ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਫਿਕੀ ਦੀ 98ਵੀਂ ਸਲਾਨਾ ਆਮ ਬੈਠਕ (AGM) ਵਿੱਚ ਦੁਨੀਆ ਦੇ ਸਾਰੇ ਪ੍ਰਮੁੱਖ ਵਪਾਰਕ ਦੇਸ਼ਾਂ ਨਾਲ ਚੱਲ ਰਹੀ ਵਪਾਰਕ ਵਾਰਤਾ ਨੂੰ ਉਜਾਗਰ ਕੀਤਾ, ਕਿਹਾ ਕਿ ਵਪਾਰਕ ਸਬੰਧ ਮਜ਼ਬੂਤ ਹੋ ਰਹੇ ਹਨ
ਆਤਮ-ਨਿਰਭਰਤਾ ਭਾਰਤ ਦੀ ਆਰਥਿਕ ਰਣਨੀਤੀ ਦੇ ਕੇਂਦਰ ਵਿੱਚ ਹੈ: ਸ਼੍ਰੀ ਪੀਯੂਸ਼ ਗੋਇਲ
100 ਅਰਬ ਅਮਰੀਕੀ ਡਾਲਰ ਦੇ ਈਐੱਫਟੀਏ ਨਿਵੇਸ਼ ਨਾਲ ਰਾਸ਼ਟਰ ਭਾਰਤ ਦੀ ਨਵੀਨਤਾ ਅਤੇ ਸਟੀਕ ਨਿਰਮਾਣ ਨੂੰ ਉਤਸ਼ਾਹ ਮਿਲੇਗਾ: ਸ਼੍ਰੀ ਗੋਇਲ
12 ਅਰਬ ਅਮਰੀਕੀ ਡਾਲਰ ਦੇ ਖੋਜ ਫੰਡ ਨਾਲ ਭਾਰਤ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਲੀਡਰਸ਼ਿਪ ਦੇ ਸਥਾਨ ‘ਤੇ: ਸ਼੍ਰੀ ਗੋਇਲ
Posted On:
28 NOV 2025 1:07PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਨੇ ਆਸਟ੍ਰੇਲੀਆ, ਸੰਯੁਕਤ ਅਰਬ ਅਮੀਰਾਤ (ਯੂਏਈ), ਮਾਰੀਸ਼ਸ, ਯੂਨਾਈਟਿਡ ਕਿੰਗਡਮ ਅਤੇ ਚਾਰ-ਦੇਸ਼ਾਂ ਦੇ ਈਐੱਫਟੀਏ ਬਲਾਕ ਨਾਲ ਸੰਤੁਲਿਤ ਅਤੇ ਨਿਆਂਸੰਗਤ ਵਪਾਰ ਸਮਝੌਤੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਅਮਰੀਕਾ, ਯੂਰੋਪੀਅਨ ਯੂਨੀਅਨ, ਜੀਸੀਸੀ ਦੇਸ਼, ਨਿਊਜ਼ੀਲੈਂਡ, ਇਜ਼ਰਾਈਲ, ਯੂਰੇਸ਼ੀਆ, ਕੈਨੇਡਾ, ਦੱਖਣੀ ਅਫਰੀਕਾ ਅਤੇ ਮਰਕੋਸੁਰ ਸਮੂਹ ਸਮੇਤ ਲਗਭਗ 50 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 14 ਦੇਸ਼ਾਂ ਨਾਲ ਵਿਚਾਰ-ਵਟਾਂਦਰਾ ਕਰ ਰਿਹਾ ਹੈ। ਸ਼੍ਰੀ ਗੋਇਲ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿੱਚ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿਕੀ) ਦੀ 98ਵੀਂ ਸਲਾਨਾ ਆਮ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਹੀ।
ਸ਼੍ਰੀ ਗੋਇਲ ਨੇ ਭਗਵਦ ਗੀਤਾ ਅਤੇ ਮਹਾਤਮਾ ਗਾਂਧੀ ਦੇ ਸਵਦੇਸ਼ੀ 'ਤੇ ਜ਼ੋਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਤਮ-ਨਿਰਭਰਤਾ ਦਾ ਵਿਚਾਰ ਭਾਰਤ ਦੇ ਸੱਭਿਅਤਾਗਤ ਲੋਕਾਚਾਰ ਦਾ ਕੇਂਦਰ ਬਿੰਦੂ ਹੈ। ਉਨ੍ਹਾਂ ਕਿਹਾ ਕਿ ਆਤਮ-ਨਿਰਭਰਤਾ ਨੇ ਇਤਿਹਾਸਕ ਤੌਰ 'ਤੇ ਭਾਰਤ ਦੀ ਤਰੱਕੀ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਇਹ ਦੇਸ਼ ਦੀ ਆਰਥਿਕ ਰਣਨੀਤੀ ਦਾ ਵੀ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਤਮ-ਨਿਰਭਰ ਭਾਰਤ 'ਤੇ ਧਿਆਨ ਕੇਂਦ੍ਰਿਤ ਕਰਕੇ ਇਹ ਦ੍ਰਿਸ਼ਟੀਕੋਣ ਹੋਰ ਵੀ ਮਜ਼ਬੂਤ ਹੋਇਆ ਹੈ।
ਹਾਲ ਹੀ ਵਿੱਚ ਹੋਏ ਈਐੱਫਟੀਏ (EFTA) ਸਮਝੌਤੇ ਦਾ ਜ਼ਿਕਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਬਲਾਕ ਨੇ ਨਵੀਨਤਾ ਅਤੇ ਸਟੀਕ ਨਿਰਮਾਣ ਦੇ ਖੇਤਰ ਵਿੱਚ ਭਾਰਤ ਵਿੱਚ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਨੇ ਖੋਜ ਅਤੇ ਨਵੀਨਤਾ ਵਿੱਚ ਭਾਰਤ ਦੀ ਲਾਗਤ ਪ੍ਰਤੀਯੋਗਤਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਭਾਰਤ ਵਿੱਚ ਕੀਤੀ ਗਈ ਉੱਚ-ਗੁਣਵੱਤਾ ਵਾਲੀ ਨਵੀਨਤਾ ਯੂਰੋਪ ਜਾਂ ਅਮਰੀਕਾ ਦੀ ਤੁਲਨਾ ਵਿੱਚ ਬਹੁਤ ਘੱਟ ਲਾਗਤ ‘ਤੇ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਭਾਰਤੀ ਉਦਯੋਗ ਜਗਤ ਲਈ ਪੁਰਾਣੀ ਮਾਨਸਿਕਤਾ ਤੋਂ ਅੱਗੇ ਵਧ ਕੇ ਇੱਕ ਅਗਾਂਹਵਧੂ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਪਹੁੰਚ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਮੰਤਰੀ ਨੇ ਨਵੀਨਤਾ ਅਤੇ ਤਕਨਾਲੋਜੀ ਵਿੱਚ ਭਾਰਤ ਦੀਆਂ ਸ਼ਕਤੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਨੌਜਵਾਨ ਜਨਸੰਖਿਆ, ਵਧਦੀ ਡਿਜੀਟਲ ਵਰਤੋਂ ਅਤੇ ਵਧਦੀ ਪ੍ਰਤਿਭਾ ਦਾ ਕਾਫੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ STEM ਗ੍ਰੈਜੂਏਟ ਅਤੇ ਵਿਆਪਕ ਇੰਟਰਨੈੱਟ ਪਹੁੰਚ ਅਪਲਾਈਡ ਆਰਟੀਫਿਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ, ਰੋਬੋਟਿਕਸ ਅਤੇ ਡੂੰਘੀ-ਤਕਨੀਕੀ ਨਵੀਨਤਾ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਮਜ਼ਬੂਤ ਸੰਭਾਵਨਾਵਾਂ ਪੈਦਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਐਲਾਨੀ ਗਈ 12 ਅਰਬ ਅਮਰੀਕੀ ਡਾਲਰ ਦੀ ਖੋਜ, ਵਿਕਾਸ ਅਤੇ ਨਵੀਨਤਾ (RDI) ਫੰਡ ਦੇ ਨਾਲ-ਨਾਲ ਸਟਾਰਟਅੱਪਸ ਅਤੇ ਡੂੰਘੇ-ਤਕਨੀਕੀ ਉਦਯੋਗਾਂ ਨੂੰ ਨਿਰੰਤਰ ਸਮਰਥਨ ਨਾਲ, ਭਾਰਤ ਦੇ ਨਵੀਨਤਾ ਵਾਤਾਵਰਣ ਨੂੰ ਹੋਰ ਰਫ਼ਤਾਰ ਮਿਲੇਗੀ।
ਸ਼੍ਰੀ ਗੋਇਲ ਨੇ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਦੇ ਮੌਕਿਆਂ ਦਾ ਲਾਭ ਲੈਣ ਦੇ ਯੋਗ ਬਣਾਉਣ ਲਈ ਕੌਸ਼ਲ ਵਿਕਾਸ ਨੂੰ ਮਜ਼ਬੂਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਧਦੀ ਉਮਰ ਦੀ ਆਬਾਦੀ ਦਾ ਸਾਹਮਣਾ ਕਰ ਰਹੀਆਂ ਕਈ ਵਿਕਸਿਤ ਅਰਥਵਿਵਸਥਾਵਾਂ ਦੇ ਉਲਟ, ਭਾਰਤ ਦੀ ਨੌਜਵਾਨ ਆਬਾਦੀ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਣਾ ਰਹੀ ਹੈ ਅਤੇ ਡਿਜੀਟਲ ਪਲੈਟਫਾਰਮਾਂ ਨਾਲ ਪਹਿਲਾਂ ਹੀ ਤੇਜ਼ੀ ਨਾਲ ਜੁੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਤੇਜ਼ੀ ਦੇਸ਼ ਨੂੰ ਆਲਮੀ ਤਕਨਾਲੋਜੀ ਦ੍ਰਿਸ਼ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਕਰਦੀ ਹੈ।
ਮੰਤਰੀ ਨੇ ਵਿਆਪਕ ਵਿਸ਼ਵ ਵਿਕਾਸ ਨੂੰ ਉਜਾਗਰ ਕਰਦੇ ਹੋਏ ਕਿਹਾ, ਕਿ ਹਾਲ ਹੀ ਵਿੱਚ ਭੂ-ਰਾਜਨੀਤਿਕ ਅਤੇ ਆਰਥਿਕ ਚੁਣੌਤੀਆਂ ਨੇ ਭਰੋਸੇਯੋਗ ਭਾਈਵਾਲਾਂ ਅਤੇ ਮਜ਼ਬੂਤ ਸਪਲਾਈ ਚੇਨਾਂ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਐੱਫਟੀਏਜ਼ (FTAs) ਅਤੇ ਆਰਥਿਕ ਸਾਂਝੇਦਾਰੀਆਂ ਦੇ ਵਧਦੇ ਨੈੱਟਵਰਕ ਦਾ ਉਦੇਸ਼ ਨਿਰਪੱਖਤਾ, ਪਾਰਦਰਸ਼ਿਤਾ ਅਤੇ ਆਪਸੀ ਲਾਭ ‘ਤੇ ਅਧਾਰਿਤ ਲੰਬੇ ਸਮੇਂ ਦੇ ਸਹਿਯੋਗ ਦਾ ਨਿਰਮਾਣ ਕਰਨਾ ਹੈ।
ਸ਼੍ਰੀ ਗੋਇਲ ਨੇ ਪੀਈਐੱਸਟੀਐੱਲਈ (PESTLE) ਢਾਂਚੇ ਰਾਹੀਂ ਭਾਰਤ ਦੀਆਂ ਸ਼ਕਤੀਆਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਖੇਤਰਾਂ ਵਿੱਚ ਆਤਮ-ਨਿਰਭਰਤਾ ਦੇ ਦ੍ਰਿਸ਼ਟੀਕੋਣ ਨੂੰ ਲਗਾਤਾਰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਤੌਰ 'ਤੇ, "ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ" ਲਈ ਵਚਨਬੱਧ ਇੱਕ ਸਥਿਰ ਅਤੇ ਭਰੋਸੇਯੋਗ ਸਰਕਾਰ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵਧਾਇਆ ਹੈ। ਆਰਥਿਕ ਖੇਤਰ ਵਿੱਚ, ਰਾਸ਼ਟਰੀ ਨਿਰਮਾਣ ਮਿਸ਼ਨ ਅਤੇ 25,000 ਕਰੋੜ ਰੁਪਏ ਦੀਆਂ ਨਿਰਯਾਤ ਪ੍ਰਮੋਸ਼ਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਮਦਦ ਕਰ ਰਹੀਆਂ ਹਨ। ਸਮਾਜਿਕ ਮੋਰਚੇ 'ਤੇ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚਾਰ ਕਿਰਤ ਕੋਡਸ ਬਿਹਤਰ ਵੇਤਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ, ਜਦਕਿ ਅੰਤਯੋਦਯ ਪਹੁੰਚ ਨੇ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਵਿੱਚ ਮਦਦ ਕੀਤੀ ਹੈ।
ਤਕਨਾਲੋਜੀ ਖੇਤਰ ਵਿੱਚ, ਸ਼੍ਰੀ ਗੋਇਲ ਨੇ ਬਾਹਰੀ ਨਿਰਭਰਤਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਇਨ੍ਹਾਂ ਪਹਿਲਕਦਮੀਆਂ ਵਿੱਚ ਸੈਮੀਕੰਡਕਟਰ ਮਿਸ਼ਨ (76,000 ਕਰੋੜ ਰੁਪਏ) ਅਤੇ ਸਥਾਈ ਚੁੰਬਕ ਉਤਪਾਦਨ ਲਈ 7,000 ਕਰੋੜ ਰੁਪਏ ਦਾ ਪ੍ਰੋਗਰਾਮ ਸ਼ਾਮਲ ਹੈ, ਜੋ ਕਿ ਘਰੇਲੂ ਨਿਰਮਾਣ ਅਤੇ ਸਪਲਾਈ ਚੇਨ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ। ਕਾਨੂੰਨੀ ਖੇਤਰ ਵਿੱਚ, ਉਨ੍ਹਾਂ ਨੇ ਚੱਲ ਰਹੇ ਸੁਧਾਰਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਜਨ ਵਿਸ਼ਵਾਸ 3.0 ਵੱਲ ਪ੍ਰਗਤੀ ਸ਼ਾਮਲ ਹੈ, ਜੋ ਈਜ਼ ਆਫ਼ ਡੂਇੰਗ ਬਿਜ਼ਨੇਸ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਰਮਾਣੂ ਊਰਜਾ ਬਿਲ 2025 ਪਰਮਾਣੂ ਊਰਜਾ ਨੂੰ ਖੋਲ੍ਹ ਕੇ ਊਰਜਾ ਪ੍ਰਭੂਸੱਤਾ ਨੂੰ ਮਜ਼ਬੂਤ ਕਰੇਗਾ ਅਤੇ ਇੱਕ ਇਤਿਹਾਸਕ ਤਬਦੀਲੀ ਦਾ ਪ੍ਰਤੀਕ ਬਣ ਕੇ ਉਭਰੇਗਾ।
ਮੰਤਰੀ ਨੇ ਫਿਕੀ ਨੂੰ ਨਵੀਨਤਾ ਨੂੰ ਉਤਸ਼ਾਹਿਤ ਕਰਨ, ਖੋਜ ਅਤੇ ਵਿਕਾਸ ਨੂੰ ਡੂੰਘਾ ਕਰਨ, ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਸਹਿਯੋਗ ਕਰਨ ਲਈ ਇੱਕ ਮਿਸ਼ਨ-ਅਧਾਰਿਤ ਪਹੁੰਚ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਦਯੋਗ, ਸਰਕਾਰ ਅਤੇ ਨਾਗਰਿਕਾਂ ਦੇ ਸਮੂਹਿਕ ਯਤਨ ਭਾਰਤ ਨੂੰ ਇੱਕ ਮਜ਼ਬੂਤ, ਪ੍ਰਤੀਯੋਗੀ ਅਤੇ ਆਤਮ-ਨਿਰਭਰ ਵਿਸ਼ਵ ਆਰਥਿਕ ਸ਼ਕਤੀ ਵਜੋਂ ਉਭਰਨ ਦੇ ਯੋਗ ਬਣਾਉਣ ਵਿੱਚ ਮਹੱਤਵਪੂਰਨ ਹੋਣਗੇ।
************
ਅਭਿਸ਼ੇਕ ਦਿਆਲ/ਸ਼ੱਬੀਰ ਆਜ਼ਾਦ/ਅਨੁਸ਼ਕਾ ਪਾਂਡੇ/ਏਕੇ
(Release ID: 2197431)
ਵਿਜ਼ੀਟਰ ਕਾਊਂਟਰ : 23