ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਫੁਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਟਿਊਟ ਦੇ ਗ੍ਰੈਜੁਏਟ ਵਿਦਿਆਰਥੀਆਂ ਨੂੰ ਸਰਟੀਫਿਕੇਟਸ ਦਿੱਤੇ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਗ੍ਰੈਜੂਏਟਸ ਨੂੰ ਕਾਰੀਗਰਾਂ, ਉਦਯੋਗ ਅਤੇ ਉਪਭੋਗਤਾਵਾਂ ਨਾਲ ਜੁੜਨ ਦੀ ਅਪੀਲ ਕੀਤੀ
Posted On:
01 DEC 2025 4:12PM by PIB Chandigarh
ਸ਼੍ਰੀ ਗੋਇਲ ਨੇ ਫੁਟਵੇਅਰ ਸੈਕਟਰ ਨਾਲ ਗੁਣਵੱਤਾ ਅਤੇ ਨੈਤਿਕਤਾ ਬਣਾਏ ਰੱਖਣ ਅਤੇ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, ਅੱਜ ਨਵੀਂ ਦਿੱਲੀ ਵਿੱਚ ਫੁਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਟਿਊਟ (ਐੱਫਡੀਡੀਆਈ) ਦੀ ਕਨਵੋਕੇਸ਼ਨ ਸੈਰੇਮਨੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ 500 ਤੋਂ ਵੱਧ ਗ੍ਰੈਜੁਏਟਸ ਨੂੰ ਸਰਟੀਫਿਕੇਟਸ ਦਿੱਤੇ।
ਰਾਸ਼ਟਰਪਤੀ ਨੇ ਯਾਦ ਦਿਲਾਇਆ ਕਿ ਐੱਫਡੀਡੀਆਈ ਨੂੰ 2017 ਵਿੱਚ ਰਾਸ਼ਟਰੀ ਮਹੱਤਵ ਦਾ ਸੰਸਥਾਨ ਐਲਾਨਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਫੁਟਵੇਅਰ ਪ੍ਰੋਡਕਸ਼ਨ ਅਤੇ ਖਪਤ ਵਿੱਚ ਦੁਨੀਆ ਭਰ ਵਿੱਚ ਦੂਜੇ ਸਥਾਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਗ੍ਰੈਜੁਏਟਸ ਵਿਦਿਆਰਥੀ ਭਾਰਤ ਵਿੱਚ ਆਪਣੇ ਸਟਾਰਟਅੱਪਸ ਸ਼ੁਰੂ ਕਰਨਗੇ, ਨਿਰਯਾਤ ਹੋਰ ਵਧਣ ਦੀ ਉਮੀਦ ਹੈ, ਜਿਸ ਨਾਲ ਆਤਮ-ਨਿਰਭਰਤਾ ਦੇ ਜ਼ਰੀਏ ਆਮਦਨੀ ਵਧੇਗੀ ਅਤੇ ਰੁਜ਼ਗਾਰ ਮਜ਼ਬੂਤ ਹੋਵੇਗਾ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਗ੍ਰੈਜੁਏਟਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਅਜਿਹੇ ਪ੍ਰੋਫੈਸ਼ਨਲ (ਪੇਸ਼ੇਵਰ) ਹਨ ਜੋ ਪਿੰਡਾਂ ਵਿੱਚ ਕਾਰੀਗਰਾਂ, ਫੈਕਟਰੀਆਂ ਵਿੱਚ ਇੰਜੀਨੀਅਰਾਂ ਅਤੇ ਸਭ ਤੋਂ ਵਧੀਆ ਉਤਪਾਦ ਚਾਹੁਣ ਵਾਲੇ ਉਪਭੋਗਤਾਵਾਂ ਨੂੰ ਜੋੜਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਕਈ ਵਿਕਸਿਤ ਦੇਸ਼ਾਂ ਦੇ ਨਾਲ ਮੁਕਤ ਵਪਾਰ ਸਮਝੌਤੇ ਕਰ ਰਿਹਾ ਹੈ, ਜਿਸ ਨਾਲ ਉਦਯੋਗ ਅਤੇ ਐੱਫਡੀਡੀਆਈ ਗ੍ਰੈਜੂਏਟਸ ਲਈ ਨਵੇਂ ਮੌਕੇ ਖੁੱਲ੍ਹ ਰਹੇ ਹਨ।
ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਜੀਤਿਨ ਪ੍ਰਸਾਦ ਨੇ ਕਿਹਾ ਕਿ 12 ਕੈਂਪਸਾਂ ਦੇ ਨੈੱਟਵਰਕ ਦੇ ਨਾਲ, ਐੱਫਡੀਡੀਆਈ ਫੁਟਵੇਅਰ ਡਿਜ਼ਾਈਨ, ਟੈਕਨੋਲੋਜੀ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਵਿਸ਼ੇਸ਼ ਸਿੱਖਿਆ ਦੇਣ ਵਾਲਾ ਵੱਡਾ ਸੰਸਥਾਨ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਵਿਸ਼ੇਸ਼ ਰਾਸ਼ਟਰੀ ਸੰਸਥਾਨ ਦੇ ਤੌਰ ‘ਤੇ, ਐੱਫਡੀਡੀਆਈ ਡਿਜ਼ਾਈਨ, ਟੈਕਨੋਲੋਜੀ, ਮੈਨੂਫੈਕਚਰਿੰਗ ਅਤੇ ਰਿਟੇਲ ਖੇਤਰ ਦੇ ਸੰਗਮ ‘ਤੇ ਹੈ, ਅਤੇ ਇਹ ਉਦਯੋਗ ਤੋਂ ਸਿੱਖਦਾ ਹੈ ਅਤੇ ਬਦਲੇ ਵਿੱਚ, ਉਦਯੋਗ ਨੂੰ ਵੈਲਿਊ ਚੇਨ ਨੂੰ ਉੱਪਰ ਲਿਜਾਣ ਵਿੱਚ ਮਦਦ ਕਰਦਾ ਹੈ।
ਸਵਾਮੀ ਵਿਵੇਕਾਨੰਦ ਦੇ 1897 ਦੇ ਕਥਨ ਨੂੰ ਯਾਦ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਦੇ ਨੌਜਵਾਨਾਂ ‘ਤੇ ਓਨਾ ਹੀ ਭਰੋਸਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਭਾਈਚਾਰਾ ਭਾਰਤ ਦੇ ਨਾਲ ਕੰਮ ਕਰਨ, ਨਵੇਂ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੇ ਨਾਲ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਤਸੁਕ ਹੈ। ਉਨ੍ਹਾਂ ਨੇ ਕਿਹਾ ਕਿ ਐੱਫਡੀਡੀਆਈ ਮਹਿਲਾ ਅਗਵਾਈ ਦਾ ਵੀ ਪ੍ਰਤੀਕ ਹੈ, ਜਿਸ ਦੀਆਂ 70% ਤੋਂ ਵੱਧ ਵਿਦਿਆਰਥੀ ਮਹਿਲਾਵਾਂ ਹਨ। ਉਹ ਸੰਸਥਾਨ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਂਦੀਆਂ ਹਨ। ਸ਼੍ਰੀ ਗੋਇਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਗ੍ਰੈਜੂਏਟ ਵਿਦਿਆਰਥੀ ਦੁਨੀਆ ਦੀ ਮਾਰਕਿਟ ‘ਤੇ ਅਧਿਕਾਰ ਕਰਕੇ ਭਾਰਤ ਦਾ ਝੰਡਾ ਉੱਚਾ ਰੱਖਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਭਾਰਤ ਵਿੱਚ ਬਣੇ ਭਾਰਤੀ ਉਤਪਾਦ ਦੁਨੀਆ ਭਰ ਵਿੱਚ ਮਿਲਣ। ਉਨ੍ਹਾਂ ਨੇ ਕਿਹਾ ਕਿ ਇੱਥੋਂ ਦੇ ਵਿਦਿਆਰਥੀ ਜਿੱਥੇ ਵੀ ਜਾਣਗੇ, ਉਹ 140 ਕਰੋੜ ਭਾਰਤੀਆਂ ਦੀ ਤਾਕਤ ਅਤੇ ਉਮੀਦਾਂ ਨੂੰ ਲੈ ਕੇ ਭਾਰਤ ਦੇ ਬ੍ਰਾਂਡ ਅੰਬੈਸਡਰ ਬਣਨਗੇ।
ਸ਼੍ਰੀ ਗੋਇਲ ਨੇ, ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜ਼ਿੰਦਗੀ ਲਰਨਿੰਗ, ਰੀ-ਸਾਈਕਲਿੰਗ, ਰੀ-ਟ੍ਰੇਨਿੰਗ ਅਤੇ ਅਕਸਰ ਭੁੱਲਣ ਦਾ ਲਗਾਤਾਰ ਚੱਲਣ ਵਾਲਾ ਸਫ਼ਰ ਹੈ, ਜੋ ਤਰੱਕੀ ਦੇ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਫੁਰਤੀਲਾ ਹੋਣ, ਵੱਡਾ ਸੋਚਣ, ਵੱਡੇ ਸੁਪਨੇ ਦੇਖਣ ਅਤੇ ਵੱਡਾ ਹਾਸਲ ਕਰਨ ਦੀ ਕਾਬਲੀਅਤ ਭਾਰਤੀ ਨੌਜਵਾਨਾਂ ਨੂੰ ਬਾਕੀ ਦੁਨੀਆ ਤੋਂ ਵੱਖ ਕਰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਫੁਟਵੇਅਰ, ਲੈਦਰ ਅਤੇ ਲਾਈਫਸਟਾਈਲ ਉਤਪਾਦਾਂ ਦੀ ਬਿਹਤਰੀਨ ਕਾਰੀਗਰੀ, ਅਮੀਰ ਵਿਰਾਸਤ ਅਤੇ 140 ਕਰੋੜ ਭਾਰਤੀਆਂ ਦੇ ਵੱਡੇ ਬਜ਼ਾਰ ਦੀ ਵਜ੍ਹਾ ਨਾਲ ਘਰੇਲੂ ਅਤੇ ਆਲਮੀ ਪੱਧਰ ‘ਤੇ ਵਧੀਆ ਮੰਗ ਹੈ।
ਸ਼੍ਰੀ ਗੋਇਲ ਨੇ ਪ੍ਰੋਫੈਸ਼ਨਲ ਦੁਨੀਆ ਵਿੱਚ ਕਦਮ ਰੱਖਣ ਵਾਲੇ ਵਿਦਿਆਰਥੀਆਂ ਨੂੰ ਪੰਜ ਸੁਝਾਅ ਦਿੱਤੇ। ਪਹਿਲਾ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਿੰਡਾਂ ਨਾਲ ਜੁੜਨ ਦੀ ਅਪੀਲ ਕੀਤੀ, ਅਤੇ ਨਵੇਂ ਨਜ਼ਰੀਏ ਹਾਸਲ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਗ੍ਰਾਮੀਣ ਭਾਈਚਾਰਿਆਂ ਨਾਲ ਜੁੜਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ ਦੇ ਕਨਵੋਕੇਸ਼ਨ ਸਮਾਗਮਾਂ ਵਿੱਚ ਰਾਸ਼ਟਰਪਤੀ ਮੁਰਮੂ ਦੇ ਮਸ਼ਵਰੇ ਨੂੰ ਯਾਦ ਕੀਤਾ, ਜਿਸ ਵਿੱਚ ਵਿਦਿਆਰਥੀਆਂ ਨੂੰ ਪਿੰਡਾਂ ਵਿੱਚ ਸਮਾਂ ਬਿਤਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿਉਂਕਿ ਇਸ ਨਾਲ ਦੁਨੀਆ ਨੂੰ ਦੇਖਣ ਦੇ ਨਵੇਂ ਤਰੀਕੇ ਖੁੱਲ੍ਹਦੇ ਹਨ। ਸ਼੍ਰੀ ਗੋਇਲ ਨੇ ਭਾਰਤ ਪ੍ਰਦਰਸ਼ਨੀ ਵਿੱਚ ਦਿਖਾਏ ਗਏ ਕੇਲੇ ਦੇ ਰੇਸ਼ੇ ਅਤੇ ਧਾਗੇ ਨਾਲ ਬਣੇ ਸਸਟੇਨੇਬਲ ਬਾਇਓਗ੍ਰੇਡੇਬਲ ਲੈਦਰ ਪ੍ਰੋਡਕਟਸ ਦਾ ਜ਼ਿਕਰ ਕੀਤਾ, ਜੋ ਉਨਾਂ ਇਨੋਵੇਟਿਵ ਆਇਡੀਆਜ਼ ਅਤੇ ਸਾਰਥਕ ਨਤੀਜਿਆਂ ਦੀ ਵੱਡੀ ਉਦਾਹਰਣ ਹੈ ਜੋ ਉਦੋਂ ਸਾਹਮਣੇ ਆ ਸਕਦੇ ਹਨ ਜਦੋਂ ਗ੍ਰੈਜੂਏਟਸ ਜ਼ਮੀਨੀ ਪੱਧਰ ਦੇ ਅਭਿਆਸਾਂ ਅਤੇ ਸਥਾਨਕ ਕਾਰੀਗਰੀ ਨਾਲ ਜੁੜਦੇ ਹਨ।
ਦੂਸਰਾ, ਮੰਤਰੀ ਨੇ ਵਿਦਿਆਰਥੀਆਂ ਨੂੰ ਸਰਗਰਮੀ ਨਾਲ ਬਲੂ-ਓਸ਼ਨ ਦੇ ਮੌਕਿਆਂ ਦਾ ਪਤਾ ਲਗਾਉਣ ਅਤੇ ਫੈਸ਼ਨੇਬਲ ਉਤਪਾਦਾਂ ਲਈ ਗਲੋਬਲ ਮਾਰਕੀਟ ਦੇ ਅਣਵਰਤੇ ਹਿੱਸਿਆਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਨਵੀਨਤਾ ਅਤੇ ਵੈਲਿਊ-ਡ੍ਰਿਵਨ ਡਿਜ਼ਾਈਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਫਾਇਤੀ, ਸ਼ੂਗਰ-ਅਨੁਕੂਲ ਜੁੱਤੀਆਂ ਦੀ ਵਧ ਰਹੀ ਮੰਗ ਦਾ ਹਵਾਲਾ ਦਿੱਤਾ ਕਿ ਕਿਵੇਂ ਨਵੇਂ ਵਿਚਾਰ ਪੂਰੀ ਤਰ੍ਹਾਂ ਨਵੇਂ ਹਿੱਸੇ ਬਣਾ ਸਕਦੇ ਹਨ। ਉਨ੍ਹਾਂ ਨੇ ਗ੍ਰੈਜੂਏਟ ਬੈਚ ਨੂੰ ਰਵਾਇਤੀ ਮਾਡਲਾਂ ਤੋਂ ਅੱਗੇ ਸੋਚਣ, ਨਵੀਆਂ ਜ਼ਰੂਰਤਾਂ ਦਾ ਅਨੁਮਾਨ ਲਗਾਉਣ ਅਤੇ ਅਜਿਹੇ ਉਤਪਾਦ ਬਣਾਉਣ ਲਈ ਉਤਸ਼ਾਹਿਤ ਕੀਤਾ, ਜੋ ਸਟਾਈਲ, ਆਰਾਮ ਅਤੇ ਉਦੇਸ਼ ਨੂੰ ਮਿਲਾਉਂਦੇ ਹੋਣ।
ਤੀਸਰਾ, ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹਰ ਪੜਾਅ 'ਤੇ ਉੱਤਮ ਉਤਪਾਦ ਬਣਾ ਕੇ ਗਲੋਬਲ ਵੈਲਿਊ ਚੇਨ ਵਿੱਚ ਭਾਰਤ ਦੀ ਯਾਤਰਾ ਵਿੱਚ ਯੋਗਦਾਨ ਪਾਉਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਵਸਤੂਆਂ ਨਾ ਸਿਰਫ਼ ਪ੍ਰੀਮੀਅਮ ਅਤੇ ਖੂਬਸੂਰਤ ਢੰਗ ਨਾਲ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਸਗੋਂ ਟਿਕਾਊ, ਉੱਚ-ਗੁਣਵੱਤਾ ਵਾਲੀਆਂ ਅਤੇ ਟਿਕਾਊ ਕੱਚੇ ਮਾਲ ਦੀ ਵਰਤੋਂ ਕਰਕੇ ਬਣਾਈਆਂ ਵੀ ਜਾਣੀਆਂ ਚਾਹੀਦੀਆਂ ਹਨ।
ਚੌਥਾ, ਸ਼੍ਰੀ ਗੋਇਲ ਨੇ ਬਗੈਰ ਕਿਸੇ ਸਮਝੌਤੇ ਦੇ ਨੈਤਿਕਤਾ, ਸੁਰੱਖਿਆ ਅਤੇ ਗੁਣਵੱਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਣ 'ਤੇ ਜ਼ੋਰ ਦਿੱਤਾ।
ਪੰਜਵਾਂ, ਉਨ੍ਹਾਂ ਨੇ ਉਨ੍ਹਾਂ ਨੂੰ ਸਵਦੇਸ਼ੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਇਹ ਕਿਹਾ ਕਿ ਇਸ ਵਿੱਚ ਨਵੇਂ ਰਸਤੇ ਖੋਲ੍ਹਣ ਦੀ ਸ਼ਕਤੀ ਹੈ ਅਤੇ ਜਿਵੇਂ-ਜਿਵੇਂ ਭਾਰਤ ਆਤਮ-ਨਿਰਭਰ ਬਣੇਗਾ, ਇਸ ਦੀ ਪ੍ਰਤਿਭਾ ਪੂਰੇ ਭਰੋਸੇ ਨਾਲ ਗਲੋਬਲ ਮਾਰਕਿਟ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਭਾਰਤ ਲਈ ਪਿੱਛੇ ਮੁੜ ਕੇ ਦੇਖਣ ਦੀ ਕੋਈ ਲੋੜ ਨਹੀਂ ਹੈ ਅਤੇ ਭਵਿੱਖ ਉੱਜਵਲ ਹੈ।
ਮੰਤਰੀ ਨੇ ਵਿਦਿਆਰਥੀਆਂ ਨੂੰ ਲਗਾਤਾਰ ਵਧਦੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਦਯੋਗ ਨੂੰ ਵਧਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਇਹ ਦੱਸਦੇ ਹੋਏ ਕਿ ਭਾਰਤ ਪਿਛਲੇ ਚਾਰ ਵਰ੍ਹਿਆਂ ਤੋਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਖੁਸ਼ਹਾਲੀ ਵਧਦੀ ਹੈ, ਲੋਕ ਟੈਕਸਟਾਈਲ ਅਤੇ ਫੁਟਵੇਅਰ 'ਤੇ ਵਧੇਰੇ ਖਰਚ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ-ਜਿਵੇਂ ਭਾਰਤ ਅੱਜ 4 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੋਂ 2047 ਤੱਕ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ, ਇਸ ਖੇਤਰ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹੋਣਗੀਆਂ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨਾ ਇੱਕ ਸਮੂਹਿਕ ਸੰਕਲਪ ਹੈ।
ਸ਼੍ਰੀ ਗੋਇਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੱਕ ਹਵਾਲੇ ਨਾਲ ਆਪਣੀ ਗੱਲ ਖਤਮ ਕੀਤੀ, ਜਿਸ ਵਿੱਚ ਉਨ੍ਹਾਂ ਨੇ ਨੌਜਵਾਨਾਂ ਦੀ ਸਮਰੱਥਾ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ 2047 ਤੱਕ ਦੇ ਵਰ੍ਹਿਆਂ ਨੂੰ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਬਣਾ ਸਕਦੇ ਹਨ। ਉਨ੍ਹਾਂ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੀ ਪਛਾਣ ਬਣਾਉਣ, ਦੇਸ਼ ਨੂੰ ਹੋਰ ਉਚਾਈਆਂ 'ਤੇ ਲੈ ਜਾਣ ਅਤੇ 2047 ਦੇ ਵਿਕਸਿਤ ਭਾਰਤ ਦੀ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
*********
ਅਭਿਸ਼ੇਕ ਦਿਆਲ / ਇਸ਼ਿਤਾ ਬਿਸਵਾਸ/ਬਲਜੀਤ
(Release ID: 2198210)
ਵਿਜ਼ੀਟਰ ਕਾਊਂਟਰ : 23