ਆਯੂਸ਼
ਭਾਰਤ ਨੇ ਵਿਸ਼ਵ ਸਿਹਤ ਸੰਗਠਨ ਸਮਿਟ ਤੋਂ ਪਹਿਲਾਂ ਸਬੂਤ-ਅਧਾਰਿਤ ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵਵਿਆਪੀ ਯਤਨਾਂ ਨੂੰ ਅੱਗੇ ਵਧਾਇਆ
ਭਾਰਤ ਮਜ਼ਬੂਤ ਖੋਜ, ਵਿਸ਼ਵਵਿਆਪੀ ਸਹਿਯੋਗ ਅਤੇ ਬਿਹਤਰ ਗੁਣਵੱਤਾ ਅਤੇ ਸੁਰੱਖਿਆ ਢਾਂਚੇ ਰਾਹੀਂ ਰਵਾਇਤੀ ਚਿਕਿਤਸਾ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ: ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ
ਵਿਸ਼ਵ ਸਿਹਤ ਸੰਗਠਨ ਨਾਲ ਭਾਰਤ ਦੀ ਸਾਂਝੇਦਾਰੀ ਦੁਨੀਆ ਭਰ ਵਿੱਚ ਰਵਾਇਤੀ ਚਿਕਿਤਸਾ ਦੀ ਖੋਜ, ਪ੍ਰਮਾਣਿਕਤਾ ਅਤੇ ਸੁਰੱਖਿਅਤ ਏਕੀਕਰਣ ਨੂੰ ਮਜ਼ਬੂਤ ਕਰਦੀ ਹੈ: ਵਿਦੇਸ਼ ਸਕੱਤਰ (ਪੱਛਮ)
ਸਾਡਾ ਉਦੇਸ਼ ਵਿਸ਼ਵਿਆਪੀ ਸਹਿਯੋਗ ਰਾਹੀਂ ਰਵਾਇਤੀ ਚਿਕਿਤਸਾ ਵਿੱਚ ਮਿਆਰਾਂ ਨੂੰ ਮਜ਼ਬੂਤ ਕਰਨਾ, ਖੋਜ ਨੂੰ ਅਪਗ੍ਰੇਡ ਕਰਨਾ ਅਤੇ ਨਿਆਂਸੰਗਤ ਪਹੁੰਚ ਨੂੰ ਉਤਸ਼ਾਹਿਤ ਕਰਨਾ ਹੈ: ਆਯੁਸ਼ ਸਕੱਤਰ
ਰਵਾਇਤੀ ਚਿਕਿਤਸਾ ਸਾਰਿਆਂ ਲਈ ਸਿਹਤ ਦੀ ਕੁੰਜੀ ਹੈ: ਖੇਤਰੀ ਨਿਦੇਸ਼ਕ ਐਮੇਰੀਟਸ, ਵਿਸ਼ਵ ਸਿਹਤ ਸੰਗਠਨ ਦੱਖਣ-ਪੂਰਬੀ ਏਸ਼ੀਆ ਖੇਤਰ
Posted On:
10 NOV 2025 4:51PM by PIB Chandigarh
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਅੱਜ ਨਵੀਂ ਦਿੱਲੀ ਵਿੱਚ ਰਾਜਦੂਤਾਂ ਦੇ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ। ਇਹ 17-19 ਦਸੰਬਰ, 2025 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਦੂਜੇ ਵਿਸ਼ਵ ਸਿਹਤ ਸੰਗਠਨ ਗਲੋਬਲ ਪਰੰਪਰਾਗਤ ਚਿਕਿਤਸਾ ਸਮਿਟ ਦਾ ਪੂਰਵਗਾਮੀ ਪ੍ਰੋਗਰਾਮ ਹੈ। ਇਸ ਉੱਚ-ਪੱਧਰੀ ਮੀਟਿੰਗ ਵਿੱਚ, ਰਾਜਦੂਤਾਂ, ਹਾਈ ਕਮਿਸ਼ਨਰਾਂ ਅਤੇ ਕੂਟਨੀਤਕ ਪ੍ਰਤੀਨਿਧੀਆਂ ਨੂੰ ਸਮਿਟ ਦੇ ਵਿਜ਼ਨ, ਵਿਸ਼ਵ ਸਿਹਤ ਸਾਰਥਕਤਾ ਅਤੇ ਸਬੂਤ-ਅਧਾਰਿਤ ਪਰੰਪਰਾਗਤ ਚਿਕਿਤਸਾ ਨੂੰ ਅੱਗੇ ਵਧਾਉਣ ਵਿੱਚ ਬਹੁਪੱਖੀ ਸਹਿਯੋਗ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਸਵਾਗਤ ਸਮਾਰੋਹ ਵਿੱਚ ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ, ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਅਤੇ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮ) ਰਾਜਦੂਤ ਸਿਬੀ ਜੌਰਜ ਵੀ ਇਸ ਮੌਕੇ ‘ਤੇ ਮੌਜੂਦ ਸਨ। ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਦੀ ਸੀਨੀਅਰ ਸਲਾਹਕਾਰ ਅਤੇ ਡਬਲਿਊਐੱਚਓ ਦੱਖਣ-ਪੂਰਬੀ ਏਸ਼ੀਆ ਡਿਵੀਜ਼ਨ ਦੀ ਅਧਿਕਾਰੀ ਡਾ. ਕੈਥਰੀਨਾ ਬੋਹੇਮ, ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ, ਸੁਸ਼੍ਰੀ ਮੋਨਾਲੀਸਾ ਦਾਸ਼, ਡਬਲਿਊਐੱਚਓ ਦੱਖਣ-ਪੂਰਬੀ ਏਸ਼ੀਆ ਖੇਤਰ ਲਈ ਐਮੇਰੀਟਸ ਖੇਤਰੀ ਨਿਦੇਸ਼ਕ ਅਤੇ ਡਬਲਿਊਐੱਚਓ ਦੇ ਡਾਇਰੈਕਟਰ-ਜਨਰਲ ਦੀ ਰਵਾਇਤੀ ਚਿਕਿਤਸਾ ਚਿਕਿਤਸਾ ਦੀ ਸੀਨੀਅਰ ਸਲਾਹਕਾਰ ਡਾ. ਪੂਨਮ ਖੇਤਰਪਾਲ ਅਤੇ ਡਬਲਿਊਐੱਚਓ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਿਨ ਦੀ ਡਾਇਰੈਕਟਰ ਡਾ. ਸ਼ਿਆਮਾ ਕੁਰੁਵਿਲਾ ਸ਼ਾਮਲ ਸਨ।
ਮੁੱਖ ਮਹਿਮਾਨ, ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਕਿਹਾ, "ਇਹ ਸਮਿਟ ਦੁਨੀਆ ਭਰ ਵਿੱਚ ਨਿਆਂਸੰਗਤ, ਪਹੁੰਚਯੋਗ ਅਤੇ ਸਬੂਤ-ਅਧਾਰਿਤ ਸਿਹਤ ਸੰਭਾਲ ਪ੍ਰਣਾਲੀਆਂ ਦੇ ਸਾਡੇ ਸਾਂਝੇ ਯਤਨਾਂ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ। ਰਵਾਇਤੀ ਚਿਕਿਤਸਾ ਸੱਭਿਆਚਾਰਕ ਪਛਾਣ, ਭਾਈਚਾਰਕ ਗਿਆਨ, ਅਤੇ ਕੁਦਰਤ ਅਤੇ ਭਲਾਈ ਬਾਰੇ ਮਨੁੱਖਤਾ ਦੇ ਸਮੂਹਿਕ ਗਿਆਨ ਦਾ ਭੰਡਾਰ ਹੈ ਅਤੇ ਦੁਨੀਆ ਨੇ ਰਵਾਇਤੀ ਗਿਆਨ ਨੂੰ ਆਧੁਨਿਕ ਚਿਕਿਤਸਾ ਵਿਗਿਆਨ ਨਾਲ ਜੋੜਨ ਵਾਲੇ ਏਕੀਕ੍ਰਿਤ ਸਿਹਤ ਪਹੁੰਚਾਂ ਦੇ ਪ੍ਰਤੀ ਮੁੜ ਤੋਂ ਆਪਣੀ ਸ਼ਲਾਘਾ ਵਿਅਕਤ ਕੀਤੀ। ਵਿਸ਼ਵ ਸਿਹਤ ਸੰਗਠਨ ਅਤੇ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਿਨ, ਜਾਮਨਗਰ ਨਾਲ ਮਿਲ ਕੇ ਕੰਮ ਕਰਦੇ ਹੋਏ, ਸਾਡਾ ਉਦੇਸ਼ ਖੋਜ ਨੂੰ ਮਜ਼ਬੂਤ ਕਰਨਾ, ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਨੂੰ ਵਧਾਉਣਾ, ਅਤੇ ਇਹ ਯਕੀਨੀ ਬਣਾਉਣਾ ਹੈ ਕਿ ਰਵਾਇਤੀ ਚਿਕਿਤਸਾ ਦੇ ਲਾਭ ਸਾਰਿਆਂ ਲਈ ਉਪਲਬਧ ਹੋਣ।"
ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਸੰਪੂਰਨ ਅਤੇ ਏਕੀਕ੍ਰਿਤ ਸਿਹਤ ਪ੍ਰਣਾਲੀਆਂ ਦੇ ਆਲੇ-ਦੁਆਲੇ ਵਿਸ਼ਵਵਿਆਪੀ ਤਾਲਮੇਲ 'ਤੇ ਜ਼ੋਰ ਦਿੰਦੇ ਹੋਏ ਕਾਨਫਰੰਸ ਦੀ ਸ਼ੁਰੂਆਤ ਕੀਤੀ । ਸਮਿਟ ਦੀ ਥੀਮ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, "ਸੰਤੁਲਨ ਨੂੰ ਬਹਾਲ ਕਰਨਾ: ਸਿਹਤ ਅਤੇ ਤੰਦਰੁਸਤੀ ਦੇ ਵਿਗਿਆਨ ਅਤੇ ਅਭਿਆਸ" ਸੰਪੂਰਨ ਸਿਹਤ ਅਤੇ ਰਵਾਇਤੀ ਚਿਕਿਤਸਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਰਤ ,ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵਵਿਆਪੀ ਸਾਂਝੇਦਾਰਾਂ ਨਾਲ ਮਿਲ ਕੇ ਮਿਆਰਾਂ ਨੂੰ ਮਜ਼ਬੂਤ ਕਰਨ, ਖੋਜ ਨੂੰ ਅੱਗੇ ਵਧਾਉਣ ਅਤੇ ਗੁਣਵੱਤਾ ਭਰੋਸਾ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਵਿਸ਼ਵਵਿਆਪੀ ਸੰਵਾਦ ਸਾਰਥਕ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।"
ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਦੱਖਣ-ਪੂਰਬੀ ਏਸ਼ੀਆ ਖੇਤਰ ਦੀ ਆਨਰੇਰੀ ਰੀਜਨਲ ਡਾਇਰੈਕਟਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਦੀ ਪਰੰਪਰਾਗਤ ਚਿਕਿਤਸਾ ‘ਤੇ ਸੀਨੀਅਰ ਸਲਾਹਕਾਰ ਡਾ. ਪੂਨਮ ਖੇਤਰਪਾਲ ਦੁਆਰਾ ਇੱਕ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਕਿਹਾ, "ਰਵਾਇਤੀ ਚਿਕਿਤਸਾ ਸਾਰਿਆਂ ਲਈ ਸਿਹਤ ਪ੍ਰਾਪਤ ਕਰਨ ਦਾ ਇੱਕ ਅਨਿੱਖੜਵਾਂ ਅੰਗ ਹੈ। 170 ਮੈਂਬਰ ਰਾਜਾਂ ਦੁਆਰਾ ਇਸ ਦੀ ਵਰਤੋਂ ਦੀ ਰਿਪੋਰਟ ਕਰਨ ਅਤੇ ਵਿਸ਼ਵਵਿਆਪੀ ਢਾਂਚੇ ਦੇ ਵਿਕਾਸ ਦੇ ਨਾਲ, ਇਸ ਖੇਤਰ ਦੀ ਗਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਜਾਮਨਗਰ ਵਿੱਚ ਜੀਟੀਐੱਮਸੀ ਅਤੇ ਗਲੋਬਲ ਲਾਇਬ੍ਰੇਰੀ ਆਫ਼ ਟ੍ਰੈਡੀਸ਼ਨਲ ਮੈਡੀਸਿਨ ਇੱਕ ਸਿਹਤਮੰਦ ਅਤੇ ਵਧੇਰੇ ਟਿਕਾਊ ਭਵਿੱਖ ਲਈ ਸਬੂਤ-ਅਧਾਰਿਤ, ਲੋਕ-ਕੇਂਦ੍ਰਿਤ ਅਤੇ ਸੰਪੂਰਨ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।"
ਵਿਦੇਸ਼ ਸਕੱਤਰ (ਪੱਛਮ) ਰਾਜਦੂਤ ਸਿਬੀ ਜੌਰਜ ਨੇ ਰਵਾਇਤੀ ਚਿਕਿਤਸਾ ਲਈ ਗਲੋਬਲ ਢਾਂਚੇ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਭੂਮਿਕਾ ਅਤੇ ਇਸ ਸਮਿਟ ਦੀ ਅੰਤਰਰਾਸ਼ਟਰੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ: "ਇਹ ਕਾਨਫਰੰਸ ਸਮਕਾਲੀ ਵਿਗਿਆਨਿਕ ਸਮਝ ਨਾਲ ਸਮੇਂ-ਸਮੇਂ 'ਤੇ ਪਰਖੇ ਗਏ ਚਿਕਿਤਸਾ ਪਰੰਪਰਾਵਾਂ ਨੂੰ ਜੋੜਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਤੰਦਰੁਸਤੀ ਅਤੇ ਸੰਤੁਲਨ ਨੂੰ ਬਹਾਲ ਕਰਨ ਦਾ ਸਾਂਝਾ ਦ੍ਰਿਸ਼ਟੀਕੋਣ ਵਿਸ਼ਵਵਿਆਪੀ ਸਿਹਤ ਕਵਰੇਜ ਵਿੱਚ ਰਵਾਇਤੀ ਚਿਕਿਤਸਾ ਦੀ ਵੱਧ ਰਹੀ ਵਿਸ਼ਵਵਿਆਪੀ ਕਦਰ ਨੂੰ ਦਰਸਾਉਂਦਾ ਹੈ। ਆਯੁਸ਼ ਮੰਤਰਾਲੇ ਨੇ ਖੋਜ, ਫਾਰਮਾਕੋਵਿਜੀਲੈਂਸ ਅਤੇ ਵਿਸ਼ਵਵਿਆਪੀ ਸਹਿਯੋਗ ਰਾਹੀਂ ਇਨ੍ਹਾਂ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਹੈ, ਜਿਸ ਵਿੱਚ ਜਾਮਨਗਰ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਸੈਂਟਰ ਫਾਰ ਮੈਡੀਸਿਨ ਵੀ ਸ਼ਾਮਲ ਹੈ।"
ਸਮਿਟ ਦੇ ਵਿਆਪਕ ਸੰਦਰਭ ਨੂੰ ਸਥਾਪਿਤ ਕਰਦੇ ਹੋਏ, ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਿਨ ਦੀ ਡਾਇਰੈਕਟਰ ਡਾ. ਸ਼ਿਆਮਾ ਕੁਰੁਵਿਲਾ ਨੇ ਵਿਸ਼ਵਵਿਆਪੀ ਦ੍ਰਿਸ਼ ਅਤੇ ਉੱਭਰ ਰਹੀਆਂ ਤਰਜੀਹਾਂ ਨੂੰ ਰੇਖਾਂਕਿਤ ਕੀਤਾ । ਸਮਿਟ ਦੀ ਯੋਜਨਾ ਦੀ ਰੂਪਰੇਖਾ ਪੇਸ਼ ਕਰਦੇ ਹੋਏ, ਉਨ੍ਹਾਂ ਕਿਹਾ, "ਸਮਿਟ ਦਾ ਉਦੇਸ਼ ਲੋਕਾਂ ਅਤੇ ਦੁਨੀਆ ਲਈ ਸੰਤੁਲਨ ਬਹਾਲ ਕਰਨ ਲਈ ਇੱਕ ਵਿਸ਼ਵਵਿਆਪੀ ਲਹਿਰ ਨੂੰ ਅੱਗੇ ਵਧਾਉਣਾ ਹੈ, ਜੋ ਕਿ ਰਵਾਇਤੀ ਚਿਕਿਤਸਾ ਦੇ ਵਿਗਿਆਨ ਅਤੇ ਅਭਿਆਸਾਂ ਦੇ ਅਧਾਰਿਤ ਹੈ। ਗਲੋਬਲ ਟ੍ਰੈਡੀਸ਼ਨਲ ਮੈਡੀਸਿਨ ਰਣਨੀਤੀ 2025-2034 (ਵਿਸ਼ਵ ਸਿਹਤ ਅਸੈਂਬਲੀ 78) ਦੁਆਰਾ ਨਿਰਦੇਸ਼ਿਤ, ਇਹ ਸਮਿਟ ਨਵੀਨਤਮ ਸਬੂਤਾਂ ਅਤੇ ਇਨੋਵੇਸ਼ਨਸ ਨੂੰ ਉਜਾਗਰ ਕਰੇਗਾ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ ਕਰੇਗਾ।
ਇਸ ਤੋਂ ਬਾਅਦ ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਮੋਨਾਲੀਸਾ ਦਾਸ਼ ਨੇ ਸਮਿਟ ਦਾ ਵਿਸਤ੍ਰਿਤ ਅਵਲੋਕਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਡੈਲੀਗੇਟਾਂ ਨੂੰ ਭਾਗੀਦਾਰੀ, ਥੀਮੈਟਿਕ ਟਰੈਕਾਂ, ਮੁੱਖ ਘੋਸ਼ਣਾਵਾਂ ਅਤੇ ਦਸੰਬਰ 2025 ਲਈ ਯੋਜਨਾਬੱਧ ਸਾਂਝੇਦਾਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਇਹ ਸਮਾਗਮ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਦੀ ਸੀਨੀਅਰ ਸਲਾਹਕਾਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਐੱਸਈਏਆਰਓ ਦੀ ਇੰਚਾਰਜ ਅਧਿਕਾਰੀ ਡਾ. ਕੈਥਰੀਨਾ ਬੋਹੇਮ ਦੇ ਸਮਾਪਤੀ ਭਾਸ਼ਣ ਨਾਲ ਸਮਾਪਤ ਹੋਇਆ। ਉਨ੍ਹਾਂ ਕਿਹਾ, "ਰਵਾਇਤੀ ਚਿਕਿਤਸਾ ਵਿਸ਼ਵ ਸਿਹਤ ਤੋਂ ਘੱਟ ਨਹੀਂ ਹੈ - ਇਹ ਸਾਰਿਆਂ ਲਈ ਸਿਹਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਅਨਿੱਖੜਵਾਂ ਅੰਗ ਹੈ। ਅਸੀਂ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ ਵਿੱਚ ਦੇਸ਼ਾਂ ਤੋਂ ਉੱਚ-ਪੱਧਰੀ ਭਾਗੀਦਾਰੀ ਦੀ ਉਮੀਦ ਕਰਦੇ ਹਾਂ। ਜਿਵੇਂ-ਜਿਵੇਂ ਅਸੀਂ ਸਮਿਟ ਵੱਲ ਵਧਦੇ ਹਾਂ, ਆਓ ਅਸੀਂ ਪਹੁੰਚਯੋਗ, ਕਿਫਾਇਤੀ, ਸਮਾਵੇਸ਼ੀ, ਅਤੇ ਸਬੂਤ-ਅਧਾਰਿਤ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਨਵੀਨੀਕ੍ਰਿਤ ਕਰੀਏ।”
ਰਾਜਦੂਤਾਂ ਦੇ ਸਵਾਗਤ ਸਮਾਰੋਹ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ, ਸਬੂਤ-ਅਧਾਰਿਤ ਰਵਾਇਤੀ ਚਿਕਿਤਸਾ ਨੂੰ ਅੱਗੇ ਵਧਾਉਣ, ਅਤੇ ਇੱਕ ਗਲੋਬਲ ਹੈਲਥ ਈਕੋ-ਸਿਸਟਮ ਨੂੰ ਆਕਾਰ ਦੇਣ ਦੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕੀਤੀ ਜਿੱਥੇ ਰਵਾਇਤੀ ਗਿਆਨ ਅਤੇ ਆਧੁਨਿਕ ਵਿਗਿਆਨ ਇਕਸੁਰਤਾ ਵਿੱਚ ਕੰਮ ਕਰਨ। ਆਯੁਸ਼ ਮੰਤਰਾਲੇ ਨੇ ਸਾਰੇ ਮਿਸ਼ਨਾਂ ਨੂੰ ਦਸੰਬਰ ਵਿੱਚ ਰਵਾਇਤੀ ਚਿਕਿਤਸਾ 'ਤੇ ਦੂਜੇ ਵਿਸ਼ਵ ਸਿਹਤ ਸੰਗਠਨ ਗਲੋਬਲ ਸਮਿਟ ਵਿੱਚ ਆਪਣੀਆਂ-ਆਪਣੀਆਂ ਸਰਕਾਰਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ।







************
ਐੱਸਆਰ/ਜੀਐੱਸ/ਐੱਸਜੀ/ਏਕੇ
(Release ID: 2189090)
Visitor Counter : 3