2 ਪ੍ਰਤੀਸ਼ਤ ਵਿਗਿਆਨਿਕਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਇੱਕ ਜ਼ਿਕਰਯੋਗ ਉਪਲਬਧੀ ਹੈ।”

ਸ਼੍ਰੀ ਨੱਡਾ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੀ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਹਾਸਲ ਕੀਤੀ ਗਈ ਜ਼ਿਕਰਯੋਗ ਤਰੱਕੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੱਥੇ ਪਿਛਲੀ ਸ਼ਤਾਬਦੀ ਦੇ ਅੰਤ ਵਿੱਚ ਦੇਸ਼ ਵਿੱਚ ਸਿਰਫ਼ ਇੱਕ ਏਮਸ ਸੀ ਉੱਥੇ ਹੀ ਅੱਜ ਪੂਰੇ ਭਾਰਤ ਵਿੱਚ 23 ਏਮਸ ਸੰਸਥਾਨ ਹਨ। ਇਹ ਹਰ ਖੇਤਰ ਵਿੱਚ ਗੁਣਵੱਤਾਪੂਰਨ ਸਿਹਤ ਸੰਭਾਲ ਅਤੇ ਮੈਡੀਕਲ ਟ੍ਰੇਨਿੰਗ ਦਾ ਵਿਸਤਾਰ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 387 ਤੋਂ ਵਧ ਕੇ 819 ਹੋ ਗਈਆਂ ਹਨ। ਇਸੇ ਤਰ੍ਹਾਂ, ਅੰਡਰਗ੍ਰੈਜੂਏਟ ਮੈਡੀਕਲ ਸੀਟਾਂ ਦੀ ਸੰਖਿਆ 51,000 ਤੋਂ ਵਧ ਕੇ 1,19,000 ਅਤੇ ਪੋਸਟ ਗ੍ਰੈਜੂਏਟ ਸੀਟਾਂ ਦੀ ਸੰਖਿਆ 31,000 ਤੋਂ ਵਧ ਕੇ 80,000 ਹੋ ਗਈਆਂ ਹਨ। ਸ਼੍ਰੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 2029 ਤੱਕ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੋਵਾਂ ਪੱਧਰਾਂ ‘ਤੇ 75,000 ਵਾਧੂ ਸੀਟਾਂ ਜੋੜੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 23,000 ਤੋਂ ਵੱਧ ਸੀਟਾਂ ਇੱਕ ਸਾਲ ਵਿੱਚ ਹੀ ਜੋੜੀਆਂ ਜਾ ਚੁੱਕੀਆਂ ਹਨ।

ਸ਼੍ਰੀ ਨੱਡਾ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅੱਜ ਦੇਸ਼ ਵਿੱਚ 18 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ ਕੰਮ ਕਰ ਰਹੇ ਹਨ ਜੋ ਲੋਕਾਂ ਨੂੰ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸਰਵਿਸਿਸ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ, ਆਯੁਸ਼ਮਾਨ ਭਾਰਤ-ਪੀਐੱਮਜੇਏਵਾਈ ਯੋਜਨਾ ਦੇ ਤਹਿਤ ਭਾਰਤ ਦੀ 40 ਪ੍ਰਤੀਸ਼ਤ ਤੋਂ ਵੱਧ ਆਬਾਦੀ ਯਾਨੀ 62 ਕਰੋੜ ਤੋਂ ਵੱਧ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਮਿਲ ਰਿਹਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਕਿਹਾ “ਬੁਨਿਆਦੀ ਸਿੱਖਿਆ ਹਰ ਕਿਸੇ ਦਾ ਜਨਮ ਸਿੱਧ ਅਧਿਕਾਰ ਹੈ, ਲੇਕਿਨ ਪੇਸ਼ੇਵਰ ਸਿੱਖਿਆ ਇੱਕ ਵਿਸ਼ੇਸ਼ ਅਧਿਕਾਰ ਹੈ ਜੋ ਸਮਾਜ ਸਿਰਫ਼ ਕੁਝ ਹੀ ਲੋਕਾਂ ਨੂੰ ਪ੍ਰਦਾਨ ਕਰਦਾ ਹੈ।” ਉਨ੍ਹਾਂ ਨੇ ਇਹ ਜ਼ਿਕਰ ਕੀਤਾ ਕਿ ਸਰਕਾਰ ਹਰੇਕ ਐੱਮਬੀਬੀਐੱਸ ਵਿਦਿਆਰਥੀ ‘ਤੇ 30 ਤੋਂ 35 ਲੱਖ ਰੁਪਏ ਖਰਚ ਕਰਦੀ ਹੈ ਅਤੇ ਨਵੇਂ ਡਾਕਟਰਾਂ ਨੂੰ ਤਾਕੀਦ ਕਰਦੀ ਹੈ ਕਿ ਉਹ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕਰਦੇ ਹੀ ਸਮਾਜ ਦੇ ਪ੍ਰਤੀ ਵਧੇਰੇ ਜ਼ਿੰਮੇਵਾਰੀਆਂ ਨਿਭਾਉਣ।

ਸ਼੍ਰੀ ਨੱਡਾ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਗ੍ਰੈਜੂਏਟ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੋਜ ਖੇਤਰ ਵਿੱਚ ਸਰਗਰਮ ਯੋਗਦਾਨ ਦੇਣ ਅਤੇ ਆਪਣੇ ਪੇਸ਼ੇਵਰ ਅਤੇ ਨੈਤਿਕ ਆਚਰਣ ਵਿੱਚ ਉੱਤਮਤਾ ਰਾਹੀਂ ਕੇਜੀਐੱਮਯੂ ਦੀ ਪ੍ਰਤਿਸ਼ਠਿਤ ਵਿਰਾਸਤ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਆਜੀਵਨ ਸਿੱਖਣ ਵਾਲੇ ਅਤੇ ਨਵੀਨਤਾਕਾਰੀ ਬਣੇ ਰਹਿਣ, ਮੈਡੀਕਲ ਸਾਇੰਸ ਨੂੰ ਅੱਗੇ ਵਧਾਉਣ ਅਤੇ ਦਇਆ ਦੇ ਨਾਲ ਸਮਾਜ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ।

 

ਸ਼੍ਰੀ ਬ੍ਰਜੇਸ਼ ਪਾਠਕ ਨੇ ਯੁਵਾ ਡਾਕਟਰਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਕੇਜੀਐੱਮਯੂ 120 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਮੈਡੀਕਲ ਸਿੱਖਿਆ, ਖੋਜ ਅਤੇ ਮਨੁੱਖਤਾ ਦੀ ਸੇਵਾ ਦੇ ਖੇਤਰ ਵਿੱਚ ਇੱਕ ਮਿਸਾਲ ਕਾਇਮ ਕਰ ਰਿਹਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੈਡੀਕਲ ਖੇਤਰ ਵਿੱਚ ਹੋਈ ਤਰੱਕੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ “2017 ਵਿੱਚ ਸਰਕਾਰੀ ਖੇਤਰ ਵਿੱਚ ਸਿਰਫ਼ 17 ਅਤੇ ਨਿਜੀ ਖੇਤਰ ਵਿੱਚ 23 ਮੈਡੀਕਲ ਕਾਲਜ ਸਨ ਅਤੇ ਅੱਜ ਰਾਜ ਵਿੱਚ ਕੁੱਲ 81 ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਮੈਡੀਕਲ ਕਾਲਜ ਹੋ ਗਏ ਹਨ।” ਉਨ੍ਹਾਂ ਨੇ ਅੱਗੇ ਕਿਹਾ “ਅੱਜ ਸਾਰੇ 75 ਜ਼ਿਲ੍ਹਿਆਂ ਵਿੱਚ ਡਾਇਲਸਿਸ ਅਤੇ ਸੀਟੀ ਸਕੈਨ ਦੀ ਸੁਵਿਧਾ ਉਪਲਬਧ ਹੈ, ਐੱਨਐੱਚਐੱਮ ਰਾਹੀਂ 5,000 ਤੋਂ ਵੱਧ ਆਬਾਦੀ ਵਾਲੇ ਖੇਤਰਾਂ ਵਿੱਚ ਆਯੁਸ਼ਮਾਨ ਆਰੋਗਯ ਮੰਦਿਰ ਸਥਾਪਿਤ ਕੀਤੇ ਗਏ ਹਨ, ਅਤੇ ਵਾਧੂ ਆਈਸੀਯੂ ਬੈੱਡ ਰਾਹੀਂ ਤੀਜੇ ਦਰਜੇ ਦੀਆਂ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ।”

ਇਸ ਮੌਕੇ ‘ਤੇ ਐੱਮਬੀਬੀਐੱਸ, ਬੀਡੀਐੱਸ, ਐੱਮਡੀ/ਐੱਮਐੱਸ, ਡੀਐੱਮ/ਐੱਮ.ਸੀ.ਐੱਚ,, ਐੱਮਡੀਐੱਸ, ਐੱਮਐੱਸਸੀ, ਨਰਸਿੰਗ ਅਤੇ ਫੈਕਲਟੀ ਸ਼੍ਰੇਣੀਆਂ ਵਿੱਚ ਸ਼ਾਨਦਾਰ ਵਿਦਿਅਕ, ਕਲੀਨਿਕਲ ਅਤੇ ਖੋਜ ਉਪਲਬਧੀਆਂ ਲਈ 81 ਵਿਦਿਆਰਥੀਆਂ ਅਤੇ ਇੱਕ ਫੈਕਲਟੀ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ। ਪੁਰਸਕਾਰਾਂ ਵਿੱਚ ਗੋਲਡ ਅਤੇ ਸਿਲਵਰ ਮੈਡਲ, ਯੋਗਤਾ ਪ੍ਰਮਾਣ ਪੱਤਰ, ਪੁਸਤਕ ਪੁਰਸਕਾਰ, ਨਕਦ ਪੁਰਸਕਾਰ ਦੇ ਨਾਲ-ਨਾਲ ਸਰਬਸ੍ਰੇਸ਼ਠ ਖੋਜ ਪ੍ਰਬੰਧਨ ਅਤੇ ਸਰਬਸ੍ਰੇਸ਼ਠ ਰੈਜੀਡੈਂਟ ਲਈ ਪੁਰਸਕਾਰ ਸ਼ਾਮਲ ਹਨ। ਇਸ ਤੋਂ ਇਲਾਵਾ, ਮੈਡੀਕਲ ਅਤੇ ਸਬੰਧਿਤ ਵਿਸ਼ਿਆਂ ਵਿੱਚ ਸ਼ਾਨਦਾਰ ਯੋਗਦਾਨ ਲਈ ਇੱਕ ਸੀਨੀਅਰ ਫੈਕਲਟੀ ਮੈਂਬਰ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਕੇਜੀਐੱਮਯੂ ਦੀ ਵਾਈਸ-ਚਾਂਸਲਰ ਪ੍ਰੋਫੈਸਰ, ਸੋਨੀਆ ਨਿਤਿਆਨੰਦ (ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ), ਕੇਜੀਐੱਮਯੂ ਦੀ ਡੀਨ ਅਤੇ ਯੂਨੀਵਰਸਿਟੀ ਅਸੈਂਬਲੀ ਅਤੇ ਕਾਰਜਕਾਰੀ ਕੌਂਸਲ ਦੀ ਮੈਂਬਰ ਪ੍ਰੋਫੈਸਰ ਅਪਜੀਤ ਕੌਰ ਅਤੇ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*********

ਐੱਸਆਰ


(Release ID: 2207392) ਵਿਜ਼ੀਟਰ ਕਾਊਂਟਰ : 28