ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਨੇ ਅਨਾਰ ਦੀ ਫਸਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਦੇ ਫੈਲਣ ਦੀ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਿਰਦੇਸ਼ਾਂ 'ਤੇ ਆਈਸੀਆਰਏ ਦੇ ਵਿਗਿਆਨੀਆਂ ਦੀ ਵਿਸ਼ੇਸ਼ ਟੀਮ ਡੂੰਘਾਈ ਨਾਲ ਜਾਂਚ ਕਰੇਗੀ
Posted On:
06 OCT 2025 7:51PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਅਤੇ ਨਾਲ ਲੱਗਦੇ ਅਨਾਰ ਉਗਾਉਣ ਵਾਲੇ ਖੇਤਰਾਂ ਵਿੱਚ 'ਟਿਕਰੀ' ਬਿਮਾਰੀ ਸਮੇਤ ਵੱਖ-ਵੱਖ ਬਿਮਾਰੀਆਂ ਕਾਰਨ ਅਨਾਰ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਸੰਬੰਧੀ ਰਿਪੋਰਟਾਂ ਅਤੇ ਸ਼ਿਕਾਇਤਾਂ ਦਾ ਨੋਟਿਸ ਲਿਆ ਅਤੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ।
ਕੇਂਦਰੀ ਮੰਤਰੀ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਆਰਏ) ਦੇ ਡਾਇਰੈਕਟਰ ਜਨਰਲ ਨੂੰ ਪ੍ਰਭਾਵਿਤ ਖੇਤਰਾਂ ਦਾ ਜਲਦੀ ਤੋਂ ਜਲਦੀ ਦੌਰਾ ਕਰਨ ਅਤੇ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਲਈ ਵਿਗਿਆਨੀਆਂ ਦੀ ਇੱਕ ਵਿਸ਼ੇਸ਼ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਟੀਮ ਬਿਮਾਰੀ ਦੇ ਫੈਲਣ ਦੇ ਕਾਰਨਾਂ ਦੀ ਪਛਾਣ ਕਰਨ, ਮੌਜੂਦਾ ਪ੍ਰਬੰਧਨ ਅਭਿਆਸਾਂ ਦੀ ਸਮੀਖਿਆ ਕਰਨ ਅਤੇ ਅਨਾਰ ਦੀ ਕਾਸ਼ਤ ਲਈ ਕਿਸਾਨਾਂ ਦੁਆਰਾ ਅਪਣਾਈਆਂ ਜਾ ਰਹੀਆਂ ਤਕਨੀਕਾਂ ਦੀ ਜਾਂਚ ਕਰਨ ਲਈ ਇੱਕ ਵਿਸਤ੍ਰਿਤ ਅਧਿਐਨ ਕਰੇਗੀ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਆਈਸੀਏਆਰ ਵਿਗਿਆਨਿਕ ਟੀਮ ਦੇ ਨਤੀਜਿਆਂ ਦੇ ਆਧਾਰ 'ਤੇ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਯੋਜਨਾ ਵਿੱਚ ਪੌਦਿਆਂ ਦੀ ਛਾਂਟੀ, ਬਿਮਾਰੀ ਪ੍ਰਬੰਧਨ, ਖਾਦਾਂ ਅਤੇ ਕੀਟਨਾਸ਼ਕਾਂ ਦੀ ਸਰਵੋਤਮ ਵਰਤੋਂ, ਅਤੇ ਫਸਲ ਸਿਹਤ ਨੂੰ ਬਹਾਲ ਕਰਨ ਅਤੇ ਦੁਬਾਰਾ ਹੋਣ ਤੋਂ ਰੋਕਣ ਲਈ ਆਧੁਨਿਕ ਬਾਗਬਾਨੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਉਪਾਅ ਸ਼ਾਮਲ ਹੋਣਗੇ।
ਮੰਤਰੀ ਨੇ ਭਰੋਸਾ ਦਿੱਤਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਅਨਾਰ ਦੀ ਗੁਣਵੱਤਾ ਅਤੇ ਰੋਗ ਪ੍ਰਬੰਧਨ ਵਿੱਚ ਸੁਧਾਰ ਲਈ ਪੂਰੀ ਤਕਨੀਕੀ ਸਹਾਇਤਾ ਅਤੇ ਸਿਖਲਾਈ ਦਿੱਤੀ ਜਾਵੇਗੀ। ਆਈਸੀਏਆਰ-ਸੈਂਟਰਲ ਇੰਸਟੀਟਿਊਟ ਫਾਰ ਐਰੀਡ ਹੌਰਟੀਕਲਚਰ (ਸੀਆਈਏਐਚ), ਬੀਕਾਨੇਰ; ਆਈਸੀਏਆਰ-ਨੈਸ਼ਨਲ ਰਿਸਰਚ ਸੈਂਟਰ ਆਨ ਪੋਮੇਗ੍ਰਾਂਟ (ਐਨਆਰਸੀ), ਸੋਲਾਪੁਰ; ਸੈਂਟਰਲ ਅਰਾਈਡ ਜ਼ੋਨ ਰਿਸਰਚ ਇੰਸਟੀਟਿਊਟ (ਸੀਏਜਜ਼ੈੱਡਆਰਆਈ), ਜੋਧਪੁਰ; ਅਤੇ ਸਬੰਧਿਤ ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਿਰ ਸਾਂਝੇ ਤੌਰ 'ਤੇ ਕਿਸਾਨਾਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨਗੇ।
ਸ਼੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੱਸਿਆ ਦਾ ਪ੍ਰਭਾਵੀ ਹੱਲ ਕੇਵਲ ਕੇਂਦਰੀ ਅਤੇ ਰਾਜ ਖੇਤੀਬਾੜੀ ਅਤੇ ਬਾਗਬਾਨੀ ਵਿਭਾਗਾਂ, ਖੋਜ ਸੰਸਥਾਵਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੀ ਸ਼ਮੂਲੀਅਤ ਵਾਲੇ ਤਾਲਮੇਲ ਵਾਲੇ ਦ੍ਰਿਸ਼ਟੀਕੋਣ ਰਾਹੀਂ ਹੀ ਸੰਭਵ ਹੈ। ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਯਕੀਨੀ ਬਣਾਉਣ ਲਈ ਅਤੇ ਸਮੂਹਿਕ ਅਤੇ ਵਿਗਿਆਨਿਕ ਕਾਰਵਾਈ ਰਾਹੀਂ ਉਨ੍ਹਾਂ ਦੀ ਉਤਪਾਦਕਤਾ ਅਤੇ ਆਮਦਨ ਵਿੱਚ ਨਿਰੰਤਰ ਸੁਧਾਰ ਯਕੀਨੀ ਬਣਾਉਣ ਦੇ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ ।
***************
ਆਰਸੀ/ਏਆਰ/ਏਕੇ
(Release ID: 2175804)
Visitor Counter : 4