ਰੱਖਿਆ ਮੰਤਰਾਲਾ
ਭਾਰਤ ਮੌਜੂਦਾ ਵਿਸ਼ਵਵਿਆਪੀ ਵਾਤਾਵਰਣ ਵਿੱਚ ਸੰਤੁਲਨ ਅਤੇ ਜ਼ਿੰਮੇਵਾਰੀ ਦੀ ਆਵਾਜ਼ ਬਣ ਗਿਆ ਹੈ; ਇੰਡੋ-ਪੈਸੀਫਿਕ ਅਤੇ ਗਲੋਬਲ ਸਾਊਥ ਦੇ ਦੇਸ਼ ਭਾਰਤ ਨੂੰ ਇੱਕ ਭਰੋਸੇਯੋਗ ਭਾਈਵਾਲ ਵਜੋਂ ਦੇਖਦੇ ਹਨ: ਚਾਣਕਯ ਰੱਖਿਆ ਸੰਵਾਦ ਵਿੱਚ ਰੱਖਿਆ ਮੰਤਰੀ
"ਸਾਡੀਆਂ ਹਥਿਆਰਬੰਦ ਫੌਜਾਂ ਇੱਕ ਪ੍ਰੇਰਕ ਸ਼ਕਤੀ ਹਨ ਜੋ ਭਾਰਤ ਨੂੰ ਖੇਤਰੀ ਸਥਿਰਤਾ ਵਿੱਚ ਯੋਗਦਾਨ ਪਾਉਂਦੇ ਹੋਏ ਆਪਣੇ ਗੁਆਂਢ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀਆਂ ਹਨ"
"ਭਾਰਤ ਸ਼ਾਂਤੀ ਅਤੇ ਸੰਵਾਦ (ਗੱਲਬਾਤ) ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਜਦੋਂ ਲੋਕਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਗੱਲ ਆਉਂਦੀ ਹੈ, ਤਾਂ ਅਸੀਂ ਸਮਝੌਤਾ ਨਹੀਂ ਕਰਦੇ"
"ਸਸ਼ਕਤ, ਸੁਰਕਸ਼ਿਤ ਅਤੇ ਵਿਕਸਿਤ ਭਾਰਤ ਦਾ ਟੀਚਾ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਜੋ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਲਾਈ ਨੂੰ ਮਜ਼ਬੂਤ ਕਰੇ"
प्रविष्टि तिथि:
28 NOV 2025 1:08PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 28 ਨਵੰਬਰ, 2025 ਨੂੰ ਨਵੀਂ ਦਿੱਲੀ ਵਿੱਚ "ਪਰਿਵਰਤਨ ਲਈ ਸੁਧਾਰ - ਸਸ਼ਕਤ, ਸੁਰਕਸ਼ਿਤ ਅਤੇ ਵਿਕਸਿਤ ਭਾਰਤ" ਵਿਸ਼ੇ 'ਤੇ ਚਾਣਕਯ ਰੱਖਿਆ ਸੰਵਾਦ ਵਿੱਚ ਬੋਲਦੇ ਹੋਏ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ, ਤਕਨੀਕੀ ਸਮਰੱਥਾਵਾਂ ਅਤੇ ਵਿਦੇਸ਼ ਨੀਤੀ ਨੇ ਦੇਸ਼ ਨੂੰ ਬਦਲਦੇ ਵਿਸ਼ਵ ਵਾਤਾਵਰਣ ਵਿੱਚ ਸੰਤੁਲਨ ਅਤੇ ਜ਼ਿੰਮੇਵਾਰੀ ਦੀ ਆਵਾਜ਼ ਬਣਾਇਆ ਹੈ। ਇਸ ਲਈ, ਇੰਡੋ-ਪੈਸੀਫਿਕ ਅਤੇ ਗਲੋਬਲ ਸਾਊਥ ਦੇ ਦੇਸ਼ ਸਾਡੇ ਵੱਲ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸੱਭਿਆਚਾਰਕ ਕਦਰਾਂ-ਕੀਮਤਾਂ ਵਿੱਚ ਸ਼ਾਮਲ ਜ਼ਿੰਮੇਵਾਰੀ ਦੀ ਭਾਵਨਾ, ਰਣਨੀਤਕ ਖੁਦਮੁਖਤਿਆਰੀ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਨਾਲ ਅੱਜ ਦੀ ਵਿਸ਼ਵਵਿਆਪੀ ਚਰਚਾ ਨੂੰ ਆਕਾਰ ਦੇ ਰਿਹਾ ਹੈ ਅਤੇ ਇਸ ਨੇ ਜੋ ਵਿਸ਼ਵਵਿਆਪੀ ਵਿਸ਼ਵਾਸ ਪ੍ਰਾਪਤ ਕੀਤਾ ਹੈ ਉਹ ਮਹੱਤਵਪੂਰਨ ਸੁਧਾਰਾਂ ਅਤੇ ਰਾਸ਼ਟਰਾਂ ਦੀ ਪ੍ਰਭੂਸੱਤਾ ਦੇ ਸਤਿਕਾਰ ਅਤੇ ਨਿਯਮ-ਅਧਾਰਿਤ ਵਿਵਸਥਾ ਲਈ ਇਸ ਦੇ ਨਿਰੰਤਰ ਰੁਖ਼ ਦੇ ਕਾਰਨ ਹੈ।

ਰਕਸ਼ਾ ਮੰਤਰੀ ਨੇ ਕਿਹਾ ਕਿ ਭੂ-ਰਾਜਨੀਤਿਕ ਅਨਿਸ਼ਚਿਤਤਾ ਅਤੇ ਅੱਤਵਾਦ, ਕੱਟੜਪੰਥੀ ਤੱਤਾਂ ਨੂੰ ਸਰਹੱਦ ਪਾਰ ਤੋਂ ਸਮਰਥਨ, ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ, ਸਮੁੰਦਰੀ ਦਬਾਅ ਅਤੇ ਸੂਚਨਾ ਯੁੱਧ ਵਰਗੀਆਂ ਚੁਣੌਤੀਆਂ ਲਈ ਨਿਰੰਤਰ ਚੌਕਸੀ ਅਤੇ ਉਦੇਸ਼ ਦੀ ਸਪਸ਼ਟਤਾ ਦੀ ਜ਼ਰੂਰਤ ਹੁੰਦੀ ਹੈ ਅਤੇ ਸੁਧਾਰ ਇੱਕ ਵਿਕਲਪ ਦੀ ਬਜਾਏ ਇੱਕ ਰਣਨੀਤਕ ਜ਼ਰੂਰਤ ਬਣ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਇੱਕ ਸਸ਼ਕਤ, ਸੁਰਕਸ਼ਿਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸੁਧਾਰ ਸੰਸਥਾਵਾਂ ਦੀ ਅਨੁਕੂਲਤਾ ਨੂੰ ਮਜ਼ਬੂਤ ਕਰਦੇ ਹਨ, ਹਥਿਆਰਬੰਦ ਸੈਨਾਵਾਂ ਦੀਆਂ ਸਮਰੱਥਾਵਾਂ ਨੂੰ ਵਧਾਉਂਦੇ ਹਨ ਅਤੇ ਰਾਸ਼ਟਰ ਨੂੰ ਆਪਣੀ ਕਿਸਮਤ ਖੁਦ ਬਣਾਉਣ ਦਾ ਆਤਮ-ਵਿਸ਼ਵਾਸ ਦਿੰਦੇ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਸੁਰੱਖਿਆ ਅਤੇ ਸੰਪਰਕ ਨੂੰ ਮਜ਼ਬੂਤ ਕਰਨ ਲਈ ਸਰਹੱਦੀ ਅਤੇ ਸਮੁੰਦਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ। ਸਾਡੇ ਹਥਿਆਰਬੰਦ ਬਲਾਂ ਨੂੰ ਨਵੇਂ ਪਲੈਟਫਾਰਮਾਂ, ਤਕਨਾਲੋਜੀਆਂ ਅਤੇ ਬਣਤਰਾਂ ਰਾਹੀਂ ਆਧੁਨਿਕ ਬਣਾਇਆ ਜਾ ਰਿਹਾ ਹੈ। ਸਰਕਾਰ ਗਤੀ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਖਰੀਦ ਪ੍ਰਕਿਰਿਆਵਾਂ ਵਿੱਚ ਸੁਧਾਰ ਲਿਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ "ਆਤਮਨਿਰਭਰਤਾ ਰਾਹੀਂ, ਅਸੀਂ ਇੱਕ ਰੱਖਿਆ ਉਦਯੋਗਿਕ ਈਕੋਸਿਸਟਮ ਬਣਾ ਰਹੇ ਹਾਂ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ, ਉਦਯੋਗ ਦਾ ਸਮਰਥਨ ਕਰਦਾ ਹੈ, ਅਤੇ ਬਾਹਰੀ ਨਿਰਭਰਤਾਵਾਂ ਨੂੰ ਘਟਾਉਂਦਾ ਹੈ। ਸਟਾਰਟ-ਅੱਪਸ, ਡੂੰਘੀ-ਤਕਨੀਕੀ ਸਮਰੱਥਾਵਾਂ ਅਤੇ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰ ਰਹੇ ਹਾਂ ਜੋ ਭਵਿੱਖ ਦੇ ਯੁੱਧ ਖੇਤਰਾਂ ਨੂੰ ਆਕਾਰ ਦੇਣਗੇ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿਤ ਅਤੇ ਭਲਾਈ ਸਾਡੇ ਫੈਸਲੇ ਲੈਣ ਦੇ ਕੇਂਦਰ ਵਿੱਚ ਰਹਿਣ।
ਰਕਸ਼ਾ ਮੰਤਰੀ ਨੇ ਕਿਹਾ ਕਿ ਦ੍ਰਿੜ੍ਹਤਾ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਸਮੱਰਥਾ। ਉਨ੍ਹਾਂ ਕਿਹਾ ਕਿ ਸਸ਼ਕਤਭਾਰਤ ਝਟਕਿਆਂ ਦਾ ਸਾਹਮਣਾ ਕਰ ਸਕਦਾ ਹੈ, ਤੇਜ਼ੀ ਨਾਲ ਬਦਲਦੇ ਵਾਤਾਵਰਣ ਦੇ ਅਨੁਕੂਲ ਹੋ ਸਕਦਾ ਹੈ ਅਤੇ ਹਾਲਾਤਾਂ ਦੀ ਪਰਵਾਹ ਕੀਤੇ ਬਿਨਾ ਅੱਗੇ ਵਧ ਸਕਦਾ ਹੈ। ਉਨ੍ਹਾਂ ਨੇ ਹਥਿਆਰਬੰਦ ਬਲਾਂ ਨੂੰ ਰਾਸ਼ਟਰ ਦੀ ਤਾਕਤ ਦਾ ਸਭ ਤੋਂ ਮਹੱਤਵਪੂਰਨ ਥੰਮ੍ਹ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਮਰੱਥਾ, ਤਿਆਰੀ, ਸੰਜਮ ਅਤੇ ਦ੍ਰਿੜ੍ਹ ਇਰਾਦਾ ਉਹ ਪ੍ਰੇਰਕ ਸ਼ਕਤੀ ਹੈ ਜੋ ਭਾਰਤ ਨੂੰ ਆਪਣੇ ਗੁਆਂਢ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਖੇਤਰੀ ਸਥਿਰਤਾ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਅਤੇ ਸੰਵਾਦ (ਗੱਲਬਾਤ) ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਜਦੋਂ ਗੱਲ ਆਪਣੇ ਲੋਕਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਆਉਂਦੀ ਹੈ, ਤਾਂ ਅਸੀਂ ਕੋਈ ਸਮਝੌਤਾ ਨਹੀਂ ਕਰਦੇ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਥਿਆਰਬੰਦ ਬਲਾਂ ਦਾ ਯੋਗਦਾਨ ਸਿਰਫ਼ ਸਾਡੀਆਂ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ ਹੈ; ਸਗੋਂ, ਸਾਡੇ ਹਥਿਆਰਬੰਦ ਬਲ (ਸੈਨਾ) ਉੱਥੇ ਸਥਿਰਤਾ ਲਿਆਉਂਦੇ ਹਨ, ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਉਹ ਆਫ਼ਤ ਦੇ ਸਮੇਂ ਸਿਵਿਲ ਪ੍ਰਸ਼ਾਸਨ ਦਾ ਸਮਰਥਨ ਕਰਦੇ ਹਨ। ਉਹ ਸਾਡੇ ਸਮੁੰਦਰੀ ਹਿਤਾਂ ਦੀ ਰੱਖਿਆ ਕਰਦੇ ਹਨ। ਉਹ ਸਾਂਝੇ ਅਭਿਆਸਾਂ ਅਤੇ ਸ਼ਾਂਤੀ ਸਥਾਪਨਾ ਰਾਹੀਂ ਸਾਡੀ ਅੰਤਰਰਾਸ਼ਟਰੀ ਭਾਈਵਾਲੀ ਨੂੰ ਮਜ਼ਬੂਤ ਕਰਦੇ ਹਨ। ਫੌਜ ਦੀ ਕੁਸ਼ਲਤਾ ਨਾ ਸਿਰਫ਼ ਭਾਰਤ ਅੰਦਰ, ਸਗੋਂ ਦੁਨੀਆ ਭਰ ਦੇ ਸਾਡੇ ਦੋਸਤ ਦੇਸ਼ਾਂ ਵਿੱਚ ਵੀ ਵਿਸ਼ਵਾਸ ਪੈਦਾ ਕਰਦੀ ਹੈ। ਇਸ ਲਈ, ਹਥਿਆਰਬੰਦ ਬਲਾਂ ਵਿੱਚ ਸੁਧਾਰ ਅਤੇ ਆਧੁਨਿਕੀਕਰਣ ਸਿਰਫ਼ ਇੱਕ ਪ੍ਰਸ਼ਾਸਨਿਕ ਅਭਿਆਸ ਨਹੀਂ ਹੈ; ਇਹ ਭਾਰਤ ਦੇ ਲੰਬੇ ਸਮੇਂ ਦੇ ਭਵਿੱਖ ਵਿੱਚ ਇੱਕ ਨਿਵੇਸ਼ ਹਨ।

ਰਕਸ਼ਾ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰਾਂ ਦੇ ਕਦਮ ਇੱਕ ਅਜਿਹੇ ਰਾਸ਼ਟਰ ਦੇ ਨਿਰਮਾਣ ਵਿੱਚ ਮਦਦ ਕਰ ਰਹੇ ਹਨ ਜੋ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਲਾਈ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਸ਼ਕਤੀ, ਸੁਰੱਖਿਆ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਦਾ ਹੈ, ਤਾਂ ਦੁਨੀਆ ਨੂੰ ਕਈ ਤਰੀਕਿਆਂ ਨਾਲ ਲਾਭ ਹੁੰਦਾ ਹੈ: ਪਹਿਲਾ-ਇੱਕ ਸਥਿਰ ਭਾਰਤ ਇੱਕ ਸਥਿਰ ਵਿਸ਼ਵ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦਾ ਹੈ। ਦੂਜਾ-ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਕਈ ਦੇਸ਼ਾਂ ਲਈ ਸਮਾਵੇਸ਼ੀ, ਪਾਰਦਰਸ਼ੀ ਅਤੇ ਸੁਰੱਖਿਅਤ ਸ਼ਾਸਨ ਦਾ ਇੱਕ ਮਾਡਲ ਪੇਸ਼ ਕਰਦਾ ਹੈ। ਤੀਜਾ-ਏਆਈ, ਸਾਈਬਰ ਅਤੇ ਸਪੇਸ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਪ੍ਰਤੀ ਭਾਰਤ ਦੀ ਨੈਤਿਕ ਪਹੁੰਚ ਉਹ ਮਾਪਦੰਡ ਨਿਰਧਾਰਿਤ ਕਰਦੀਆਂ ਹਨ ਜਿਨ੍ਹਾਂ ਵੱਲ ਦੂਜੇ ਦੇਸ਼ ਦੇਖਦੇ ਹਨ। ਚੌਥਾ-ਸ਼ਾਂਤੀ, ਜਲਵਾਯੂ ਜ਼ਿੰਮੇਵਾਰੀ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਾਡੀ ਵਚਨਬੱਧਤਾ ਅੰਤਰਰਾਸ਼ਟਰੀ ਸਹਿਯੋਗ ਨੂੰ ਨੈਤਿਕ ਤਾਕਤ ਪ੍ਰਦਾਨ ਕਰਦੀ ਹੈ।
ਸਮਾਗਮ ਦੌਰਾਨ, ਸ਼੍ਰੀ ਰਾਜਨਾਥ ਸਿੰਘ ਨੇ ਮੁੱਖ ਡਿਜੀਟਲਾਈਜ਼ੇਸ਼ਨ ਅਤੇ ਗ੍ਰੀਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸ਼ਾਮਲ ਹਨ:
ਈਕੇਏਐੱਮ (EKAM): ਇੱਕ ਸੇਵਾ ਦੇ ਤੌਰ 'ਤੇ ਏਆਈ (AI)–ਆਈਡੀਆਈਐਕਸ (IDEX) ਏਡੀਆਈਟੀਆਈ(ADITI) 2.0
ਪ੍ਰੋਜੈਕਟ ਈਕੇਏਐੱਮ (EKAM) ਹਥਿਆਰਬੰਦ ਬਲਾਂ ਲਈ ਸਵਦੇਸ਼ੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਹੱਲ ਵਿਕਸਿਤ ਕਰਨ ਲਈ ਇੱਕ ਰਣਨੀਤਕ ਪਹਿਲਕਦਮੀ ਹੈ। ਇਸ ਪ੍ਰੋਜੈਕਟ ਦੀ ਮੁੱਖ ਵਿਸ਼ੇਸ਼ਤਾ ਇਸ ਦੀ ਡੇਟਾ ਸੁਰੱਖਿਆ 'ਤੇ ਸੰਪੂਰਨ ਨਿਯੰਤਰਣ, ਫੌਜੀ ਸ਼ਬਦਾਵਲੀ, ਸੰਚਾਲਨ ਸਿਧਾਂਤਾਂ ਅਤੇ ਖਾਸ ਡੇਟਾ ਸੈੱਟਾਂ ਦੇ ਅਨੁਕੂਲ ਸਮਾਧਾਨ ਪ੍ਰਦਾਨ ਕਰਨ ਦੀ ਸਮਰਥਾ ਵਿੱਚ ਹੈ। ਇਸ ਪ੍ਰੋਜੈਕਟ ਨੇ ਅਤਿ-ਆਧੁਨਿਕ ਏਆਈ ਐਪਲੀਕੇਸ਼ਨਾਂ ਵਿੱਚ ਚੱਲ ਰਹੇ ਸਾਰੇ ਓਪਨ-ਸੋਰਸ ਅਤੇ ਸਵਦੇਸ਼ੀ ਏਆਈ ਮਾਡਲਾਂ ਦੀ ਤੈਨਾਤੀ ਅਤੇ ਉਨ੍ਹਾਂ ਦੀ ਮੇਜ਼ਬਾਨੀ ਲਈ ਰੂਪ-ਰੇਖਾ ਅਤੇ ਮੰਚ ਵਿਕਸਿਤ ਕੀਤਾ ਹੈ ਅਤੇ ਇਸ ਤਰ੍ਹਾਂ ਰੱਖਿਆ ਬਲਾਂ ਲਈ ਇੱਕ ਕ੍ਰਾਂਤਿਕਾਰੀ ਬਦਲਾਅ ਸਾਬਿਤ ਹੋਵੇਗਾ।
ਪ੍ਰਕਸ਼ੇਪਨ
ਪ੍ਰਕਸ਼ੇਪਨ, ਭਾਰਤੀ ਫੌਜ ਲਈ ਇੱਕ ਅਤਿ-ਆਧੁਨਿਕ ਫੌਜੀ ਜਲਵਾਯੂ ਐਪਲੀਕੇਸ਼ਨ ਹੈ ਜੋ ਸੂਚਨਾ ਪ੍ਰਣਾਲੀਆਂ ਦੇ ਡਾਇਰੈਕਟੋਰੇਟ ਜਨਰਲ ਦੁਆਰਾ ਅੰਦਰੂਨੀ ਤੌਰ 'ਤੇ ਵਿਕਸਿਤ ਕੀਤੀ ਗਈ ਹੈ। ਇਹ ਭਾਰਤ ਮੌਸਮ ਵਿਗਿਆਨ ਵਿਭਾਗ, ਰਾਸ਼ਟਰੀ ਮੱਧ ਰੇਂਜ ਮੌਸਮ ਪੂਰਵ ਅਨੁਮਾਨ ਕੇਂਦਰ, ਕੇਂਦਰੀ ਜਲ ਕਮਿਸ਼ਨ, ਉੱਤਰ ਪੂਰਬੀ ਪੁਲਾੜ ਐਪਲੀਕੇਸ਼ਨ ਸੈਂਟਰ, ਭਾਰਤ ਦਾ ਭੂ-ਵਿਗਿਆਨਕ ਸਰਵੇਖਣ ਅਤੇ ਰੱਖਿਆ ਭੂ-ਸਥਾਨਕ ਖੋਜ ਸੰਗਠਨ ਵਰਗੀਆਂ ਏਜੰਸੀਆਂ ਦੇ ਨਾਲ ਕਈ ਮੰਤਰਾਲਿਆਂ ਦੇ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ਦੁਆਰਾ ਸੰਚਾਲਿਤ ਹੈ।
ਇਸ ਵਿੱਚ ਤਿੰਨ ਭਵਿੱਖਬਾਣੀ ਮੌਡਿਊਲ ਹਨ, ਜਿਵੇਂ ਕਿ ਲੈਂਡਸਲਾਈਡ ਭਵਿੱਖਬਾਣੀ, ਹੜ੍ਹ ਭਵਿੱਖਬਾਣੀ ਅਤੇ ਬਰਫ਼ਬਾਰੀ ਭਵਿੱਖਬਾਣੀ। ਫੌਜੀ ਉਪਯੋਗਾਂ ਤੋਂ ਇਲਾਵਾ, ਇਹ ਦੂਰ-ਦੁਰਾਡੇ ਖੇਤਰਾਂ ਵਿੱਚ ਸਿਵਿਲ ਪ੍ਰਸ਼ਾਸਨ ਨੂੰ ਸ਼ੁਰੂਆਤੀ ਚੇਤਾਵਨੀਆਂ ਪ੍ਰਦਾਨ ਕਰਨ ਦੇ ਯੋਗ ਹੋਵੇਗਾ, ਜਿਸ ਨਾਲ ਜੋ ਰਾਸ਼ਟਰੀ ਆਫ਼ਤ ਅਨੁਕੂਲਣ ਅਤੇ ਸਮਰੱਥਾ ਨਿਰਮਾਣ ਵਿੱਚ ਯੋਗਦਾਨ ਪਾਇਆ ਜਾ ਸਕੇਗਾ।

ਫੌਜੀ ਆਗੂਆਂ ਲਈ ਏਆਈ ਹੈਂਡਬੁੱਕ
ਇਹ ਹੈਂਡਬੁੱਕ ਸਿੱਧੇ ਤੌਰ 'ਤੇ ਰਣਨੀਤਕ ਤੋਂ ਲੈ ਕੇ ਰਣਨੀਤਕ ਪੱਧਰ ਤੱਕ ਦੇ ਫੌਜੀ ਆਗੂਆਂ ਨੂੰਇਸ ਨਵੇਂ ਯੁੱਗ ਵਿੱਚ ਅੱਗੇ ਵਧਾਉਣ ਦੇ ਲਈ ਲੋੜੀਂਦੇ ਬੁਨਿਆਦੀ ਗਿਆਨ ਨਾਲ ਲੈਸ ਕਰਨ ਲਈ ਲਾਜ਼ਮੀ ਹੈ। ਇਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਮਿਲਟਰੀ ਨੇਤਾਵਾਂ ਲਈ ਤਿਆਰ ਕੀਤੀ ਗਈ ਹੈ ਜੋ ਫੈਸਲਾ ਲੈਣ ਵਾਲੇ ਹਨ, ਉਨ੍ਹਾਂ ਨੂੰ ਕਮਾਂਡ, ਕੰਟਰੋਲ, ਤਾਲਮੇਲ, ਸੰਚਾਰ, ਯੁੱਧ ਪ੍ਰਣਾਲੀਆਂ, ਖੁਫੀਆ ਜਾਣਕਾਰੀ,ਨਿਗਰਾਨੀ, ਖੋਜ,ਪ੍ਰਚਾਰ ਅਤੇ ਖੁਦਮੁਖਤਿਆਰ ਪਲੈਟਫਾਰਮਾਂ ਵਿੱਚ ਏਆਈ ਦੀ ਸੰਭਾਵਨਾ ਦਾ ਲਾਭ ਉਠਾਉਣ ਲਈ ਬੌਧਿਕ ਨਕਸ਼ੇ (ਰੋਡਮੈਪ) ਪ੍ਰਦਾਨ ਕਰਦੀ ਹੈ, ਨਾਲ ਹੀ ਉਨ੍ਹਾਂ ਦੇ ਫੈਸਲਿਆਂ ਨੂੰ ਰਣਨੀਤਕ ਹਕੀਕਤ ਦੇ ਆਧਾਰ ‘ਤੇ ਸਥਾਪਿਤ ਕਰਦੀ ਹੈ।
ਕਿਤਾਬ (ਪੁਸਤਕ): ਡਿਜੀਟਲਾਈਜੇਸ਼ਨ 3.0 - ਬੂਟਸ ਤੋਂ ਬਾਈਟਸ ਤੱਕ ਅਤੇ ਏਆਈ ਤਿਆਰੀ ਵੱਲ
ਡਿਜੀਟਲਾਈਜੇਸ਼ਨ 3.0 ਭਾਰਤੀ ਫੌਜ ਦੇ ਪਰਿਵਰਤਨ ਨੂੰ ਦਰਸਾਉਂਦੀ ਹੈ ਕਿਉਂਕਿ ਇਹ 100 ਐਪਲੀਕੇਸ਼ਨਾਂ ਰਾਹੀਂ ਵਿਰਾਸਤੀ ਪ੍ਰਣਾਲੀਆਂ ਤੋਂ ਤਕਨੀਕੀ ਤੌਰ 'ਤੇ ਸਸ਼ਕਤ ਫੋਰਸ ਵੱਲ ਅੱਗੇ ਵਧ ਰਹੀ ਹੈ, ਜੋ ਕਿ ਸਵਦੇਸ਼ੀਕਰਣ, ਨਵੀਨਤਾ ਅਤੇ ਇੱਕ ਆਤਮ-ਨਿਰਭਰ ਭਾਰਤ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਕਿਤਾਬ ਦੋ ਮੁੱਖ ਵਿਸ਼ਿਆਂ 'ਤੇ ਅਧਾਰਿਤ ਹੈ: ਡਿਜੀਟਲ ਆਰਮੀ: ਕਿਤਾਬਾਂ ਤੋਂ ਬਾਈਟਸ ਤੱਕ ਅਤੇ ਏਆਈ-ਸਮਰੱਥ ਭਾਰਤੀ ਫੌਜ ਵੱਲ।

ਗ੍ਰੀਨ ਹਾਈਡ੍ਰੋਜਨ ਮਾਈਕ੍ਰੋਗ੍ਰਿਡ ਪ੍ਰੋਜੈਕਟ ਦਾ ਈ-ਉਦਘਾਟਨ
ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨੇ ਸਮੁੰਦਰ ਤਲ ਤੋਂ 4,500 ਮੀਟਰ ਦੀ ਉਚਾਈ 'ਤੇ ਚੁਸ਼ੂਲ, ਲੱਦਾਖ ਵਿਖੇ ਭਾਰਤੀ ਫੌਜ ਲਈ ਇੱਕ ਗ੍ਰੀਨ ਹਾਈਡ੍ਰੋਜਨ ਮਾਈਕ੍ਰੋਗ੍ਰਿਡ ਪ੍ਰੋਜੈਕਟ ਸਥਾਪਿਤ ਕੀਤਾ ਹੈ। ਇਸ ਦਾ ਉਦੇਸ਼ ਫੌਜੀ ਸਥਾਪਨਾਵਾਂ 'ਤੇ ਜੈਵਿਕ-ਈਂਧਣ ਵਾਲੇ ਡੀਜੀ ਸੈੱਟਾਂ ਨੂੰ ਬਦਲਣਾ ਹੈ ਜੋ ਗ੍ਰਿਡ ਨਾਲ ਨਹੀਂ ਜੁੜੇ ਹੋਏ ਹਨ ਅਤੇ ਪ੍ਰਤੀ ਸਾਲ 1,500 ਟਨ ਕਾਰਬਨ ਨਿਕਾਸ ਨੂੰ ਘਟਾਉਣਾ ਹੈ।

ਇਸ ਮੌਕੇ 'ਤੇ ਸੈਨਾ ਮੁਖੀ ਜਨਰਲ ਉਪੇਂਦਰ ਦਿਵ੍ਵੇਦੀ, ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੀਵ ਕੁਮਾਰ, ਸਕੱਤਰ, ਧਰਤੀ ਵਿਗਿਆਨ ਮੰਤਰਾਲੇ ਡਾ. ਐੱਮ. ਰਵੀਚੰਦਰਨ, ਡਾਇਰੈਕਟਰ ਜਨਰਲ, ਸੈਂਟਰ ਫਾਰ ਲੈਂਡ ਵਾਰਫੇਅਰ ਸਟਡੀਜ਼ (ਸੀਐੱਲਏਡਬਲਿਊਐੱਸ) ਲੈਫਟੀਨੈਂਟ ਜਨਰਲ ਦੁਸ਼ਯੰਤ ਸਿੰਘ (ਸੇਵਾਮੁਕਤ), ਚੇਅਰਮੈਨ, ਐੱਨਟੀਪੀਸੀਸ਼੍ਰੀ ਗੁਰਦੀਪ ਸਿੰਘ, ਵਿਦੇਸ਼ੀ ਸੇਵਾਵਾਂ ਦੇ ਪ੍ਰਤੀਨਿਧੀ, ਕੂਟਨੀਤਕ ਭਾਈਚਾਰੇ, ਥਿੰਕ ਟੈਂਕ ਅਤੇ ਅਕਾਦਮਿਕ ਵਿਦਵਾਨ ਅਤੇ ਸਿਵਿਲ ਅਤੇ ਫੌਜੀ ਅਧਿਕਾਰੀ ਮੌਜੂਦ ਸਨ।

ਭਾਰਤੀ ਫੌਜ ਦੁਆਰਾ ਸੀਐੱਲਏਡਬਲਿਊਐੱਸ (CLAWS) ਦੇ ਸਹਿਯੋਗ ਨਾਲ ਆਯੋਜਿਤ ਚਾਣਕਯ ਰੱਖਿਆ ਸੰਵਾਦ 2025 ਨੇ ਫੌਜੀ ਨੇਤਾਵਾਂ, ਵਿਸ਼ਵ ਰਣਨੀਤਕ ਮਾਹਰਾਂ, ਡਿਪਲੋਮੈਟਾਂ, ਉਦਯੋਗ ਜਗਤ ਦੇ ਨੇਤਾਵਾਂ ਅਤੇ ਨੌਜਵਾਨ ਵਿਦਵਾਨਾਂ ਨੂੰ ਇੱਕ ਮੰਚ ਉੱਤੇ ਇੱਕਠਾ ਕੀਤਾ ਹੈ ਤਾਂ ਜੋ ਤੇਜ਼ੀ ਨਾਲ ਬਦਲਦੇ ਵਿਸ਼ਵ ਦ੍ਰਿਸ਼ ਵਿੱਚ ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਅਤੇ ਤਕਨੀਕੀ ਸੀਮਾਵਾਂ ਦਾ ਮੁਲਾਂਕਣ ਕੀਤਾ ਜਾ ਸਕੇ। 27 ਨਵੰਬਰ, 2025 ਨੂੰ ਸ਼ੁਰੂ ਹੋਏ ਇਸ ਦੋ-ਦਿਨਾਂ ਸਮਾਗਮ ਦਾ ਉਦੇਸ਼ ਭਾਰਤ ਦੇ ਭਵਿੱਖ ਦੇ ਸੁਰੱਖਿਆ ਢਾਂਚੇ 'ਤੇ ਰਣਨੀਤਕ ਵਿਚਾਰ-ਵਟਾਂਦਰੇ ਲਈ ਇੱਕ ਵਿਆਪਕ ਪਲੈਟਫਾਰਮ ਤਿਆਰ ਕਰਨਾ ਹੈ।
*********
ਵੀਕੇ/ਐੱਨਏ/ਸੈਵੀ/ਏਕੇ
(रिलीज़ आईडी: 2196621)
आगंतुक पटल : 4