ਆਯੂਸ਼
azadi ka amrit mahotsav

ਵੀਐੱਮਐੱਮਸੀ-ਸਫਦਰਜੰਗ ਹਸਪਤਾਲ ਅਤੇ ਸੀਸੀਆਰਏਐੱਸ-ਸੀਏਆਰਆਈ ਨੇ ਏਕੀਕ੍ਰਿਤ ਮੇਨੋਪੌਜ਼ ਕੇਅਰ ਖੋਜ ਨੂੰ ਹੁਲਾਰਾ ਦੇਣ ਲਈ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ

Posted On: 18 NOV 2025 7:11PM by PIB Chandigarh

ਮਹਿਲਾਵਾਂ ਲਈ ਏਕੀਕ੍ਰਿਤ ਸਿਹਤ ਸੰਭਾਲ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਵਰਧਮਾਨ ਮਹਾਵੀਰ ਮੈਡੀਕਲ ਕਾਲਜ (ਵੀਐੱਮਐੱਮਸੀ) ਅਤੇ ਸਫਦਰਜੰਗ ਹਸਪਤਾਲ ਨੇ ਅੱਜ ਆਯੁਸ਼ ਮੰਤਰਾਲੇ ਦੇ ਕੇਂਦਰੀ ਆਯੁਰਵੇਦ ਵਿਗਿਆਨ ਖੋਜ ਪ੍ਰੀਸ਼ਦ (ਸੀਸੀਆਰਏਐੱਸ) ਦੇ ਅਧੀਨ ਕੇਂਦਰੀ ਆਯੁਰਵੇਦ ਖੋਜ ਸੰਸਥਾ (ਸੀਏਆਰਆਈ) ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ। ਇਸ ਸਹਿਯੋਗ ਦਾ ਉਦੇਸ਼ ਮੇਨੋਪੌਜ਼ ਦੇਖਭਾਲ ਨੂੰ ਬਿਹਤਰ ਬਣਾਉਣ 'ਤੇ ਕੇਂਦ੍ਰਿਤ ਵਿਗਿਆਨਿਕ, ਸਬੂਤ-ਅਧਾਰਿਤ ਆਯੁਰਵੇਦ ਖੋਜ ਨੂੰ ਅੱਗੇ ਵਧਾਉਣਾ ਹੈ।

ਮੇਨੋਪੌਜ਼ ਵਿੱਚੋਂ ਗੁਜ਼ਰ ਰਹੀਆਂ ਮਹਿਲਾਵਾਂ ਆਮ ਤੌਰ 'ਤੇ ਹੌਟ ਫਲੱਸ਼, ਨੀਂਦ ਨਾ ਆਉਣਾ, ਥਕਾਵਟ, ਵਜਾਇਨਲ ਡ੍ਰਾਈਨੈੱਸ (ਯੋਨੀ ਦੀ ਖੁਸ਼ਕੀ), ਮੂਡ ਵਿੱਚ ਉਤਾਰ-ਚੜ੍ਹਾਅ, ਚਿੰਤਾ ਅਤੇ ਯਾਦਦਾਸ਼ਤ ਸਬੰਧੀ ਸੱਮਸਿਆਵਾਂ ਵਰਗੇ ਲੱਛਣਾਂ ਦਾ ਅਨੁਭਵ ਕਰਦੀਆਂ ਹਨ। ਸੁਰੱਖਿਅਤ ਅਤੇ ਸਹਾਇਕ ਇਲਾਜ ਵਿਕਲਪਾਂ ਵਿੱਚ ਵਧਦੀ ਦਿਲਚਸਪੀ ਨੇ ਬਹੁਤ ਸਾਰੇ ਲੋਕਾਂ ਨੂੰ ਆਯੁਰਵੇਦ ਸਮੇਤ ਸੰਪੂਰਨ ਪਹੁੰਚਾਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ। ਇਹ ਸਮਝੌਤਾ ਪ੍ਰਮਾਣਿਤ ਏਕੀਕ੍ਰਿਤ ਪ੍ਰੋਟੋਕੌਲ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਜੋ ਆਧੁਨਿਕ ਮੈਡੀਕਲ ਪ੍ਰੈਕਟਿਸ ਨਾਲ ਰਵਾਇਤੀ ਗਿਆਨ ਨੂੰ ਮਿਲਾਉਂਦਾ ਹੈ। 

ਸਮਾਰੋਹ ਵਿੱਚ ਬੋਲਦਿਆਂ, ਵੀਐੱਮਐੱਮਸੀ ਅਤੇ ਸਫਦਰਜੰਗ ਹਸਪਤਾਲ ਦੇ ਡਾਇਰੈਕਟਰ ਡਾ. ਸੰਦੀਪ ਬੰਸਲ ਨੇ ਕਿਹਾ ਕਿ ਆਯੁਰਵੇਦ-ਅਧਾਰਿਤ ਥੈਰੇਪੀਆਂ, ਜਦੋਂ ਐਲੋਪੈਥਿਕ ਇਲਾਜ ਦੇ ਨਾਲ ਸਮਝਦਾਰੀ ਨਾਲ ਵਰਤੀਆਂ ਜਾਂਦੀਆਂ ਹਨ, ਤਾਂ ਮੇਨੋਪੌਜ਼ ਵਾਲੀਆਂ ਮਹਿਲਾਵਾਂ ਨੂੰ ਪਰਿਵਰਤਨਕਾਰੀ ਲਾਭ ਪ੍ਰਦਾਨ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਧਾਤਾਂ ਵਾਲੀਆਂ ਕੁਝ ਆਯੁਰਵੇਦਿਕ ਦਵਾਈਆਂ ਨੂੰ ਮਾਹਰਾਂ ਦੀ ਸਖਤ ਨਿਗਰਾਨੀ ਹੇਠ ਲਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸੁਰੱਖਿਅਤ ਅਤੇ ਅਸਰਦਾਰ ਰਹਿਣ।

ਡਾ. ਹੇਮੰਤ ਪਾਣੀਗ੍ਰਹੀ (Dr. Hemanta Panigrahi), ਇੰਸਟੀਟਿਊਟ ਇੰਚਾਰਜ, ਸੀਏਆਰਆਈ, ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੀਸੀਆਰਏਐੱਸ, ਆਯੁਸ਼ ਮੰਤਰਾਲੇ ਦੀ ਸਿਖਰਲੀ ਖੋਜ ਸੰਸਥਾ ਦੇ ਰੂਪ ਵਿੱਚ, ਦਹਾਕਿਆਂ ਤੋਂ ਆਯੁਰਵੇਦ ਵਿੱਚ ਵਿਗਿਆਨਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਫਦਰਜੰਗ ਹਸਪਤਾਲ ਵਿਖੇ ਆਯੁਰਵੇਦ ਯੂਨਿਟ ਵਰ੍ਹੇ 1996 ਤੋਂ ਕਾਰਜਸ਼ੀਲ ਹੈ, ਜੋ ਮਰੀਜ਼ਾਂ ਦੀ ਦੇਖਭਾਲ ਅਤੇ ਸਹਿਯੋਗੀ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ "ਸਬੂਤ-ਅਧਾਰਤ ਆਯੁਰਵੇਦ ਵਿਸ਼ਵਵਿਆਪੀ ਤੌਰ 'ਤੇ ਸਵੀਕਾਰਤਾ ਪ੍ਰਾਪਤ ਕਰ ਰਿਹਾ ਹੈ, ਅਤੇ ਇਹ ਭਾਈਵਾਲੀ ਏਕੀਕ੍ਰਿਤ ਖੋਜ ਵਿਧੀਆਂ ਨੂੰ ਹੋਰ ਮਜ਼ਬੂਤ ​​ਕਰੇਗੀ ਅਤੇ ਜਨਤਕ ਦੇਖਭਾਲ ਨੂੰ ਵਧਾਏਗੀ।

ਇਹ ਸਹਿਯੋਗ ਵਿਗਿਆਨਿਕ ਤੌਰ 'ਤੇ ਪ੍ਰਮਾਣਿਤ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਆਯੁਰਵੇਦਿਕ ਉਪਚਾਰਾਂ ਨੂੰ ਡਿਜ਼ਾਈਨ ਕਰਨ 'ਤੇ ਕੇਂਦ੍ਰਿਤ ਹੈ, ਜੋ ਆਧੁਨਿਕ ਮੇਨੋਪੌਜ ਦੇਖਭਾਲ ਦੇ ਪੂਰਕ ਹਨ। ਇਸ ਪਹਿਲਕਦਮੀ ਨਾਲ ਮਰੀਜ਼ਾਂ ਦੇ ਨਤੀਜਿਆਂ ਵਿੱਚ ਸੁਧਾਰ ਹੋਣ, ਖੋਜ ਸਮਰੱਥਾ ਦਾ ਵਿਸਤਾਰ ਹੋਣ ਅਤੇ ਸਮੁੱਚੇ ਸਿਹਤ ਸਮਾਧਾਨਾਂ ਤੱਕ ਵਿਆਪਕ ਪਹੁੰਚ ਦਾ ਸਮਰਥਨ ਮਿਲਣ ਦੀ ਉਮੀਦ ਹੈ। 

ਇਸ ਸਮਾਗਮ ਦੌਰਾਨ, ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਸ਼ਿਵਸ਼ੰਕਰ ਰਾਜਪੂਤ ਅਤੇ ਪ੍ਰੋ. ਉਪਮਾ ਸਕਸੈਨਾ ਨੇ ਡਾ. ਚਾਰੂ ਬਾਂਬਾ (ਮੈਡੀਕਲ ਸੁਪਰਡੈਂਟ), ਡਾ. ਸ਼ਵੇਤਾ ਮਾਤਾ (Dr. Shweta Mata) ਅਤੇ ਡਾ. ਆਸ਼ੀਮਾ ਜੈਨ ਦੀ ਮੌਜੂਦਗੀ ਵਿੱਚ ਪ੍ਰੋਜੈਕਟ ਦੇ ਵੇਰਵੇ ਪੇਸ਼ ਕੀਤੇ।

ਇਹ ਸਮਝੌਤਾ ਵੀਐੱਮਐੱਮਸੀ-ਸਫਦਰਜੰਗ ਹਸਪਤਾਲ ਅਤੇ ਆਯੁਸ਼ ਮੰਤਰਾਲੇ ਦੁਆਰਾ ਸਹਿਯੋਗੀ, ਮਰੀਜ਼-ਕੇਂਦ੍ਰਿਤ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਅਤੇ ਮਹਿਲਾਵਾਂ ਦੀ ਸਿਹਤ ਲਈ ਏਕੀਕ੍ਰਿਤ ਖੋਜ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

************

ਐੱਸਆਰ/ਜੀਐੱਸ/ਐੱਸਜੀ/ਏਕੇ


(Release ID: 2191694) Visitor Counter : 4