ਸਹਿਕਾਰਤਾ ਮੰਤਰਾਲਾ
ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਅਸ਼ੀਸ਼ ਕੁਮਾਰ ਭੂਟਾਨੀ ਨੇ ਅੱਜ ਤਿਰੂਪਤੀ, ਆਂਧਰ ਪ੍ਰਦੇਸ਼ ਵਿਖੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਅਤੇ ਸਮੀਖਿਆ ਮੀਟਿੰਗ ਦਾ ਉਦਘਾਟਨ ਕੀਤਾ
ਸਹਿਕਾਰਤਾ ਅੰਦੋਲਨ ਸਹਕਾਰ ਸੇ ਸਮ੍ਰਿੱਧੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ
ਸਹਿਕਾਰੀ ਸੰਸਥਾਵਾਂ ਖੇਤੀਬਾੜੀ ਅਤੇ ਕਰਜ਼ੇ ਵਰਗੇ ਰਵਾਇਤੀ ਖੇਤਰਾਂ ਤੋਂ ਪਰੇ ਸਿਹਤ ਸੰਭਾਲ, ਸੇਵਾਵਾਂ ਅਤੇ ਵੈਲਿਊ ਚੇਨ ਏਕੀਕਰਣ ਵਰਗੇ ਖੇਤਰਾਂ ਵਿੱਚ ਫੈਲ ਰਹੀਆਂ ਹਨ
ਦੋ-ਦਿਨਾਂ ਵਰਕਸ਼ਾਪ ਨੇ ਪੈਕਸ (PACS) ਦੇ ਸੰਪੂਰਨ ਡਿਜੀਟਾਈਜ਼ੇਸ਼ਨ ਨੂੰ ਯਕੀਨੀ ਬਣਾਉਣ, ਪੈਕਸ (PACS) ਸਟਾਫ ਅਤੇ ਮੈਂਬਰਾਂ ਦੀ ਡਿਜੀਟਲ ਸਮਰੱਥਾ ਦਾ ਨਿਰਮਾਣ ਕਰਨ ਅਤੇ ਪੈਕਸ ਨੂੰ ਖੇਤੀਬਾੜੀ ਇਨਪੁਟਸ, ਕ੍ਰੈਡਿਟ, ਖਰੀਦ ਅਤੇ ਸਟੋਰੇਜ ਵਰਗੀਆਂ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਵਨ-ਸਟਾਪ ਸ਼ੌਪ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਦੇ ਯਤਨਾਂ ਨੂੰ ਉਜਾਗਰ ਕੀਤਾ
ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਣ ਯੋਜਨਾ ਵਰਕਸ਼ਾਪ ਦੇ ਮੁੱਖ ਵਿਸ਼ਿਆਂ ਵਿੱਚੋਂ ਇੱਕ ਸੀ
ਵਰਕਸ਼ਾਪ 'ਚ ਸਾਰੀਆਂ ਪੰਚਾਇਤਾਂ ਅਤੇ ਪਿੰਡਾਂ ਵਿੱਚ ਦੋ ਲੱਖ ਬਹੁ-ਮੰਤਵੀ ਪੈਕਸ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੇ ਗਠਨ ਅਤੇ ਮਜ਼ਬੂਤੀ 'ਤੇ ਧਿਆਨ ਦਿੱਤਾ ਗਿਆ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ (ਆਈਵਾਈਸੀ) ਦੇ ਤਹਿਤ ਪ੍ਰਮੁੱਖ ਸਮਾਗਮਾਂ ਦਾ ਸਰਗਰਮੀ ਨਾਲ ਆਯੋਜਨ ਕਰਨਾ ਚਾਹੀਦਾ ਹੈ
ਰਾਜਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਸੋਸਾਇਟੀਆਂ ਦੁਆਰਾ ਕੀਤੀ ਗਈ ਪ੍ਰਗਤੀ ਦੇ ਅਧਾਰ 'ਤੇ ਸਹਿਕਾਰੀ ਪੁਰਸਕਾਰ ਬੈਂਚਮਾਰਕਿੰਗ ਮਾਪਦੰਡ ਸਥਾਪਿਤ ਕਰਨ
ਸਹਿਕਾਰਤਾ ਮੰਤਰਾਲੇ ਦੇ ਸਕੱਤਰ ਨੇ ਰਾਜਾਂ ਨੂੰ ਆਪਣੇ ਰਾਜਾਂ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ 'ਸੁਧਾਰ, ਪ੍ਰਦਰਸ਼ਨ, ਤਬਦੀਲੀ ਅਤੇ ਜਾਣਕਾਰੀ' ਦੇ ਵਿਸ਼ੇ 'ਤੇ ਕੰਮ ਕਰਨ ਦੀ ਤਾਕੀਦ ਕੀਤੀ
प्रविष्टि तिथि:
09 OCT 2025 6:38PM by PIB Chandigarh
ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਬਾਰੇ ਦੋ-ਦਿਨਾਂ ਰਾਸ਼ਟਰੀ ਵਰਕਸ਼ਾਪ ਅਤੇ ਸਮੀਖਿਆ ਮੀਟਿੰਗ ਅੱਜ ਆਂਧਰ ਪ੍ਰਦੇਸ਼ ਦੇ ਤਿਰੂਪਤੀ ਵਿੱਚ ਹੋਈ। ਸਹਿਕਾਰਤਾ ਮੰਤਰਾਲੇ ਦੁਆਰਾ ਆਯੋਜਿਤ ਇਸ ਵਰਕਸ਼ਾਪ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਪ੍ਰਤੀਨਿਧੀਆਂ, ਸਕੱਤਰਾਂ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ (ਆਰਸੀਐੱਸ) ਅਤੇ ਸਹਿਕਾਰੀ ਖੇਤਰ ਦੇ ਮੁੱਖ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਦਾ ਉਦਘਾਟਨ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਅਸ਼ੀਸ਼ ਕੁਮਾਰ ਭੂਟਾਨੀ ਨੇ ਸ਼੍ਰੀ ਪੰਕਜ ਕੁਮਾਰ ਬਾਂਸਲ, ਵਧੀਕ ਸਕੱਤਰ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਈ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ।

ਡਾ. ਭੂਟਾਨੀ ਨੇ ਆਪਣੇ ਮੁੱਖ ਭਾਸ਼ਣ ਵਿੱਚ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਸਹਿਕਾਰੀ ਅੰਦੋਲਨ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਅੱਜ ਸਹਿਕਾਰੀ ਸੰਸਥਾਵਾਂ ਖੇਤੀਬਾੜੀ ਅਤੇ ਕਰਜ਼ੇ ਵਰਗੇ ਰਵਾਇਤੀ ਖੇਤਰਾਂ ਤੋਂ ਅੱਗੇ ਵਧ ਕੇ ਸਿਹਤ ਸੰਭਾਲ, ਸੇਵਾਵਾਂ ਅਤੇ ਵੈਲਿਊ-ਚੇਨ ਏਕੀਕਰਣ ਵਰਗੇ ਖੇਤਰਾਂ ਵਿੱਚ ਫੈਲ ਗਈਆਂ ਹਨ। ਉਨ੍ਹਾਂ ਨੇ ਤਕਨੀਕੀ ਤਰੱਕੀ ਨੂੰ ਸੰਸਥਾਗਤ ਅਤੇ ਮਨੁੱਖੀ ਸਮਰੱਥਾ ਵਿਕਾਸ ਨਾਲ ਜੋੜਨ ਲਈ ਮੰਤਰਾਲੇ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਹਿਕਾਰੀ ਸੰਸਥਾਵਾਂ ਲੋਕ-ਕੇਂਦ੍ਰਿਤ ਅਤੇ ਭਵਿੱਖ ਲਈ ਤਿਆਰ ਰਹਿਣ।
ਸਹਿਕਾਰੀ ਖੇਤਰ ਦੇ ਡਿਜੀਟਲ ਪਰਿਵਰਤਨ ਨੂੰ ਤੇਜ਼ ਕਰਨ 'ਤੇ ਕੇਂਦ੍ਰਿਤ ਕਰਦੇ ਹੋਏ ਪੈਕਸ, ਏਆਰਡੀਬੀ ਅਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਦਫਤਰਾਂ ਦੇ ਕੰਪਿਊਟਰੀਕਰਣ 'ਤੇ ਇੱਕ ਸਮਰਪਿਤ ਵਰਕਸ਼ਾਪ ਆਯੋਜਿਤ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਪੈਕਸ ਕਾਰਜਾਂ ਦੇ ਸੰਪੂਰਨ ਡਿਜੀਟਾਈਜ਼ੇਸ਼ਨ ਨੂੰ ਯਕੀਨੀ ਬਣਾਉਣ, ਪੈਕਸ ਸਟਾਫ ਅਤੇ ਮੈਂਬਰਾਂ ਦੀ ਡਿਜੀਟਲ ਸਮਰੱਥਾ ਨੂੰ ਵਧਾਉਣ, ਅਤੇ ਪੈਕਸ ਨੂੰ ਖੇਤੀਬਾੜੀ ਇਨਪੁਟ, ਕ੍ਰੈਡਿਟ, ਖਰੀਦ ਅਤੇ ਸਟੋਰੇਜ ਵਰਗੀਆਂ ਏਕੀਕ੍ਰਿਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਵਨ-ਸਟੌਪ ਸ਼ੌਪ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਦੇ ਯਤਨਾਂ ਨੂੰ ਉਜਾਗਰ ਕੀਤਾ ਗਿਆ। ਨਾਬਾਰਡ ਨੇ ਪ੍ਰੋਜੈਕਟ ਲਈ ਸਾਫਟਵੇਅਰ ਵਿਕਾਸ, ਹਾਰਡਵੇਅਰ ਖਰੀਦ, ਅਤੇ ਸਮਰੱਥਾ ਨਿਰਮਾਣ ਸਹਾਇਤਾ ਬਾਰੇ ਅਪਡੇਟਸ ਵੀ ਪੇਸ਼ ਕੀਤੇ।

ਸੈਸ਼ਨ ਦਾ ਇੱਕ ਹੋਰ ਮੁੱਖ ਵਿਸ਼ਾ ਸਹਿਕਾਰੀ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਣ ਯੋਜਨਾ ਸੀ। ਵਰਕਸ਼ਾਪ ਵਿੱਚ ਯੋਜਨਾ ਦੇ ਲਾਗੂਕਰਨ ਨੂੰ ਤੇਜ਼ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਇੱਕ ਪਾਇਲਟ ਪੜਾਅ ਵਿੱਚ 500 ਪੈਕਸ ਨਾਲ ਹੋਈ ਅਤੇ ਇਸ ਨੂੰ ਦੇਸ਼ ਭਰ ਵਿੱਚ 29,000 ਪੈਕਸ ਤੱਕ ਵਧਾਇਆ ਗਿਆ। ਵਿਚਾਰ-ਵਟਾਂਦਰੇ ਵਿੱਚ ਵਪਾਰਕ ਵਿਭਿੰਨਤਾ ਦੇ ਜਰੀਏ ਗੋਦਾਮਾਂ ਦੀ ਆਰਥਿਕ ਵਿਵਹਾਰਕਤਾ ਨੂੰ ਯਕੀਨੀ ਬਣਾਉਣ, ਜ਼ਮੀਨ ਦੀ ਉਪਲਬਧਤਾ, ਸਹਿਕਾਰੀ ਸ਼ਕਤੀ ਅਤੇ ਮੌਜੂਦਾ ਬੁਨਿਆਦੀ ਢਾਂਚੇ ਦੇ ਅਧਾਰ 'ਤੇ ਪੈਕਸ ਮੈਪਿੰਗ ਕਰਨ ਅਤੇ ਟਿਕਾਊ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਤਕਨੀਕੀ ਅਤੇ ਪ੍ਰਬੰਧਕੀ ਸਹਾਇਤਾ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਗਿਆ।
ਸੈਸ਼ਨ ਵਿੱਚ ਸਾਰੀਆਂ ਪੰਚਾਇਤਾਂ ਅਤੇ ਪਿੰਡਾਂ ਵਿੱਚ ਦੋ ਲੱਖ ਬਹੁ-ਮੰਤਵੀ ਪੈਕਸ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੇ ਗਠਨ ਅਤੇ ਮਜ਼ਬੂਤੀ ਬਾਰੇ ਵੀ ਚਰਚਾ ਕੀਤੀ ਗਈ। ਜਿਸ ਵਿੱਚ ਨਵੇਂ ਸਹਿਕਾਰੀ ਗਠਨ ਲਈ ਸੰਭਾਵੀ ਜ਼ਿਲ੍ਹਿਆਂ ਅਤੇ ਬਲਾਕਾਂ ਦੀ ਪਛਾਣ ਕਰਨ, ਵਪਾਰਕ ਸਰਗਰਮੀ ਅਤੇ ਵਿਭਿੰਨਤਾ ਰਾਹੀਂ ਮੌਜੂਦਾ ਸਭਾਵਾਂ ਨੂੰ ਮਜ਼ਬੂਤ ਕਰਨ ਅਤੇ ਗ੍ਰਾਮੀਣ ਆਜੀਵਿਕਾ ਸਿਰਜਣ ਲਈ ਆਖਰੀ-ਮੀਲ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਵਰਕਸ਼ਾਪ ਵਿੱਚ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ (ਆਈਵਾਈਸੀ) ਅਤੇ ਮੀਡੀਆ ਆਊਟਰੀਚ 'ਤੇ ਇੱਕ ਸਮਰਪਿਤ ਸੈਕਸ਼ਨ ਵੀ ਸ਼ਾਮਲ ਸੀ, ਜਿਸ ਨੇ ਅੰਤਰਰਾਸ਼ਟਰੀ ਸਹਿਕਾਰੀ ਵਰ੍ਹੇ (ਆਈਵਾਈਸੀ-2025) ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਅਧੀਨ ਮੁੱਖ ਸਮਾਗਮਾਂ ਨੂੰ ਸਰਗਰਮੀ ਨਾਲ ਆਯੋਜਿਤ ਕਰਨ ਦੀ ਅਪੀਲ ਕੀਤੀ। "ਏਕ ਪੇੜ ਮਾਂ ਕੇ ਨਾਮ" ਰੁੱਖ ਲਗਾਉਣ ਦੀ ਮੁਹਿੰਮ ਵਰਗੇ ਮੁੱਖ ਸਮਾਗਮਾਂ ਨੂੰ ਉਜਾਗਰ ਕਰਦੇ ਹੋਏ, ਰਾਜਾਂ ਨੂੰ ਬੈਂਚਮਾਰਕਿੰਗ ਮਾਪਦੰਡਾਂ ਅਨੁਸਾਰ ਸਮਿਤੀਆਂ ਦੁਆਰਾ ਕੀਤੀ ਗਈ ਪ੍ਰਗਤੀ ਦੇ ਅਧਾਰ 'ਤੇ ਸਹਿਕਾਰੀ ਪੁਰਸਕਾਰ ਸਥਾਪਿਤ ਕਰਨ ਦੀ ਬੇਨਤੀ ਕੀਤੀ ਗਈ। ਜਨਤਕ ਪਹੁੰਚ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸੈਸ਼ਨ ਨੇ ਸਭ ਤੋਂ ਵਧੀਆ ਅਭਿਆਸਾਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸੋਸ਼ਲ ਮੀਡੀਆ ਹੈਂਡਲ ਦੀ ਵਿਆਪਕ ਵਰਤੋਂ ਨੂੰ ਉਤਸ਼ਾਹਿਤ ਕੀਤਾ।
ਸਹਿਕਾਰੀ ਬੈਂਕਿੰਗ ਖੇਤਰ ਵਿੱਚ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕ ਹੋਰ ਸੈਸ਼ਨ ਆਯੋਜਿਤ ਕੀਤਾ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਵਿਚਾਰ-ਵਟਾਂਦਰੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਬਾਰੇ ਦੋ-ਦਿਨਾਂ ਰਾਸ਼ਟਰੀ ਵਰਕਸ਼ਾਪ ਅਤੇ ਸਮੀਖਿਆ ਮੀਟਿੰਗ ਦੇ ਦੂਜੇ ਦਿਨ, ਸਭ ਤੋਂ ਵਧੀਆ ਅਭਿਆਸਾਂ 'ਤੇ ਇੱਕ ਸੈਸ਼ਨ ਸ਼ੁਰੂ ਹੋਇਆ, ਜਿਸ ਦਾ ਸਿਰਲੇਖ "ਕਾਰੋਬਾਰੀ ਵਿਭਿੰਨਤਾ ਰਾਹੀਂ ਪੈਕਸ ਦੀ ਦੂਰੀ ਦਾ ਵਿਸਤਾਰ" ਸੀ। ਇਸ ਵਿੱਚ ਮੁੱਖ ਪਹਿਲਕਦਮੀਆਂ 'ਤੇ ਵੀ ਚਰਚਾ ਕੀਤੀ ਗਈ। ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੇਸ਼ਕਾਰੀਆਂ ਦਿੱਤੀਆਂ ਅਤੇ ਆਪਣੇ ਸਭ ਤੋਂ ਵਧੀਆ ਅਭਿਆਸ ਸਾਂਝਾ ਕੀਤੇ।
ਵਰਕਸ਼ਾਪ ਵਿੱਚ ਸਵੈ-ਨਿਰਭਰਤਾ ਮੁਹਿੰਮ ਦੇ ਤਹਿਤ ਤਿੰਨ ਰਾਸ਼ਟਰ ਪੱਧਰੀ ਬਹੁ-ਰਾਜੀ ਸਹਿਕਾਰੀ ਸਭਾਵਾਂ: ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਟਿਡ (ਐੱਨਸੀਈਐੱਲ), ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕ ਲਿਮਟਿਡ (ਐੱਨਸੀਓਐੱਲ), ਅਤੇ ਇੰਡੀਅਨ ਸੀਡ ਕੋਆਪ੍ਰੇਟਿਵ ਸੋਸਾਇਟੀਜ਼ ਲਿਮਟਿਡ (ਬੀਬੀਐੱਸਐੱਸਐੱਲ) ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ।
ਮੰਤਰਾਲੇ ਨੇ ਮਾਰਚ 2024 ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਸਹਿਕਾਰੀ ਡੇਟਾਬੇਸ (ਐੱਨਸੀਡੀ) ਦੇ ਲਾਗੂਕਰਨ ਦੀ ਵੀ ਸਮੀਖਿਆ ਕੀਤੀ, ਜੋ ਕਿ 30 ਖੇਤਰਾਂ ਵਿੱਚ 8.4 ਲੱਖ ਤੋਂ ਵੱਧ ਸਹਿਕਾਰੀ ਸਭਾਵਾਂ ਅਤੇ 32 ਕਰੋੜ ਮੈਂਬਰਾਂ ਨੂੰ ਕਵਰ ਕਰਦਾ ਹੈ। ਐੱਨਸੀਡੀ ਸਹਿਕਾਰੀ ਗਤੀਵਿਧੀਆਂ, ਵਿੱਤੀ ਪ੍ਰਦਰਸ਼ਨ, ਆਡਿਟ ਸਥਿਤੀ ਅਤੇ ਬੁਨਿਆਦੀ ਢਾਂਚੇ ਬਾਰੇ ਵਿਸਤ੍ਰਿਤ ਡੇਟਾ ਪ੍ਰਦਾਨ ਕਰਦਾ ਹੈ।
ਵਰਕਸ਼ਾਪ ਦਾ ਇੱਕ ਮਹੱਤਵਪੂਰਨ ਹਿੱਸਾ ਇਫਕੋ-ਟੋਕੀਓ ਦੇ ਪ੍ਰਤੀਨਿਧੀ ਦੀ ਮੌਜੂਦਗੀ ਵਿੱਚ ਬੀਮਾ ਖੇਤਰ ਵਿੱਚ ਸਹਿਕਾਰੀ ਸਭਾਵਾਂ ਦੀ ਭੂਮਿਕਾ 'ਤੇ ਚਰਚਾ ਸੀ।
ਵਰਕਸ਼ਾਪ ਦੇ ਅੰਤਿਮ ਸੈਸ਼ਨ ਵਿੱਚ, ਸੀਆਰਸੀਐੱਸ ਨੇ ਰਾਜਾਂ ਨੂੰ ਬਹੁ-ਰਾਜੀ ਸਹਿਕਾਰੀ ਸਭਾਵਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬਿਹਤਰ ਤਾਲਮੇਲ ਲਈ ਉਨ੍ਹਾਂ ਦੀ ਸਹਾਇਤਾ ਦੀ ਮੰਗ ਕੀਤੀ।
ਆਪਣੇ ਸਮਾਪਤੀ ਭਾਸ਼ਣ ਵਿੱਚ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਨੇ ਰਚਨਾਤਮਕ ਵਿਚਾਰ-ਵਟਾਂਦਰੇ ਦੀ ਸ਼ਲਾਘਾ ਕੀਤੀ ਅਤੇ ਪੇਂਡੂ ਵਿਕਾਸ, ਸਵੈ-ਨਿਰਭਰਤਾ ਅਤੇ ਡਿਜੀਟਲ ਪਰਿਵਰਤਨ ਲਈ ਉਤਪ੍ਰੇਰਕ ਵਜੋਂ ਪੈਕਸ ਅਤੇ ਬਹੁ-ਰਾਜੀ ਸਹਿਕਾਰੀ ਸਭਾਵਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਕਾਰ ਸਹਿਯੋਗ ਵਧਾਉਣ, ਸਹਿਕਾਰੀ ਸਭਾਵਾਂ ਦੇ ਪ੍ਰਭਾਵਸ਼ਾਲੀ ਸ਼ਾਸਨ ਲਈ ਡਿਜੀਟਲ ਸਾਧਨਾਂ ਅਤੇ ਡੇਟਾ-ਅਧਾਰਿਤ ਸੂਝ-ਬੂਝ ਦੀ ਵਰਤੋਂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜ ਨੂੰ ਰਾਜ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ "ਸੁਧਾਰ, ਪ੍ਰਦਰਸ਼ਨ, ਪਰਿਵਰਤਨ ਅਤੇ ਜਾਣਕਾਰੀ" ਦੇ ਵਿਸ਼ੇ 'ਤੇ ਕੰਮ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੇਸ਼ ਭਰ ਵਿੱਚ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਸਹਿਕਾਰੀ ਡੇਟਾਬੇਸ (ਐੱਨਸੀਡੀ) ਨਾਲ ਆਪਣਾ ਡੇਟਾ ਸਾਂਝਾ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮੰਤਰਾਲਾ ਪਹਿਲਾਂ ਹੀ ਬੈਂਕਿੰਗ ਸੰਕਟ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਇਸ ਵਿੱਚ ਆਮਦਨ ਦੇ ਮੌਕੇ ਵਧਾਉਣ ਅਤੇ ਸਥਾਨਕ ਉੱਦਮਤਾ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਕਾਰੋਬਾਰਾਂ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕਰਨ, ਵਿੱਤੀ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਸਹਿਕਾਰੀ ਸਰੋਤਾਂ ਦੇ ਟਿਕਾਊ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸਕੱਤਰ ਨੇ ਤਿਰੂਪਤੀ ਵਿੱਚ ਵਰਕਸ਼ਾਪ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਆਂਧਰ ਪ੍ਰਦੇਸ਼ ਸਰਕਾਰ ਅਤੇ ਸਹਿਕਾਰੀ ਵਿਭਾਗ ਦਾ ਧੰਨਵਾਦ ਕੀਤਾ।
ਸੈਸ਼ਨ ਦੀ ਸਮਾਪਤੀ ਸੰਯੁਕਤ ਸਕੱਤਰ ਸ਼੍ਰੀ ਰਮਨ ਕੁਮਾਰ ਦੇ ਧੰਨਵਾਦ ਮਤੇ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਰਾਜ ਦੇ ਪ੍ਰਤੀਨਿਧੀਆਂ, ਕੇਂਦਰੀ ਅਧਿਕਾਰੀਆਂ ਅਤੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਅਤੇ ਕੀਮਤੀ ਯੋਗਦਾਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
*****
ਆਰਕੇ/ਏਕੇ/ਆਰਆਰ/ਪੀਆਰ/ਪੀਐੱਸ/ਏਕੇ
(रिलीज़ आईडी: 2183716)
आगंतुक पटल : 11