ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦਵਾਈਆਂ ਦੀ ਸੁਰੱਖਿਅਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਗਲੋਬਲ ਮੈਡਸੇਫਟੀਵੀਕ (#MedSafetyWeek) ਮੁਹਿੰਮ ਵਿੱਚ ਸ਼ਾਮਲ ਹੋਇਆ ਹੈ
ਭਾਰਤ ਨੇ ਗਲੋਬਲ ਮੈਡਸੇਫਟੀਵੀਕ 2025 ਮੁਹਿੰਮ ਰਾਹੀਂ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ
ਮੈਡਸੇਫਟੀਵੀਕ 2025 ਵਿੱਚ 117 ਦੇਸ਼ਾਂ ਅਤੇ 130 ਸੰਗਠਨਾਂ ਦੀ ਗਲੋਬਲ ਭਾਗੀਦਾਰੀ
Posted On:
10 NOV 2025 5:54PM by PIB Chandigarh
ਇੰਡੀਅਨ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਦੇ ਰਾਸ਼ਟਰੀ ਤਾਲਮੇਲ ਕੇਂਦਰ (NCC-PVPI), ਇੰਡੀਅਨ ਫਾਰਮਾਕੋਪੀਆ ਕਮਿਸ਼ਨ (IPC) ਨੇ ਦੁਨੀਆ ਭਰ ਦੇ 130 ਭਾਈਵਾਲ ਸੰਗਠਨਾਂ ਨਾਲ 3-9 ਨਵੰਬਰ, 2025 ਤੱਕ ਆਯੋਜਿਤ ਦਸਵੇਂ ਗਲੋਬਲ ਮੈਡਸੇਫਟੀਵੀਕ ਮੁਹਿੰਮ ਵਿੱਚ ਹਿੱਸਾ ਲਿਆ।
ਇਸ ਮੌਕੇ 'ਤੇ ਬੋਲਦੇ ਹੋਏ, ਆਈਪੀਸੀ ਦੇ ਸਕੱਤਰ-ਕਮ-ਵਿਗਿਆਨਕ ਨਿਦੇਸ਼ਕ, ਡਾ. ਵੀ. ਕਲਾਈਸੈਲਵਨ (Dr. V. Kalaiselvan) ਨੇ ਕਿਹਾ ਕਿ ਖੋਜ ਤੋਂ ਪਤਾ ਲਗਦਾ ਹੈ ਕਿ ਦੁਨੀਆ ਭਰ ਵਿੱਚ ਸਾਰੇ ਸ਼ੱਕੀ ਮਾੜੇ ਪ੍ਰਭਾਵਾਂ ਵਿੱਚੋਂ ਸਿਰਫ਼ 5-10 ਪ੍ਰਤੀਸ਼ਤ ਦੀ ਰਿਪੋਰਟ ਕੀਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ ਅਸੀਂ ਸਿਰਫ਼ ਆਈਸਬਰਗ ਦੇ ਸਿਰ੍ਹੇ ਨੂੰ ਹੀ ਦੇਖ ਰਹੇ ਹਾਂ, ਅਤੇ ਮਹੱਤਵਪੂਰਨ ਸੁਰੱਖਿਆ ਮੁੱਦਿਆਂ ਦੀ ਪਛਾਣ ਕਰਨ ਵਿੱਚ ਹਾਲੇ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਮੈਡਸੇਫਟੀਵੀਕ ਰਾਹੀਂ, ਸਾਡਾ ਟੀਚਾ ਵੱਧ ਤੋਂ ਵੱਧ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਨ੍ਹਾਂ ਦੀਆਂ ਰਿਪੋਰਟਾਂ ਮਹੱਤਵਪੂਰਨ ਹਨ।
NCC-PVPI, IPC ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਫਿਕ ਅਫਸਰ ਅਤੇ ਅਫਸਰ-ਇਨ-ਚਾਰਜ ਜੈ ਪ੍ਰਕਾਸ਼ ਨੇ ਕਿਹਾ, "ਸ਼ੱਕੀ ਮਾੜੇ ਪ੍ਰਭਾਵਾਂ ਦੀ ਸੂਚਨਾ ਦੇ ਕੇ, ਸਾਡੇ ਵਿੱਚੋਂ ਹਰ ਇੱਕ ਵਿਅਕਤੀ ਦਵਾਈਆਂ ਨੂੰ ਸਾਰਿਆਂ ਲਈ ਸੁਰੱਖਿਅਤ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ। ਆਪਣੀ ਆਵਾਜ਼ ਬੁਲੰਦ ਕਰਨ ਨਾਲ ਦੂਜਿਆਂ ਦੀ ਰੱਖਿਆ ਕਰਨ ਵਿੱਚ ਮਦਦ ਮਿਲ ਸਕਦੀ ਹੈ। ਸਿਰਫ਼ ਡਾਕਟਰਾਂ, ਫਾਰਮਾਸਿਸਟਾਂ ਜਾਂ ਰੈਗੂਲੇਟਰਜ਼ ਹੀ ਨਹੀਂ, ਸਾਰਿਆਂ ਦੀ ਇਸ ਵਿੱਚ ਭੂਮਿਕਾ ਹੈ।"
ਇਸ ਸਾਲ ਦੀ ਮੁਹਿੰਮ ਦਾ ਮੁੱਖ ਸੰਦੇਸ਼ ਸੀ: "ਦਵਾਈਆਂ ਦੀ ਸੁਰੱਖਿਆ ਵਿੱਚ ਹਰ ਕਿਸੇ ਦੀ ਭੂਮਿਕਾ ਹੈ। ਸ਼ੱਕੀ ਮਾੜੇ ਪ੍ਰਭਾਵਾਂ ਦੀ ਸੂਚਨਾ ਦੇ ਕੇ, ਤੁਸੀਂ ਅਤੇ ਮੈਂ ਦਵਾਈਆਂ ਨੂੰ ਸਾਰਿਆਂ ਲਈ ਸੁਰੱਖਿਅਤ ਬਣਾਉਣ ਵਿੱਚ ਮਦਦ ਕਰ ਸਕਦੇ ਹਾਂ।" ਇਸ ਪਹਿਲਕਦਮੀ ਦਾ ਉਦੇਸ਼ ਮਰੀਜ਼ਾਂ, ਪਰਿਵਾਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਵਿਚਕਾਰ ਦਵਾਈਆਂ ਦੇ ਸ਼ੱਕੀ ਮਾੜੇ ਪ੍ਰਭਾਵਾਂ ਦੀ ਸੂਚਨਾ ਦੇਣ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣਾ ਸੀ।
ਇਸ ਮੁਹਿੰਮ ਦੇ ਪੂਰੇ ਹਫ਼ਤੇ ਦੌਰਾਨ, ਦੇਸ਼ ਭਰ ਦੇ ਵਿਅਕਤੀਆਂ ਅਤੇ ਹਿਤਧਾਰਕਾਂ ਨੇ ਸੋਸ਼ਲ ਮੀਡੀਆ ਅਤੇ ਆਊਟਰੀਚ ਗਤੀਵਿਧੀਆਂ ਰਾਹੀਂ ਮੈਡਸੇਫਟੀਵੀਕ ਸੰਦੇਸ਼ ਨੂੰ ਸਰਗਰਮੀ ਨਾਲ ਅੱਗੇ ਵਧਾਇਆ। NCC-PVPI ਦੇ ਹਿਤਧਾਰਕ ਵੀ ਜਾਗਰੂਕਤਾ ਵਧਾਉਣ ਅਤੇ ਅਧਿਕਾਰਤ ਚੈਨਲਾਂ ਰਾਹੀਂ ਮਾੜੇ ਪ੍ਰਭਾਵਾਂ ਦੀ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਵੀ ਸ਼ਾਮਲ ਹੋਏ, ਜਿਸ ਵਿੱਚ ਦਵਾਈਆਂ ਦੀ ਪ੍ਰਤੀਕੂਲ ਪ੍ਰਤੀਕ੍ਰਿਆ (ADR) ਨਿਗਰਾਨੀ ਕੇਂਦਰਾਂ ਅਤੇ ਮਾਰਕੀਟ ਅਥਾਰਿਟੀ ਧਾਰਕ ਸ਼ਾਮਲ ਹਨ।
ਪਿਛੋਕੜ
ਮੈਡਸੇਫਟੀਵੀਕ (#MedSafetyWeek) ਮੁਹਿੰਮ ਜਨਤਾ ਨੂੰ ਇਹ ਦੱਸਣ ਲਈ ਪ੍ਰੇਰਿਤ ਕਰਦੀ ਹੈ ਕਿ ਸ਼ੱਕੀ ਮਾੜੇ ਪ੍ਰਭਾਵਾਂ ਦੀ ਰਿਪੋਰਟ ਕਿਉਂ, ਕਿਵੇਂ ਅਤੇ ਕਿੱਥੇ ਕਰਨੀ ਚਾਹੀਦੀ ਹੈ। ਇਹ ਪਹਿਲੀ ਵਾਰ 2016 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2025 ਵਿੱਚ ਆਪਣੀ ਦਸਵੀਂ ਵਰ੍ਹੇਗੰਢ ਮਨਾ ਰਹੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਹੈ। ਇਸ ਵਿੱਚ 117 ਦੇਸ਼ਾਂ ਦੇ 130 ਸੰਗਠਨਾਂ ਨੇ 60 ਤੋਂ ਵੱਧ ਭਾਸ਼ਾਵਾਂ ਵਿੱਚ ਸੰਦੇਸ਼ ਸਾਂਝਾ ਕੀਤੇ।
************
ਐੱਸਆਰ /ਏਕੇ
HFW- Med Safety week/10th Nov 2025/2
(Release ID: 2188766)
Visitor Counter : 4