ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਅੰਤਰ-ਧਰਮੀ ਸੰਮੇਲਨ ਵਿੱਚ ਉਪ ਰਾਸ਼ਟਰਪਤੀ ਨੇ ਵਿਸ਼ਵ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਦਾ ਸੱਦਾ ਦਿੱਤਾ


ਗੁਰੂ ਤੇਗ਼ ਬਹਾਦਰ ਜੀ ਨੂੰ ਨਾ ਸਿਰਫ਼ ਇੱਕ ਸਿੱਖ ਗੁਰੂ ਵਜੋਂ, ਸਗੋਂ ਸਰਬ-ਉੱਚ ਕੁਰਬਾਨੀ ਅਤੇ ਨੈਤਿਕ ਹਿੰਮਤ ਦੇ ਸਰਬ-ਵਿਆਪਕ ਪ੍ਰਤੀਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ: ਉਪ ਰਾਸ਼ਟਰਪਤੀ

ਗੁਰੂ ਤੇਗ਼ ਬਹਾਦਰ ਜੀ ਅਸਹਿਣਸ਼ੀਲਤਾ ਦੇ ਯੁੱਗ ਵਿੱਚ ਦੱਬੇ-ਕੁਚਲੇ ਲੋਕਾਂ ਲਈ ਢਾਲ ਬਣ ਕੇ ਖੜ੍ਹੇ ਰਹੇ: ਉਪ ਰਾਸ਼ਟਰਪਤੀ

ਭਾਰਤ ਗੁੰਝਲਦਾਰ ਵਿਸ਼ਵ ਚੁਣੌਤੀਆਂ ਦੇ ਹੱਲ ਪੇਸ਼ ਕਰਕੇ ਦੁਨੀਆ ਦੀ ਅਗਵਾਈ ਕਰ ਰਿਹਾ ਹੈ: ਉਪ ਰਾਸ਼ਟਰਪਤੀ

ਪ੍ਰਧਾਨ ਮੰਤਰੀ ਨੇ ਉਪਨਿਸ਼ਦ ਦੇ ਆਦਰਸ਼ 'ਵਸੁਧੈਵ ਕੁਟੁੰਬਕਮ' ਨੂੰ ਵਿਸ਼ਵ-ਵਿਆਪੀ ਆਵਾਜ਼ ਦਿੱਤੀ; ਭਾਰਤ ਦਾ ਜੀ20 ਵਿਸ਼ਾ 'ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ' ਭਾਰਤੀ ਸਭਿਅਤਾ ਦੀ ਸਿਆਣਪ ਨੂੰ ਦਰਸਾਉਂਦਾ ਹੈ: ਉਪ ਰਾਸ਼ਟਰਪਤੀ
ਏਕ ਭਾਰਤ, ਸ੍ਰੇਸ਼ਠ ਭਾਰਤ ਭਾਰਤ ਦੀ ਸਭਿਅਤਾ ਦੀ ਆਤਮਾ ਨੂੰ ਦਰਸਾਉਂਦਾ ਹੈ: ਉਪ ਰਾਸ਼ਟਰਪਤੀ

प्रविष्टि तिथि: 17 DEC 2025 7:22PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਇੱਕ ਅੰਤਰ-ਧਰਮੀ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਮੇਲਨ ਵਿੱਚ ਹਿੱਸਾ ਲੈਣਾ ਬਹੁਤ ਸਨਮਾਨ ਦੀ ਗੱਲ ਹੈ ਅਤੇ ਇਸ ਨੂੰ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸਦਭਾਵਨਾ ਲਈ ਇੱਕ ਵਿਸ਼ਵ-ਵਿਆਪੀ ਸੱਦਾ ਦੱਸਿਆ।

ਉਪ ਰਾਸ਼ਟਰਪਤੀ ਨੇ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ 'ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਸ਼ਰਧਾਂਜਲੀ ਭੇਟ ਕਰਨ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਨੈਤਿਕ ਹਿੰਮਤ ਦਾ ਪ੍ਰਤੀਕ ਦੱਸਿਆ, ਜਿਨ੍ਹਾਂ ਦਾ ਜੀਵਨ ਅਤੇ ਕੁਰਬਾਨੀ ਸਮੁੱਚੀ ਮਨੁੱਖਤਾ ਲਈ ਹੈ।

ਉਪ ਰਾਸ਼ਟਰਪਤੀ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਧਾਰਮਿਕ ਆਜ਼ਾਦੀ ਦੀ ਇਤਿਹਾਸਕ ਪੁਸ਼ਟੀ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਸਿਆਸੀ ਸੱਤਾ ਜਾਂ ਕਿਸੇ ਇੱਕ ਧਰਮ ਦੀ ਉੱਤਮਤਾ ਲਈ ਨਹੀਂ, ਸਗੋਂ ਵਿਅਕਤੀਆਂ ਦੇ ਆਪਣੇ ਜ਼ਮੀਰ ਅਨੁਸਾਰ ਜਿਊਣ ਅਤੇ ਪੂਜਾ ਕਰਨ ਦੇ ਹੱਕ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕੀਤੀ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਅਸਹਿਣਸ਼ੀਲਤਾ ਦੇ ਦੌਰ ਵਿੱਚ ਉਹ ਦੱਬੇ-ਕੁਚਲੇ ਲੋਕਾਂ ਦੇ ਰਾਖੇ ਬਣ ਕੇ ਖੜ੍ਹੇ ਰਹੇ।

ਗੁਰੂ ਤੇਗ਼ ਬਹਾਦਰ ਜੀ ਦੇ ਸੁਨੇਹੇ ਦੀ ਸਦੀਵੀ ਪ੍ਰਸੰਗਿਕਤਾ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਸੀ ਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਦੁਨੀਆ ਨੂੰ ਸਿਖਾਇਆ ਕਿ ਦਇਆ ਤੋਂ ਪ੍ਰੇਰਿਤ ਹਿੰਮਤ ਸਮਾਜਾਂ ਨੂੰ ਬਦਲ ਸਕਦੀ ਹੈ ਅਤੇ ਬੇਇਨਸਾਫ਼ੀ ਦੇ ਸਾਹਮਣੇ ਚੁੱਪ ਰਹਿਣਾ ਸੱਚੇ ਵਿਸ਼ਵਾਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਦੇ ਕਾਰਨ ਗੁਰੂ ਤੇਗ਼ ਬਹਾਦਰ ਜੀ ਨੂੰ ਨਾ ਸਿਰਫ਼ ਇੱਕ ਸਿੱਖ ਗੁਰੂ ਵਜੋਂ, ਸਗੋਂ ਸਰਬ-ਉੱਚ ਕੁਰਬਾਨੀ ਅਤੇ ਨੈਤਿਕ ਹਿੰਮਤ ਦੇ ਸਰਬ-ਵਿਆਪਕ ਪ੍ਰਤੀਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ 'ਹਿੰਦ ਦੀ ਚਾਦਰ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਤਾਕਤ ਹਮੇਸ਼ਾ ਅਨੇਕਤਾ ਵਿੱਚ ਏਕਤਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਾਚੀਨ ਸਮੇਂ ਤੋਂ ਹੀ ਭਾਰਤ ਨੇ ਵੱਖ-ਵੱਖ ਧਰਮਾਂ, ਫ਼ਲਸਫ਼ਿਆਂ ਅਤੇ ਸਭਿਆਚਾਰਾਂ ਦਾ ਸਵਾਗਤ ਕੀਤਾ ਹੈ ਅਤੇ ਇਸੇ ਭਾਵਨਾ ਨੂੰ ਬਾਅਦ ਵਿੱਚ ਸੰਵਿਧਾਨ ਦੇ ਸੰਸਥਾਪਕਾਂ ਨੇ ਮੌਲਿਕ ਅਧਿਕਾਰਾਂ ਜ਼ਰੀਏ ਸਥਾਪਿਤ ਕੀਤਾ, ਜੋ ਵਿਚਾਰ, ਪ੍ਰਗਟਾਵੇ, ਭਰੋਸੇ, ਆਸਥਾ ਅਤੇ ਪੂਜਾ ਦੀ ਆਜ਼ਾਦੀ ਦੀ ਗਰੰਟੀ ਦਿੰਦੇ ਹਨ।

ਭਾਰਤ ਨੂੰ ਅਨੇਕਾਂ ਬੋਲੀਆਂ, ਸਭਿਆਚਾਰਾਂ, ਰਵਾਇਤਾਂ ਅਤੇ ਧਰਮਾਂ ਦਾ ਰਾਸ਼ਟਰ ਦੱਸਦਿਆਂ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਏਕ ਭਾਰਤ, ਸ਼੍ਰੇਸ਼ਠ ਭਾਰਤ" ਦੇ ਸੱਦੇ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਭਾਰਤ ਦੀ ਸਭਿਅਤਾ ਦੀ ਆਤਮਾ ਵਿੱਚ ਜੜਿਆ ਇੱਕ ਨਜ਼ਰੀਆ ਦੱਸਿਆ। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ।

ਸਮਕਾਲੀ ਵਿਸ਼ਵ ਚੁਣੌਤੀਆਂ ਬਾਰੇ ਬੋਲਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਨੇ ਸਫ਼ਲਤਾਪੂਰਵਕ ਜੀ20 ਦੀ ਪ੍ਰਧਾਨਗੀ ਕੀਤੀ ਅਤੇ ਉਪਨਿਸ਼ਦ ਦੇ ਫ਼ਲਸਫ਼ੇ "ਵਸੁਧੈਵ ਕੁਟੁੰਬਕਮ" ਨੂੰ "ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ" ਦੇ ਵਿਸ਼ਵ-ਵਿਆਪੀ ਵਿਸ਼ੇ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਮਿਸ਼ਨ ਲਾਈਫ ਜ਼ਰੀਏ ਜਲਵਾਯੂ ਪਰਿਵਰਤਨ ਸਮੇਤ ਗੁੰਝਲਦਾਰ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਪੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਮਨੁੱਖਤਾਵਾਦੀ ਭੂਮਿਕਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਭਾਰਤ ਨੇ "ਵੈਕਸੀਨ ਮੈਤ੍ਰੀ" ਪਹਿਲਕਦਮੀ ਦੇ ਤਹਿਤ 100 ਤੋਂ ਵੱਧ ਦੇਸ਼ਾਂ ਨੂੰ ਮੁਫ਼ਤ ਟੀਕੇ ਉਪਲਬਧ ਕਰਾਏ।

ਪ੍ਰਾਚੀਨ ਤਮਿਲ ਕਹਾਵਤ "ਯਾਧੁਮ ਓਰੇ, ਯਾਵਰੁਮ ਕੇਲਿਰ" ("याधुम ऊरे, यावरुम केलिर")  ਦਾ ਹਵਾਲਾ ਦਿੰਦੇ ਹੋਏ, ਜਿਸਦਾ ਮਤਲਬ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਸਭਿਅਤਾ ਭਾਵਨਾ ਵਿਸ਼ਵ ਸਦਭਾਵਨਾ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਭਾਰਤ ਦੀ ਭਾਵਨਾ ਵਿੱਚ ਡੂੰਘਾਈ ਨਾਲ ਸਮਾਈ ਹੋਈ ਹੈ, ਇੱਕ ਅਜਿਹਾ ਰਾਸ਼ਟਰ ਜਿੱਥੇ ਏਕਤਾ ਇਕਸਾਰਤਾ ਨਾਲ ਨਹੀਂ, ਬਲਕਿ ਆਪਸੀ ਸਤਿਕਾਰ ਅਤੇ ਸਮਝ ਨਾਲ ਬਣਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਰੂ ਤੇਗ਼ ਬਹਾਦਰ ਜੀ ਦਾ ਸੁਨੇਹਾ ਅੱਜ ਹੋਰ ਵੀ ਜ਼ਿਆਦਾ ਢੁੱਕਵਾਂ ਹੈ, ਜੋ ਮਨੁੱਖਤਾ ਨੂੰ ਯਾਦ ਦਿਵਾਉਂਦਾ ਹੈ ਕਿ ਸ਼ਾਂਤੀ ਨੂੰ ਜ਼ੋਰ ਨਾਲ ਥੋਪਿਆ ਨਹੀਂ ਜਾ ਸਕਦਾ, ਬਲਕਿ ਇਹ ਨਿਆਂ, ਹਮਦਰਦੀ ਅਤੇ ਮਨੁੱਖੀ ਮਾਣ ਲਈ ਸਤਿਕਾਰ 'ਤੇ ਅਧਾਰਿਤ ਹੋਣੀ ਚਾਹੀਦੀ ਹੈ।

ਅੰਤਰ-ਧਰਮੀ ਸੰਮੇਲਨ ਦਾ ਆਯੋਜਨ ਰਾਜ ਸਭਾ ਮੈਂਬਰ ਅਤੇ ਗਲੋਬਲ ਇੰਟਰਫੇਥ ਹਾਰਮਨੀ ਫਾਊਂਡੇਸ਼ਨ ਦੇ ਚੇਅਰਮੈਨ, ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੀਤਾ ਗਿਆ ਸੀ। ਇਸ ਸੰਮੇਲਨ ਵਿੱਚ ਜੈਨ ਆਚਾਰੀਆ ਲੋਕੇਸ਼ ਮੁਨੀ, ਨਾਮਧਾਰੀ ਸਤਿਗੁਰੂ ਉਦੈ ਸਿੰਘ, ਦਿੱਲੀ ਦੇ ਇਸਕੋਨ ਮੰਦਰ ਦੇ ਪ੍ਰਧਾਨ ਸ਼੍ਰੀ ਮੋਹਨ ਰੂਪਾ ਦਾਸ, ਅਜਮੇਰ ਦਰਗਾਹ ਸ਼ਰੀਫ ਦੇ ਹਾਜੀ ਸਈਅਦ ਸਲਮਾਨ ਚਿਸ਼ਤੀ, ਦਿੱਲੀ ਧਰਮਪ੍ਰਾਂਤ ਦੇ ਉਪ ਪ੍ਰਧਾਨ ਰੇਵ. ਫਾਦਰ ਮੋਨੋਦੀਪ ਡੈਨੀਅਲ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਸਮੇਤ ਹੋਰ ਉੱਘੇ ਧਾਰਮਿਕ ਅਤੇ ਅਧਿਆਤਮਿਕ ਆਗੂ ਮੌਜੂਦ ਸਨ।

************

ਪੀਆਰ/ ਏਐੱਸਐੱਮ


(रिलीज़ आईडी: 2205897) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Tamil , Malayalam